ਪੀੜਤ ਦਲਿਤ ਵਿਅਕਤੀ ਨੇ ਕੇਂਦਰੀ ਵਿਭਾਗ ਅਤੇ ਪੁਲਿਸ ਨੂੰ ਅਣਪਛਾਤਿਆਂ ਖਿਲਾਫ ਕੀਤੀ ਸ਼ਿਕਾਇਤ
(ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਸ਼ਾਤਿਰ ਠੱਗਾਂ ਵੱਲੋਂ ਮਾਸੂਮ ਲੋਕਾਂ ਨਾਲ ਠੱਗੀਆਂ ਮਾਰਨ ਦੇ ਨਵੇਂ-ਨਵੇਂ ਤਰੀਕੇ ਅਪਣਾਏ ਜਾ ਰਹੇ ਹਨ ਇਸੇ ਤਰ੍ਹਾਂ ਦਾ ਜੀਐੱਸਟੀ ਨੰਬਰਾਂ (GST Numbers ) ’ਤੇ ਫਰਜੀ ਕੰਪਨੀਆਂ ਬਣਾ ਕੇ ਕੀਤਾ 12 ਕਰੋੜ ਦਾ ਲੈਣ-ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਵਾਰਡ ਨੰਬਰ 15 ਦੀ ਗਲੀ ਨੰਬਰ 4 ਦੇ ਵਸਨੀਕ ਚੜਤ ਸਿੰਘ ਮਾਨ ਨੇ ਦੱਸਿਆ ਕਿ ਉਹ ਟਰੈਕਟਰ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ। ਜਦੋਂ ਉਹ ਇਨਕਮ ਟੈਕਸ ਰਿਟਰਨ ਬਣਵਾਉਣ ਲਈ ਇੱਕ ਸਾਈਬਰ ਕੈਫੇ ਵਿੱਚ ਪਹੁੰਚਿਆ ਅਤੇ ਇਨਕਮ ਟੈਕਸ ਰਿਟਰਨ ਭਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਤਾਂ ਸਾਈਬਰ ਕੈਫੇ ਦੇ ਸੰਚਾਲਕ ਨੇ ਦੱਸਿਆ ਕਿ ਤੁਹਾਡੇ ਪੈਨ ਕਾਰਡ ਨਾਲ ਜੀਐੱਸਟੀ ਖਾਤਾ ਲਿੰਕ ਕੀਤਾ ਹੋਇਆ ਹੈ। ਜਿਸ ’ਚ ਕਈ ਕੰਪਨੀਆਂ ਰਾਹੀਂ ਕਥਿਤ ਤੌਰ ’ਤੇ ਕਰੀਬ 12 ਕਰੋੜ ਦਾ ਲੈਣ-ਦੇਣ ਹੋਇਆ ਹੈ।
ਚੜਤ ਸਿੰਘ ਨੇ ਦੱਸਿਆ ਕਿ ਉਹ ਇਸ ਗੱਲ ਤੋਂ ਪੂਰੀ ਤਰ੍ਹਾਂ ਸਦਮੇ ’ਚ ਆਉਣ ਉਪਰੰਤ ਕੁਝ ਸਮੇਂ ਬਾਅਦ ਸੰਭਲਿਆ ਤਾਂ ਉਸ ਨੂੰ ਪਤਾ ਲੱਗਾ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਉਸ ਦਾ ਪੈਨ ਕਾਰਡ ਨੰਬਰ ਚੋਰੀ ਕਰਕੇ ਕੁਝ ਅਣਪਛਾਤੇ ਵਿਅਕਤੀਆਂ ਨੇ ਆਪਣੀਆਂ ਫਰਜ਼ੀ ਕੰਪਨੀਆਂ ਬਣਾ ਕੇ ਕਰੀਬ 12 ਕਰੋੜ ਰੁਪਏ ਦਾ ਲੈਣ-ਦੇਣ ਕੀਤਾ ਹੈ।
ਵਾਰਡ ਨੰ: 15 ਦੀ ਕੌਂਸਲਰ ਮਨਜੀਤ ਕੌਰ ਪਾਸਾ ਨੇ ਪੀੜਤ ਚੜਤ ਸਿੰਘ ਨੂੰ ਨਾਲ ਲੈ ਕੇ ਅੱਜ ਸਥਾਨਕ ਕੇਂਦਰੀ ਜੀ.ਐਸ.