ਤਿੰਨ ਕੁਇੰਟਲ ਚੂਰਾ ਪੋਸਤ ਸਮੇਤ ਦੋ ਕਾਬੂ

poppy

(ਸੱਚ ਕਹੂੰ ਨਿਊਜ਼) ਬਠਿੰਡਾ। ਜ਼ਿਲ੍ਹਾ ਪੁਲਿਸ ਨੇ ਨਸ਼ਿਆਂ ਖਿਲਾਫ਼ ਵਿੱਢੀ ਹੋਈ ਮੁਹਿੰਮ ਤਹਿਤ ਦੋ ਵਿਅਕਤੀਆਂ ਨੂੰ 3 ਕੁਇੰਟਲ ਤੋਂ ਵੱਧ ਭੁੱਕੀ ਚੂਰਾ ਪੋਸਤ (Poppy ) ਸਮੇਤ ਕਾਬੂ ਕੀਤਾ ਹੈ ਇੱਕ ਵਿਅਕਤੀ ਦੀ ਪੁਲਿਸ ਨੂੰ ਹਾਲੇ ਭਾਲ ਹੈ ਇਹ ਜਾਣਕਾਰੀ ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਡੀਐਸਪੀ (ਦਿਹਾਤੀ) ਨਰਿੰਦਰ ਸਿੰਘ ਵੱਲੋਂ ਦਿੱਤੀ ਗਈ।

ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ ’ਤੇ ਕੀਤਾ ਕਾਬੂ

ਉਨ੍ਹਾਂ ਦੱਸਿਆ ਕਿ ਐਸਆਈ ਹਰਜੀਵਨ ਸਿੰਘ ਸੀ.ਆਈ.ਏ ਸਟਾਫ-1 ਬਠਿੰਡਾ ਸਮੇਤ ਪੁਲਿਸ ਪਾਰਟੀ ਬਠਿੰਡਾ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ ਜਦੋਂ ਬੀਤੇ ਦਿਨੀਂ ਉਹ ਪਿੰਡ ਸੰਗਤ ਕਲਾਂ ਨੇੜੇ ਜੱਸੀ ਵਾਲਾ ਮੋੜ ’ਤੇ ਪੁੱਜੀ ਤਾਂ ਇੱਕ ਵਿਅਕਤੀ ਆਪਣੇ ਹੱਥ ਵਿੱਚ ਇੱਕ ਲਿਫਾਫਾ, ਕਾਲੇ ਰੰਗ ਫੜੀ ਆਉਂਦਾ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਦੁਬਾਰਾ ਘਰ ਅੰਦਰ ਦਾਖਲ ਹੋਇਆ ਜਦੋਂ ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ ’ਤੇ ਉਸਦੇ ਪਿੱਛੇ ਘਰ ਅੰਦਰ ਦਾਖਲ ਹੋਏ ਤਾਂ ਉਸ ਵਿਅਕਤੀ ਨੇ ਘਰ ਅੰਦਰ ਬਣੇ ਕਮਰੇ ਵਿੱਚ ਲਿਫ਼ਾਫ਼ਾ ਸੁੱਟ ਦਿੱਤਾ। ਪੁਲਿਸ ਪਾਰਟੀ ਉਸ ਵਿਅਕਤੀ ਨੂੰ ਕਮਰੇ ਦੇ ਗੇਟ ਅੱਗੇ ਹੀ ਕਾਬੂ ਕਰ ਲਿਆ, ਉੱਥੇ ਸੁੱਟੇ ਹੋਏ ਲਿਫਾਫੇ ਵਿੱਚੋਂ ਡੋਡੇ ਚੂਰਾ ਪੋਸਤ ਖਿਲਰਿਆ ਸਾਫ਼ ਦਿਖਾਈ ਦਿੱਤਾ ਅਤੇ ਉਸੇ ਕਮਰੇ ਵਿੱਚ ਇੱਕ ਹੋਰ ਵਿਅਕਤੀ ਗੱਟੇ ਠੀਕ ਕਰਕੇ ਰੱਖ ਰਿਹਾ ਸੀ।

