ਵਿਦਿਆਰਥਣਾਂ ਦੇ ਅਸ਼ਲੀਲ ਵਾਇਰਲ ਵੀਡੀਓ ਮਾਮਲੇ ’ਚ ਪੁਲਿਸ ਨੇ ਮੁਲਜ਼ਮ ਨੂੰ ਸ਼ਿਮਲੇ ਤੋਂ ਕੀਤਾ ਗ੍ਰਿਫ਼ਤਾਰ

simla

ਲੜਕੀ ਤੋਂ ਬਾਅਦ ਉਸ ਦੇ ਸਾਥੀ ਨੌਜਵਾਨ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ

  • ਮੁਲਜ਼ਮ ਦਾ ਨਾਂਅ ਸੰਨੀ ਹੈ ਅਤੇ ਉਹ ਸ਼ਿਮਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ
  • ਮੁਲਜ਼ਮ ਲੜਕੀ ਵੀ ਸ਼ਿਮਲਾ ਦੀ ਰਹਿਣ ਵਾਲੀ ਹੈ ਦੋਵੇਂ ਇੱਕ-ਦੂਜੇ ਨੂੰ ਬਹੁਤ ਪਹਿਲਾਂ ਤੋਂ ਜਾਣਦੇ ਸਨ
  • ਚੰਡੀਗੜ੍ਹ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਦੀ ਅਸ਼ਲੀਲ ਵੀਡੀਓ ਬਣਾ ਕੇ ਵਾਇਰਲ ਕੀਤੀ
  • ਪੁਲਿਸ ਨੇ ਵੀਡੀਓ ਵਾਇਰਲ ਕਰਨ ਵਾਲੀ ਵਿਦਿਆਰਥਣ ਨੂੰ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ
  • ਮੁੱਖ ਮੰਤਰੀ ਵੱਲੋਂ ਮੰਦਭਾਗੀ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ

(ਕੁਲਵੰਤ/ਅਸ਼ਵਨੀ ਚਾਵਲਾ) ਮੋਹਾਲੀ/ਚੰਡੀਗੜ੍ਹ। ਮੋਹਾਲੀ ਜ਼ਿਲ੍ਹੇ ’ਚ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਦੀ ਇੱਕ ਸਾਥੀ ਵਿਦਿਆਰਥਣ ਵੱਲੋਂ ਕਥਿਤ ਅਸ਼ਲੀਲ ਵੀਡੀਓ (ਐਮਐਮਐਸ) ਬਣਾ ਕੇ ਵਾਇਰਲ ਕਰਨ ਵਾਲੇ ਮੁਲਜ਼ਮ ਸੰਨੀ ਨੂੰ ਹਿਮਾਚਲ ਪੁਲਿਸ ਨੇ ਸ਼ਿਮਲੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਮੁਲਜ਼ਮ ਲੜਕੀ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਸੀ।

ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਬੀਤੇ ਰਾਤ ਨੂੰ ਵੱਡੀ ਗਿਣਤੀ ’ਚ ਵਿਦਿਆਰਥੀ ਅਤੇ ਮਾਪਿਆਂ ਨੇ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ। ਇਸ ਦਾ ਪਤਾ ਚਲਦਿਆਂ ਹੀ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ। ਵਿਦਿਆਰਥੀਆਂ ਵੱਲੋਂ ਕਿਹਾ ਗਿਆ ਕਿ ਕਰੀਬ 60 ਵਿਦਿਆਰਥਣਾਂ ਦੀ ਵੀਡੀਓ ਬਣਾ ਕੇ ਭੇਜੀ ਗਈ ਹੈ, ਜਦੋਂਕਿ ਪੁਲਿਸ ਪ੍ਰਸ਼ਾਸਨ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਵਿਦਿਆਰਥਣ ਨੇ ਸਿਰਫ ਆਪਣੀ ਹੀ ਕੁਝ ਫੋਟੋ ਅਤੇ ਵੀਡੀਓ ਬਣਾ ਕੇ ਆਪਣੇ ਇੱਕ ਦੋਸਤ ਨੂੰ ਭੇਜੀਆਂ ਸਨ ਅੱਜ ਸਵੇਰੇ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕੁਝ ਵਿਦਿਆਰਥਣਾਂ ਵੱਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਦੀਆਂ ਖਬਰਾਂ ਸ਼ੋਸ਼ਲ ਮੀਡੀਆਂ ’ਤੇ ਸਾਹਮਣੇ ਆਈਆਂ, ਜਿਸ ਨੂੰ ਪੁਲਿਸ ਪ੍ਰਸ਼ਾਸਨ ਨੇ ਖਾਰਜ ਕਰਦਿਆਂ ਦੱਸਿਆ ਕਿ ਇਹ ਅਫਵਾਹ ਫੈਲਾਈ ਜਾ ਰਹੀ ਹੈ, ਕਿਸੇ ਵੀ ਲੜਕੀ ਨੇ ਖੁਦਕੁਸ਼ੀ ਦੀ ਕੋਸ਼ਿਸ਼ ਨਹੀਂ ਕੀਤੀ।

