ਫਾਈਨਲ ’ਚ ਸਿਟਸਿਪਾਸ ਨੂੰ ਹਰਾਇਆ, 22ਵੀਂ ਵਾਰ ਬਣੇ ਗਰੈਂਡ ਸਲੈਮ ਚੈਂਪੀਅਨ, ਨਡਾਲ ਦੀ ਬਰਾਬਰੀ ਕੀਤੀ
ਮੈਲਬੌਰਨ (ਏਜੰਸੀ)। ਸਰਬੀਆ ਦੇ ਦਿੱਗਜ਼ ਖਿਡਾਰੀ ਨੋਵਾਕ ਜੋਕੋਵਿਚ ‘ਜੋਕਰ’ ਨੇ ਐਤਵਾਰ ਨੂੰ ਅਸਟਰੇਲਿਆਈ ਓਪਨ ਦੇ ਫਾਈਨਲ ’ਚ ਯੂਨਾਨ ਦੇ ਸਟੇਫਾਨੋਸ ਸਿਟਸਿਪਾਸ ਨੂੰ ਹਰਾ ਕੇ 10ਵੀਂ ਵਾਰ ਖਿਤਾਬ ਆਪਣੇ ਨਾਂਅ ਕੀਤਾ। ਰਾਡ ਲੈਵਰ ਐਰਿਨਾ ’ਤੇ ਦੋ ਘੰਟੇ 56 ਮਿੰਟ ਚੱਲੇ ਪੁਰਸ਼ ਸਿੰਗਲ ਮੁਕਾਬਲੇ ’ਚ ਜੋਕੋਵਿਚ ਨੇ ਹੈਮਸਟਰਿੰਗ ਦੇ ਸੱਟ ਤੋਂ ਉੱਭਰਦੇ ਹੋਏ ਸਿਟਸਿਪਾਸ ਨੂੰ 6-3, 7-6 (4), 7-6 (5) ਨਾਲ ਹਰਾਇਆ ਜੋਕੋਵਿਚ ਨੇ ਇਸ ਜਿੱਤ ਨਾਲ ਸਭ ਤੋਂ ਜ਼ਿਆਦਾ ਗਰੈਂਡ ਸਲੈਮ ਜਿੱਤਣ ਦੇ ਮਾਮਲੇ ’ਚ ਰਾਫੇਲ ਨਡਾਲ (22) ਦੀ ਬਰਾਬਰੀ ਕਰ ਲਈ।
ਵਿਸ਼ਵ ਰੈਂਕਿੰਗ ’ਚ ਸਿਖਰ’ਤੇ ਪਹੰੁਚਣ ਲਈ ਖੇਡ ਰਹੇ ਸਿਟਸਿਪਾਸ ਨੇ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਬਿਹਤਰ ਖੇਡ ਦਿਖਾਈ, ਪਰ ਮਹੱਤਵਪੂਰਨ ਮੌਕਿਆਂ ’ਤੇ ਜੋਕੋਵਿਚ ਪੁਆਇੰਟ ਸਕੋਰ ਕਰਨ ’ਚ ਕਾਮਯਾਬ ਰਹੇ ਆਖਰੀ ਸੈੱਟ ਦੇ ਨਿਰਣਾਇਕ ਗੇਮ ’ਚ ਜੋਕੋਵਿਚ ਦੇ6-3 ’ਤੇ ਤਿੰਨ ਚੈਂਪੀਅਨਸ਼ਿਪ ਪੁਆਇੰਟ ਹਾਸਲ ਕਰਨ ਤੋਂ ਬਾਅਦ ਸਿਟਸਿਪਾਸ ਨੇ ਦੋ ਅੰਕ ਆਪਣੇ ਖਾਤੇ ’ਚ ਜੋੜੇ, ਪਰ ਉਨ੍ਹਾਂ ਦਾ ਆਖਰੀ ਸ਼ਾਟ ਕੋਰਟ ਤੋਂ ਬਾਹਰ ਡਿੱਗਣ ਕਾਰਨ ਜੋਕੋਵਿਚ ਨੇ ਖਿਤਾਬ ਆਪਣੇ ਨਾਂਅ ਕਰ ਲਿਆ।
