ਸਿਵਲ ਹਸਪਤਾਲ ’ਚ ਲਿਆ ਕੇ ਕਰਵਾਈ ਮੈਡੀਕਲ ਜਾਂਚ
(ਸੁਖਜੀਤ ਮਾਨ) ਬਠਿੰਡਾ। ਰਿਸ਼ਵਤ ਮਾਮਲੇ ’ਚ ਵਿਜੀਲੈਂਸ ਵੱਲੋਂ ਗਿ੍ਰਫ਼ਤਾਰ ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਦਾ ਹਿਰਾਸਤ ’ਚ ਬਲੱਡ ਪ੍ਰੈੱਸ਼ਰ ਵਧਣ ਲੱਗਿਆ ਹੈ ਟੀਮ ਵੱਲੋਂ ਅੱਜ ਉਨ੍ਹਾਂ ਨੂੰ ਸਿਵਲ ਹਸਪਤਾਲ ’ਚ ਲਿਆ ਕੇ ਮੈਡੀਕਲ ਵੀ ਕਰਵਾਇਆ ਗਿਆ ਹਸਪਤਾਲ ਦੇ ਡਾਕਟਰਾਂ ਵੱਲੋਂ ਹੁਣ ਉਨ੍ਹਾਂ ਦੀ ਸਿਹਤ ’ਚ ਸੁਧਾਰ ਹੋਣ ਦੀ ਗੱਲ ਆਖੀ ਗਈ ਹੈ। ਵੇਰਵਿਆਂ ਮੁਤਾਬਿਕ ਪਿੰਡ ਘੁੱਦਾ ਦੀ ਮਹਿਲਾ ਸਰਪੰਚ ਦੇ ਪਤੀ ਤੋਂ 25 ਲੱਖ ਰੁਪਏ ਦੀ ਰਾਸ਼ੀ ਰਿਲੀਜ਼ ਕਰਵਾਉਣ ਦੇ ਬਦਲੇ ਕਥਿਤ ਤੌਰ ’ਤੇ 5 ਲੱਖ ਰੁਪਏ ਰਿਸ਼ਵਤ ਦੇ ਮਾਮਲੇ ’ਚ ਗਿ੍ਰਫ਼ਤਾਰ ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਦੀ ਸਿਹਤ ਹਿਰਾਸਤ ’ਚ ਠੀਕ ਨਹੀਂ ਹੈ ਬੀਤੇ ਦਿਨੀਂ ਵਿਧਾਇਕ ਦਾ ਬਲੱਡ ਪ੍ਰੈਸ਼ਰ ਵਧ ਗਿਆ ਸੀ ਅੱਜ ਵੀ ਵਿਜੀਲੈਂਸ ਦੀ ਟੀਮ ਉਨ੍ਹਾਂ ਨੂੰ ਸਿਵਲ ਹਸਪਤਾਲ ’ਚ ਲੈ ਕੇ ਪੁੱਜੀ।
ਡਾਕਟਰਾਂ ਨੇ ਚੈੱਕਅੱਪ ਤੋਂ ਬਾਅਦ ਸਿਹਤ ਠੀਕ ਹੋਣ ਦਾ ਜ਼ਿਕਰ ਕੀਤਾ ਹੈ। ਸਿਵਲ ਹਸਪਤਾਲ ਬਠਿੰਡਾ ਦੇ ਈਐਮਓ ਮੈਡਮ ਡਿੰਪੀ ਕੱਕੜ ਨੇ ਦੱਸਿਆ ਕਿ ਵਿਜੀਲੈਂਸ ਟੀਮ ਵਿਧਾਇਕ ਅਮਿਤ ਰਤਨ ਨੂੰ ਮੈਡੀਕਲ ਜਾਂਚ ਲਈ ਲੈ ਕੇ ਆਈ ਸੀ। ਉਨ੍ਹਾਂ ਦੱਸਿਆ ਕਿ ਵਿਧਾਇਕ ਦੀ ਸਿਹਤ ਹੁਣ ਠੀਕ ਹੈ, ਕੱਲ੍ਹ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਵਧ ਗਿਆ ਸੀ ਉਨ੍ਹਾਂ ਦੱਸਿਆ ਕਿ ਅਮਿਤ ਰਤਨ ਦੀ ਦਵਾਈ ਚੱਲ ਰਹੀ ਹੈ।