ਵਿਦਿਆਰਥਣਾਂ ਵੱਲੋਂ ਦਿਨ ਭਰ ਰੋਸ ਪ੍ਰਦਰਸ਼ਨ

ਦੂਜੇ ਪਾਸੇ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਵੱਲੋਂ ਦਿਨ ਸਮੇਂ ਰੋਸ ਪ੍ਰਦਰਸ਼ਨ ਕੀਤਾ ਗਿਆ। ਯੂਨੀਵਰਸਿਟੀ ਵਿੱਚ ਵੱਡੀ ਗਿਣਤੀ ਪੁਲਿਸ ਤੈਨਾਤ ਕੀਤੀ ਗਈ। ਯੂਨੀਵਰਸਿਟੀ ਵਿੱਚ ਪਹੁੰਚੇ ਏਡੀਜੀਪੀ, ਆਈਜੀ, ਐਸਐਸਪੀ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਵੀਡੀਓ ਬਣਾ ਕੇ ਭੇਜਣ ਵਾਲੀ ਵਿਦਿਆਰਥਣ ਨੂੰ ਵੀ ਗ੍ਰਿਫਤਾਰ ਕਰ ਲਿਆ ਹ ਉਨ੍ਹਾਂ ਦੱਸਿਆ ਕਿ ਲੜਕੀ ਦੇ ਫੋਨ ਨੂੰ ਕਬਜ਼ੇ ’ਚ ਲੈ ਕੇ ਸਾਈਬਰ ਬ੍ਰਾਂਚ ਨੂੰ ਇਸ ਦੀ ਜਾਂਚ ਲਈ ਭੇਜ ਦਿੱਤਾ ਹੈ। ਜਿਹੜਾ ਮੁਲਜ਼ਮ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਨਾਲ ਹੀ ਉਨ੍ਹਾਂ ਕਿਹਾ ਕਿ ਕਿਸੇ ਦੀ ਵੀ ਮੌਤ ਨਹੀਂ ਹੋਈ ਹੈ ਅਤੇ ਅਜਿਹੀਆਂ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ।

ਦੋਸ਼ੀਆਂ ਖਿਲਾਫ ਹੋਵੇਗੀ ਸਖਤ ਕਾਰਵਾਈ : ਮੁੱਖ ਮੰਤਰੀ ਮਾਨ

CM maan

ਓਧਰ ਜ਼ਿਲ੍ਹਾ ਮੋਹਾਲੀ ਦੀ ਚੰਡੀਗੜ੍ਹ ਯੂਨੀਵਰਸਿਟੀ ’ਚ ਵਾਪਰੀ ਐਸਐੱਮਐੱਸ ਦੀ ਘਟਨਾ ਨੂੰ ਮੰਦਭਾਗਾ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਕਿਹਾ, ਧੀਆਂ ਸਾਡੀ ਇੱਜਤ, ਸ਼ਾਨ ਅਤੇ ਗੌਰਵ ਹਨ ਅਤੇ ਅਜਿਹੀ ਕੋਈ ਵੀ ਘਟਨਾ ਅਤਿ ਨਿੰਦਣਯੋਗ ਹੈ। ਭਗਵੰਤ ਮਾਨ ਨੇ ਕਿਹਾ ਕਿ ਉਹ ਇਸ ਘਟਨਾ ਬਾਰੇ ਜਾਣ ਕੇ ਦੁਖੀ ਹਨ ਅਤੇ ਉਨਾਂ ਨੇ ਜ਼ਿਲਾ ਪ੍ਰਸ਼ਾਸਨ ਨੂੰ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਕਿਹਾ ਹੈ। ਉਨ੍ਹਾਂ ਸਪੱਸ਼ ਸ਼ਬਦਾਂ ਵਿਚ ਕਿਹਾ ਕਿ ਇਸ ਘਿਨੌਉਣੇ ਅਪਰਾਧ ਲਈ ਕਸੂਰਵਾਰ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਕਈ ਅਜਿਹੀਆਂ ਵੀਡੀਓ ਅਫਵਾਹਾਂ ਵਾਲੀਆਂ ਵੀਡੀਓ ਸਾਹਮਣੇ ਆਈਆਂ ਹਨ, ਪਰੰਤੂ ਮੈਡੀਕਲ ਰਿਪੋਰਟ ’ਚ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ। ਉਨ੍ਹਾਂ ਕਿਹਾ ਕਿ ਫੋਰੈਂਸਿਕ ਜਾਂਚ ਵੀ ਕੀਤੀ ਜਾ ਰਹੀ ਹੈ ਅਤੇ ਸਬੂਤ ਇਕੱਠੇ ਕਰਕੇ ਉਹ ਪੂਰੇ ਵੇਰਵੇ ਨਾਲ ਦੱਸਣਗੇ।