ਰੈਂਕਿੰਗ ’ਚ ਜੂਨ 2022 ਤੋਂ ਬਾਅਦ ਇੱਕ ਵਾਰ ਫਿਰ ਨੰਬਰ ਇੱਕ ’ਤੇ ਪਹੁੰਚ ਜਾਣਗੇ
ਪਿਛਲੇ ਸਾਲ ਕੋਵਿਡ ਟੀਕਾ ਨਾ ਲਗਵਾਉਣ ਕਾਰਨ ਅਸਟਰੇਲਿਆਈ ਓਪਨ ’ਚ ਹਿੱਸਾ ਨਾ ਲੈ ਸਕਣ ਵਾਲੇ ਜੋਕੋਵਿਚ ਜਿੱਤ ਤੋਂ ਬਾਅਦ ਭਾਵੁਕ ਹੋ ਗਏ ਤੇ ਦਰਸ਼ਕ ਗੈਲਰੀ ’ਚ ਬੈਠੇ ਆਪਣੇ ਪਰਿਵਾਰ ਨੂੰ ਗਲੇ ਲਗਾ ਲਿਆ ਪੂਰਾ ਪਰਿਵਾਰ ਖੁਸ਼ੀ ਦੇ ਹੰਝੂਆਂ ’ਚ ਡੁੱਬ ਗਿਆ। ਨਾਲ ਹੀ ਮੈਲਬੌਰਨ ਪਾਰਕ ’ਚ ਮੌਜ਼ੂਦ ਸਰਬਿਆਈ ਪ੍ਰਸੰਸਕਾਂ ਦਰਮਿਆਨ ਵੀ ਖੁਸ਼ੀ ਦੀ ਲਹਿਰ ਦੌੜ ਗਈ ਇਹ ਮੈਲਬੌਰਨ ’ਚ ਜੋਕੋਵਿਚ ਦਾ 10ਵਾਂ ਖਿਤਾਬ ਹੈ ਉਨ੍ਹਾਂ ਤੋਂ ਬਾਅਦ ਰੋਜ਼ਰ ਫੈਡਰਰ (20 ਗਰੈਂਡ ਸਲੈਮ) ਨੇ ਇਹ ਟੂਰਨਾਮੈਂਟ ਸਿਰਫ ਛੇ ਵਾਰ ਹੀ ਜਿੱਤਿਆ ਹੈ।
ਇਸ ਇਤਿਹਾਸਕ ਜਿੱਤ ਦੀ ਬਦੌਲਤ ਜੋਕੋਵਿਚ ਵਿਸ਼ਵ ਰੈਂਕਿੰਗ ’ਚ ਜੂਨ 2022 ਤੋਂ ਬਾਅਦ ਇੱਕ ਵਾਰ ਫਿਰ ਨੰਬਰ ਇੱਕ ’ਤੇ ਪਹੰੁਚ ਜਾਣਗੇ ਯੂਨਾਨ ਦੇ ਸਿਟਸਿਪਾਸ ਭਲੇ ਹੀ ਆਪਣੇ ਕਰੀਅਰ ਦਾ ਪਹਿਲਾ ਗਰੈਂਡ ਸਲੈਮ ਖਿਤਾਬ ਨਹੀਂ ਜਿੱਤ ਸਕੇ, ਪਰ ਮੈਲਬੌਰਨ ’ਚ ਇਸ ਯਾਦਗਾਰ ਮੁਹਿੰਮ ਦੇ ਦਮ ’ਤੇ ਉਹ ਸੋਮਵਾਰ ਨੂੰ ਕਰੀਅਰ ਦੀ ਸਰਵਸ੍ਰੇਸ਼ਠ ਤੀਜੀ ਰੈਂਕਿੰਗ ਹਾਸਲ ਕਰ ਲੈਣਗੇ।
ਜ਼ਿਕਰਯੋਗ ਹੈ ਕਿ 35 ਸਾਲ ਦੇ ਸਰਬਿਆਈ ਖਿਡਾਰੀ ਨੇ ਹੁਣ ਤੱਕ ਅਸਟਰੇਲੀਅਨ ਓਪਨ 10 ਵਾਰ ਜਿੱਤਿਆ ਹੈ। ਉਸ ਤੋਂ ਬਾਅਦ ਵਿੰਬਲਡਨ ਦੇ 7 ਖਿਤਾਬ ਜਿੱਤਣ ’ਚ ਸਫਲ ਰਹੇ ਉਨ੍ਹਾਂ ਨੂੰ ਯੂਐੱਸ ਓਪਨ ’ਚ 3 ਅਤੇ ਫਰੈਂਚ ਓਪਨ ’ਚ 2 ਟਾਈਟਲ ਮਿਲੇ ਹਨ।