ਛੋਟੇ ਵਪਾਰੀ ਤੇ ਕਿਸਾਨ ਆਗੂ ਬਜਟ ਤੋਂ ਨਾਖੁਸ਼, ਕਈ ਵਰਗਾਂ ਨੇ ਬਜਟ ਨੂੰ ਦਿੱਤੀ ਹੱਲਾਸ਼ੇਰੀ | Budget 2023
ਸੰਗਰੂਰ (ਗੁਰਪ੍ਰੀਤ ਸਿੰਘ)। ਕੇਂਦਰੀ ਵਿੱਤ ਮੰਤਰੀ ਵੱਲੋਂ ਅੱਜ ਦੇਸ਼ ਲਈ ਬਜਟ (Budget 2023) ਦਾ ਐਲਾਨ ਕੀਤਾ ਗਿਆ। ਇਸ ਬਜਟ ’ਤੇ ਪ੍ਰਤੀਕਿਰਿਆ ਲੈਣ ਲਈ ਸਾਰੇ ਵਰਗਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਇਸ ਸਬੰਧੀ ਕੁਝ ਲੋਕਾਂ ਦਾ ਮੰਨਣਾ ਸੀ ਕਿ ਇਹ ਬਜਟ ਲੋਕਾਂ ਦੀਆਂ ਉਮੀਦਾਂ ’ਤੇ ਪੂਰਾ ਨਹੀਂ ਉਤਰਦਾ ਜਦੋਂ ਕਿ ਕੁਝ ਵਿਅਕਤੀ ਇਹ ਵੀ ਆਖ ਰਹੇ ਹਨ ਕਿ ਕੇਂਦਰ ਸਰਕਾਰ ਦਾ ਇਹ ਬਜਟ ਲੋਕਾਂ ਦਾ ਬਜਟ ਹੈ। ਬਜਟ ਬਾਰੇ ਸਾਰੇ ਵਰਗਾਂ ਦੇ ਲੋਕਾਂ ਦੀ ਪ੍ਰਤਿਕਿਰਿਆ ਮਿਲੀ-ਜੁਲੀ ਰਹੀ।
ਪੈਨਸ਼ਨਰਾਂ ਲਈ ਬਜਟ ‘ਫਿਫਟੀ-ਫਿਫਟੀ’ : ਰਾਜ ਕੁਮਾਰ ਅਰੋੜਾ
ਭਾਰਤ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ (Budget 2023) ਵਿੱਚ ਜੋ ਇਨਕਮ ਟੈਕਸ ਸਲੈਬ ਵਿੱਚ ਵਾਧਾ ਕੀਤਾ ਗਿਆ ਹੈ ਉਹ ਚੰਗਾ ਅਤੇ ਸ਼ਲਾਘਾਯੋਗ ਕਦਮ ਹੈ ਪਰੰਤੂ ਸਰਕਾਰ ਨੂੰ ਚਾਹੀਦਾ ਸੀ ਕਿ ਪੈਨਸ਼ਨਰਜ਼ ਨੂੰ ਜੋ ਪੈਨਸ਼ਨ ਮਿਲਦੀ ਹੈ। ਉਨ੍ਹਾਂ ਨੂੰ ਇਨਕਮ ਨਾ ਮੰਨਦੇ ਹੋਏ ਟੈਕਸ ਤੋਂ ਮੁਕੰਮਲ ਛੋਟ ਦਿੱਤੀ ਜਾਵੇ ਅਤੇ ਪੈਨਸ਼ਨਰ/ਸੀਨੀਅਰ ਸਿਟੀਜਨ ਨੂੰ ਜੋ ਸਫ਼ਰ ਵਿੱਚ ਪਹਿਲਾਂ ਰਾਹਤ ਦਿੱਤੀ ਗਈ ਸੀ ਉਸ ਨੂੰ ਵੀ ਬਹਾਲ ਕਰਨਾ ਬਣਦਾ ਸੀ।
ਬਜਟ ਆਮ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਦੈ : ਅਮਨਦੀਪ ਸਿੰਘ ਪੂਨੀਆ
ਇਸ ਸਬੰਧੀ ਗੱਲਬਾਤ ਕਰਦਿਆਂ ਆੜਤੀ ਯੂਨੀਅਨ ਦੇ ਆਗੂ ਅਮਨਦੀਪ ਸਿੰਘ ਪੂਨੀਆ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜਟ ਆਮ ਲੋਕਾਂ ਦਾ ਬਜਟ ਹੈ। ਸਭ ਤੋਂ ਅਹਿਮ ਗੱਲ ਜਿਹੜੀ ਸਰਕਾਰ ਵੱਲੋਂ ਟੈਕਸ ਛੋਟ ਦੀ ਰਾਸ਼ੀ 5 ਲੱਖ ਤੋਂ ਵਧਾ ਕੇ 7 ਲੱਖ ਕੀਤੀ ਹੈ , ਉਸ ਨੂੰ ਵੱਡੇ ਪੱਧਰ ’ਤੇ ਲੋਕਾਂ ਨੂੰ ਰਾਹਤ ਮਿਲੇਗੀ। ਇਸ ਤੋਂ ਇਲਾਵਾ ਇਲੈਕਟ੍ਰੋਨਿਕ ਵਾਹਨਾਂ ਦੇ ਰੇਟ ਘਟਾਉਣ ਨਾਲ ਇੱਕ ਤਾਂ ਪ੍ਰਦੂਸ਼ਣ ਤੋਂ ਵੱਡੇ ਪੱਧਰ ’ਤੇ ਰਾਹਤ ਮਿਲੇਗੀ, ਉਥੇ ਆਮ ਲੋਕਾਂ ਨੂੰ ਇਸ ਕਾਰਨ ਰੁਜ਼ਗਾਰ ਮੁਹੱਈਆ ਹੋਵੇਗਾ। ਪੂਨੀਆ ਨੇ ਕਿਹਾ ਕਿ ਇਹ ਬਜਟ ਸਾਰੇ ਵਰਗਾਂ ਦੀ ਪ੍ਰਤੀਨਿਧਤਾ ਕਰਦਾ ਨਜ਼ਰ ਆ ਰਿਹਾ ਹੈ।
ਛੋਟੇ ਵਪਾਰੀਆਂ ਲਈ ਬਜਟ ਵਿੱਚ ਕੁਝ ਖ਼ਾਸ ਨਹੀਂ : ਜਸਵਿੰਦਰ ਪਿ੍ਰੰਸ
ਇਸ ਸਬੰਧੀ ਗੱਲਬਾਤ ਕਰਦਿਆਂ ਵਪਾਰ ਮੰਡਲ ਸੰਗਰੂਰ ਦੇ ਪ੍ਰਧਾਨ ਜਸਵਿੰਦਰ ਸਿੰਘ ਪਿ੍ਰੰਸ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਬਜਟ ਵਿੱਚ ਛੋਟੇ ਵਪਾਰੀਆਂ ਲਈ ਕੁਝ ਖ਼ਾਸ ਰਿਆਇਤਾਂ ਨਹੀਂ ਹਨ। ਉਨ੍ਹਾਂ ਕਿਹਾ ਕਿ ਆਮ ਲੋਕਾਂ ਲਈ ਟੈਕਸ ਦੀ ਛੋਟ 5 ਲੱਖ ਤੋਂ 7 ਲੱਖ ਕੀਤੀ ਹੈ, ਉਹ ਸ਼ਲਾਘਾਯੋਗ ਹੈ ਪਰ ਛੋਟਾ ਵਪਾਰੀ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਆਪਣੇ ਲਈ ਬੀਮਾ, ਪੈਨਸ਼ਨ ਦੀ ਮੰਗ ਕਰ ਰਿਹਾ ਸੀ, ਉਸ ਬਾਰੇ ਕੁਝ ਨਹੀਂ ਕਿਹਾ ਗਿਆ ਜਦੋਂ ਕਿ ਛੋਟਾ ਵਪਾਰੀ ਹੀ ਸਭ ਤੋਂ ਜ਼ਿਆਦਾ ਟੈਕਸ ਅਦਾ ਕਰਦਾ ਹੈ।
ਛੋਟੇ ਦੁਕਾਨਦਾਰ ਬਜਟ ਤੋਂ ਪੂਰੇ ਖੁਸ਼ : ਪਵਨ ਗਰਗ
ਇਸ ਸਬੰਧੀ ਗੱਲਬਾਤ ਕਰਦਿਆਂ ਸੰਗਰੂਰ ਦੇ ਇੱਕ ਦੁਕਾਨਦਾਰ ਪਵਨ ਕੁਮਾਰ ਗਰਗ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਤੋਂ ਛੋਟੇ ਦੁਕਾਨਦਾਰ ਕਾਫ਼ੀ ਜ਼ਿਆਦਾ ਖੁਸ਼ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਹ ਬਜਟ ਛੋਟੇ ਕੰਮਾਂ ਕਾਰਿਆਂ ਵਾਲਿਆਂ ਨੂੰ ਵੇਖ ਕੇ ਹੀ ਬਣਾਇਆ ਹੈ। ਉਨ੍ਹਾਂ ਕਿਹਾ ਕਿ ਟੈਕਸ ਛੋਟ 7 ਲੱਖ ਕੀਤੇ ਜਾਣ ਨਾਲ ਵੀ ਲੋਕਾਂ ਨੇ ਭਾਰੀ ਖੁਸ਼ੀ ਮਨਾਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਇਹ ਬਜਟ ਸਿਰਫ਼ ਆਮ ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਤਿਆਰ ਕੀਤਾ ਹੈ ਜਿਸ ਕਾਰਨ ਲੋਕਾਂ ਵੱਲੋਂ ਖੁਸ਼ੀ ਮਨਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਲੋਕਾਂ ਦੀਆਂ ਉਮੀਦਾਂ ’ਤੇ ਖ਼ਰਾ ਉਤਰਦਾ ਨਜ਼ਰ ਆ ਰਿਹੈ।
ਕੇਂਦਰ ਸਰਕਾਰ ਨੇ ਕਿਸਾਨਾਂ ਦੇ ਮਸਲੇ ਨਹੀਂ ਵਿਚਾਰੇ : ਮੰਗਵਾਲ
ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨ ਆਗੂ ਗੋਬਿੰਦਰ ਸਿੰਘ ਮੰਗਵਾਲ ਨੇ ਕਿਹਾ ਕਿ ਬਜਟ ਵਿੱਚ ਕਿਸਾਨੀ ਲਈ ਕੁਝ ਵੀ ਨਹੀਂ। ਕਿਸਾਨਾਂ ਨੂੰ ਕਰਜ਼ੇ ਵਿੱਚ ਕੋਈ ਛੋਟ ਨਹੀਂ ਦਿੱਤੀ ਗਈ ਅਤੇ ਨਾ ਹੀ ਖੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ, ਮਜ਼ਦੂਰਾਂ ਦੇ ਪਰਿਵਾਰਾਂ ਦੀ ਭਲਾਈ ਬਾਰੇ ਕੁਝ ਸੋਚਿਆ ਗਿਆ ਹੈ। ਇੱਥੋਂ ਤੱਕ ਕਿ ਕਿਸਾਨਾਂ ਦੀਆਂ ਸਭ ਤੋਂ ਅਹਿਮ ਮੰਗਾਂ ਐੱਮਐੱਸਪੀ ਅਤੇ ਬਿਜਲੀ ਸੋਧ ਐਕਟ ਬਾਰੇ ਵੀ ਕੋਈ ਜ਼ਿਕਰ ਨਹੀਂ ਕੀਤਾ ਗਿਆ। ਅੱਜ ਮਜ਼ਦੂਰ ਕਿਸਾਨਾਂ ਨੂੰ ਬਜਟ ਤੋਂ ਵੱਡੇੇ ਪੱਧਰ ’ਤੇ ਆਸਾਂ ਸਨ ਪਰ ਕੇਂਦਰ ਸਰਕਾਰਾਂ ਨੇ ਉਨ੍ਹਾਂ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ। ਉਨ੍ਹਾਂ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਕਿਸਾਨਾਂ ਦੇ ਹੱਥ ਖਾਲੀ ਰਹਿ ਗਏ ਹਨ।