ਪੁਲਿਸ ਪਾਰਟੀ ਨੇ ਪ੍ਰਾਈਵੇਟ ਗਵਾਹ ਨੂੰ ਸ਼ਾਮਲ ਕਰਕੇੇ ਨਾਮ-ਪਤਾ ਪੁੱਛਣ ’ਤੇ ਲਿਫ਼ਾਫ਼ਾ ਸੁੱਟਣ ਵਾਲੇ ਵਿਅਕਤੀ ਨੇ ਆਪਣਾ ਨਾਂਅ ਨਿਰਮਲ ਸਿੰਘ ਉਰਫ ਲਾਡੀ ਦੱਸਿਆ ਅਤੇ ਗੱਟੇ ਠੀਕ ਕਰਕੇ ਰੱਖਣ ਵਾਲੇ ਨੌਜਵਾਨ ਨੇ ਕੁਲਦੀਪ ਸਿੰਘ ਉਰਫ ਕਲੀਫਾ ਦੱਸਿਆ। ਦੋਵਾਂ ਵਿਅਕਤੀਆਂ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ।

ਡੀਐਸਪੀ ਨੇ ਦੱਸਿਆ ਕਿ ਉਹ ਵੀ ਮੌਕੇ ’ਤੇ ਪੁੱਜ ਗਏ ਤਾਂ ਨਿਰਮਲ ਸਿੰਘ ਉਰਫ ਲਾਡੀ ਅਤੇ ਕੁਲਦੀਪ ਸਿੰਘ ਉਰਫ ਕਲੀਫਾ ਦੇ ਕਬਜੇ ਵਿਚਲੇ 18 ਗੱਟਿਆਂ ਦੀ ਚੈਕਿੰਗ ਕੀਤੀ ਤਾਂ17 ਗੱਟਿਆਂ ਵਿੱਚੋਂ 20-20 ਕਿਲੋਗ੍ਰਾਮ ਡੋਡੇ ਚੂਰਾ ਪੋਸਤ , 1ਗੱਟੇ ਵਿੱਚੋਂ 19 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਬਰਾਮਦ ਹੋਇਆ ਇਸ ਤੋਂ ਇਲਾਵਾ ਨਿਰਮਲ ਸਿੰਘ ਵੱਲੋਂ ਫਰਸ਼ ’ਤੇ ਸੁੱਟੇ ਲਿਫਾਫੇ ਵਿੱਚੋਂ ਫਰਸ਼ ’ਤੇ ਖਿਲਰੇ ਡੋਡੇ ਚੂਰਾ ਪੋਸਤ ਨੂੰ ਉਸੇ ਲਿਫ਼ਾਫ਼ੇ ’ਚ ਪਾ ਕੇ ਵਜਨ ਕੀਤਾ ਤਾਂ 1 ਕਿਲੋਗ੍ਰਾਮ ਹੋਇਆ। ਇਸ ਤਰ੍ਹਾਂ ਦੋਵਾਂ ਦੇ ਕਬਜੇ ’ਚੋਂ ਕੁੱਲ 360 ਕਿੱਲੋਗ੍ਰਾਮ ਡੋਡੇ ਚੂਰਾ ਪੋਸਤ ਬਰਾਮਦ ਹੋਇਆ। ਨਿਰਮਲ ਸਿੰਘ ਉਰਫ ਲਾਡੀ ਨੇ ਮੌਕੇ ’ਤੇ ਦੱਸਿਆ ਕਿ ਉਨ੍ਹਾਂ ਕੋਲ ਡੋਡੇ ਚੂਰਾ ਪੋਸਤ (Poppy) ਦਲਜੀਤ ਸਿੰਘ ਉਰਫ ਬੱਬੂ ਪੁੱਤਰ ਸੁਖਮੰਦਰ ਸਿੰਘ ਵਾਸੀ ਪਿੰਡ ਪੰਨੀਵਾਲਾ ਮੋਹਰੀ ਕਾ (ਹਰਿਆਣਾ) ਛੱਡ ਕੇ ਗਿਆ ਹੈ।

ਰਿਮਾਂਡ ਹਾਸਿਲ ਕਰਕੇ ਕੀਤੀ ਜਾਵੇਗੀ ਹੋਰ ਪੁੱਛਗਿੱਛ

ਇਸ ਸਬੰਧ ’ਚ ਥਾਣਾ ਸੰਗਤ ਪੁਲਿਸ ਨੇ ਨਿਰਮਲ ਸਿੰਘ, ਕੁਲਦੀਪ ਸਿੰਘ ਅਤੇ ਦਲਜੀਤ ਸਿੰਘ ਖਿਲਾਫ਼ ਮੁਕੱਦਮਾ ਨੰਬਰ 178, ਧਾਰਾ 15-ਸੀ, 29, 61, 85 ਐਨਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ਼ ਕਰ ਲਿਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਿਰਮਲ ਸਿੰਘ ਅਤੇ ਕੁਲਦੀਪ ਸਿੰਘ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਤਾਂ ਜੋ ਮੁਲਜ਼ਮਾਂ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