ਮਾਮਲੇ ਦੀ ਤਹਿ ਤੱਕ ਜਾਂਚ ਕਰਾਂਗੇ : ਮਨੀਸ਼ਾ ਗੁਲਾਟੀ

Chairperson Manisha Gulati Sachkahoon

ਓਧਰ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਚੰਡੀਗੜ੍ਹ ਯੂਨੀਵਰਸਿਟੀ ਪਹੁੰਚੀ ਅਤੇ ਇਸ ਮਾਮਲੇ ਸਬੰਧੀ ਜਾਣਿਆ। ਉਨ੍ਹਾਂ ਭਰੋਸਾ ਦਿੱਤਾ ਕਿ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ। ਯੂਨੀਵਰਸਿਟੀ ਦੀ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੂਰੇ ਮਾਮਲਾ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। ਮਾਮਲੇ ਦੀ ਤਹਿ ਤਕ ਜਾਂਚ ਕਰਾਂਗੇ।

60 ਵਿਦਿਆਰਥਣਾਂ ਦੀ ਵੀਡੀਓ ਬਣਾ ਵਾਇਰਲ ਕਰਨਾ ਬਿਲਕੁਲ ਝੂਠ : ਪ੍ਰੋ. ਚਾਂਸਲਰ ਡਾ. ਬਾਵਾ

ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ. ਚਾਂਸਲਰ ਡਾ. ਆਰ ਐਸ ਬਾਵਾ ਨੇ ਕਿਹਾ ਕਿ ਕਿਸੇ ਵੀ ਲੜਕੀ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਇਹ ਅਫਵਾਹ ਫੈਲਾਈ ਗਈ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਆਪਣੇ ਪੱਧਰ ’ਤੇ ਕੀਤੀ ਜਾਂਚ ’ਚ ਸਾਹਮਣੇ ਆਇਆ ਕਿ ਇੱਕ ਲੜਕੀ ਆਪਣੀ ਵੀਡੀਓ ਤੇ ਫੋਟੋ ਆਪਣੇ ਇੱਕ ਦੋਸਤ ਨੂੰ ਭੇਜਦੀ ਸੀ। ਜਦੋਂ ਕਿ ਹੋਰ ਕਿਸੇ ਵੀ ਲੜਕੀ ਦੀ ਵੀਡੀਓ ਨਹੀਂ ਬਣਾਈ ਗਈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਪੁਲਿਸ ਨੂੰ ਦੇ ਦਿੱਤਾ ਗਿਆ ਹੈ ਤਾਂ ਜੋ ਕਿ ਪੂਰੀ ਜਾਂਚ ਹੋ ਸਕੇ।

ਇਹ ਵੀ ਪੜ੍ਹੋ : ਚੰਡੀਗੜ੍ਹ ਯੂਨੀਵਰਸਿਟੀ ਮਾਮਲਾ : ਵਿਦਿਆਰਥਣਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਸਵਾਲਾਂ ਦੇ ਘੇਰੇ ’ਚ ਕੀਤਾ ਖੜ੍ਹਾ

ਅਫਵਾਹਾਂ ’ਤੇ ਧਿਆਨ ਨਾ ਦਿਓ, ਨਹੀਂ ਮਿਲੀਆਂ ਲੜਕੀਆਂ ਦੀਆਂ ਵੀਡੀਓ : ਐਸਐਸਪੀ

  • ਨਾ ਹੀ ਕਿਸੇ ਲੜਕੀ ਵੱਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ
  • 60 ਲੜਕੀਆਂ ਦੀ ਵੀਡੀਓ ਅਤੇ 6 ਲੜਕੀਆਂ ਦੀ ਖੁਦਕੁਸ਼ੀ ਦੀ ਅਫਵਾਹ: ਵਿਵੇਕਸ਼ੀਲ

