ਸੂਬੇ ਦੀ ਸਾਧ-ਸੰਗਤ ਨੇ ਧੂਮ-ਧਾਮ ਨਾਲ ਮਨਾਇਆ ਪਵਿੱਤਰ ਗੁਰਗੱਦੀ ਮਹੀਨਾ
ਸਲਾਬਤਪੁਰਾ ਵਿਖੇ ਨਾਮ ਚਰਚਾ ’ਚ ਵੱਡੀ ਤਾਦਾਦ ’ਚ ਪੁੱਜੀ ਸਾਧ-ਸੰਗਤ
ਸਲਾਬਤਪੁਰਾ, (ਗੁਰਪ੍ਰੀਤ ਸਿੰਘ/ਸੁਰਿੰਦਰਪਾਲ/ਜਸਵੀਰ ਗਹਿਲ) ਪੰਜਾਬ ਦੀ ਸਾਧ-ਸੰਗਤ ਵੱਲੋਂ ਪਵਿੱਤਰ ਮਹਾਂ ਪਰਉਪਕਾਰ ਮਹੀਨਾ (ਗੁਰਗੱਦੀ ਮਹੀਨਾ) ਸ਼ਾਹ ਸਤਿਨਾਮ ਜੀ ਰੁਹਾਨੀ ਧਾਮ ਰਾਜਗੜ੍ਹ ਸਲਾਬਤਪੁਰਾ ਜ਼ਿਲ੍ਹਾ ਬਠਿੰਡਾ ਵਿਖੇ ਭਾਰੀ ਗਰਮੀ ਤੇ ਹੁੰਮਸ ਦੇ ਬਾਵਜ਼ੂਦ ਵੱਡੀ ਗਿਣਤੀ ’ਚ ਸ਼ਿਰਕਤ ਕਰਕੇ ਧੂਮ-ਧਾਮ ਨਾਲ ਮਨਾਇਆ ਗਿਆ। ਗੁਰਗੱਦੀ ਮਹੀਨੇ ਦੀ ਖੁਸ਼ੀ ’ਚ ਨਾਮ ਚਰਚਾ ਦੀ ਸਮਾਪਤੀ ’ਤੇ ਲੋੜਵੰਦਾਂ ਨੂੰ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਹਾਨ ਸਿੱਖਿਆਵਾਂ ਅਨਸਾਰ ਰਾਸ਼ਨ ਵੀ ਵੰਡਿਆ ਗਿਆ। ਸਵੇਰ ਤੋਂ ਹੀ ਵੱਡੀ ਗਿਣਤੀ ’ਚ ਸਾਧ-ਸੰਗਤ ਦਾ ਆਉਣਾ ਸ਼ੁਰੂ ਹੋ ਗਿਆ ਨਾਮ ਚਰਚਾ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਪੰਡਾਲ ਭਰ ਗਿਆ ਸੀ ਤੇ ਨਾਮ ਚਰਚਾ ਦੀ ਸਮਾਪਤੀ ਤੱਕ ਸਾਧ-ਸੰਗਤ ਦਾ ਆਉਣਾ ਜਾਰੀ ਸੀ
ਸਾਧ-ਸੰਗਤ ਵੱਲੋਂ ਭੰਡਾਰੇ ’ਚ ਢੋਲ ਦੇ ਡੱਗੇ ’ਤੇ ਨੱਚ-ਟੱਪ ਕੇ ਸ਼ਮੂਲੀਅਤ ਕੀਤੀ ਗਈ। ਸਾਧ-ਸੰਗਤ ਦੇ ਬੈਠਣ ਤੇ ਹੋਰ ਸਹੂਲਤਾਂ ਨੂੰ ਧਿਆਨ ’ਚ ਰੱਖਦਿਆਂ ਪਿਛਲੇ ਕਈ ਦਿਨਾਂ ਤੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਜੋ ਪਹੁੰਚੀ ਸਾਧ-ਸੰਗਤ ਅੱਗੇ ਨਿਗੂਣੀਆਂ ਪਈਆਂ ਜਾਪੀਆਂ। ਇਸ ਮੌਕੇ ਪਵਿੱਤਰ ਗ੍ਰੰਥਾਂ ਵਿੱਚੋਂ ਕਵੀਰਾਜਾਂ ਦੁਆਰਾ ਕੀਤੀ ਗਈ ਸ਼ਬਦਬਾਣੀ ਨੂੰ ਸਾਧ-ਸੰਗਤ ਨੇ ਸ਼ਰਧਾ ਪੂਰਵਕ ਸਰਬਣ ਕੀਤਾ।
ਇਸ ਦੌਰਾਨ ਸਾਧ-ਸੰਗਤ ਵੱਲੋਂ ਹੱਥ ਖੜੇ੍ਹ ਕਰਕੇ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਜਨ-ਜਨ ਤੱਕ ਪਹੁੰਚਾਉਣ’ ਦਾ ਪ੍ਰਣ ਵੀ ਦੁਹਰਾਇਆ ਗਿਆ। ਇਸ ਦੌਰਾਨ ਮਨੁੱਖੀ ਜ਼ਿੰਦਗੀ ਵਿੱਚ ਗੁਰੂ ਦੀ ਮਹੱਤਤਾ ਦਰਸਾਉਂਦੀ ਇੱਕ ਲਘੂ ਫਿਲਮ (ਡਾਕੂਮੈਂਟਰੀ) ਵੀ ਦਿਖਾਈ ਗਈ ਅਤੇ ਇਸ ਦੌਰਾਨ ਪੂਜਨੀਕ ਗੁਰੂ ਜੀ ਦੇ ਪਵਿੱਤਰ ਰਿਕਾਰਡਡ ਬਚਨਾਂ ਨੂੰ ਸਾਧ-ਸੰਗਤ ਨੇ ਇਕਾਗਰਤਾ ਨਾਲ ਸੁਣਿਆ ਭੰਡਾਰੇ ਦੀ ਸਮਾਪਤੀ ਪਿੱਛੋਂ ਦਰਜ਼ਨਾਂ ਲੋੜਵੰਦ ਪਰਿਵਾਰਾਂ ਨੂੰ ਮਹਾਂ ਪਰਉਪਕਾਰ ਮਹੀਨੇ ਦੀ ਖੁਸ਼ੀ ਵਿੱਚ ਘਰੇਲੂ ਵਰਤੋਂ ਦਾ ਸਮਾਨ ਵੀ ਵੰਡਿਆ ਗਿਆ। ਨਾਮ ਚਰਚਾ ਦੀ ਕਾਰਵਾਈ ਜ਼ਿੰਮੇਵਾਰ ਸੇਵਾਦਾਰ ਛਿੰਦਰਪਾਲ ਇੰਸਾਂ ਨੇ ਚਲਾਈ।
ਜ਼ਿਕਰਯੋਗ ਹੈ ਕਿ 23 ਸਤੰਬਰ 1090 ਨੂੰ ਡੇਰਾ ਸੱਚਾ ਸੌਦਾ ਸਿਰਸਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਵੱਲੋਂ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਗੁਰਗੱਦੀ ਦਾ ਵਾਰਿਸ ਬਣਾ ਕੇ ਰੂਹਾਨੀਅਤ ਦੀ ਵਾਗਡੋਰ ਸੌਂਪੀ ਗਈ ਸੀ।
ਸੰਗਤ ਦਾ ਇਕੱਠ ਵਧਦਾ ਗਿਆ, ਪ੍ਰਬੰਧ ਛੋਟੇ ਪੈਂਦੇ ਗਏ
ਭੰਡਾਰੇ ਤੇ ਪੁੱਜੀ ਸਾਧ-ਸੰਗਤ ਦੇ ਵਾਹਨਾਂ ਨੂੰ ਖੜ੍ਹਾਉਣ ਲਈ ਵਿਸ਼ੇਸ਼ ਤੌਰ ’ਤੇ ਪ੍ਰਬੰਧ ਕੀਤੇ ਗਏ ਸਨ। ਇਸ ਦੌਰਾਨ ਬੱਸਾਂ, ਟਰੱਕਾਂ ਆਦਿ ਲਈ ਵੱਖਰਾ ਅਤੇ ਕਾਰਾਂ, ਮੋਟਰ ਸਾਇਕਲਾਂ ਲਈ ਵੱਖਰੇ ਟਰੈਫਿਕ ਗਰਾਊਂਡ ਬਣਾਏ ਗਏ ਸਨ। ਵੱਡੀ ਗਿਣਤੀ ਸੇਵਾਦਾਰਾਂ ਦੁਆਰਾ ਪਵਿੱਤਰ ਭੰਡਾਰੇ ਦੀਆਂ ਤਿਆਰੀਆਂ ਭਾਵੇਂ ਪਿਛਲੇ ਦੋ ਦਿਨਾਂ ਤੋਂ ਕੀਤੀਆਂ ਜਾ ਰਹੀਆਂ ਸਨ ਪਰ ਅੱਜ ਭਾਰੀ ਗਰਮੀ ਤੇ ਹੁੰਮਸ ਦੇ ਬਾਵਜੂਦ ਵੀ ਪਹੁੰਚੀ ਸਾਧ-ਸੰਗਤ ਅੱਗੇ ਸਮੁੱਚੇ ਪ੍ਰਬੰਧ ਛੋਟੇ ਪੈ ਗਏ।
ਸੰਤਾਂ ਦਾ ਕੰਮ ਸਮਾਜ ਦੀਆਂ ਬੁਰਾਈਆਂ ਦੂਰ ਕਰਨਾ : ਪੂਜਨੀਕ ਗੁਰੂ ਜੀ
ਸਲਾਬਤਪੁਰਾ | ਭੰਡਾਰੇ ਮੌਕੇ ਸਾਧ-ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨ ਸੀਡੀ ਰਾਹੀਂ ਸਰਵਣ ਕੀਤੇ। ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਸਤਿਸੰਗ ਵਿੱਚ ਆ ਕੇ ਮਨੁੱਖ ਦੇ ਜਨਮਾਂ-ਜਨਮਾਂ ਦੇ ਪਾਪ ਕਰਮ ਕੱਟੇ ਜਾਂਦੇ ਹਨ। ਸਤਿਸੰਗ ਵਿੱਚ ਪਰਮਾਤਮਾ, ਵਾਹਿਗੁਰੂ, ਰਾਮ ਤੇ ਅੱਲ੍ਹਾ ਦਾ ਜ਼ਿਕਰ ਹੁੰਦਾ ਹੈ ਅਤੇ ਮਨੁੱਖ ਜਦੋਂ ਧਿਆਨ ਨਾਲ ਸੁਣਦਾ ਹੈ
