ਭਿਵਾਨੀ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਜ਼ਿਲ੍ਹਾ ਭਿਵਾਨੀ (Bhiwani News) ’ਚ ਦੋ ਨੌਜਵਾਨਾਂ ਨੂੰ ਜਿਉਂਦੇ ਸਾੜਨ ਦਾ ਮਾਮਲਾ ਭਖਦਾ ਹੀ ਜਾ ਰਿਹਾ ਹੈ। ਇਸ ਮਾਮਲੇ ਨੇ ਹੁਣ ਨਵਾਂ ਮੋੜ ਲੈ ਲਿਆ ਹੈ। ਇਸ ਮਾਮਲੇ ’ਚ ਖਾਕੀ ’ਤੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਗਏ ਹਨ। ਅਸਲ ਵਿੱਚ ਘਟਨਾ ਭਿਵਾਨੀ ਦੇ ਲੋਹਾਰੂ ਕਸਬੇ ਦੇ ਪਿੰਡ ਬਰਾਵਾਸ ਕੀ ਬਨੀ ’ਚ ਬੁੱਧਵਾਰ ਨੂੰ ਵਾਪਰੀ। ਜਿੱਥੇ ਰਾਜਸਥਾਨ ਦੇ ਦੋ ਭਰਾਵਾਂ ਨੂੰ ਬਲੈਰੋ ਗੱਡੀ ਵਿੱਚ ਜਿਉਂਦੇ ਸਾੜ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਹਰਿਆਣਾ ਅਤੇ ਰਾਜਸਥਾਨ ’ਚ ਮਹੌਲ ਗਰਮਾਉਂਦਾ ਜਾ ਰਿਹਾ ਹੈ। ਇਸ ਘਟਨਾ ’ਚ ਮਾਰੇ ਗਏ ਨੌਜਵਾਨਾਂ ਦੀ ਪਛਾਣ ਜੁਨੈਦ ਤੇ ਨਾਸਿਰ ਰਾਜਸਥਾਨ ਦੇ ਭਰਤਪੁਰ ਵਜੋਂ ਹੋਈ ਹੈ ਜੋ ਕਿ ਮੁਸਲਿਮ ਭਾਈਚਾਰੇ ਨਾਲ ਸਬੰਧ ਰੱਖਦੇ ਸਨ। ਇਸ ਮਾਮਲੇ ’ਚ ਰਾਜਸਥਾਨ ਪੁਲਿਸ ਨੇ ਹਰਿਆਣਾ ਦੇ ਫਿਰੋਜ਼ਪੁਰ ਝਿਰਕਾ ਤੋਂ ਰਿੰਕੂ ਸੈਣੀ ਨਾਂਅ ਦੇ ਵਿਅਕਤੀ ਨੂੰ ਗਿ੍ਰਫ਼ਤਾਰ ਕੀਤਾ ਹੈ।
ਦੁਜੇ ਪਾਸੇ ਦਰਦਨਾਕ ਘਟਨਾ ਤੋਂ ਪੀੜਤ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਪੁਲਿਸ ਨੇ ਜੁਨੈਦ ਅਤੇ ਨਾਸਿਰ ਨੂੰ ਬਲੈਰੋ ਨੂੰ ਟੱਕਰ ਮਾਰ ਕੇ ਫੜਿਆ ਸੀ, ਇਸ ਤੋਂ ਬਾਅਦ ਅੱਧਮਰੀ ਹਾਲਤ ’ਚ ਉਨ੍ਹਾਂ ਨੂੰ ਬਜਰੰਗ ਦਲ ਦੇ ਮੋਨੂੰ ਮਾਨੇਸਰ ਅਤੇ ਉਸ ਦੇ ਸਾਥੀਆਂ ਨੂੰ ਸੌਂਪ ਦਿੱਤਾ ਅਤੇ ਉਨ੍ਹਾਂ ਨੇ ਗਊ ਤਸਕਰੀ ਦੇ ਸ਼ੱਕ ’ਚ ਦੋਵਾਂ ਨੂੰ ਬਲੈਰ ਸਮੇਤ ਜਿਉਂਦੇ ਸਾੜ ਦਿੱਤਾ। ਮੋਨੂੰ ’ਤੇ 20 ਦਿਨਾਂ ’ਚ ਦੋ ਕਤਲ ਅਤੇ ਇੱਕ ਕਤਲ ਦੀ ਕੋਸ਼ਿਸ਼ ਦਾ ਦੋਸ਼ ਹੈ।
ਫਿਲਹਾਲ ਪਰਿਵਾਰ ਵੱਲੋਂ ਪੁਲਿਸ ’ਤੇ ਲਾਏ ਗਏ ਇਨ੍ਹਾਂ ਗੰਭੀਰ ਦੋਸ਼ਾਂ ਨੇ ਪੂਰੇ ਮਾਮਲੇ ਨੂੰ ਪਲਟ ਕੇ ਰੱਖ ਦਿੱਤਾ ਹੈ। ਜੇਕਰ ਇਹ ਦੋਸ਼ ਸਾਬਤ ਹੁੰਦੇ ਹਨ ਤਾਂ ਪੁਲਿਸ ਤੋਂ ਜਨਤਾ ਦਾ ਵਿਸ਼ਵਾਸ ਚੁੱਕਿਆ ਜਾਵੇਗਾ। ਫਿਲਹਾਲ ਸੱਚਾ ਕੌਣ ਹੈ ਅਤੇ ਇਸ ਮਾਮਲੇ ’ਚ ਕਿੰਨੇ ਲੋਕਾਂ ਦਾ ਹੱਥ ਹੈ ਇਹ ਤਾਂ ਜਾਂਚ ਤੋਂ ਬਾਅਦ ਹੀ ਸਾਫ਼ ਹੋਵੇਗਾ। ਸੱਚ ਕਹੂੰ ਇਨ੍ਹਾਂ ਸਾਰੇ ਦੋਸ਼ਾਂ ਦੀ ਪੁਸ਼ਟੀ ਨਹੀਂ ਕਰਦਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।