2500 ਦੇ ਲਗਪਗ ਮੁਕੱਦਮਿਆਂ ਦਾ ਕੀਤਾ ਗਿਆ ਨਿਪਟਾਰਾ
ਫ਼ਰੀਦਕੋਟ (ਗੁਰਪ੍ਰੀਤ ਪੱਕਾ) ਫਰੀਦਕੋਟ ਵਿਖੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਧੀਨ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਰੀਦਕੋਟ ਵੱਲੋਂ ਕੌਮੀ ਲੋਕ ਅਦਾਲਤ ਲਾਈ ਗਈ । ਇਸ ਕੌਮੀ ਲੋਕ ਅਦਾਲਤ ਵਿੱਚ ਕਰੀਬ 40 ਕਰੋੜ ਦੀ ਰਾਸ਼ੀ ਦੇ ਐਵਾਰਡ ਪਾਸ ਕੀਤੇ ਗਏ ਅਤੇ ਲਗਪਗ 2500 ਦੇ ਕਰੀਬ ਮੁਕੱਦਮਿਆਂ ਦਾ ਨਿਪਟਾਰਾ ਕੀਤਾ ਗਿਆ।
ਇਸ ਸਬੰਧੀ ਮਾਣਯੋਗ ਰਮੇਸ਼ ਕੁਮਾਰੀ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਲੋਕ ਅਦਾਲਤ ਵਿਚ 10 ਬੈਂਚ ਲਗਾਏ ਗਏ। ਜਿਨ੍ਹਾਂ ’ਤੇ ਜੱਜ ਸਹਿਬਾਨ ਦੇ ਨਾਲ ਸਮਾਜ ਸੇਵੀ ਅਤੇ ਦੂਸਰੇ ਮੈਂਬਰ ਹਾਜ਼ਰ ਸਨ। ਇਸ ਅਦਾਲਤ ਵਿਚ ਕਰੀਬ 40 ਕਰੋੜ ਦੀ ਰਾਸ਼ੀ ਦੇ ਐਵਾਰਡ ਪਾਸ ਕੀਤੇ ਗਏ ਅਤੇ ਕਰੀਬ 2500 ਮੁਕੱਦਮਿਆਂ ਦਾ ਨਿਪਟਾਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਲੋਕ ਅਦਾਲਤ ਨੂੰ ਲਗਾਉਣ ਵਾਸਤੇ ਪਿਛਲੇ ਤਿੰਨ ਮਹੀਨਿਆਂ ਤੋਂ ਤਿਆਰੀ ਚੱਲ ਰਹੀ ਸੀ।
ਬਹੁਤ ਸਾਰੇ ਮਹਿਕਮਿਆਂ ਨੇ ਉਨ੍ਹਾਂ ਨੂੰ ਇਸ ਅਦਾਲਤ ਨੂੰ ਕਾਮਯਾਬੀ ਨਾਲ ਲਗਾਉਣ ਲਈ ਸਹਾਇਤਾ ਕੀਤੀ ।ਉਨ੍ਹਾਂ ਦੱਸਿਆ ਕਿ ਇਸ ਲੋਕ ਅਦਾਲਤ ਵਿਚ ਸਾਰੇ ਕੰਪਾਊਂਡੇਬਲ ਕੇਸ ਲਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ138 ਦੇ ਕੇਸ ਦੀਵਾਨੀ ਦਾਅਵੇ ਚੈੱਕ ਬਾਉਂਸ 323, 24, 25 ਦੇ ਮੁਕੱਦਮੇ ਫੈਸਲੇ ਲਈ ਲਏ ਜਾ ਸਕਦੇ ਹਨ। ਇਸੇ ਨਾਲ ਹੀ ਫੈਮਿਲੀ ਕੋਰਟ ਦੇ ਪਤੀ ਪਤਨੀ ਪਰਿਵਾਰਕ ਝਗੜੇ ਵੀ ਫੈਸਲੇ ਲਈ ਲੈ ਜਾ ਸਕਦੇ ਹਨ। ਬੈਂਕਾਂ ਦੇ ਝਗੜੇ, ਐਕਸੀਡੈਂਟ ਦੇ ਮਾਮਲੇ, ਬਿਜਲੀ ਦੇ ਬਿੱਲ, ਟੈਲੀਫੋਨ ਦੇ ਬਿੱਲ ਸਬੰਧੀ ਝਗੜੇ ਇਸ ਅਦਾਲਤ ਵਿੱਚ ਫੈਸਲੇ ਲਈ ਲਏ ਜਾਂਦੇ ਹਨ।
ਇਸ ਮੌਕੇ ਅਜੀਤਪਾਲ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਰੀਦਕੋਟ ਨੇ ਦੱਸਿਆ ਕਿ ਇਸ ਲੋਕ ਅਦਾਲਤ ਵਿਚ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਝਗੜੇ ਲੈ ਕੇ ਆਉਣੇ ਚਾਹੀਦੇ ਹਨ ਜਿਸ ਨਾਲ ਉਨ੍ਹਾਂ ਦਾ ਸਮਾਂ ਅਤੇ ਪੈਸੇ ਦੀ ਬੱਚਤ ਹੋ ਸਕੇ, ਅਤੇ ਸਮਾਜਿਕ ਰਿਸ਼ਤੇ ਵੀ ਬਰਕਰਾਰ ਰਹਿ ਸਕਣ। ਇਸ ਅਦਾਲਤ ਵਿਚ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਝਗੜਿਆਂ ਨੂੰ ਨਿਪਟਾਇਆ ਜਾਂਦਾ ਹੈ, ਜਿਸ ਨਾਲ ਸਮਾਜਿਕ ਭਾਈਚਾਰਾ ਵੀ ਪ੍ਰਫੁੱਲਤ ਹੁੰਦਾ ਹੈ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