ਸਾਂਝ ਮੁਹੱਬਤਾਂ ਦੀ ਨਿੱਘ ਦਿੰਦਾ ਲੋਹੜੀ ਦਾ ਤਿਉਹਾਰ

ਸਾਂਝ ਮੁਹੱਬਤਾਂ ਦੀ ਨਿੱਘ ਦਿੰਦਾ ਲੋਹੜੀ ਦਾ ਤਿਉਹਾਰ

ਜਿਸ ਘਰ ਮੁੰਡੇ ਦਾ ਜਨਮ ਹੁੰਦਾ ਜਾਂ ਵਿਆਹ ਹੋਇਆ ਹੋਵੇ, ਉਸ ਘਰ ਖ਼ੁਸ਼ੀ ਵਿੱਚ ਲੋਹੜੀ ਮਨਾਈ ਜਾਂਦੀ। ਇਸ ਸਮੇਂ ਮੂੰਗਫਲੀ, ਗੁੜ, ਰਿਉੜੀਆਂ, ਫੁਲੜੀਆਂ ਅਤੇ ਮੱਕੀ ਦੇ ਦਾਣੇ ਜਿਨ੍ਹਾਂ ਨੂੰ ਫੁੱਲੇ ਕਿਹਾ ਜਾਂਦਾ ਹੈ ਘਰ ਵਾਲਿਆਂ ਵੱਲੋਂ ਵਿਤ ਅਨੁਸਾਰ ਸਾਰੇ ਪਿੰਡ ਵਿਚ ਵੰਡੇ ਜਾਂਦੇ। ਪਿੰਡ ਵਿੱਚ ਨਿੱਕੇ ਨਿਆਣੇ ਲੋਹੜੀ ਤੋਂ ਕਈ ਕਈ ਦਿਨ ਪਹਿਲਾਂ ਘਰ ਘਰ ਜਾ ਕੇ ਲੋਹੜੀ ਦੇ ਗੀਤ ਗਾਉਂਦੇ ਹੋਏ ਲੋਹੜੀ ਮੰਗਦੇ। ਪਿੰਡ ਦੇ ਸਾਰੇ ਹੀ ਬੱਚੇ ਭਾਵੇਂ ਉਹ ਆਰਥਿਕ ਪੱਖੋਂ ਅਮੀਰ ਹੋਣ ਜਾਂ ਗਰੀਬ ਲੋਹੜੀ ਮੰਗਣ ਜਾਂਦੇ। ਲੋਹੜੀ ਮੰਗਣਾ ਹਉਮੈਂ ਨੂੰ ਮਾਰਨ ਦਾ ਅਤੇ ਨਿਰਮਾਣਤਾ ਦਾ ਪ੍ਰਤੀਕ ਮੰਨਿਆ ਜਾਂਦਾ। ਪੁਰਾਣੇ ਜ਼ਮਾਨੇ ਵਿੱਚ ਰਾਜਿਆਂ ਮਹਾਰਾਜਿਆਂ ਦੁਆਰਾ ਸੰਨਿਆਸ ਧਾਰਨ ਕਰਨਾ ਵੀ ਅਸਲ ਵਿਚ ‘ਦਾਤੇ ਤੋਂ ਭਿਖਾਰੀ’ ਤੱਕ ਦੀ ਯਾਤਰਾ ਵੀ ਨਿਰਮਾਣਤਾ ਹੀ ਸੀ। ਲੋਹੜੀ ਮੰਗਣ ਜਾਣ ਸਮੇਂ ਕੁੜੀਆਂ ਅਤੇ ਮੁੰਡਿਆਂ ਦੀਆਂ ਵੱਖ ਵੱਖ ਟੋਲੀਆਂ ਹੁੰਦੀਆਂ ਅਤੇ ਉਨ੍ਹਾਂ ਦੁਆਰਾ ਗਾਏ ਜਾਣ ਵਾਲੇ ਗੀਤ ਵੀ ਵੱਖੋ ਵੱਖਰੇ ਹੁੰਦੇ। ਕੁੜੀਆਂ ਦੁਆਰਾ ਗਾਏ ਜਾਣ ਵਾਲੇ ਗੀਤਾਂ ਦੀਆਂ ਵੰਨਗੀਆਂ ਕੁਝ ਇਸ ਤਰ੍ਹਾਂ ਦੀਆਂ ਹੁੰਦੀਆਂ ਸਨ;

