Prepaid Meters : ਸਰਕਾਰੀ ਦਫ਼ਤਰਾਂ ਨੂੰ ਹੁਣ ਲਗਵਾਉਣੇ ਪੈਣਗੇ ਪ੍ਰੀਪੇਡ ਮੀਟਰ
- ਪੰਜਾਬ ’ਚ ਸਰਕਾਰੀ ਅਦਾਰਿਆਂ ਨੂੰ 53 ਹਜ਼ਾਰ ਨੋਟਿਸ ਹੋਣਗੇ ਜਾਰੀ
- ਲਗਵਾਉਣੇ ਪੈਣਗੇ ਪ੍ਰੀਪੇਡ ਮੀਟਰ, ਨਹੀਂ ਤਾਂ ਕੱਟ ਜਾਏਗੀ ਬਿਜਲੀ
- ਸਰਕਾਰੀ ਅਦਾਰਿਆਂ ਤੋਂ ਸ਼ੁਰੂਆਤ, 1 ਮਾਰਚ ਤੋਂ ਪ੍ਰੀ ਪੇਡ ਮੀਟਰਾਂ ਰਾਹੀਂ ਹੀ ਹੋਏਗੀ ਬਿਜਲੀ ਸਪਲਾਈ
- ਨਵੇਂ ਬਿਜਲੀ ਕੁਨੈਕਸ਼ਨ ਕੀਤੇ ਗਏ ਬੰਦ, ਪ੍ਰੀ ਪੇਡ ਮੀਟਰ ਦੀ ਹਾਮੀ ਭਰਨ ਵਾਲਿਆਂ ਨੂੰ ਹੀ ਮਿਲੇਗੀ ਕੁਨੈਕਸ਼ਨ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪਾਵਰਕਾਮ ਵਲੋਂ ਪੰਜਾਬ ’ਚ ਸਰਕਾਰੀ ਅਦਾਰਿਆਂ ਨੂੰ 53 ਹਜ਼ਾਰ ਨੋਟਿਸ ਜਾਰੀ ਕਰਦੇ ਹੋਏ 15 ਦਿਨਾਂ ਦੇ ਅੰਦਰ ਅੰਦਰ ਪ੍ਰੀ ਪੇਡ ਸਮਾਰਟ ਮੀਟਰ ਲਗਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਇਨਾਂ 15 ਦਿਨਾਂ ਵਿੱਚ ਜੇਕਰ ਸਮਾਰਟ ਮੀਟਰ ਨਾ ਲਵਾਏ ਗਏ ਤਾਂ ਪਹਿਲੀ ਮਾਰਚ ਤੋਂ ਕਿਸੇ ਵੀ ਸਰਕਾਰੀ ਅਦਾਰੇ ਨੂੰ ਬਿਜਲੀ ਦੀ ਸਪਲਾਈ ਨਹੀਂ ਮਿਲੇਗੀ ਅਤੇ ਪੁਰਾਣੇ ਕੁਨੇਕਸ਼ਨ ਪਹਿਲੀ ਮਾਰਚ ਤੋਂ ਕੱਟ ਦਿੱਤੇ ਜਾਣਗੇ। ਸਰਕਾਰੀ ਅਦਾਰਿਆਂ ਨੂੰ ਹਰ ਹਾਲਤ ਵਿੱਚ ਪ੍ਰੀ ਪੇਡ ਸਮਾਰਟ ਮੀਟਰ (Prepaid Meters Punjab) ਲਗਵਾਉਣੇ ਪੈਣਗੇ ਜਾਂ ਫਿਰ ਬਿਨਾਂ ਬਿਜਲੀ ਤੋਂ ਹਨੇਰੇ ਵਿੱਚ ਹੀ ਕੰਮ ਕਰਨਾ ਪਏਗਾ।
ਪਾਵਰਕੌਮ ਵੱਲੋਂ ਮੰਗਲਵਾਰ ਨੂੰ ਇਹ ਨੋਟਿਸ ਜਾਰੀ ਕਰਨ ਸਬੰਧੀ ਪੱਤਰ ਜਾਰੀ ਕਰ ਦਿੱਤਾ ਹੈ। ਇਸ ਨਾਲ ਹੀ ਹੁਣ ਤੋਂ ਬਾਅਦ ਕਿਸੇ ਵੀ ਸਰਕਾਰੀ ਅਦਾਰੇ ਨੂੰ ਉਸ ਸਮੇਂ ਤੱਕ ਨਵਾਂ ਕੁਨੈਕਸ਼ਨ ਨਹੀਂ ਮਿਲੇਗੀ, ਜਦੋਂ ਤੱਕ ਉਹ ਪ੍ਰੀਪੇਡ ਕੁਨੈਕਸ਼ਨ ਲੈਣ ਲਈ ਹਾਮੀ ਨਹੀਂ ਭਰ ਦਿੰਦਾ ਹੈ। ਪੁਰਾਣੇ ਮੀਟਰ ਲਗਾਉਣ ਦਾ ਕੰਮ ਤੁਰੰਤ ਪ੍ਰਭਾਵ ਨਾਲ ਪੰਜਾਬ ਸਟੇਟ ਪਾਵਰ ਕਾਰਪੋੋਰੇਸ਼ਨ ਲਿਮਿ. ਵਲੋਂ ਰੋਕ ਦਿੱਤਾ ਗਿਆ ਹੈ। (Prepaid Meters Punjab)
