ਅਪਰੈਲ ਤੋਂ ਜਨਵਰੀ 2023 ਤੱਕ ਬਿਜਲੀ ਦੀ ਮੰਗ ਨੇ ਰਿਕਾਰਡ ਤੋੜੇ

Electricity

ਪੰਜਾਬ ਅੰਦਰ 12 ਫੀਸਦੀ ਬਿਜਲੀ ਦੀ ਮੰਗ ਵਧੀ, ਪਾਵਰਕੌਮ ਵੱਲੋਂ ਸਫ਼ਲਤਾਪੂਰਵਕ ਪੂਰਾ ਕਰਨ ਦਾ ਦਾਅਵਾ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸੂਬੇ ਅੰਦਰ ਬਿਜਲੀ ਦੀ ਮੰਗ (Electricity Demand) ਲਗਾਤਾਰ ਵਧ ਰਹੀ ਹੈ। ਪੰਜਾਬ ਵਿੱਚ ਅਪਰੈਲ ਮਹੀਨੇ ਤੋਂ ਜਨਵਰੀ ਮਹੀਨੇ ਦੌਰਾਨ ਬਿਜਲੀ ਦੀ ਮੰਗ ਵਿੱਚ 12 ਫੀਸਦੀ ਵਾਧਾ ਹੋਇਆ ਹੈ। ਉਂਜ ਭਾਵੇਂ ਕਿ ਪਾਵਰਕੌਮ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇਸ ਵਧੀ ਮੰਗ ਨੂੰ ਸਫ਼ਲਤਾ ਪੂਰਵਕ ਪੂਰਾ ਕੀਤਾ ਗਿਆ ਹੈ। ਇੱਧਰ ਪਾਵਰਕੌਮ ਦਾ ਇਸ ਵਾਰ ਵੀ ਗਰਮੀਆਂ ਅਤੇ ਝੋਨੇ ਦੇ ਸੀਜ਼ਨ ਵਿੱਚ ਇਮਤਿਹਾਨ ਹੋਵੇਗਾ। ਜਾਣਕਾਰੀ ਅਨੁਸਾਰ ਅਪਰੈਲ 2022 ਤੋਂ ਜਨਵਰੀ 2023 ਤੱਕ ਪੰਜਾਬ ਅੰਦਰ 60,762 ਮਿਲੀਅਨ ਯੂਨਿਟ ਬਿਜਲੀ ਦੀ ਮੰਗ ਰਹੀ ਹੈ, ਜਦੋਂਕਿ ਇਸ ਤੋਂ ਪਿਛਲੇ ਸਾਲ ਇਹ ਮੰਗ 54,237 ਮਿਲੀਅਨ ਯੂਨਿਟ ਸੀ। ਇਸ ਤਰ੍ਹਾਂ ਦੀ ਬਿਜਲੀ ਦੀ ਮੰਗ ਵਿੱਚ 12 ਫੀਸਦੀ ਵਾਧਾ ਦਰਜ ਹੋਇਆ ਹੈ, ਜਿਸ ਨੂੰ ਪਾਵਰਕੌਮ ਵੱਲੋਂ ਆਪਣੇ ਵੱਖ-ਵੱਖ ਸ੍ਰੋਤਾਂ ਤੋਂ ਪੂਰਾ ਕੀਤਾ ਗਿਆ ਹੈ। ਪਾਵਰਕੌਮ ਵੱਲੋਂ ਆਪਣੇ ਥਰਮਲ ਅਤੇ ਹਾਈਡਲ ਪਲਾਂਟਾਂ ਤੋਂ ਬਿਜਲੀ ਉਤਪਾਦਨ ਵਿੱਚ ਵੀ ਵਾਧਾ ਕੀਤਾ ਹੈ।

ਪਾਵਰਕੌਮ ਨੇ ਆਉਣ ਵਾਲੀ ਗਰਮੀ ਅਤੇ ਝੋਨੇ ਦੇ ਸੀਜ਼ਨ ਲਈ ਵਿੱਢੀਆਂ ਤਿਆਰੀਆਂ | Electricity Demand