ਚੰਡੀਗੜ੍ਹ।(ਅਸ਼ਵਨੀ ਚਾਵਲਾ)। ਮੋਹਾਲੀ ਦੇ ਐਸਐਸਪੀ ਵਿਵੇਕਸ਼ੀਲ ਨੇ ਬੀਤੀ ਰਾਤ ਮੋਹਾਲੀ ਦੀ ਨਿੱਜੀ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਲੜਕੀਆਂ ਵੱਲੋਂ ਕੀਤੇ ਗਏ ਹੰਗਾਮੇ ਬਾਰੇ ਸਪਸ਼ਟੀਕਰਨ ਦਿੰਦਿਆਂ ਕਿਹਾ ਹੈ ਕਿ ਜਿਸ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਉਨ੍ਹਾਂ ਵਿੱਚ ਕੋਈ ਸੱਚਾਈ ਨਹੀਂ ਹੈ। ਐਸ.ਐਸ.ਪੀ ਮੋਹਾਲੀ ਵਿਵੇਕਸ਼ੀਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਕਿਸੇ ਵੀ ਲੜਕੀ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਜਦਕਿ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ 8 ਲੜਕੀਆਂ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਇਨ੍ਹਾਂ ਵਿੱਚੋਂ 2 ਲੜਕੀਆਂ ਦੀ ਮੌਤ ਹੋ ਗਈ ਹੈ, ਜੋ ਕਿ ਬਿਲਕੁਲ ਝੂਠ ਹੈ ਅਤੇ ਅਜਿਹੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ।

ਐਸਐਸਪੀ ਵਿਵੇਕਸ਼ੀਲ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਲੜਕੀ ਦੇ ਮੋਬਾਈਲ ਵਿੱਚੋਂ ਸਿਰਫ਼ ਉਸ ਦੀਆਂ ਵੀਡੀਓਜ਼ ਹੀ ਮਿਲੀਆਂ ਹਨ, ਜਦੋਂਕਿ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ 60 ਤੋਂ ਵੱਧ ਲੜਕੀਆਂ ਦੇ ਵੀਡੀਓ ਵਾਇਰਲ ਹੋ ਚੁੱਕੇ ਹਨ। ਐਸਐਸਪੀ ਵਿਵੇਕਸ਼ੀਲ ਨੇ ਦੱਸਿਆ ਕਿ ਲੜਕੀ ਦੇ ਮੋਬਾਈਲ ਵਿੱਚ ਅਜਿਹਾ ਕੁਝ ਵੀ ਨਹੀਂ ਮਿਲਿਆ ਹੈ ਅਤੇ ਲੜਕੀ ਨੇ ਪੁੱਛਗਿੱਛ ਦੌਰਾਨ ਵੀ ਅਜਿਹੀ ਕੋਈ ਪੁਸ਼ਟੀ ਨਹੀਂ ਕੀਤੀ ਹੈ। ਵਿਵੇਕਸ਼ੀਲ ਨੇ ਕਿਹਾ ਕਿ ਇਹ ਮਾਮਲਾ ਬਹੁਤ ਹੀ ਸੰਵੇਦਨਸ਼ੀਲ ਹੈ, ਇਸ ਲਈ ਅਜਿਹੇ ਮਾਮਲਿਆਂ ’ਚ ਜਲਦਬਾਜ਼ੀ ’ਚ ਕੁਝ ਵੀ ਕਹਿਣਾ ਗਲਤ ਹੋਵੇਗਾ, ਜਿਸ ਕਾਰਨ ਉਹ ਅਪੀਲ ਕਰ ਰਹੇ ਹਨ ਕਿ ਕੋਈ ਵੀ ਵਿਅਕਤੀ ਅਫਵਾਹਾਂ ’ਤੇ ਵਿਸ਼ਵਾਸ ਨਾ ਕਰੇ ਸਗੋਂ ਪੁਲਿਸ ਵੱਲੋਂ ਪੇਸ਼ ਕੀਤੇ ਗਏ ਤੱਥਾਂ ’ਤੇ ਹੀ ਵਿਸ਼ਵਾਸ ਕਰੇ।

ਵਿਦਿਆਰਥੀ ਕਾਨੂੰਨ ਨੂੰ ਹੱਥ ’ਚ ਨਾ ਲੈਣ: ਐਸਐਸਪੀ

ਐਸਐਸਪੀ ਵਿਵੇਕਸ਼ੀਲ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲੈਣ, ਨਹੀਂ ਤਾਂ ਉਨ੍ਹਾਂ ਵਿਰੁੱਧ ਕਾਰਵਾਈ ਕਰਨੀ ਪਵੇਗੀ ਕਿਉਂਕਿ ਅਜਿਹੇ ਮਾਮਲਿਆਂ ਵਿੱਚ ਵਿਦਿਆਰਥੀ ਅਫਵਾਹਾਂ ਫੈਲਾ ਕੇ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਪੂਰਾ ਭਰੋਸਾ ਦਿੰਦੇ ਹਨ ਕਿ ਮਾਮਲੇ ਦੀ ਸੱਚਾਈ ਸਾਹਮਣੇ ਆ ਜਾਵੇਗੀ ਪਰ ਉਦੋਂ ਤੱਕ ਮੈਂ ਤੁਹਾਡੇ ਨਾਲ ਰਹਿੰਦਿਆਂ ਕਾਨੂੰਨ ਵਿਵਸਥਾ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