ਜਲੰਧਰ ’ਚ ਬਣੇਗਾ ਪੀਜੀਆਈ ਚੰਡੀਗੜ੍ਹ ਜਿਹਾ ਹਸਪਤਾਲ: ਕੇਜਰੀਵਾਲ

Arvind Kejriwal

 ਸੁਸ਼ੀਲ ਰਿੰਕੂ ਦੇ ਹੱਕ ’ਚ ਕੀਤਾ ਪ੍ਰਚਾਰ (Arvind Kejriwal)

  •  ਕਿਹਾ, ਸਾਨੂੰ ਨਹੀਂ ਪਤਾ ਕਿ ਸਿਆਸਤ ਕਿਵੇਂ ਕਰਨੀ ਹੈ, ਪਰ ਅਸੀਂ ਕੰਮ ਕਰਨਾ ਅਤੇ ਆਪਣੀਆਂ ਗਰੰਟੀਆਂ ਨੂੰ ਪੂਰਾ ਕਰਨਾ ਜਾਣਦੇ ਹਾਂ

(ਸੱਚ ਕਹੂੰ ਨਿਊਜ਼) ਜਲੰਧਰ। ਆਮ ਆਦਮੀ ਪਾਰਟੀ (ਆਪ) ਨੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੇ ਆਪਣੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿੱਚ ਵੀਰਵਾਰ ਨੂੰ ਜਲੰਧਰ ਵਿੱਚ ਵਿਸ਼ਾਲ ਰੈਲੀ ਕੀਤੀ। ਇਸ ਮੌਕੇ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਸਮੇਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ’ਚ ‘ਆਪ’ ਉਮੀਦਵਾਰ ਦਾ ਪ੍ਰਚਾਰ ਕਰਨ ਪੁੱਜੇ। ਇਸ ਮੌਕੇ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਜਲੰਧਰ ਸਮੇਤ ਪੰਜਾਬ ਦੇ ਲੋਕਾਂ ਨੇ ਖੁੱਲ੍ਹੇ ਦਿਲ ਨਾਲ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ। ਤੁਸੀਂ ‘ਆਪ’ ਦੇ 92 ਵਿਧਾਇਕ ਚੁਣੇ, ਭਗਵੰਤ ਮਾਨ ਨੂੰ ਆਪਣਾ ਮੁੱਖ ਮੰਤਰੀ ਚੁਣਿਆ ਅਤੇ ਇਹ ਸਰਕਾਰ ਤੁਹਾਡੀਆਂ ਉਮੀਦਾਂ ’ਤੇ ਖਰੀ ਉਤਰ ਰਹੀ ਹੈ।

ਇੱਕ ਸਾਲ ਵਿੱਚ ਹੀ ਆਪਣੀਆਂ ਸਾਰੀਆਂ ਵੱਡੀਆਂ ਗਾਰੰਟੀਆਂ ਪੂਰੀਆਂ ਕਰ ਦਿੱਤੀਆਂ

ਉਨ੍ਹਾਂ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਨੇ ਸਿਰਫ ਇੱਕ ਸਾਲ ਵਿੱਚ ਹੀ ਆਪਣੀਆਂ ਸਾਰੀਆਂ ਵੱਡੀਆਂ ਗਾਰੰਟੀਆਂ ਪੂਰੀਆਂ ਕਰ ਦਿੱਤੀਆਂ ਹਨ। ਉਨ੍ਹਾਂ ਅੱਗੇ ਕਿਹਾ, ਕੁਝ ਲੋਕ ਕਹਿੰਦੇ ਹਨ ਕਿ ਸਾਨੂੰ ਰਾਜਨੀਤੀ ਕਰਨੀ ਨਹੀਂ ਆਉਂਦੀ, ਵਾਅਦੇ ਪਹਿਲੇ ਨਹੀਂ ਆਖਰੀ ਇੱਕ ਸਾਲ ਵਿੱਚ ਪੂਰੇ ਕੀਤੇ ਜਾਂਦੇ ਹਨ, ਮੈਂ ਕਹਿੰਦਾ ਹਾਂ, ਅਸੀਂ ਇੱਥੇ ਸਿਆਸਤ ਕਰਨ ਨਹੀਂ ਆਏ ਹਾਂ, ਅਸੀਂ ਇੱਥੇ ਲੋਕਾਂ ਦੀ ਸੇਵਾ ਕਰਨ ਲਈ ਆਏ ਹਾਂ।

