135 ਅਪਰਾਧਿਕ ਮਾਮਲਿਆਂ ’ਚ 371 ਮੁਲਜ਼ਮਾਂ ਖਿਲਾਫ ਕੀਤੇ ਕੇਸ ਦਰਜ: ਵਰਿੰਦਰ ਕੁਮਾਰ
- 30 ਪੁਲਿਸ ਮੁਲਾਜ਼ਮ ਤੇ 13 ਮਾਲ ਮੁਲਾਜ਼ਮ ਕੀਤੇ ਗਿ੍ਰਫਤਾਰ
- ਅਦਾਲਤਾਂ ਵੱਲੋਂ 20 ਮੁਲਾਜ਼ਮਾਂ ਤੇ 10 ਪ੍ਰਾਈਵੇਟ ਵਿਅਕਤੀਆਂ ਨੂੰ ਸਜ਼ਾਵਾਂ
- ਮੁੱਖ ਮੰਤਰੀ ਭਿ੍ਰਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ’ਤੇ ਕੁੱਲ 3,72,175 ਸ਼ਿਕਾਇਤਾਂ ਮਿਲੀਆਂ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਸਮਾਜ ਵਿੱਚੋਂ ਭਿ੍ਰਸ਼ਟਾਚਾਰ ਨੂੰ ਜੜ੍ਹੋਂ ਖਤਮ ਕਰਨ ਦੇ ਉਦੇਸ਼ ਨਾਲ ਪੰਜਾਬ ਵਿਜੀਲੈਂਸ ਬਿਊਰੋ (Vigilance Bureau Punjab) ਨੇ ਰਿਸ਼ਵਤਖੋਰੀ ਦੇ 129 ਕੇਸਾਂ ਵਿੱਚ ਕੁੱਲ 172 ਮੁਲਜ਼ਮਾਂ ਨੂੰ ਗਿ੍ਰਫਤਾਰ ਕੀਤਾ ਹੈ, ਜਿਨ੍ਹਾਂ ਵਿੱਚ 83 ਮੁਲਜ਼ਮ 65 ਟਰੈਪ ਕੇਸਾਂ ਵਿੱਚ ਅਤੇ 64 ਆਨਲਾਈਨ ਸ਼ਿਕਾਇਤਾਂ ਦੇ ਅਧਾਰ ਤੇ ਕਾਬੂ ਕੀਤੇ 89 ਵਿਅਕਤੀ ਸ਼ਾਮਲ ਹਨ।
ਬਿਊਰੋ (Vigilance Bureau Punjab) ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ’ਤੇ ਭਿ੍ਰਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੌਰਾਨ, ਪਿਛਲੇ ਸਾਲ ਰਿਸ਼ਵਤਖੋਰੀ ਦੇ ਕੇਸ ਦਰਜ ਕਰਨ, ਭਿ੍ਰਸ਼ਟਾਚਾਰੀ ਵਿੱਚ ਸ਼ਾਮਲ ਮੁਲਜ਼ਮਾਂ ਦੀ ਗਿ੍ਰਫਤਾਰੀ, ਅਪਰਾਧਿਕ ਕੇਸ ਦਰਜ ਕਰਨ ਅਤੇ ਗਿ੍ਰਫਤਾਰੀਆਂ ਕਰਨ ਤੋਂ ਇਲਾਵਾ ਪਿਛਲੇ ਦੋ ਸਾਲਾਂ ਦੇ ਮੁਕਾਬਲੇ ਵਿਜੀਲੈਂਸ ਪੜਤਾਲਾਂ ਵਿੱਚ ਸ਼ਾਮਲ ਸ਼ੱਕੀ ਵਿਅਕਤੀਆਂ ਖਿਲਾਫ ਪੜਤਾਲਾਂ ਦਰਜ ਕਰਨ ਵਿੱਚ ਵੀ ਰਿਕਾਰਡ ਸਥਾਪਤ ਕੀਤਾ ਹੈ।
ਰਿਸ਼ਵਤਖੋਰੀ ਨੂੰ ਖਤਮ ਕਰਨ ਦਾ ਯਤਨ (Vigilance Bureau Punjab)
