ਕਿਸਾਨਾਂ ਨੇ ਸਰਕਾਰਾਂ ਖਿਲਾਫ਼ ਭੁੱਗਾ ਬਾਲ ਮਨਾਈ ਸੰਘਰਸ਼ੀ ਲੋਹੜੀ

Farmers

ਅੰਮ੍ਰਿਤਸਰ (ਰਾਜਨ ਮਾਨ)। ਕਿਸਾਨਾਂ (Farmers) ਨੇ ਕੱਥੂਨੰਗਲ ਟੋਲ ਪਲਾਜ਼ਾ ’ਤੇ ਸਰਕਾਰਾਂ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਖਿਲਾਫ਼ ਭੁੱਗਾ ਬਾਲ਼ ਕੇ ਸੰਘਰਸ਼ੀ ਲੋਹੜੀ ਮਨਾਈ। ਕਿਸਾਨਾਂ ਨੇ ਸਰਕਾਰ ਦਾ ਪਿੱਟ-ਸਿਆਪਾ ਕੀਤਾ ਅਤੇ ਲੋਕਾਂ ਨੂੰ ਹੱਕਾਂ ਲਈ ਲਾਮਬੰਦ ਹੋਣ ਦਾ ਸੱਦਾ ਦਿੱਤਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਅੱਜ ਸੰਘਰਸ਼ਾਂ ਦੇ ਪਿੜ ਵਿੱਚੋਂ ਸਰਕਾਰਾਂ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਖਿਲਾਫ਼ ਭੁੱਗਾ ਬਾਲ਼ ਕੇ ਸੰਘਰਸ਼ੀ ਲੋਹੜੀ ਮਨਾਈ ਗਈ।

ਟੋਲ ਪਲਾਜ਼ੇ ’ਤੇ ਸਾਰਾ ਦਿਨ ਸੰਘਰਸ਼ੀ ਸੁਰਾਂ ਰਹੀਆਂ ਭਾਰੀ

ਇਸ ਮੌਕੇ ਬੋਲਦਿਆਂ ਸਰਵਣ ਸਿੰਘ ਪੰਧੇਰ, ਗੁਰਲਾਲ ਸਿੰਘ ਮਾਨ ਨੇ ਕਿਹਾ ਕਿ ਲੋਹੜੀ ਦੇ ਤਿਉਹਾਰ ਨਾਲ ਦੁੱਲੇ ਭੱਟੀ ਵਰਗੇ, ਸਮੇਂ ਦੀਆਂ ਸਰਕਾਰਾਂ ਦੇ ਜ਼ਬਰ ਖਿਲਾਫ ਲੜਨ ਵਾਲੇ, ਲੋਕਾਂ ਦੀਆਂ ਗਾਥਾਵਾਂ ਜੁੜੀਆਂ ਹਨ। ਸੋ ਅੱਜ ਵੀ ਸਮੇਂ ਦੀਆਂ ਸਰਕਾਰਾਂ ਦੇ ਵਿਹਾਰ ਵਿਚ ਕੋਈ ਫਰਕ ਨਹੀਂ, ਇਸੇ ਕਰਕੇ ਅੱਜ ਵੀ ਲੋਕ ਸੰਘਰਸ਼ਾਂ ਦੇ ਮੈਦਾਨ ਤੋਂ ਲੋਹੜੀ ਤੇ ਤਿਉਹਾਰ ਨੂੰ ‘ਸੰਘਰਸ਼ੀ ਲੋਹੜੀ’ ਵਜੋਂ ਮਨਾ ਰਹੇ ਹਨ। ਇਸ ਮੌਕੇ ਅੰਦੋਲਨਕਾਰੀ ਕਿਸਾਨਾਂ ਮਜ਼ਦੂਰਾਂ ਵੱਲੋ ਕਾਰਪੋਰੇਟ ਪੱਖੀ ਨੀਤੀਆਂ ਦੀਆਂ ਕਾਪੀਆਂ ਸਾੜੀਆਂ ਅਤੇ ਸਰਕਾਰਾਂ ਕੋਲੋਂ ਲੋਕ ਅਤੇ ਕੁਦਰਤ ਪੱਖੀ ਨੀਤੀਆਂ ਲਾਗੂ ਕਰਵਾਉਣ ਲਈ ਲਗਾਤਾਰ ਸ਼ਾਂਤਮਈ ਸੰਘਰਸ਼ਾਂ ਦੇ ਰਾਹ ਚੱਲਣ ਦਾ ਅਹਿਦ ਕੀਤਾ। ਉਹਨਾਂ ਨੇ ਕਿਹਾ ਕਿ ਅੱਜ ਮੋਰਚੇ ਵਿਚ ਵੱਡੇ ਜਥੇ ਸ਼ਾਮਿਲ ਹੋ ਰਹੇ ਹਨ ਜਿਸ ਨਾਲ ਮੋਰਚੇ ਨੂੰ ਹੋਰ ਬਲ ਮਿਲੇਗਾ।