ਮੂਲੀ ਦਾ ਪੱਤਰ ਹਰਿਆ ਭਰਿਆ
ਵੀਰ ਸੌਦਾਗਰ ਘੋੜੀ ਚੜ੍ਹਿਆ
ਆਓ ਵੀਰਾ ਜਾਓ ਵੀਰਾ
ਬੰਨੋ ਨੂੰ ਲਿਆਓ ਵੀਰਾ..।
ਹੁੱਲੇ ਹੁੱਲੇ ਨੀ ਬੇਰੀਏ ਹੁੱਲੇ
ਇਸ ਬੇਰੀ ਦੇ ਪਾਤਰ ਝੁੱਲੇ
ਡਿੱਗ ਪਈਆਂ ਨੀਂ ਲਾਲ ਖਜੂਰਾਂ
ਚੁਗ ਲਈਆਂ ਨੇ ਮੇਰਿਆਂ ਵੀਰਾਂ.।
ਅੰਬੇ ਅੰਬੇ ਮੇਰੇ ਸੱਤ ਭਰਾ ਮੰਗੇ
ਇਕ ਭਰਾ ਕੁਆਰਾ
ਕਬੱਡੀ ਖੇਡਣ ਵਾਲਾ
ਕਬੱਡੀ ਕਿੱਥੇ ਖੇਡੇ?
ਲਾਹੌਰ ਸ਼ਹਿਰ ਖੇਡੇ
ਲਾਹੌਰ ਸ਼ਹਿਰ ਉੱਚਾ
ਮੈਂ ਮੰਨ ਪਕਾਵਾਂ ਸੁੱਚਾ
ਮੇਰੇ ਮਨਾਂ ਨੂੰ ਲੱਗੇ ਮੋਤੀ
ਮੈਂ ਸਈਆਂ ਵਿਚ ਖਲੋਤੀ।
ਇਸੇ ਤਰ੍ਹਾਂ ਮੁੰਡਿਆਂ ਦੀਆਂ ਟੋਲੀਆਂ ਦੁਆਰਾ ਗਾਏ ਜਾਣ ਵਾਲੇ ਗੀਤ ਸਨ;
ਆਖੋ ਮੁੰਡਿਓ !… ਵੰਝਲੀ
ਵੰਝਲੀ ਦੀਆਂ ਛਾਂਟਾਂ ਲੰਮੀਆਂ
ਮੀਂਹ ਪਿਆ ਤੇ ਕਣਕਾਂ ਜੰਮੀਆਂ।
ਆਖੋ ਮੁੰਡਿਓ! .ਫਿੱਟ ਫਿੱਟੀਆ
ਫਿੱਟ ਫਿੱਟੀਆ ਤੇ ਜਾਵਾਂਗੇ
ਦੋ ਸੌ ਤੀਰ ਲਿਆਵਾਂਗੇ
ਇਕ ਤੀਰ ਟੰਗਿਆ
ਵੱਡਾ ਭਾਈ ਮੰਗਿਆ
ਵੱਡੇ ਭਾਈ ਦੇ ਦੋ ਕਬੂਤਰ
ਉੱਡਦੇ ਉੱਡਦੇ ਟਾਹਲੀ ਨੂੰ
ਟਾਹਲੀ ਨੂੰ ਲੱਗਾ ਮੇਵਾ
ਕਰੋ ਗੁਰਾਂ ਦੀ ਸੇਵਾ।

ਸਾਂਝ ਮੁਹੱਬਤਾਂ ਦੀ ਨਿੱਘ ਦਿੰਦਾ ਲੋਹੜੀ ਦਾ ਤਿਉਹਾਰ

ਰੱਬ ਰੂਪ ਬੱਚੇ ਲੋਹੜੀ ਮੰਗਦਿਆਂ ਹਰ ਘਰ, ਹਰ ਵਿਹੜੇ ਦੀ ਸੁੱਖ ਸਾਂਦ ਮੰਗਦੇ। ਘਰ ਵਾਲਿਆਂ ਵਲੋਂ ਭੁੱਜੇ ਦਾਣੇ, ਮੱਕੀ ਦੀਆਂ ਖਿੱਲਾਂ, ਗੁੜ ਦੀਆਂ ਰਿਉੜੀਆਂ ਜਾਂ ਪੈਸੇ ਵੀ ਬੱਚਿਆਂ ਦੀ ਝੋਲੀ ਪਾਏ ਜਾਂਦੇ । ਬੱਚੇ ਖੁਸ਼ੀ ਖੁਸੀ ਇਹ ਘਰ ਰਹੇ ਵੱਸਦਾ ਗਾਉਂਦੇ ਹੋਏ ਅੱਗੇ ਤੁਰ ਪੈਂਦੇ ਪਰ ਦੂਜੇ ਪਾਸੇ ਜੇ ਕੋਈ ਲੋਹੜੀ ਪਾਉਣ ਤੋਂ ਆਨਾਕਾਨੀ ਕਰਦਾ ਜਾਂ ਛੇਤੀ ਲੋਹੜੀ ਦੇ ਕੇ ਨਾ ਤੋਰਦਾ ਤਾਂ ਹੁੱਕਾ ਇਹ ਘਰ ਭੁੱਖਾ ਕਹਿ ਕੇ ਛੇੜਦਿਆਂ ਹੋਇਆਂ ਭੱਜ ਜਾਂਦੇ। ਇਸ ਤਰ੍ਹਾਂ ਕਈ ਕਈ ਦਿਨ ਲੋਹੜੀ ਦੀਆਂ ਰੌਣਕਾਂ ਲੱਗੀਆਂ ਰਹਿੰਦੀਆਂ। ਲੋਹੜੀ ਵਾਲੇ ਦਿਨ ਨੌਜਵਾਨਾਂ ਦੁਆਰਾ ਪਾਥੀਆਂ, ਮੁੱਢ ਆਦਿ ਮੰਗ ਕੇ ਇਕੱਠੇ ਕੀਤੇ ਜਾਂਦੇ ਅਤੇ ਖੁੱਲ੍ਹੀ ਥਾਂ ਉੱਤੇ ਸਾਂਝੀ ਲੋਹੜੀ ਬਾਲ਼ੀ ਜਾਂਦੀ। ਜਿਨ੍ਹਾਂ ਘਰਾਂ ‘ਚ ਵਿਆਹ ਜਾਂ ਬੱਚੇ ਦੀ ਪਹਿਲੀ ਲੋਹੜੀ ਹੁੰਦੀ ਉਨ੍ਹਾਂ ਵੱਲੋਂ ਭੁੱਘਾ ਬਾਲਿਆ ਜਾਂਦਾ।

