ਖਜਾਨਾ ਲੁੱਟਣ ਵਾਲਾ ਆਪਣਾ ਹੋਵੇ ਜਾਂ ਬੇਗਾਨਾ ਬਖਸ਼ਿਆ ਨਹੀਂ ਜਾਵੇਗਾ, ਭਗਵੰਤ ਮਾਨ ਦਾ ਵਿਧਾਨ ਸਭਾ ’ਚ ਐਲਾਨ
- ਕਈ ਭ੍ਰਿਸ਼ਟਾਚਾਰੀ ਤਾਂ ਅਜੇ ਵੀ ਤੁਹਾਡੇ ਵਿਚਕਾਰ ਬੈਠੇ ਨੇ, ਸਾਰਿਆਂ ਦਾ ਨੰਬਰ ਆਵੇਗਾ ਮੁੱਖ ਮੰਤਰੀ
- ਕਾਂਗਰਸ ਦੇ ਪੁਰਾਣੇ ਮੁੱਖ ਮੰਤਰੀ ਨੇ ਬਣਾਈ ਸੀ ਆਪਣੇ ਭਿ੍ਰਸਟਾਚਾਰੀਆਂ ਦੀ ਸੂਚੀ, ਤੁਹਾਡੀ ਹਾਈ ਕਮਾਂਡ ਨੇ ਬਦਨਾਮੀ ਦੇ ਡਰ ਤੋਂ ਲਿਸਟ ਦੱਬ ਲਈ ਮੁੱਖ ਮੰਤਰੀ
(ਅਸ਼ਵਨੀ ਚਾਵਲਾ) ਚੰਡੀਗੜ। ਸੂਬੇ ਦਾ ਖਜਾਨਾ ਲੁੱਟਣ ਲਈ ਵਿਰੋਧੀ ਧਿਰ ‘ਤੇ ਵਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਕਿਹਾ ਕਿ ਜਨਤਾ ਦਾ ਪੈਸਾ ਲੁੱਟਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। (Punjab Vidhan Sabha) ਮੁੱਖ ਮੰਤਰੀ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਦਾਗੀ ਆਗੂਆਂ ਵਿਰੁੱਧ ਵਿਜੀਲੈਂਸ ਦੀ ਕਾਰਵਾਈ ਦਾ ਵਿਰੋਧ ਕਰਕੇ ਭਿ੍ਰਸਟਾਚਾਰੀਆਂ ਨੂੰ ਬਚਾਉਣ ਲਈ ਆਲੋਚਨਾ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਭਿ੍ਰਸਟਾਚਾਰ ਵਿਰੁੱਧ ਕੋਈ ਲਿਹਾਜ ਨਾ ਵਰਤਣ ਦੀ ਨੀਤੀ ਅਪਣਾਈ ਹੈ ਅਤੇ ਭਿ੍ਰਸਟਾਚਾਰੀਆਂ ਵਿਰੁੱਧ ਮਿਸਾਲੀ ਕਾਰਵਾਈ ਯਕੀਨੀ ਬਣਾਈ ਜਾਵੇਗੀ। ਸੂਬੇ ਨੂੰ ਬੇਰਹਿਮੀ ਨਾਲ ਲੁੱਟਣ ਅਤੇ ਤਬਾਹ ਕਰਨ ਵਾਲੇ ਇਨਾਂ ਗੁਨਾਹਗਾਰਾਂ ਵਿਰੁੱਧ ਕਾਰਵਾਈ ਕਰਨ ਤੋਂ ਉਨਾਂ ਨੂੰ ਕੋਈ ਨਹੀਂ ਰੋਕ ਸਕਦਾ।
ਕਾਂਗਰਸੀ ਆਗੂਆਂ ਨੇ ਆਪਣੇ ਅਹੁਦਿਆਂ ਦੀ ਦੁਰਵਰਤੋਂ ਕਰ ਕੇ ਜਨਤਾ ਦੀ ਦੌਲਤ ਲੁੱਟੀ
ਭਗਵੰਤ ਮਾਨ ਨੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਕਾਂਗਰਸੀ ਆਗੂ ਉਨਾਂ ਲੋਕਾਂ ਨੂੰ ਸਰਪ੍ਰਸਤੀ ਦੇਣ ਦੀ ਕੋਸ਼ਿਸ ਕਰ ਰਹੇ ਹਨ, ਜਿਨਾਂ ਨੇ ਲੋਕਾਂ ਵੱਲੋਂ ਦਿੱਤੀ ਤਾਕਤ ਦੀ ਦੁਰਵਰਤੋਂ ਕਰ ਕੇ ਸੂਬੇ ਦੀ ਦੌਲਤ ਦੀ ਅੰਨੀ ਲੁੱਟ ਕੀਤੀ ਹੈ। ਮੁੱਖ ਮੰਤਰੀ ਨੇ ਸਪੱਸ਼ਟ ਸਬਦਾਂ ਵਿੱਚ ਆਖਿਆ ਕਿ ਭ੍ਰਿਸ਼ਟ ਆਗੂ ਭਾਵੇਂ ਉਹ ਸੱਤਾਧਾਰੀ ਧਿਰ ਦੇ ਹੋਣ ਜਾਂ ਵਿਰੋਧੀ ਧਿਰ ਦੇ ਕਿਸੇ ਵੀ ਕੀਮਤ ’ਤੇ ਬਖਸੇ ਨਹੀਂ ਜਾਣਗੇ। ਉਨਾਂ ਭ੍ਰਿਸ਼ਟਾਚਾਰ ‘ਚ ਡੂੰਘੇ ਧਸੇ ਹੋਣ ਉਤੇ ਕਾਂਗਰਸ ਦੀ ਆਲੋਚਨਾ ਕਰਦਿਆਂ ਕਿਹਾ ਕਿ ਕਾਂਗਰਸੀ ਆਗੂਆਂ ਨੇ ਆਪਣੇ ਅਹੁਦਿਆਂ ਦੀ ਦੁਰਵਰਤੋਂ ਕਰ ਕੇ ਜਨਤਾ ਦੀ ਦੌਲਤ ਲੁੱਟੀ। ਭਗਵੰਤ ਮਾਨ ਨੇ ਸਦਨ ਨੂੰ ਭਰੋਸਾ ਦਿਵਾਇਆ ਕਿ ਉਨਾਂ ਨੂੰ ਭਿ੍ਰਸਟ ਨੇਤਾਵਾਂ ਵਿਰੁੱਧ ਸਖਤ ਕਾਰਵਾਈ ਕਰਨ ਤੋਂ ਕੋਈ ਨਹੀਂ ਰੋਕ ਸਕਦਾ।