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਚੀਫ ਡਾਇਰੈਕਟਰ-ਕਮ-ਏਡੀਜੀਪੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਵਿਜੀਲੈਂਸ ਬਿਓਰੋ (Vigilance Bureau Punjab) ਨੇ ਰਿਸ਼ਵਤਖੋਰਾਂ ਨੂੰ ਨੱਥ ਪਾਉਣ ਅਤੇ ਇਸ ਸਮਾਜਿਕ ਬੁਰਾਈ ਨੂੰ ਜੜ੍ਹੋਂ ਖਤਮ ਕਰਨ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਵਾਸਤੇ ਇੱਕ ਬਹੁਪੱਖੀ ਪਹੁੰਚ ਅਪਣਾਈ ਹੈ ਤਾਂ ਜੋ ਇੱਕ ਰੰਗਲੇ ਤੇ ਸੁਰੱਖਿਅਤ ਪੰਜਾਬ ਦੀ ਸਿਰਜਣਾ ਨੂੰ ਅੰਜਾਮ ਦੇਣ ਦੀ ਪੰਜਾਬ ਸਰਕਾਰ ਭਿ੍ਰਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਵਾਲੀ ਵਚਨਬੱਧਤਾ ਨੂੰ ਹੋਰ ਦਿ੍ਰੜਤਾ ਪ੍ਰਦਾਨ ਕੀਤੀ ਜਾ ਸਕੇ।
ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੌਰਾਨ ਹੋਰਨਾਂ ਵਿਭਾਗਾਂ ਤੋਂ ਇਲਾਵਾ 1 ਜਨਵਰੀ 2022 ਤੋਂ 31 ਦਸੰਬਰ 2022 ਤੱਕ ਪੰਜਾਬ ਪੁਲਿਸ ਦੇ 30 ਮੁਲਾਜ਼ਮ, ਮਾਲ ਵਿਭਾਗ ਦੇ 13, ਬਿਜਲੀ ਵਿਭਾਗ ਦੇ 5 ਅਤੇ ਸਥਾਨਕ ਸਰਕਾਰਾਂ ਵਿਭਾਗ ਦੇ 4 ਮੁਲਾਜ਼ਮਾਂ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ।
ਉਨ੍ਹਾਂ ਦੁਹਰਾਇਆ ਕਿ ਭਿ੍ਰਸ਼ਟਾਚਾਰ ਨੂੰ ਹਰ ਰੂਪ ਵਿੱਚ ਖਤਮ ਕਰਨਾ ਅਤੇ ਸੂਬੇ ਦੀ ਸਾਸ਼ਨ ਪ੍ਰਣਾਲੀ ’ਤੇ ਇਸ ਦੇ ਮਾੜੇ ਪ੍ਰਭਾਵ ਨੂੰ ਖਤਮ ਕਰਨਾ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਮੁੱਖ ਮੰਤਰੀ ਨੇ ਪਿਛਲੇ ਸਾਲ 23 ਮਾਰਚ ਨੂੰ ਮੁੱਖ ਮੰਤਰੀ ਭਿ੍ਰਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਸ਼ੁਰੂ ਕੀਤੀ ਸੀ, ਜਿਸ ਦੇ ਸਾਕਾਰਾਤਮਕ ਨਤੀਜੇ ਸਾਹਮਣੇ ਆਏ ਹਨ।
371 ਮੁਲਜ਼ਮਾਂ ਖਿਲਾਫ 135 ਅਪਰਾਧਿਕ ਮਾਮਲੇ ਦਰਜ
