ਪੰਜਾਬੀ ਗਾਇਕ ਮਨਕੀਰਤ ਔਲਖ ਦੀ ਰੇਕੀ ਦਾ ਸ਼ੱਕ! ਸੀਸੀਟੀਵੀ ਫੋਟੋਆਂ ਆਈਆਂ ਸਾਹਮਣੇ

ਗਾਇਕ ਮਨਕੀਰਤ ਔਲਖ ਦਾ ਬਾਈਕ ਸਵਾਰਾਂ ਨੇ ਕੀਤਾ ਪਿੱਛਾ, ਰੇਕੀ ਹੋਣ ਦਾ ਜਤਾਇਆ ਸ਼ੱਕ

ਮੋਹਾਲੀ (ਐੱਮ ਕੇ ਸ਼ਾਇਨਾ) । ਪੰਜਾਬੀ ਗਾਇਕ ਮਨਕੀਰਤ ਔਲਖ (Mankirt Aulakh) ਦੀ ਰੇਕੀ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਇਹ ਘਟਨਾ ਵੀਰਵਾਰ ਰਾਤ ਦੀ ਦੱਸੀ ਜਾ ਰਹੀ ਹੈ। ਮਨਕੀਰਤ ਔਲਖ ਨੇ ਦੱਸਿਆ ਹੈ ਕਿ ਬੀਤੀ ਰਾਤ ਜਦੋਂ ਉਹ ਮੁਹਾਲੀ ਸਥਿਤ ਆਪਣੇ ਫਲੈਟ ਵੱਲ ਜਾ ਰਿਹਾ ਸੀ ਤਾਂ ਰਸਤੇ ਵਿੱਚ ਕੁਝ ਨੌਜਵਾਨਾਂ ਨੇ ਉਸ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ਵਿੱਚ ਮਨਕੀਰਤ ਔਲਖ ਦੇ ਵਾਹਨਾਂ ਦਾ ਪਿੱਛਾ ਕਰਨ ਵਾਲੇ ਨੌਜਵਾਨਾਂ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।

ਪੰਜਾਬ ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਰਾਤ ਸਮੇਂ ਮਨਕੀਰਤ ਔਲਖ (Mankirt Aulakh) ਆਪਣੇ ਸੁਰੱਖਿਆ ਕਾਫ਼ਲੇ ਸਮੇਤ ਮੁਹਾਲੀ ਸਥਿਤ ਹੋਮਲੈਂਡ ਸੁਸਾਇਟੀ ਦੇ ਘਰ ਵੱਲ ਆ ਰਿਹਾ ਸੀ। ਉਦੋਂ ਹੀ ਬਾਈਕ ਸਵਾਰ ਨੌਜਵਾਨਾਂ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਤਿੰਨੋਂ ਨੌਜਵਾਨਾਂ ਦੇ ਚਿਹਰੇ ਢਕੇ ਹੋਏ ਸਨ। ਬਾਈਕ ਸਵਾਰਾਂ ਨੇ ਕਰੀਬ ਦੋ ਕਿਲੋਮੀਟਰ ਤੱਕ ਕਾਫਲੇ ਦਾ ਪਿੱਛਾ ਕੀਤਾ ਪਰ ਕਾਰ ‘ਚ ਬੈਠੇ ਸੁਰੱਖਿਆ ਮੁਲਾਜ਼ਮ ਅਤੇ ਮਨਕੀਰਤ ਔਲਖ ਨੂੰ ਇਸ ਦੀ ਭਿਣਕ ਲੱਗ ਗਈ।