ਦੱਸਣਯੋਗ ਹੈ ਕਿ ਵਿਧਾਇਕ ਅਮਿਤ ਰਤਨ ਨੂੰ 22 ਫਰਵਰੀ ਦੀ ਰਾਤ ਨੂੰ ਵਿਜੀਲੈਂਸ ਦੀ ਟੀਮ ਵੱਲੋਂ ਰਾਜਪੁਰਾ ਨੇੜਿਓਂ ਗਿ੍ਰਫ਼ਤਾਰ ਕੀਤਾ ਗਿਆ ਸੀ ਗਿ੍ਰਫ਼ਤਾਰੀ ਮਗਰੋਂ ਜਦੋਂ ਵਿਧਾਇਕ ਨੂੰ 23 ਫਰਵਰੀ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਸੀ ਤਾਂ ਉੱਥੋਂ 5 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਸੀ। ਪੁਲਿਸ ਰਿਮਾਂਡ ਹੋਣ ਕਰਕੇ ਵਿਧਾਇਕ ਅਮਿਤ ਰਤਨ ਵਿਜੀਲੈਂਸ ਦੀ ਹਿਰਾਸਤ ’ਚ ਹਨ ਜਿੱਥੇ ਅਧਿਕਾਰੀਆਂ ਵੱਲੋਂ ਉਨ੍ਹਾਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਹੁਣ ਤੱਕ ਦੀ ਪੁੱਛ ਪੜਤਾਲ ਦੌਰਾਨ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਅਤੇ ਨਾ ਹੀ ਕਿਸੇ ਹੋਰ ਵਿਅਕਤੀ ਨੇ ਵਿਧਾਇਕ ਦੇ ਖਿਲਾਫ਼ ਕੋਈ ਸ਼ਿਕਾਇਤ ਕੀਤੀ ਹੈ ਵਿਧਾਇਕ ਦੇ ਕਰੀਬੀ ਰਿਸ਼ਮ ਗਰਗ, ਜਿੰਨ੍ਹਾਂ ਨੂੰ ਇਸੇ ਮਾਮਲੇ ’ਚ 16 ਫਰਵਰੀ ਨੂੰ ਗਿ੍ਰਫ਼ਤਾਰ ਕੀਤਾ ਸੀ ਉਨ੍ਹਾਂ ਦਾ ਪੁਲਿਸ ਰਿਮਾਂਡ ਖਤਮ ਹੋਣ ’ਤੇ ਕੱਲ੍ਹ 10 ਮਾਰਚ ਤੱਕ ਦੇ ਜੁਡੀਸ਼ੀਅਲ ਰਿਮਾਂਡ ’ਤੇ ਜ਼ੇਲ੍ਹ ਭੇਜ ਦਿੱਤਾ ਹੈ।
ਹੱਥ ਹਿਲਾ ਕੇ ਬਿਨ੍ਹਾਂ ਕੁੱਝ ਬੋਲੇ ਤੁਰ ਗਏ ਅਮਿਤ ਰਤਨ
ਸਿਵਲ ਹਸਪਤਾਲ ’ਚੋਂ ਮੈਡੀਕਲ ਜਾਂਚ ਕਰਵਾ ਕੇ ਜਦੋਂ ਅਮਿਤ ਰਤਨ ਨੂੰ ਵਿਜੀਲੈਂਸ ਟੀਮ ਵਾਪਿਸ ਲਿਜਾ ਰਹੀ ਸੀ ਤਾਂ ਉੱਥੇ ਮੌਜੂਦ ਪੱਤਰਕਾਰਾਂ ਨੇ ਉਨ੍ਹਾਂ ਨੂੰ ਕਿਹਾ ਕਿ ਕੁੱਝ ਕਹਿਣਾ ਚਾਹੁੰਦੇ ਹੋ ਤਾਂ ਉਹ ਬਿਨ੍ਹਾਂ ਕੁੱਝ ਬੋਲ੍ਹੇ ਸਿਰਫ ਇੱਕ ਹੱਥ ਉੱਪਰ ਚੁੱਕ ਕੇ ਬਿਨ੍ਹਾਂ ਕੁੱਝ ਕਹੇ ਗੱਡੀ ’ਚ ਬੈਠ ਗਏ ਜਿਸ ਦਿਨ ਗਿ੍ਰਫ਼ਤਾਰੀ ਮਗਰੋਂ ਵਿਧਾਇਕ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਸੀ ਤਾਂ ਉਸ ਦਿਨ ਉਨ੍ਹਾਂ ਕਿਹਾ ਸੀ ਕਿ ਉਹ ਪਾਰਟੀ ਦੇ ਵਫ਼ਾਦਾਰ ਸਿਪਾਹੀ ਹਨ ਅਤੇ ਨਿਆਂਪਾਲਿਕਾ ’ਤੇ ਪੂਰਾ ਭਰੋਸਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।