-
ਭ੍ਰਿਸ਼ਟਾਚਾਰੀਆਂ ‘ਤੇ ਵਿਜੀਲੈਂਸ ਕਾਰਵਾਈ ਨੂੰ ਗਲਤ ਦੱਸਣ ਵਾਲੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਨੂੰ ਮੁੱਖ ਮੰਤਰੀ ਨੇ ਦਿੱਤਾ ਠੋਕਵਾਂ ਜਵਾਬ
ਕਾਂਗਰਸੀ ਆਗੂਆਂ ‘ਤੇ ਤਿੱਖੇ ਹਮਲੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਬੈਂਚਾਂ ‘ਤੇ ਬੈਠੇ ਬਹੁਤੇ ਕਾਂਗਰਸੀ ਆਗੂ ਦਾਗੀ ਹਨ। ਉਨਾਂ ਬਾਜਵਾ ਨੂੰ ਕਿਹਾ ਕਿ ਭਾਵੇਂ ਇਹ ਆਗੂ ਇਨਾਂ ਸੀਟਾਂ ‘ਤੇ ਤੁਹਾਡੇ ਵਿਚਕਾਰ ਬੈਠੇ ਹਨ ਪਰ ਉਨਾਂ ਨੂੰ ਵੀ ਜਲਦੀ ਹੀ ਆਪਣੇ ਗੁਨਾਹਾਂ ਦਾ ਖਮਿਆਜਾ ਭੁਗਤਣਾ ਪਵੇਗਾ ਕਿਉਂਕਿ ਇਨਾਂ ਵਿਰੁੱਧ ਕਾਰਵਾਈ ਹੋਣੀ ਲਾਜਮੀ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਖ਼ਿਲਾਫ ਹੋਏ ਅਪਰਾਧਾਂ ਵਿੱਚ ਕਈ ਕਾਂਗਰਸੀ ਆਗੂਆਂ ਦੇ ਨਾਂ ਸਾਮਲ ਹਨ ਅਤੇ ਉਨਾਂ ਦੀ ਸਰਕਾਰ ਅਜਿਹੇ ਆਗੂਆਂ ਨੂੰ ਆਪਣੀਆਂ ਨਾਪਾਕ ਹਰਕਤਾਂ ਲਈ ਜਵਾਬਦੇਹ ਬਣਾਏਗੀ। Punjab Vidhan Sabha
ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਉਨਾਂ ਦੀ ਸਰਕਾਰ ਦਾ ਫਰਜ ਬਣਦਾ ਹੈ ਕਿ ਉਹ ਭ੍ਰਿਸ਼ਟ ਆਗੂਆਂ ਖ਼ਿਲਾਫ ਸਖਤ ਕਾਰਵਾਈ ਕਰੇ ਪਰ ਕਾਂਗਰਸ ਨੇ ਹਮੇਸਾ ਅਜਿਹੇ ਆਗੂਆਂ ਦਾ ਬਚਾਅ ਕੀਤਾ ਹੈ। ਉਨਾਂ ਪ੍ਰਤਾਪ ਸਿੰਘ ਬਾਜਵਾ ਨੂੰ ਚੇਤੇ ਕਰਵਾਇਆ ਕਿ ਉਨਾਂ ਦੀ ਪਾਰਟੀ ਦੇ ਇਕ ਸਾਬਕਾ ਮੁੱਖ ਮੰਤਰੀ ਨੇ ਆਪਣੇ ਕਾਰਜਕਾਲ ਦੌਰਾਨ ਭਿ੍ਰਸਟ ਮੰਤਰੀਆਂ ਅਤੇ ਵਿਧਾਇਕਾਂ ਦੀ ਸੂਚੀ ਕਾਂਗਰਸ ਹਾਈ ਕਮਾਂਡ ਨੂੰ ਸੌਂਪੀ ਸੀ। ਭਗਵੰਤ ਮਾਨ ਨੇ ਵਿਅੰਗ ਕਸਦਿਆਂ ਕਿਹਾ ਕਿ ਕਾਂਗਰਸ ਹਾਈ ਕਮਾਂਡ ਇਨਾਂ ਭਿ੍ਰਸਟ ਆਗੂਆਂ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਪਾਰਟੀ ਨੂੰ ਨਮੋਸੀ ਤੋਂ ਬਚਾਉਣ ਲਈ ਸੂਚੀ ਦੇ ਮਾਮਲੇ ਵਿੱਚ ਝੁਕ ਗਈ, ਜਿਸ ਨਾਲ ਕਾਂਗਰਸ ਦਾ ਅਸਲੀ ਚਿਹਰਾ ਨੰਗਾ ਹੋ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।