ਪੰਜਾਬ ਸਰਕਾਰ ਤੋਂ 300 ਕਰੋੜ ਮੰਗ ਕੇ ਭਰਿਆ 50 ਫੀਸਦੀ ਪੈਸਾ, ਅਪਰੈਲ ਵਿੱਚ ਫਿਰ ਦੇਣਾ 300 ਕਰੋੜ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਦਿਹਾਤੀ ਵਿਕਾਸ ਫੰਡ (ਆਰਡੀਐੱਫ) ਦਾ 3200 ਕਰੋੜ ਰੁਪਏ ਦੇ ਕਰੀਬ ਕੇਂਦਰ ਸਰਕਾਰ ਵੱਲੋਂ ਜਾਰੀ ਨਹੀਂ ਕਰਨ ਕਰਕੇ ਪੰਜਾਬ ਮੰਡੀ ਬੋਰਡ 600 ਕਰੋੜ ਰੁਪਏ ਦਾ ਡਿਫਾਲਟਰ ਹੋ ਗਿਆ ਹੈ। ਪ੍ਰਾਈਵੇਟ ਬੈਂਕਾਂ ਨੂੰ ਪੈਸਾ ਵਾਪਸ ਕਰਨ ਤੋਂ ਅਸਮਰੱਥ ਨਜ਼ਰ ਆ ਰਹੇ ਪੰਜਾਬ ਰਾਜ ਮੰਡੀ ਬੋਰਡ ਨੇ 300 ਕਰੋੜ ਰੁਪਏ ਪੰਜਾਬ ਸਰਕਾਰ ਤੋਂ ਲੈਂਦੇ ਹੋਏ ਬੈਂਕਾਂ ਨੂੰ ਦਿੱਤੇ ਹਨ ਪਰ ਹਾਲੇ ਵੀ ਪੰਜਾਬ ਮੰਡੀ ਬੋਰਡ 300 ਕਰੋੜ ਰੁਪਏ ਦਾ ਡਿਫਾਲਟਰ ਬਣਿਆ ਹੋਇਆ ਹੈ। ਇਥੇ ਹੀ ਆਉਂਦੇ ਅਪਰੈਲ ਮਹੀਨੇ ਵਿੱਚ ਮੰਡੀ ਬੋਰਡ ਦੇ ਸਿਰ ’ਤੇ 300 ਕਰੋੜ ਰੁਪਏ ਦਾ ਨਵਾਂ ਬਕਾਇਆ ਖੜ੍ਹਾ ਹੋ ਜਾਏਗਾ। (Punjab government)
ਬੋਰਡ ਦੀ ਇਸ ਖ਼ਸਤਾ ਹਾਲਤ ਕਰਕੇ ਪੰਜਾਬ ਵਿੱਚ ਦਾਣਾ ਮੰਡੀਆਂ ਵਿੱਚ ਹੋਣ ਵਾਲਾ ਰੁਟੀਨ ਦਾ ਕੰਮ ਵੀ ਸ਼ੁਰੂ ਨਹੀਂ ਹੋ ਸਕਿਆ ਇਸੇ ਰੱਫੜ ’ਚ ਮੰਡੀ ਬੋਰਡ ਗੋਡੇ-ਗੋਡੇ ਕਰਜ਼ਾਈ ਹੋ ਗਿਆ ਹੈ ਜਾਣਕਾਰੀ ਅਨੁਸਾਰ ਪਿਛਲੀ ਕਾਂਗਰਸ ਸਰਕਾਰ ਵੱਲੋਂ ਸਾਲ 2017 ਵਿੱਚ ਬੋਰਡ ਵਿਕਾਸ ਫੰਡ ਅਤੇ ਦਿਹਾਤੀ ਵਿਕਾਸ ਫੰਡ ਵਿੱਚ ਆਉਣ ਵਾਲੇ ਪੈਸੇ ਨੂੰ ਦਿਖਾਉਂਦੇ ਹੋਏ 6 ਹਜ਼ਾਰ ਕਰੋੜ ਰੁਪਏ ਦਾ ਕਰਜ਼ ਲਿਆ ਗਿਆ ਸੀ, ਜਿਸ ਤੋਂ ਬਾਅਦ ਹਰ ਸਾਲ 900 ਕਰੋੜ ਰੁਪਏ ਅਸਲ ਅਤੇ ਬਾਕੀ ਵਿਆਜ ਦੀ ਅਦਾਇਗੀ ਪੰਜਾਬ ਰਾਜ ਮੰਡੀ ਬੋਰਡ ਵੱਲੋਂ ਕੀਤੀ ਜਾ ਰਹੀ ਹੈ ਹਾਲਾਂਕਿ ਇਹ ਪੈਸਾ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਕਰਕੇ ਪੰਜਾਬ ਰਾਜ ਮੰਡੀ ਬੋਰਡ ਨੇ ਪੈਸਾ ਪੰਜਾਬ ਸਰਕਾਰ ਤੋਂ ਹੀ ਲੈਣਾ ਹੈ ਪਰ ਸਰਕਾਰ ਦੇ ਹਿੱਸੇ ਵਿੱਚ ਆਉਣ ਵਾਲੇ ਕੇਂਦਰ ਸਰਕਾਰ ਤੋਂ ਆਰਡੀਐੱਫ ਦੇ ਪੈਸੇ ਨਾਲ ਇਨ੍ਹਾਂ ਕਿਸ਼ਤਾਂ ਦੀ ਅਦਾਇਗੀ ਕੀਤੀ ਜਾ ਰਹੀ ਹੈ।
ਖ਼ਰੀਦ ਦਾ ਸੀਜ਼ਨ ਸਿਰ ’ਤੇ, ਫੰਡ ਨਾ ਹੋਣ ਕਰਕੇ ਮੰਡੀਆਂ ਵਿੱਚ ਨਹੀਂ ਹੋ ਰਿਹਾ ਰੁਟੀਨ ਕੰਮ
ਕੇਂਦਰ ਸਰਕਾਰ ਵੱਲੋਂ ਪਿਛਲੇ ਡੇਢ ਸਾਲ ਤੋਂ ਆਰਡੀਐੱਫ ਅਤੇ ਐੱਮਡੀਐੱਫ ਦਾ ਪੈਸਾ ਜਾਰੀ ਨਹੀਂ ਕਰਨ ਕਰਕੇ ਪੰਜਾਬ ਰਾਜ ਮੰਡੀ ਬੋਰਡ ਲਗਾਤਾਰ ਲੋਨ ਦਾ ਡਿਫਾਲਟਰ ਚੱਲਦਾ ਆ ਰਿਹਾ ਹੈ। ਮੰਡੀ ਬੋਰਡ ਪਿਛਲੀ ਜਨਵਰੀ ਮਹੀਨੇ ਵਿੱਚ 600 ਕਰੋੜ ਰੁਪਏ ਦਾ ਲੋਨ ਡਿਫਾਲਟਰ ਹੋ ਗਿਆ ਸੀ ਅਤੇ ਪੰਜਾਬ ਸਰਕਾਰ ਤੋਂ 300 ਕਰੋੜ ਰੁਪਏ ਆਉਣ ਤੋਂ ਬਾਅਦ ਪੂਰਾ 300 ਕਰੋੜ ਬੈਂਕਾਂ ਨੂੰ ਜਾਰੀ ਕਰ ਦਿੱਤਾ ਗਿਆ ਸੀ ਪਰ ਹੁਣ ਵੀ 300 ਕਰੋੜ ਰੁਪਏ ਦਾ ਲੋਨ ਡਿਫਾਲਟਰ ਅੱਜ ਵੀ ਪੰਜਾਬ ਰਾਜ ਮੰਡੀ ਬੋਰਡ ਚੱਲ ਰਿਹਾ ਹੈ ਅਤੇ ਆਉਂਦੇ ਅਪਰੈਲ ਮਹੀਨੇ ਤੋਂ 300 ਕਰੋੜ ਰੁਪਏ ਦੀ ਨਵੀਂ ਕਿਸ਼ਤ ਪੈਂਡਿੰਗ ਹੋ ਜਾਵੇਗੀ ਅਤੇ ਮੰਡੀ ਬੋਰਡ 600 ਕਰੋੜ ਰੁਪਏ ਦਾ ਡਿਫਾਲਟਰ ਹੋ ਜਾਵੇਗਾ।
ਆਰਡੀਐੱਫ ਦਾ ਪੈਸਾ ਨਹੀਂ ਦੇ ਕੇ ਕੇਂਦਰ ਕਰ ਰਿਹੈ ਧੱਕਾ : ਬਰਸਟ