ਖਾਸ ਤੌਰ ’ਤੇ ਸਾਲ 2022 ਦੌਰਾਨ ਰੋਪੜ ਅਤੇ ਲਹਿਰਾ ਥਰਮਲ ਪਲਾਂਟਾਂ ਤੋਂ ਥਰਮਲ ਪੈਦਾਵਾਰ 6,229 ਮਿਲੀਅਨ ਯੂਨਿਟ ਰਹੀ ਹੈ। ਜਦੋਂਕਿ ਇਸ ਤੋਂ ਪਿਛਲੇ ਵਰ੍ਹੇ ਇਨ੍ਹਾਂ ਥਰਮਲਾਂ ਤੋਂ 2,736 ਮਿਲੀਅਨ ਯੂਨਿਟ ਸੀ। ਇਸ ਤਰ੍ਹਾਂ ਥਰਮਲਾਂ ਤੋਂ 128 ਫੀਸਦੀ ਵਧੀ ਹੈ। ਇਸ ਤੋਂ ਇਲਾਵਾ ਪਾਵਰਕੌਮ ਦੇ ਪ੍ਰੋਜੈਕਟਾਂ ਅਤੇ ਬੀਬੀਐੱਮਬੀ ਤੋਂ ਹਾਈਡਰੋ ਜਨਰੇਸ਼ਨ ਵੀ ਪਿਛਲੇ ਸਾਲ ਨਾਲੋਂ 21 ਅਤੇ 13 ਫੀਸਦੀ ਤੱਕ ਵਧੀ ਹੈ। ਪਾਵਰਕੌਮ ਵੱਲੋਂ ਆਪਣੇ ਬਿਜਲੀ ਉਤਪਾਦਨ ਵਿੱਚ ਵਾਧੇ ਤੋਂ ਇਲਾਵਾ ਦੂਜੇ ਸੂਬਿਆ ਦੇ ਨਾਲ ਪਾਵਰ ਬੈਂਕਿੰਗ ਵਿੱਚ ਵੀ ਕਾਫੀ ਵਾਧਾ ਹੋਇਆ ਹੈ। ਪਾਵਰਕੌਮ ਨੇ ਬੈਂਕਿੰਗ ਨਿਰਯਾਤ ਵਿੱਚ 83 ਫੀਸਦੀ ਵਾਧਾ ਕੀਤਾ ਹੈ।

ਬੈਂਕਿੰਗ ਨਿਰਯਾਤ ਤੋਂ 3,487 ਮਿਲੀਅਨ ਯੂਨਿਟਾਂ ਹਾਸਲ ਕੀਤੀਆਂ ਹਨ ਜਦੋਂ ਕਿ ਪਿਛਲੇ ਵਰ੍ਹੇ ਇਹ 1,917 ਮਿਲੀਅਨ ਯੂਨਿਟ ਸੀ। ਪਾਵਰਕੌਮ ਨੂੰ ਬੈਂਕਿੰਗ ਅਧੀਨ ਬਿਜਲੀ ਉਪਲਬੱਧਤਾ ਵੀ ਪਿਛਲੇ ਸਾਲ 5,945 ਮਿਲੀਅਨ ਯੂਨਿਟ ਰਹੀ ਹੈ ਜਦੋਂ ਕਿ ਪਹਿਲਾਂ ਇਹ 2,361 ਮਿਲੀਅਨ ਯੂਨਿਟ ਸੀ। ਪਾਵਰਕੌਮ ਦਾ ਦਾਅਵਾ ਹੈ ਕਿ ਅੰਦਰੂਨੀ ਸਰੋਤਾਂ ਅਤੇ ਬੈਂਕਿੰਗ ਤੋਂ ਬਿਜਲੀ ਦੀ ਉਪਲਬੱਧਤਾ ਵਿੱਚ ਵਾਧੇ ਕਾਰਨ ਐਕਸਚੇਂਜਾਂ ਰਾਹੀਂ ਆਪਣੀ ਛੋਟੀ ਮਿਆਦ ਅਤੇ ਮਹਿੰਗੀ ਬਿਜਲੀ ਖਰੀਦ ਨੂੰ 39 ਫੀਸਦੀ ਘਟਾਇਆ ਗਿਆ ਹੈ। ਪਾਵਰਕੌਮ ਵੱਲੋਂ ਵਾਧੂ ਬਿਜਲੀ ਵੀ ਵੇਚੀ ਹੈ ਅਤੇ ਪਿਛਲੇ ਸਾਲ 368 ਮਿਲੀਅਨ ਯੂਨਿਟ ਵੇਚੀ ਗਈ ਹੈ।

ਮੰਗ ਸਫ਼ਲਤਾਪੂਵਰਕ ਕੀਤੀ ਗਈ ਪੂਰੀ : ਬਿਜਲੀ ਮੰਤਰੀ

Harbhajan Singh ETO

ਇੱਧਰ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦਾ ਕਹਿਣਾ ਹੈ ਕਿ ਪਾਵਰਕੌਮ ਵੱਲੋਂ ਪਿਛਲੇ ਸਾਲ ਵਧੀ ਹੋਈ ਮੰਗ (Electricity Demand) ਨੂੰ ਸਫ਼ਲਤਾ ਪੂਰਵਕ ਪੂਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਝੋਨੇ ਅਤੇ ਗਰਮੀ ਦੇ ਸੀਜਨ ਦੌਰਾਨ ਵੀ ਬਿਜਲੀ ਖਪਤਕਾਰਾਂ ਨੂੰ ਨਿਯਮਿਤ ਅਤੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜਾਬ ਸਰਕਾਰ ਅਤੇ ਪਾਵਰਕੌਮ ਸਮੇਤ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਬਿਜਲੀ ਸਬੰਧੀ ਜੰਗੀ ਪੱਧਰ ’ਤੇ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