-
ਪੰਜਾਬ ’ਚ ਸਰਕਾਰੀ ਅਦਾਰਿਆਂ ਨੂੰ 53 ਹਜ਼ਾਰ ਨੋਟਿਸ ਹੋਣਗੇ ਜਾਰੀ
ਜਾਣਕਾਰੀ ਅਨੁਸਾਰ ਪੰਜਾਬ ਵਿੱਚ ਵੱਖ-ਵੱਖ ਸਰਕਾਰੀ ਅਦਾਰਿਆਂ ਦੇ 52 ਹਜ਼ਾਰ ਤੋਂ ਜਿਆਦਾ ਦਫ਼ਤਰਾਂ ਵਿੱਚ ਪਾਵਰਕੌਮ ਵੱਲੋਂ ਬਿਜਲੀ ਸਪਲਾਈ ਦਿੰਦੇ ਹੋਏ ਪੁਰਾਣੇ ਮੀਟਰ ਲਗਾਏ ਹੋਏ ਹਨ। ਇਨਾਂ ਸਰਕਾਰੀ ਅਦਾਰਿਆਂ ਦੇ ਦਫ਼ਤਰਾਂ ਵੱਲੋਂ ਬਿਜਲੀ ਦੇ ਬਿੱਲ ਦੀ ਅਦਾਇਗੀ ਸਮੇਂ ਅਨੁਸਾਰ ਜਾਂ ਫਿਰ ਲੇਟ ਵੀ ਕੀਤੀ ਜਾਂਦੀ ਰਹੀ ਹੈ। ਪੰਜਾਬ ਵਿੱਚ ਸਰਕਾਰੀ ਵਿਭਾਗਾਂ ਵੱਲ ਹੀ ਕਰੋੜਾ ਰੁਪਏ ਦਾ ਬਕਾਇਆ ਬਿਜਲੀ ਬਿੱਲ ਦਾ ਹੀ ਹਮੇਸ਼ਾ ਖੜਾਂ ਰਹਿੰਦੀ ਹੈ।
ਪੰਜਾਬ ਹੀ ਨਹੀਂ ਸਗੋਂ ਦੇਸ਼ ਭਰ ਦੇ ਬਾਕੀ ਸੂਬਿਆਂ ਵਿੱਚ ਵੀ ਇਹੋ ਹਾਲ ਹੋਣ ਕਰਕੇ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਬਿਜਲੀ ਸਬਸਿਡੀ ਵਿੱਚ ਇਸ ਤਰ੍ਹਾਂ ਦੀ ਸ਼ਰਤ ਰੱਖ ਦਿੱਤੀ ਗਈ ਹੈ ਕਿ ਸੂਬੇ ਨੂੰ ਆਪਣੇ ਪੁਰਾਣੇ ਉਧਾਰੀ ਪੈਟਰਨ ਨੂੰ ਖ਼ਤਮ ਕਰਦੇ ਹੋਏ ਪ੍ਰੀਪੇਡ ਮੀਟਰ ਨੂੰ ਅਪਣਾਉਣਾ ਪਏਗਾ। ਪੰਜਾਬ ਵਿੱਚ ਪਿਛਲੀ ਸਰਕਾਰਾਂ ਵੱਲੋਂ ਪ੍ਰੀਪੇਡ ਬਿਜਲੀ ਕੁਨੈਕਸ਼ਨ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਪੰਜਾਬ ਦੇ ਪੇਂਡੂ ਖੇਤਰ ਵਿੱਚ ਸਭ ਤੋਂ ਜਿਆਦਾ ਵਿਰੋਧ ਹੋਣ ਕਰਕੇ ਪੰਜਾਬ ਵਿੱਚ ਇਸ ਨੂੰ ਲਾਗੂ ਹੀ ਨਹੀਂ ਕੀਤਾ ਜਾ ਸਕਿਆ ।
ਸਰਕਾਰੀ ਅਦਾਰਿਆਂ ਨੂੰ 15 ਦਿਨਾਂ ਦੇ ਅੰਦਰ ਪ੍ਰੀਪੇਡ ਕੁਨੈਕਸ਼ਨ ਲਗਵਾਉਣੇ ਪੈਣਗੇ
ਕੇਂਦਰ ਸਰਕਾਰ ਵੱਲੋਂ ਬਿਜਲੀ ਸਬਸਿਡੀ ਦੀ ਅਦਾਇਗੀ ਰੋਕਣ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਨੇ ਪ੍ਰੀਪੇਡ ਕੁਨੈਕਸ਼ਨ ਲਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਲਈ ਸਭ ਤੋਂ ਪਹਿਲਾਂ ਸਰਕਾਰੀ ਅਦਾਰਿਆਂ ਵਿੱਚ ਲਗੇ 52 ਹਜ਼ਾਰ ਬਿਜਲੀ ਦੇ ਮੀਟਰ ਟਾਰਗੈਟ ਕੀਤਾ ਜਾ ਰਿਹਾ ਹੈ। ਪੰਜਾਬ ਸਟੇਟ ਪਾਵਰ ਕਾਰਪੋੋਰੇਸ਼ਨ ਲਿਮਿ. ਵਲੋਂ ਮੰਗਲਵਾਰ ਨੂੰ ਆਦੇਸ਼ ਜਾਰੀ ਕਰਦੇ ਹੋਏ 52 ਹਜ਼ਾਰ ਕੁਨੈਕਸ਼ਨ ਨੂੰ ਪ੍ਰੀਪੇਡ ਮੀਟਰ ਵਿੱਚ ਬਦਲਣ ਲਈ 15 ਦਿਨ ਦਾ ਸਮਾਂ ਦਿੱਤਾ ਹੈ। ਜੇਕਰ ਇਨਾਂ 22 ਫਰਵਰੀ ਤੱਕ ਇਹ ਕਾਰਵਾਈ ਮੁਕੰਮਲ ਨਹੀਂ ਹੁੰਦੀ ਹੈ ਤਾਂ 1 ਮਾਰਚ ਤੋਂ ਪੁਰਾਣੇ ਮੀਟਰਾਂ ਵਿੱਚ ਬਿਜਲੀ ਸਪਲਾਈ ਕੱਟ ਦਿੱਤੀ ਜਾਏਗੀ। ਇਸ ਲਈ ਸਰਕਾਰੀ ਅਦਾਰਿਆਂ ਦੇ ਹਰ ਹਾਲਤ ਵਿੱਚ 15 ਦਿਨਾਂ ਦੇ ਅੰਦਰ ਪ੍ਰੀਪੇਡ ਕੁਨੈਕਸ਼ਨ ਲਗਵਾਉਣੇ ਪੈਣਗੇ।
ਹਰ ਮਹੀਨੇ ਦੇਣਾ ਪਏਗਾ ਐਡਵਾਂਸ, ਪੈਸਾ ਖ਼ਤਮ ਤਾਂ ਬਿਜਲੀ ਵੀ ਹੋਏਗੀ ਬੰਦ
ਪੰਜਾਬ ਦੇ 53 ਹਜ਼ਾਰ ਅਦਾਰਿਆਂ ਨੂੰ ਹੁਣ ਤੋਂ ਬਾਅਦ ਪ੍ਰੀਪੇਡ ਕੁਨੈਕਸ਼ਨ ਲਈ ਐਡਵਾਂਸ ਵਿੱਚ ਹਰ ਮਹੀਨੇ ਪੈਸੇ ਦੇਣੇ ਹੋਣਗੇ। ਇਸ ਲਈ ਹਰ ਅਦਾਰੇ ਨੂੰ ਪਿਛਲੇ ਮਹੀਨਿਆਂ ਦੇ ਅੰਦਾਜ਼ਨ ਬਿੱਲ ਭੇਜੇ ਜਾਣਗੇ ਤਾਂ ਕਿ ਉਨਾਂ ਨੂੰ ਪਤਾ ਚੱਲ ਸਕੇ ਕਿ ਹਰ ਮਹੀਨੇ ਕਿੰਨੇ ਪੈਸੇ ਐਡਵਾਂਸ ਵਿੱਚ ਆਪਣੇ ਪ੍ਰੀਪੇਡ ਮੀਟਰ ਵਿੱਚ ਜਮਾ ਕਰਵਾਉਣੇ ਹਨ। ਜਿਹੜੇ ਵੀ ਮਹੀਨੇ ਸਰਕਾਰੀ ਅਦਾਰਾ ਐਡਵਾਂਸ ਵਿੱਚ ਪੈਸੇ ਭੇਜਣਾ ਭੁੱਲ ਜਾਏਗਾ ਜਾਂ ਫਿਰ ਨਹੀਂ ਭੇਜੇਗਾ ਤਾਂ ਪੈਸੇ ਖ਼ਤਮ ਹੁੰਦੇ ਹੀ ਮੀਟਰ ਆਪਣੇ ਆਪ ਬਿਜਲੀ ਬੰਦ ਕਰ ਦੇਵੇਗਾ। ਇਸ ਤੋਂ ਬਾਅਦ ਪੈਸੇ ਦੀ ਅਦਾਇਗੀ ਹੋਣ ’ਤੇ ਹੀ ਬਿਜਲੀ ਮੁੜ ਤੋਂ ਸ਼ੁਰੂ ਹੋਏਗੀ। ਇਸ ਵਿੱਚ ਕੋਈ ਸਿਫ਼ਾਰਸ਼ ਜਾਂ ਫਿਰ ਫੋਨ ਕੰਮ ਨਹੀਂ ਕਰੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