ਟੀ. ਵਿਭਾਗ, ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਅਤੇ ਥਾਣਾ ਸਿਟੀ ਵਿਖੇ ਸ਼ਿਕਾਇਤ ਦਰਜ ਕਰਵਾਈ। ਪਰਮਿੰਦਰ ਸਿੰਘ ਪਾਸਾ ਨੇ ਰਿਕਾਰਡ ਦੀ ਜਾਂਚ ਕਰਵਾਉਣ ਦਾ ਦਾਅਵਾ ਕਰਦਿਆਂ ਕਿਹਾ ਕਿ ਦੁਕਾਨ ਨੰਬਰ 7, ਟੋਡਰ ਮੱਲ ਮਾਰਗ, ਦਿੱਲੀ ਦਾ ਪਤਾ ਲਿਖ ਕੇ ਕੁਝ ਕੰਪਨੀਆਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੌਸਰਬਾਜਾਂ ਖਿਲਾਫ ਸਖਤ ਕਾਰਵਾਈ ਕਰਵਾ ਕੇ ਹੀ ਦਮ ਲੈਣਗੇ। ਸ਼ਿਕਾਇਤ ਦੀ ਪ੍ਰਕਿਰਿਆ ਸੁਰੂ ਹੁੰਦੇ ਹੀ ਫਰਜੀ ਕੰਪਨੀਆਂ ਨੇ ਕੁਝ ਜੀ.ਐੱਸ.ਟੀ. ਫਰਮਾਂ ਨੂੰ ਡੀ-ਐਕਟੀਵੇਟ ਕਰਨਾ ਸ਼ੁਰੂ ਕਰ ਦਿੱਤਾ ਸੀ।
ਸਹਾਇਕ ਕਮਿਸ਼ਨਰ ਆਰ.ਕੇ. ਮੀਨਾ ਨੇ ਪੀੜਤ ਚੜਤ ਸਿੰਘ ਦੀ ਸਮੱਸਿਆ ਨੂੰ ਧਿਆਨ ਨਾਲ ਸੁਣਿਆ
ਡੀ-ਐਕਟੀਵੇਟ ਕੇਂਦਰੀ ਜੀ.ਐੱਸ.ਟੀ ਵਿਭਾਗ ਦੇ ਸਹਾਇਕ ਕਮਿਸ਼ਨਰ ਆਰ.ਕੇ. ਮੀਨਾ ਨੇ ਪੀੜਤ ਚੜਤ ਸਿੰਘ ਦੀ ਸਮੱਸਿਆ ਨੂੰ ਧਿਆਨ ਨਾਲ ਸੁਣਨ ਉਪਰੰਤ ਸਬੰਧਤ ਮਾਮਲੇ ਦੀ ਸ਼ਿਕਾਇਤ ਸੁਣਨਯੋਗ, ਦਫਤਰਾਂ ਅਤੇ ਅਧਿਕਾਰੀਆਂ ਦੀ ਸੂਚਨਾ ਪੀੜਤ ਧਿਰ ਨੂੰ ਦਿੱਤੀ ਅਤੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਜਿਸ ਤੋਂ ਬਾਅਦ ਪੀੜਤ ਚੜਤ ਸਿੰਘ ਨੇ ਇਸ ਦੀ ਸ਼ਿਕਾਇਤ ਦਿੱਲੀ ਸਟੇਟ ਕਮਿਸਨਰ (ਜੀਐਸਟੀ), ਸਹਾਇਕ ਕਮਿਸਨਰ (ਜੀਐਸਟੀ) ਸਮੇਤ ਸੁਪਰਡੈਂਟ ਜੀਐਸਟੀ ਵਿਭਾਗ ਦਿੱਲੀ ਨੂੰ ਕੀਤੀ ਹੈ।
ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਨੂੰ ਸ਼ਿਕਾਇਤ ਪੱਤਰ ਅਤੇ ਸਬੰਧਤ ਦਸਤਾਵੇਜ ਰਜਿਸਟਰਡ ਡਾਕ ਰਾਹੀਂ ਭੇਜਣ ਉਪਰੰਤ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੇ ਐਸ.ਐਚ.ਓ. ਨਵਪ੍ਰੀਤ ਸਿੰਘ ਨੇ ਇਸ ਮਾਮਲੇ ਦੀ ਸੰਵੇਦਨਸੀਲਤਾ ਅਤੇ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਸ਼ਿਕਾਇਤ ਦਰਜ ਕਰਵਾਈ। ਐੱਸਐੱਚਓ ਨੇ ਕਿਹਾ ਕਿ ਮਾਮਲੇ ਦੀ ਬਾਰੀਕੀ ਨਾਲ ਅਤੇ ਹਰ ਪਹਿਲੂ ਤੋਂ ਜਾਂਚ ਕਰਕੇ ਇਸ ਦੀਆਂ ਸਾਰੀਆਂ ਪਰਤਾਂ ਨੂੰ ਸਾਹਮਣੇ ਲਿਆਂਦਾ ਜਾਵੇਗਾ, ਤਾਂ ਜੋ ਸਮਾਜ ਅਜਿਹੇ ਮਾਮਲਿਆਂ ਤੋਂ ਸੁਰੱਖਿਅਤ ਰਹਿ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।