ਕਿਸਾਨਾਂ (Farmers) ਦੇ ਕਰਜ਼ੇ ਮਾਫ਼ ਕਰਨ ਦੀ ਚੁੱਕੀ ਮੰਗ

ਉਨ੍ਹਾਂ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਲਗਾਤਾਰ ਵਾਧਿਆਂ ਤੋਂ ਭੱਜ ਚੁੱਕੀਆਂ ਹਨ ਅਤੇ ਪੰਜਾਬ ਦਾ ਕਿਸਾਨ ਮਜ਼ਦੂਰ ਤੇ ਹੋਰ ਵਰਗਾਂ ਦੀ ਆਰਥਿਕ ਹਾਲਤ ਦਾ ਨਿਘਾਰ ਲਗਾਤਾਰ ਜਾਰੀ ਹੈ ਜਿਸ ਕਾਰਨ ਕਿਸਾਨ ਮਜਦੂਰ ਤੇ ਆਮ ਸਹਿਰੀ ਨੂੰ ਤਿਓਹਾਰਾਂ ਤੇ ਖੁੱਲ ਕੇ ਖੁਸ਼ੀ ਮਨਾਉਣਾ ਵੀ ਨਸੀਬ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਕਿਸਾਨਾਂ ਮਜਦੂਰਾਂ ਦੇ ਸਮੁੱਚੇ ਕਰਜ਼ੇ ਖਤਮ ਕੀਤੇ ਜਾਣ, ਕਿਸਾਨਾਂ ਦੀਆਂ ਫਸਲਾਂ ਦੇ ਵਾਜਿਬ ਮੁੱਲ ਅਤੇ ਮਜਦੂਰ ਲਈ 365 ਦਿਨ ਰੁਜਗਾਰ ਦਾ ਪ੍ਰਬੰਧ ਕੀਤਾ ਜਾਵੇ, ਜਮੀਨ ਹੱਦਬੰਦੀ ਕਨੂੰਨ ਨੂੰ ਲਾਗੂ ਕਰਕੇ ਸਰਪਲੱਸ ਜਮੀਨਾਂ ਬੇਜ਼ਮੀਨੇ ਤੇ ਥੁੜ ਜਮੀਨੇ ਕਿਸਾਨਾਂ ਤੇ ਮਜਦੂਰਾਂ ਵਿਚ ਬਰਾਬਰ ਵੰਡੀਆਂ ਜਾਣ, ਜੁਮਲਾ ਮੁਸਤਰਕਾ ਮਾਲਕਣ ਜ਼ਮੀਨਾਂ ਬਾਰੇ ਕੀਤੀ ਸੋਧ ਵਾਪਿਸ ਲਈ ਜਾਵੇ।

ਜੀਰਾ ਫੈਕਟਰੀ ਅਤੇ ਲਾਤੀਫਪੁਰਾ ਮਸਲੇ ਦਾ ਤੁਰੰਤ ਲੋਕ ਪੱਖੀ ਹੱਲ ਕੱਢਿਆ ਜਾਵੇ ਅਤੇ ਅੰਦੋਲਨ ਦੀਆਂ ਬਾਕੀ ਸਾਰੀਆਂ ਮੰਗਾਂ ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਹਾਜ਼ਰ ਆਗੂ ਗੁਰਭੇਜ ਸਿੰਘ ਝੰਡੇ, ਕਾਬਲ ਸਿੰਘ ਵਰਿਆਮ ਨੰਗਲ, ਮੇਜਰ ਸਿੰਘ ਅਬਦੁਲ, ਟੇਕ ਸਿੰਘ ਝੰਡੇ, ਕੁਲਦੀਪ ਸਿੰਘ ਚਾਚੋਵਾਲੀ, ਜਗਤਾਰ ਸਿੰਘ ਅਬਦਾਲ, ਗੁਰਦੀਪ ਸਿੰਘ ਤਲਵੰਡੀ, ਜਸਵੰਤ ਸਿੰਘ ਚਾਚੋਵਾਲੀ ਹਰਦੀਪ ਸਿੰਘ ਭੰਗਾਲੀ, ਪ੍ਰਤਾਪ ਸਿੰਘ ਅਲਕੜੇ ਹਾਜ਼ਰ ਰਹੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