ਤਾਂ ਉਸ ਦੇ ਪਾਪ ਕਰਮ ਕੱਟੇ ਜਾਂਦੇ ਹਨ। ਆਪ ਜੀ ਨੇ ਫਰਮਾਇਆ ਕਿ ਅੱਜ ਖੁਦਗਰਜ਼ੀ ਤੇ ਸਵਾਰਥ ਦੇ ਵੱਸ ਪੈ ਕੇ ਲੋਕ ਚੰਗਿਆਂ ਨੂੰ ਵੀ ਗਲਤ ਸਮਝਣ ਲੱਗੇ ਹਨ। ਭਲੇ ਕੰਮ ਕਰਨ ਵਾਲਿਆਂ ਤੇ ਕਮਜ਼ੋਰਾਂ ਨੂੰ ਤਾਂ ਕੋਈ ਵੀ ਦਬਾ ਸਕਦਾ ਹੈ ਪਰ ਸਾਡੀ ਨਜ਼ਰ ਵਿੱਚ ਬਹਾਦਰ ਉਹ ਹੈ ਜਿਹੜਾ ਆਪਣੇ ਅੰਦਰਲੇ ਮਾੜੇ ਕਰਮਾਂ ਨਾਲ ਲੜ ਕੇ ਉਨ੍ਹਾਂ ’ਤੇ ਜਿੱਤ ਹਾਸਲ ਕਰਦਾ ਹੈ। ਆਪ ਜੀ ਨੇ ਫਰਮਾਇਆ ਕਿ ਅੱਜ ਚਾਰੇ ਪਾਸੇ ਬੁਰਾਈਆਂ ਦਾ ਬੋਲ ਬਾਲਾ ਹੈ, ਆਦਮੀ ਘੁਮੰਡ ਵਿੱਚ ਏਨਾ ਲੀਨ ਹੋ ਗਿਆ ਕਿ ਉਸ ਨੂੰ ਆਪਣੇ ਆਸੇ ਪਾਸੇ ਕੁਝ ਨਹੀਂ ਦਿਸਦਾ।
ਆਪ ਜੀ ਨੇ ਫਰਮਾਇਆ ਕਿ ਮਨੁੱਖ ਦੀ ਇਸ ਹਸਤੀ ਨੇ ਆਖਰ ਮਿਟ ਜਾਣਾ ਹੁੰਦਾ ਹੈ ਅਤੇ ਸਿਰਫ਼ ਰੱਬ ਦਾ ਨਾਂਅ ਹੀ ਉਸ ਦੇ ਕੰਮ ਆਉਂਦਾ ਹੈ। ਅੱਜ ਮਨੁੱਖ ਰੱਬ ਦਾ ਭਗਤ ਹੋਣ ਦਾ ਦਿਖਾਵਾ ਕਰਦਾ ਹੈ ਪਰ ਅੰਦਰੋਂ ਕੁਝ ਹੋਰ ਹੁੰਦਾ ਹੈ ਜਿਵੇਂ ਦੁਕਾਨ ਦੇ ਬਾਹਰ ਲੱਗੇ ਬੋਰਡ ’ਤੇ ਲਿਖਿਆ ਹੁੰਦਾ ਹੈ ਕਿ ਇਸ ਦੁਕਾਨ ਵਿੱਚ ਕਿਹੜਾ-ਕਿਹੜਾ ਸਮਾਨ ਮਿਲਦਾ ਹੈ ਪਰ ਅਸਲ ਸਥਿਤੀ ਕੁਝ ਹੋਰ ਹੁੰਦੀ ਹੈ ਕਿਉਂਕਿ ਸਬਜ਼ੀ ਦੇ ਨਾਲ ਲੱਗੀ ਸਪਰੇਅ ਬਾਰੇ ਬੋਰਡ ’ਤੇ ਜ਼ਿਕਰ ਨਹੀਂ ਹੁੰਦਾ। ਆਪ ਜੀ ਨੇ ਫਰਮਾਇਆ ਕਿ ਸੰਤਾਂ ਦਾ ਕੰਮ ਹਰੇਕ ਦੀ ਬੁਰਾਈ ਨੂੰ ਮਿਟਾ ਕੇ ਉਨਾਂ ਦੇ ਪਾਪ ਕਰਮਾਂ ਨੂੰ ਕੱਟਣ ਦਾ ਹੁੰਦਾ ਹੈ।