ਪੰਜਾਬ ਰਾਜ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਗਾਤਾਰ ਆਰਡੀਐੱਫ ਅਤੇ ਐੱਮਡੀਐੱਫ ਦਾ ਪੈਸਾ ਰੋਕਿਆ ਜਾ ਰਿਹਾ ਹੈ, ਜਿਹੜਾ ਕਿ ਹੁਣ 3200 ਕਰੋੜ ਰੁਪਏ ਤੱਕ ਪੁੱਜ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਈ ਵਾਰ ਕੇਂਦਰ ਸਰਕਾਰ ਨੂੰ ਚਿੱਠੀ ਲਿਖਣ ਦੇ ਨਾਲ ਹੀ ਕੇਂਦਰੀ ਮੰਤਰੀ ਪਿਊਸ਼ ਗੋਇਲ ਨਾਲ ਮੁਲਾਕਾਤ ਵੀ ਕੀਤੀ ਗਈ ਹੈ ਪਰ ਕੇਂਦਰ ਸਰਕਾਰ ਵਲੋਂ ਪੰਜਾਬ ਪ੍ਰਤੀ ਬੇਰੁਖੀ ਦਿਖਾਉਂਦੇ ਹੋਏ 3200 ਕਰੋੜ ਰੁਪਏ ਦਾ ਬਕਾਇਆ ਜਾਰੀ ਨਹੀਂ ਕੀਤਾ ਜਾ ਰਿਹਾ ਹੈ, ਜਿਸ ਕਾਰਨ ਹੀ ਲੋਨ ਦੀਆਂ ਕਿਸ਼ਤਾਂ ਨੂੰ ਭਰਨ ਵਿੱਚ ਪਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਸਰਕਾਰ ਨਾਲ ਗੱਲਬਾਤ ਕਰਦੇ ਹੋਏ ਇਸ ਮਸਲੇ ਦਾ ਹੱਲ਼ ਕੱਢਿਆ ਜਾਏਗਾ।
ਕਣਕ ਦਾ ਸੀਜ਼ਨ ਸਿਰ ’ਤੇ, ਮੰਡੀਆਂ ਵਿੱਚ ਖ਼ਰਚਣ ਲਈ ਨਹੀਂ ਐ ਪੈਸਾ
ਆਰਡੀਐੱਫ ਅਤੇ ਐੱਮਡੀਐੱਫ ਦਾ ਪੈਸਾ ਜਾਰੀ ਨਾ ਹੋਣ ਕਰਕੇ ਪੰਜਾਬ ਦੀਆਂ ਮੰਡੀਆਂ ਵਿੱਚ ਰੁਟੀਨ ਦਾ ਵੀ ਕੰਮ ਨਹੀਂ ਹੋ ਰਿਹਾ । ਕਣਕ ਦੀ ਸੀਜ਼ਨ ਸਿਰ ’ਤੇ ਹੋਣ ਕਰਕੇ ਮੰਡੀਆਂ ਵਿੱਚ ਕਾਫ਼ੀ ਜ਼ਿਆਦਾ ਇੰਤਜ਼ਾਮ ਪੰਜਾਬ ਰਾਜ ਮੰਡੀ ਬੋਰਡ ਵੱਲੋਂ ਕੀਤੇ ਜਾਣੇ ਹਨ ਪਰ ਖਾਤੇ ਵਿੱਚ ਲੋਨ ਭਰਨ ਦੇ ਪੈਸੇ ਵੀ ਨਾ ਹੋਣ ਕਰਕੇ ਮੰਡੀਆਂ ਦਾ ਸਾਰਾ ਕੰਮ ਰੁਕ ਗਿਆ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਨੂੰ ਵੀ ਕਾਫ਼ੀ ਜ਼ਿਆਦਾ ਪਰੇਸ਼ਾਨੀ ਆ ਸਕਦੀ ਹੈ।