ਸੋਸਾਇਟੀ ‘ਚ ਪਹੁੰਚ ਕੇ ਮਨਕੀਰਤ ਔਲਖ ਦਾ ਸੁਰੱਖਿਆ ਗਾਰਡ ਆਪਣੇ ਲਾਇਸੰਸੀ ਹਥਿਆਰ ਨਾਲ ਬਾਈਕ ਸਵਾਰਾਂ ਦੇ ਪਿੱਛੇ ਭੱਜਿਆ ਪਰ ਉਦੋਂ ਤੱਕ ਬਾਈਕ ਸਵਾਰ ਉਥੋਂ ਫਰਾਰ ਹੋ ਚੁੱਕੇ ਸਨ। ਮਨਕੀਰਤ ਔਲਖ ਨੇ ਪੰਜਾਬ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ‘ਚ ਕਿਹਾ ਹੈ ਕਿ ਇਹ ਉਸ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ, ਜਦਕਿ ਪੁਲਸ ਨੂੰ ਸ਼ੱਕ ਹੈ ਕਿ ਮਨਕੀਰਤ ਔਲਖ ਦੀ ਹਰਕਤ ਨੂੰ ਲੈ ਕੇ ਰੇਕੀ ਕੀਤੀ ਜਾ ਰਹੀ ਹੈ।

ਮਨਕੀਰਤ ਔਲਖ ਨੂੰ ਕਈ ਵਾਰ ਮਿਲੀ ਹੈ ਜਾਨੋਂ ਮਾਰਨ ਦੀ ਧਮਕੀ (Mankirt Aulakh)

ਦੱਸ ਦਈਏ ਕਿ ਮਨਕੀਰਤ ਔਲਖ ਦਾ ਨਾਂ ਉਸ ਸਮੇਂ ਸੁਰਖੀਆਂ ‘ਚ ਆਇਆ ਸੀ, ਜਦੋਂ ਉਸ ‘ਤੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਸਾਜ਼ਿਸ਼ ‘ਚ ਸ਼ਾਮਲ ਹੋਣ ਦਾ ਦੋਸ਼ ਲੱਗਾ ਸੀ ਪਰ ਪੰਜਾਬ ਪੁਲਸ ਨੇ ਆਪਣੀ ਜਾਂਚ ‘ਚ ਮਨਕੀਰਤ ਔਲਖ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਗੈਂਗਸਟਰ ਬੰਬੀਹਾ ਗਰੁੱਪ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਹੈ। ਦੱਸਣਯੋਗ ਹੈ ਕਿ ਮੋਹਾਲੀ ਵਿਚ ਆਈਪੀਐਲ ਮੈਚ ਵੀ ਚੱਲ ਰਹੇ ਹਨ, ਮਾਹੌਲ ਖਰਾਬ ਨਾ ਹੋਵੇ ਇਸ ਕਾਰਨ ਵੀ ਪੰਜਾਬ ਪੁਲਿਸ ਇਸ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ।

ਪੁਲਿਸ ਪੂਰੇ ਮਾਮਲੇ ਦੀ ਕਰ ਰਹੀ ਹੈ ਜਾਂਚ : ਐਸਐਸਪੀ ਡਾ. ਸੰਦੀਪ ਗਰਗ

ਮੁਹਾਲੀ ਦੇ ਐਸਐਸਪੀ ਡਾਕਟਰ ਸੰਦੀਪ ਗਰਗ ਨੇ ਵੀ ਸ਼ਿਕਾਇਤ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚ ਕਰਦੇ ਹੋਏ ਆਸਪਾਸ ਦੇ ਹੋਰ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੇ ਹਨ। ਐਸਐਸਪੀ ਨੇ ਦੱਸਿਆ ਕਿ ਬਾਈਕ ਸਵਾਰ ਨੌਜਵਾਨਾਂ ਨੇ ਸਿਰਫ ਰੇਕੀ ਹੀ ਕਰਨੀ ਸੀ ਜਾਂ ਫਿਰ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ ਇਹ ਗੰਭੀਰ ਅਤੇ ਡੂੰਘਾਈ ਨਾਲ ਜਾਂਚ ਕਰਨ ਦਾ ਮਾਮਲਾ ਹੈ। ਪੁਲਿਸ ਬਾਈਕ ਨੰਬਰ ਅਤੇ ਹੁਲੀਏ ਦੇ ਆਧਾਰ ‘ਤੇ ਨੌਜਵਾਨਾਂ ਦੀ ਭਾਲ ਕਰ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