ਆਪ ਜੀ ਨੇ ਫਰਮਾਇਆ ਕਿ ਇੱਕ ਸਤਿਸੰਗੀ ਨੂੰ ਇਹ ਜ਼ਰੂਰ ਪਤਾ ਹੁੰਦਾ ਹੈ ਕਿ ਉਹ ਕਿਹੜਾ ਗਲਤ ਕੰਮ ਕਰ ਰਿਹਾ ਹੈ ਅਤੇ ਕਿਹੜਾ ਸਹੀ। ਜਦੋਂਕਿ ਸੰਤਾਂ ਸਾਹਮਣੇ ਆ ਕੇ ਕਹਿ ਦਿੱਤਾ ਜਾਂਦਾ ਹੈ ਕਿ ਜਾਣੇ ਅਣਜਾਣੇ ਵਿੱਚ ਗਲਤੀ ਹੋ ਗਈ। ਆਪ ਜੀ ਨੇ ਫਰਮਾਇਆ ਕਿ ਸੰਤਾਂ ਦਾ ਇਨਾਂ ਨਾਲ ਕੁਝ ਲੈਣਾ ਦੇਣਾ ਨਹੀਂ ਹੁੰਦਾ ਪਰ ਇਨਸਾਨ ਆਪਣੇ ਮਾੜੇ ਕਰਮਾਂ ਕਰਕੇ ਪਾਪਾਂ ਦਾ ਭਾਗੀਦਾਰ ਬਣਦਾ ਹੈ। ਆਪ ਜੀ ਨੇ ਫਰਮਾਇਆ ਕਿ ‘ਰੱਬ ਨਾਲ ਠੱਗੀਆਂ ਕਿਉਂ ਮਾਰੇ ਬੰਦਿਆਂ, ਦਿਨ ਰਾਤ ਪਾਪਾਂ ਵਿੱਚ ਗੁਜ਼ਾਰੇ ਬੰਦਿਆ।’
ਉਨ੍ਹਾਂ ਫਰਮਾਇਆ ਕਿ ਇੱਕ ਸਤਿਸੰਗੀ ਨੂੰ ਘੱਟ ਤੋਂ ਘੱਟ ਸੰਤ ਮਹਾਤਮਾ ਅੱਗੇ ਸੱਚ ਬੋਲਣਾ ਚਾਹੀਦਾ ਹੈ। ਸੰਤ ਕਿਸੇ ਦਾ ਮਾੜਾ ਨਹੀਂ ਕਰਦੇ ਪਰ ਫਿਰ ਵੀ ਦੁਨਿਆਵੀ ਲੋਕ ਸੰਤਾਂ ਦਾ ਮੂਡ ਪਰਖ਼ਦੇ ਹਨ ਕਿ ਹੁੁਣ ਇਹ ਇੰਜ ਸੋਚ ਰਹੇ ਹਨ ਪਰ ਸੰਤਾਂ ਦਾ ਮੂਡ ਕੋਈ ਨਹੀਂ ਜਾਣ ਸਕਦਾ ਕਿਉਂਕਿ ਉਨ੍ਹਾਂ ਨੂੰ ਲੋਕਾਂ ਦੀ ਫਿਕਰ ਹੁੰਦੀ ਹੈ। ਆਪ ਜੀ ਨੇ ਫਰਮਾਇਆ ਕਿ ਬੰਦੇ ਨੂੰ ਆਪਣੇ ਛਲ ਕਪਟ ਛੱਡ ਕੇ ਮਾਲਕ ਦੀ ਭਗਤੀ ਵਿੱਚ ਬੈਠਣਾ ਚਾਹੀਦਾ ਹੈ ਅਤੇ ਇਹ ਮੰਗਣਾ ਚਾਹੀਦਾ ਹੈ ਤੇ ਗਲਤ ਕੰਮਾਂ ਤੇ ਤੌਬਾ ਕਰਨੀ ਚਾਹੀਦੀ ਹੈ ਜਿਸ ਤੋਂ ਬਾਅਦ ਉਹ ਬੇਅੰਤ ਖੁਸ਼ੀਆਂ ਦਾ ਮਾਲਕ ਬਣ ਸਕਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