ਵਿਜੀਲੈਂਸ ਬਿਊਰੋ (Vigilance Bureau Punjab) ਨੇ 371 ਮੁਲਜ਼ਮਾਂ ਵਿਰੁੱਧ 135 ਅਪਰਾਧਿਕ ਕੇਸ ਦਰਜ ਕੀਤੇ ਹਨ, ਜਿਨ੍ਹਾਂ ਵਿੱਚ 35 ਗਜਟਿਡ ਅਫਸਰ, 163 ਨਾਨ-ਗਜਟਿਡ ਅਫਸਰ ਅਤੇ 173 ਪ੍ਰਾਈਵੇਟ ਵਿਅਕਤੀ ਸ਼ਾਮਲ ਹਨ। ਇਸ ਤੋਂ ਇਲਾਵਾ ਪਿਛਲੇ ਸਾਲ ਭਿ੍ਰਸ਼ਟਾਚਾਰ ਦੀਆਂ ਸ਼ਿਕਾਇਤਾਂ ਦੀ ਜਾਂਚ ਲਈ 139 ਸ਼ੱਕੀ ਵਿਅਕਤੀਆਂ ਵਿਰੁੱਧ 103 ਵਿਜੀਲੈਂਸ ਪੜਤਾਲਾਂ ਵੀ ਦਰਜ ਕੀਤੀਆਂ, ਜਿਨ੍ਹਾਂ ਵਿੱਚ 35 ਗਜ਼ਟਿਡ ਅਫਸਰ, 58 ਨਾਨ-ਗਜਟਿਡ ਅਫਸਰ ਅਤੇ 46 ਪ੍ਰਾਈਵੇਟ ਵਿਅਕਤੀ ਸ਼ਾਮਲ ਹਨ। ਇਸ ਤੋਂ ਇਲਾਵਾ, ਇੱਕ ਗਜ਼ਟਿਡ ਅਫਸਰ ਅਤੇ ਨਾਨ-ਗਜਟਿਡ ਅਫਸਰ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ 2 ਕੇਸ ਵੀ ਦਰਜ ਕੀਤੇ ਗਏ।
ਨਾਨ-ਗਜਟਿਡ ਅਫਸਰਾਂ ਨੂੰ ਸੇਵਾਵਾਂ ਤੋਂ ਬਰਖਾਸਤ ਕੀਤਾ
ਵੱਖ-ਵੱਖ ਅਦਾਲਤਾਂ ਵਿੱਚ ਦੋਸ਼ੀ ਠਹਿਰਾਏ ਜਾਣ ਕਾਰਨ 2 ਨਾਨ-ਗਜਟਿਡ ਅਫਸਰਾਂ ਨੂੰ ਉਨ੍ਹਾਂ ਦੇ ਸਬੰਧਿਤ ਪ੍ਰਸ਼ਾਸਨਿਕ ਵਿਭਾਗਾਂ ਵੱਲੋਂ ਉਨ੍ਹਾਂ ਦੀਆਂ ਸੇਵਾਵਾਂ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਵਿਜੀਲੈਂਸ ਮੁਖੀ ਨੇ ਅੱਗੇ ਦੱਸਿਆ ਕਿ ਬਿਊਰੋ ਪਿਛਲੇ ਸਾਲ ਦੌਰਾਨ 39 ਵਿਜੀਲੈਂਸ ਪੜਤਾਲਾਂ ਨੂੰ ਅੰਜਾਮ ਦੇਣ ਵਿੱਚ ਸਫਲਤਾ ਹਾਸਲ ਕੀਤੀ।
ਵਿਸ਼ੇਸ਼ ਅਦਾਲਤਾਂ ਨੇ 30 ਦੋਸ਼ੀਆਂ ਨੂੰ ਸਜ਼ਾ ਸੁਣਾਈ (Vigilance Bureau Punjab)
ਵੱਖ-ਵੱਖ ਵਿਸ਼ੇਸ਼ ਅਦਾਲਤਾਂ ਨੇ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਤਹਿਤ ਦਰਜ 19 ਵੱਖ-ਵੱਖ ਵਿਜੀਲੈਂਸ ਕੇਸਾਂ ਵਿੱਚ ਦੋਸ਼ੀ 2 ਗਜ਼ਟਿਡ ਅਫਸਰ, 18 ਨਾਨ-ਗਜਟਿਡ ਅਫਸਰਾਂ ਅਤੇ 10 ਪ੍ਰਾਈਵੇਟ ਵਿਅਕਤੀਆਂ ਨੂੰ ਪੰਜ ਸਾਲ ਤੱਕ ਦੀ ਸਜ਼ਾ ਸੁਣਾਈ ਹੈ। ਵਿਸ਼ੇਸ਼ ਅਦਾਲਤਾਂ ਨੇ 5,000 ਤੋਂ 33,00,000 ਰੁਪਏ ਦੇ ਵੱਖ-ਵੱਖ ਜ਼ੁਰਮਾਨੇ ਵੀ ਲਗਾਏ, ਜੋ ਕੁੱਲ ਰਕਮ 37,90,000, ਬਣਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