ਸਾਂਝ ਮੁਹੱਬਤਾਂ ਦੀ ਨਿੱਘ ਦਿੰਦਾ ਲੋਹੜੀ ਦਾ ਤਿਉਹਾਰ

ਭੁੱਘੇ ਵਿੱਚ ਤਿਲ ਪਾਏ ਜਾਂਦੇ ਅਤੇ ਕਿਹਾ ਜਾਂਦਾ ‘ਤਿਲ ਸੜੇ ਪਾਪ ਝੜੇ ਜਾਂ ਲੋੜੀਏ ਭਰੀ ਭਰੀ ਆਵੀਂ ਤੇ ਸੱਖਣੀ ਹੋ ਕੇ ਜਾਵੀਂ ਜਾਂ ਈਸ਼ਰ ਆ ਦਲਿੱਦਰ ਜਾਹ’ ਭੁੱਘੇ ਦੇ ਚਾਰ ਚੁਫ਼ੇਰੇ ਬੈਠ ਕੇ ਔਰਤਾਂ ਦੁਆਰਾ ਅੱਗ ਸੇਕਦਿਆਂ ਹੋਇਆਂ ਘੋੜੀਆਂ ਅਤੇ ਲੋਕ ਗੀਤ ਗਾਏ ਜਾਂਦੇ। ਗਿੱਧੇ ਭੰਗੜੇ ਪਾਏ ਜਾਂਦੇ। ਇਹ ਵੀ ਸੁਣਨ ਵਿੱਚ ਆਉਂਦਾ ਹੈ ਕਿ ਉਸ ਵੇਲੇ ਕੁਝ ਔਰਤਾਂ ਲੋਹੜੀ ਦੇ ਭੁੱਗੇ ਵਿਚ ਚਰਖਾ ਸਾੜਦੀਆਂ ਸਨ ਤਾਂ ਜੋ ਉਨ੍ਹਾਂ ਦੇ ਵੰਸ਼ ਦੇ ਵਿਚ ਅੱਗੋਂ ਕੋਈ ਕੁੜੀ ਨਾ ਜੰਮੇ। ਨਾ ਉਨ੍ਹਾਂ ਨੂੰ ਚਰਖਾ ਕੱਤਣਾ ਪਵੇ ਤੇ ਨਾ ਹੀ ਦਾਜ ਬਣਾਉਣਾ ਪਏ। ਭੁੱਘੇ ਦੀ ਅੱਗ ਵਿਚ ਹੀ ਖਿਚੜੀ ਅਤੇ ਸਰ੍ਹੋਂ ਦਾ ਸਾਗ ਰਿੱਝਣ ਲਈ ਰੱਖ ਦਿੱਤੇ ਜਾਂਦੇ। ਅਗਲੀ ਸਵੇਰ ਤੱਕ ਦੋਵੇਂ ਪਕਵਾਨ ਤਿਆਰ ਹੋ ਜਾਂਦੇ। ਜਿਸ ਬਾਰੇ ਕਿਹਾ ਜਾਂਦਾ ਹੈ ਕਿ ਪੋਹ ਰਿੱਧੀ ਤੇ ਮਾਘ ਖਾਧੀ ਅੱਜ ਲੋਕ ਤਿਓਹਾਰਾਂ ਦਾ ਵੀ ਸਵਰੂਪ ਭਾਵੇਂ ਬਦਲਦਾ ਜਾ ਰਿਹਾ ਹੈ ਪਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬ ਦੇ ਸਾਂਝੇ ਸੱਭਿਆਚਾਰ ਤੋਂ ਜਾਣੂ ਕਰਵਾਉਣਾ ਸਾਡਾ ਸਾਰਿਆਂ ਦਾ ਫਰਜ਼ ਹੈ।
ਡਾ. ਹਰਮੀਤ ਕੌਰ
ਮੋ : 9416491250
ਰਾਣੀਆ, ਸਰਸਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