ਵੋਟਾਂ ਵੇਲੇ ਕਾਹਲੀ ’ਚ ਬਣਾਏ ‘ਸਮਾਰਟ’ ਸਕੂਲਾਂ ਦਾ ਉੱਘੜਨ ਲੱਗਿਆ ਸੱਚ (School Water Tank)
- ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ ਦੀ ਛੱਤ ’ਤੇ ਚੜ੍ਹ ਕੇ ਕੀਤੀ ਨਾਅਰੇਬਾਜ਼ੀ
(ਸੁਖਜੀਤ ਮਾਨ) ਬਠਿੰਡਾ। ਵਿਧਾਨ ਸਭਾ ਚੋਣਾਂ ਲਈ ਵੋਟਾਂ ਪੱਕੀਆਂ ਕਰਨ ਲਈ ਵੋਟਾਂ ਨੇੜੇ ਹੋਏ ਕੰਮਾਂ ਦੇ ਪਾਜ ਉੱਘੜਨ ਲੱਗੇ ਹਨ ਕਾਹਲੀ ’ਚ ਹੋਏ ਕੰਮਾਂ ਦੇ ਨਤੀਜ਼ੇ ਲੋਕਾਂ ਨੂੰ ਭੁਗਤਣੇ ਪੈ ਰਹੇ ਹਨ ਸ਼ਹਿਰ ’ਚ ਜਿੱਥੇ ਸੀਵਰੇਜ ਪ੍ਰਬੰਧ ਪੁਖਤਾ ਕਰਨ ਦੇ ਦਾਅਵੇ ਕੀਤੇ ਗਏ ਸੀ ਉੱਥੇ ਹੀ ਕਈ ਸਕੂਲਾਂ ਨੂੰ ‘ਸਮਾਰਟ’ ਬਣਾਇਆ ਗਿਆ ਅੱਜ ਇੱਕ ਸਮਾਰਟ ਸਕੂਲ ਦਾ ਕੌੜਾ ਸੱਚ ਦੇਖ ਕੇ ਲੱਗਿਆ ਕਿ ਜੇਕਰ ਸਮਾਰਟ ਸਕੂਲਾਂ ਦੇ ਪ੍ਰਬੰਧ ਅਜਿਹੇ ਹਨ ਤਾਂ ਫਿਰ ਆਮ ਸਕੂਲਾਂ ਦੇ ਹਾਲਾਤ ਤਾਂ ਬਹੁਤ ਮਾੜੇ ਹੋਣਗੇ। (School Water Tank)
ਵੇਰਵਿਆਂ ਮੁਤਾਬਿਕ ਸ਼ਹਿਰ ਦੀ ਧੋਬੀਆਣਾ ਬਸਤੀ ’ਚ ਚਲਦੇ ਇੱਕ ਸਕੂਲ ਨੂੰ ਤੱਤਕਾਲੀ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਮਾਰਟ ਸਕੂਲ ਦਾ ਦਰਜ਼ਾ ਦਿੱਤਾ ਸੀ ਉਸ ਵੇਲੇ ਸਕੂਲ ’ਚ ਬਿਤਹਰ ਪ੍ਰਬੰਧਾਂ ਦਾ ਦਾਅਵਾ ਕੀਤਾ ਗਿਆ ਸੀ ਪਰ ਪ੍ਰਬੰਧ ਕਦੇ ਵੀ ਪੂਰੇ ਨਹੀਂ ਦਿਖਾਈ ਦਿੱਤੇ ਸਕੂਲ ਦੇ ਮਾੜੇ ਪ੍ਰਬੰਧਾਂ ਦੀ ਪੋਲ ਅੱਜ ਉਸ ਵੇਲੇ ਖੁੱਲ੍ਹ ਗਈ ਜਦੋਂ ਸਕੂਲ ’ਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਨੇ ਪੱਤਰਕਾਰਾਂ ਨੂੰ ਸਕੂਲ ’ਚ ਲਿਜਾ ਕੇ ਇੱਕ ਪਾਣੀ ਵਾਲੀ ਟੈਂਕੀ ਦਿਖਾਈ ਜਿਸ ’ਚ ਪਾਣੀ ਭਰਨ ਨਾਲ ਉਸ ’ਚੋਂ ਮਰੇ ਹੋਏ ਚੂਹੇ, ਛਿਪਕਲੀਆਂ ਅਤੇ ਡੱਡੂ ਬਾਹਰ ਨਿੱਕਲੇ ਪਾਣੀ ਵਾਲੀਆਂ ਟੈਂਕੀਆਂ ’ਤੇ ਨਾ ਤਾਂ ਢੱਕਣ ਹਨ, ਜਿਸ ਕਾਰਨ ਟੈਂਕੀਆਂ ਅੰਦਰੋਂ ਖਰਾਬ ਹੋਈਆਂ ਪਈਆਂ ਹਨ।
ਸਕੂਲ ਦੇ ਘਟੀਆ ਪ੍ਰਬੰਧਾਂ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ
ਰੋਹ ’ਚ ਆਏ ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ ਦੀ ਛੱਤ ’ਤੇ ਹੀ ਖੜ੍ਹ ਕੇ ਸਕੂਲ ਦੇ ਘਟੀਆ ਪ੍ਰਬੰਧਾਂ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਦਿਆਰਥੀਆਂ ਦੇ ਮਾਪਿਆਂ ਨੇ ਕਿਹਾ ਕਿ ਪਾਣੀ ਵਾਲੀ ਟੈਂਕੀ ’ਚੋਂ ਡੱਡੂ ਅਤੇ ਮਰੇ ਚੂਹੇ ਆਦਿ ਨਿੱਕਲਣਾ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਹੈ ਸ਼ਾਲੂ ਨਾਂਅ ਦੀ ਮਹਿਲਾ ਨੇ ਕਿਹਾ ਕਿ ਸਮਾਰਟ ਕਹਿਣ ਦਾ ਕੀ ਫਾਇਦਾ ਜੇ ਸਹੂਲਤਾਂ ਹੀ ਨਹੀਂ ਉਨ੍ਹਾਂ ਕਿਹਾ ਕਿ ਜੋ ਬੱਚੇ ਬਿਮਾਰ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਸਕੂਲ ’ਚੋਂ ਨਾਂਅ ਕੱਟਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। (School Water Tank)
ਸਕੂਲ ’ਚ ਸਾਫ਼-ਸਫ਼ਾਈ ਦਾ ਕੋਈ ਪ੍ਰਬੰਧ ਨਹੀਂ
ਸਕੂਲ ’ਚ ਸਾਫ਼-ਸਫ਼ਾਈ ਦਾ ਕੋਈ ਪ੍ਰਬੰਧ ਨਹੀਂ ਹੈ, ਟੈਂਕੀਆਂ ’ਚ ਸਫ਼ਾਈ ਨਹੀਂ ਤਾਂ ਹੀ ਬੱਚੇ ਮਾੜਾ ਪਾਣੀ ਪੀ ਕੇ ਬਿਮਾਰ ਹੋ ਰਹੇ ਹਨ ਉਨ੍ਹਾਂ ਕਿਹਾ ਕਿ ਅੱਜ ਜਦੋਂ ਉਹ ਸਕੂਲ ’ਚ ਦੇਖਣ ਆਏ ਤਾਂ ਸਕੂਲ ਵਾਲਿਆਂ ਨੇ ਟੈਂਕੀ ਭਰਨ ਲਈ ਮੋਟਰ ਚਲਾ ਦਿੱਤੀ ਰੋਹ ’ਚ ਆਏ ਮਾਪਿਆਂ ਨੇ ਪਾਣੀ ਵਾਲੀ ਟੈਂਕੀ ਭਰਨ ਨਾਲ ਉਸ ’ਚ ਉੱਪਰ ਆਏ ਮਰੇ ਚੂਹੇ, ਡੱਡੂ ਅਤੇ ਛਿਪਕਲੀਆਂ ਹੱਥਾਂ ’ਚ ਚੁੱਕ ਕੇ ਆਖਿਆ ਕਿ ਕੀ ਸਮਾਰਟ ਸਕੂਲ ਇਹੋ ਜਿਹੇ ਹੁੰਦੇ ਹਨ ਜਦੋਂ ਬੱਚਿਆਂ ਵੱਲੋਂ ਪੀਣ ਵਾਲਾ ਪਾਣੀ ਸਾਫ਼ ਨਾ ਹੋਣ ਬਾਰੇ ਸਕੂਲ ’ਚ ਕਿਹਾ ਜਾਂਦਾ ਹੈ ਤਾਂ ਅੱਗੋਂ ਜਵਾਬ ਮਿਲਦਾ ਹੈ ‘ਘਰੋਂ ਬੋਤਲਾਂ ਭਰਕੇ ਲੈ ਆਇਆ ਕਰੋ’
ਸੁਖਮੰਦਰ ਸਿੰਘ ਨੇ ਆਖਿਆ ਕਿ ਸਕੂਲ ’ਚ 300 ਵਿਦਿਆਰਥੀ ਨੇ ਅਧਿਆਪਕ 2 ਹਨ ਜਿੰਨ੍ਹਾਂ ਨੂੰ ਪੀਣ ਵਾਲਾ ਪਾਣੀ ਵੀ ਸਾਫ਼ ਨਹੀਂ ਮਿਲਦਾ ਪਾਣੀ ਵਾਲੀ ਟੈਂਕੀ ’ਚੋਂ ਮਰੇ ਹੋਏ ਜਾਨਵਰ ਨਿੱਕਲ ਰਹੇ ਹਨ ਸਰਕਾਰ ਬਿਹਤਰ ਪ੍ਰਬੰਧਾਂ ਦੇ ਦਾਅਵੇ ਕਰਦੀ ਹੈ ਤਾਂ ਫਿਰ ਇਸ ਸਕੂਲ ਵੱਲ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਹਲਕਾ ਸ਼ਹਿਰੀ ਵਿਧਾਇਕ ਜਗਰੂਪ ਸਿੰਘ ਗਿੱਲ ਨੂੰ ਸਕੂਲ ਦਾ ਜਾਇਜ਼ਾ ਲੈਣਾ ਚਾਹੀਦਾ ਹੈ ਤਾਂ ਜੋ ਕਮੀਆਂ ਨੂੰ ਦੂਰ ਕੀਤਾ ਜਾ ਸਕੇ।
ਟੈਂਕੀਆਂ ਦੇ ਢੱਕਣ ਲਗਵਾਏ ਜਾਣਗੇ : ਇੰਚਾਰਜ
ਸਕੂਲ ਇੰਚਾਰਜ ਕੁਲਜੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਸਮੇਂ-ਸਮੇਂ ਸਿਰ ਨਿਰੀਖਣ ਕੀਤਾ ਜਾਂਦਾ ਹੈ, ਜੋ ਪਾਣੀ ਵਾਲੀਆਂ ਟੈਂਕੀਆਂ ਦੇ ਢੱਕਣ ਹੁਣ ਟੁੱਟੇ ਹਨ। ਉਨ੍ਹਾਂ ਨੂੰ ਵੀ ਲਵਾਇਆ ਜਾਵੇਗਾ ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਟੈਂਕੀ ’ਚੋਂ ਮਰੇ ਹੋਏ ਚੂਹੇ ਅਤੇ ਛਿਪਕਲੀਆਂ ਮਿਲੀਆਂ ਹਨ ਤਾਂ ਉਨ੍ਹਾਂ ਕਿਹਾ ਕਿ ਅੱਗੇ ਤੋਂ ਪੂਰਾ ਧਿਆਨ ਰੱਖਿਆ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