Arvind Kejriwal

ਜਲੰਧਰ ਵਿੱਚ 38 ਮੁਹੱਲਾ ਕਲੀਨਿਕ ਚੱਲ ਰਹੇ ਹਨ

ਉਨ੍ਹਾਂ ਕਿਹਾ ਕਿ ਜਲੰਧਰ ਵਿੱਚ 38 ਮੁਹੱਲਾ ਕਲੀਨਿਕ ਚੱਲ ਰਹੇ ਹਨ ਅਤੇ ਜਲਦੀ ਹੀ ਚੋਣਾਂ ਤੋਂ ਬਾਅਦ ਹੋਰ ਵੀ ਖੋਲ੍ਹੇ ਜਾਣਗੇ। ਉਨ੍ਹਾਂ ਜਲੰਧਰ ਵਿੱਚ ਪੀਜੀਆਈ ਚੰਡੀਗੜ੍ਹ ਦੇ ਪੱਧਰ ਦਾ ਇੱਕ ਵੱਡਾ ਹਸਪਤਾਲ ਬਣਾਉਣ ਦਾ ਵਾਅਦਾ ਕੀਤਾ, ਤਾਂ ਜੋ ਲੋਕ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਇਲਾਜ ਕਰਵਾ ਸਕਣ। ਜਲੰਧਰ ਦੇ ਸਥਾਨਕ ਮਸਲਿਆਂ ਬਾਰੇ ਗੱਲਬਾਤ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਰੀਆਂ ਖਰਾਬ ਹੋਈਆਂ ਸੜਕਾਂ ਖਾਸ ਕਰਕੇ ਦੀਪ ਨਗਰ ਰੋਡ, ਆਦਮਪੁਰ ਮੁੱਖ ਸੜਕ ਅਤੇ ਜਲੰਧਰ ਪੱਛਮੀ ਸਮਾਰਟ ਸਿਟੀ ਰੋਡ ਨੂੰ ਜਲਦੀ ਹੀ ਦੁਬਾਰਾ ਬਣਾਇਆ ਜਾਵੇਗਾ।

ਅਰਵਿੰਦ ਕੇਜਰੀਵਾਲ ਤੋਂ ਪਹਿਲਾਂ ‘ਆਪ’ ਪੰਜਾਬ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਚੋਣਾਂ ’ਚ ਸਰਕਾਰ ਬਦਲਣ ਜਾਂ ਬਣਾਉਣ ਦੀ ਨਹੀਂ, ਸਗੋਂ ‘ਆਪ’ ਨੂੰ ਵੋਟ ਪਾਉਣ ਦਾ ਮਤਲਬ ਇਤਿਹਾਸ ਰਚਣਾ ਹੋਵੇਗਾ। ਉਨ੍ਹਾਂ ਕਿਹਾ ਕਿ ਤੁਸੀਂ ਪੰਜਾਬ ਵਿੱਚ 92 ਵਿਧਾਇਕ ਚੁਣੇ ਹਨ, ਦਿੱਲੀ ਦੇ ਲੋਕਾਂ ਨੇ ‘ਆਪ’ ਦੇ 63 ਵਿਧਾਇਕ ਚੁਣੇ ਹਨ, ਸਾਡੇ ਕੋਲ 10 ਰਾਜ ਸਭਾ ਮੈਂਬਰ ਹਨ ਪਰ ਹੁਣ ਜਲੰਧਰ ਕੋਲ ਆਪਣਾ ਲੋਕ ਸਭਾ ਮੈਂਬਰ ਚੁਣਨ ਦਾ ਵੀ ਮੌਕਾ ਹੈ ।

 ਮੈਂ ਸੁਸ਼ੀਲ ਰਿੰਕੂ ਨੂੰ ਸਿਖਾਵਾਂਗਾ ਕਿ ਲੋਕਾਂ ਦੇ ਮੁੱਦੇ ਕਿਵੇਂ ਉਠਾਉਣੇ ਹਨ

ਉਨ੍ਹਾਂ ਕਿਹਾ, ਮੈਂ 2014-22 ਤੱਕ ਲੋਕਾਂ ਦੇ ਮੁੱਦੇ ਸੰਸਦ ਵਿੱਚ ਉਠਾਏ, ਫਿਰ ਤੁਸੀਂ ਮੈਨੂੰ ਆਪਣਾ ਮੁੱਖ ਮੰਤਰੀ ਚੁਣਿਆ। ਹੁਣ ਤੁਸੀਂ ਸਿਰਫ ‘ਆਪ’ ਉਮੀਦਵਾਰ ਨੂੰ ਵੋਟ ਪਾਉਣੀ ਹੈ, ਮੈਂ ਸੁਸ਼ੀਲ ਰਿੰਕੂ ਨੂੰ ਸਿਖਾਵਾਂਗਾ ਕਿ ਲੋਕਾਂ ਦੇ ਮੁੱਦੇ ਕਿਵੇਂ ਉਠਾਉਣੇ ਹਨ ਅਤੇ ਪੰਜਾਬ ਦੇ ਕੰਮ ਉੱਥੇ ਕਿਵੇਂ ਕਰਵਾਉਣੇ ਹਨ। ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ‘ਆਪ’ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਵਿਧਾਇਕ ਕਰਤਾਰਪੁਰ ਬਲਕਾਰ ਸਿੰਘ, ਵਿਧਾਇਕ ਜਲੰਧਰ ਪੱਛਮੀ ਸੀਤਲ ਅੰਗੁਰਾਲ, ਵਿਧਾਇਕਾ ਨਕੋਦਰ ਇੰਦਰਜੀਤ ਕੌਰ ਮਾਨ, ਵਿਧਾਇਕ ਰਮਨ ਅਰੋੜਾ, ਰਾਜਵਿੰਦਰ ਕੌਰ ਥਿਆੜਾ, ਮਹਿੰਦਰ ਭਗਤ, ਡਾ. ਦਿਨੇਸ਼ ਢੱਲ, ਪ੍ਰੇਮ ਕੁਮਾਰ, ਰਤਨ ਸਿੰਘ, ਜੀਤ ਲਾਲ ਭੱਟੀ, ਸੁਰਿੰਦਰ ਸਿੰਘ ਸੋਢੀ ਅਤੇ ਜਗਬੀਰ ਬਰਾੜ ਵੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