ਪੁਲਿਸ ਨੇ 25 ਲੱਖ ਲੁੱਟ (Robbery) ਦੀ ਗੁੱਥੀ ਸੁਲਝਾਈ, ਚਾਰ ਜਣੇ ਗ੍ਰਿਫ਼ਤਾਰ
(ਰਘਬੀਰ ਸਿੰਘ) ਲੁਧਿਆਣਾ। ਜਿਲ੍ਹਾ ਪੁਲਿਸ ਖੰਨਾ ਦੇ ਨੇੜਲੇ ਪਿੰਡ ਰੋਹਣੋਂ ਖੁਰਦ ਦੇ ਕਿਸਾਨ ਸੱਜਣ ਸਿੰਘ ਦੇ ਘਰੋਂ 4 ਸਤੰਬਰ ਦੀ ਸਵੇਰ ਨੂੰ ਆਪਣੇ ਆਪ ਨੂੰ ਆਮਦਨ ਕਰ ਵਿਭਾਗ ਅਧਿਕਾਰੀ ਦੱਸ ਕੇ 25 ਲੱਖ ਰੁਪਏ ਲੁੱਟ (Robbery) ਕਰਨ ਵਾਲੇ 5 ’ਚੋਂ 4 ਵਿਅਕਤੀਆਂ ਨੂੰ ਪੁਲਿਸ ਨੇ ਗਿ੍ਰਫਤਾਰ ਕਰ ਲਿਆ ਹੈ। ਇਸ ਮਾਮਲੇ ਵਿੱਚ ਸਿੱਧੇ ਅਤੇ ਅਸਿੱਧੇ ਤੌਰ ’ਤੇ ਕੁੱਲ 9 ਕਥਿਤ ਦੋਸ਼ੀ ਸ਼ਾਮਲ ਰਹੇ। ਇਨ੍ਹਾਂ ‘ਚੋਂ 5 ਕਥਿਤ ਮੁਲਜ਼ਮ ਆਮਦਨ ਕਰ ਵਿਭਾਗ ਅਧਿਕਾਰੀ ਬਣ ਕੇ ਇਨੋਵਾ ਕਾਰ ’ਚ ਕਿਸਾਨ ਦੇ ਘਰ ਗਏ ਸਨ।
ਪੁਲਿਸ ਨੇ 3 ਜਣਿਆਂ ਨੂੰ ਕੀਤਾ ਗ੍ਰਿਫਤਾਰ
ਜਦੋਂਕਿ 4 ਕਥਿਤ ਮੁਲਜ਼ਮ ਹੋਰ ਵੀ ਸਾਜਿਸ ’ਚ ਸ਼ਾਮਲ ਰਹੇ। ਫਿਲਹਾਲ ਪੁਲਿਸ ਨੇ 3 ਕਥਿਤ ਦੋਸ਼ੀਆਂ ਨੂੰ ਗਿ੍ਰਫਤਾਰ ਕੀਤਾ ਹੈ ਜਦੋਂਕਿ ਇੱਕ ਹੋਰ ਕਥਿਤ ਦੋਸ਼ੀ ਨੂੰ ਬਿਹਾਰ ਤੋਂ ਲਿਆਂਦਾ ਜਾ ਰਿਹਾ ਹੈ। 5 ਕਥਿਤ ਦੋਸ਼ੀ ਫਰਾਰ ਹਨ। ਨਗਦੀ ਦੀ ਗੱਲ ਕਰੀਏ ਤਾਂ ਲੁੱਟੀ ਰਕਮ ਚੋਂ 11 ਲੱਖ ਰੁਪਏ ਬਰਾਮਦ ਕਰ ਲਏ ਗਏ ਹਨ। ਉਥੇ ਹੀ ਕਥਿਤ ਮੁਲਜਮਾਂ ਕੋਲੋਂ ਬਰਾਮਦ ਹੋਈਆਂ ਤਿੰਨ ਕਾਰਾਂ ‘ਚੋਂ ਇੱਕ ਵਰੀਟੋ ਕਾਰ ਉਪਰ ਵੈਬ ਚੈਨਲ (ਡੇਲੀ ਪੋਸਟ) ਦਾ ਸਟਿੱਕਰ ਵੀ ਲਾਇਆ ਹੋਇਆ ਸੀ। ਇਹ ਵੀ ਸਾਹਮਣੇ ਆਇਆ ਕਿ ਵਾਰਦਾਤ ‘ਚ ਵਰਤਿਆ ਅਸਲਾ ਨਕਲੀ ਸੀ।
ਵੱਖ ਵੱਖ ਟੀਮਾਂ ਦਾ ਗਠਨ ਕਰਕੇ ਕੀਤੀ ਕਾਰਵਾਈ
ਖੰਨਾ ਦੇ ਐਸਐਸਪੀ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਦੱਸਿਆ ਕਿ ਐਸਪੀ (ਆਈ) ਡਾ. ਪ੍ਰਗਿਆ ਜੈਨ, ਡੀਐਸਪੀ (ਆਈ) ਮਨਜੀਤ ਸਿੰਘ, ਡੀਐਸਪੀ ਵਿਲੀਅਮ ਜੈਜੀ ਅਤੇ ਸਦਰ ਥਾਣਾ ਮੁਖੀ ਨਛੱਤਰ ਸਿੰਘ ਦੀ ਅਗਵਾਈ ਹੇਠ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ। ਇਹਨਾਂ ਟੀਮਾਂ ਦੀ ਜਾਂਚ ‘ਚ ਸਾਹਮਣੇ ਆਇਆ ਕਿ ਸੱਜਣ ਸਿੰਘ ਨੇ ਆਪਣੀ ਜਮੀਨ ਖਰੀਦ ਕਰਨ ਲਈ ਰੱਖੇ ਹੋਏ ਪੈਸਿਆਂ ਬਾਰੇ ਆਪਣੇ ਜਾਣਕਾਰ ਗੁਰਚਰਨ ਸਿੰਘ ਉਰਫ ਗੁਰਚੰਦ ਉਰਫ ਚੰਦ ਵਾਸੀ ਪਮਾਲੀ (ਲੁਧਿਆਣਾ) ਨੂੰ ਦੱਸਿਆ ਸੀ ਜਿਸ ਨੇ ਘਰ ਦਾ ਭੇਤ ਹਾਸਲ ਕਰਨ ਮਗਰੋਂ ਆਪਣੇ ਭਤੀਜੇ ਗੁਰਪ੍ਰੀਤ ਸਿੰਘ ਉਰਫ ਪੀਤਾ ਵਾਸੀ ਰਾੜਾ ਸਾਹਿਬ, ਸੁਖਵਿੰਦਰ ਸਿੰਘ ਉਰਫ ਮਾਨ ਸਾਹਬ, ਮੁਹੰਮਦ ਹਲੀਮ ਉਰਫ ਡਾ. ਖਾਨ, ਹਰਪ੍ਰੀਤ ਸਿੰਘ ਉਰਫ ਗਿੱਲ, ਪਰਮਦੀਪ ਸਿੰਘ ਉਰਫ ਵਿੱਕੀ, ਰਜਨੀਸ਼ ਕੁਮਾਰ ਅਤੇ ਦਲਜੀਤ ਸਿੰਘ ਵਾਸੀ ਰਾਣਵਾਂ ਨਾਲ ਮਿਲ ਕੇ ਲੁੱਟ ਦੀ ਯੋਜਨਾ ਬਣਾਈ।
ਇੱਕ ਹਫਤਾ ਪਹਿਲਾਂ ਘਰ ਦੀ ਰੇਕੀ ਵੀ ਕੀਤੀ
ਇੱਕ ਹਫਤਾ ਪਹਿਲਾਂ ਵਰੀਟੋ ਕਾਰ ‘ਚ ਘਰ ਦੀ ਰੇਕੀ ਵੀ ਕੀਤੀ ਗਈ ਸੀ। ਇਸ ਉਪਰੰਤ 4 ਸਤੰਬਰ ਨੂੰ ਮੁਹੰਮਦ ਹਲੀਮ, ਦਲਜੀਤ ਸਿੰਘ, ਪਰਮਦੀਪ ਸਿੰਘ ਵਿੱਕੀ, ਰਜਨੀਸ਼ ਕੁਮਾਰ ਅਤੇ ਰਾਜੀਵ ਕੁਮਾਰ ਸੁੱਖਾ ਜੋਕਿ ਰਜਨੀਸ਼ ਦਾ ਨੌਕਰ ਹੈ ਇਹ ਸਾਰੇ ਜਣੇ ਪਰਮਦੀਪ ਸਿੰਘ ਦੀ ਇਨੋਵਾ ਕਾਰ ਚ ਸਵਾਰ ਹੋ ਕੇ ਜਾਅਲੀ ਸ਼ਨਾਖਤੀ ਕਾਰਡ ਪਾ ਕੇ ਅਸਲਾ ਲੈ ਕੇ ਰੋਹਣੋਂ ਖੁਰਦ ਸੱਜਣ ਸਿੰਘ ਦੇ ਘਰ ਪੁੱਜੇ ਸਨ।
ਐਸਐਸਪੀ ਨੇ ਦੱਸਿਆ ਕਿ ਰਜਨੀਸ਼ ਕੁਮਾਰ ਉਰਫ ਸੋਨੂੰ, ਪਰਮਦੀਪ ਸਿੰਘ ਉਰਫ ਵਿੱਕੀ ਅਤੇ ਗੁਰਚਰਨ ਸਿੰਘ ਉਰਫ ਗੁਰਚੰਦ ਸਿੰਘ ਉਰਫ ਚੰਦ ਦੇ ਖਿਲਾਫ ਪਹਿਲਾਂ ਵੀ ਹੇਰਾਫੇਰੀ ਦੇ ਮਾਮਲੇ ਦਰਜ ਹਨ। ਇਨ੍ਹਾਂ ਵਿਅਕਤੀਆਂ ’ਚ ਮੁਹੰਮਦ ਹਲੀਮ ਉਰਫ ਡਾ. ਖਾਨ ਪੁੱਤਰ ਮੁਹੰਮਦ ਰਫੀਕ ਵਾਸੀ ਹਾਜੀ ਨਗਰ ਜਰਗ ਚੌਂਕ ਮਲੇਰਕੋਟਲਾ, ਰਜਨੀਸ਼ ਕੁਮਾਰ ਉਰਫ ਸੋਨੂੰ ਪੁੱਤਰ ਜਗਦੀਸ਼ ਕੁਮਾਰ ਵਾਸੀ ਵਾਰਡ ਨੰਬਰ 13 ਜੈਨ ਵਾਲੀ ਗਲੀ, ਜੀਰਾ ਜਿਲ੍ਹਾ ਫਿਰੋਜਪੁਰ, ਪਰਮਦੀਪ ਸਿੰਘ ਉਰਫ ਵਿੱਕੀ ਪੁੱਤਰ ਬਲਦੇਵ ਸਿੰਘ ਵਾਸੀ ਗਲੀ ਨੰਬਰ 9 ਪ੍ਰਤਾਪ ਨਗਰ ਲੁਧਿਆਣਾ ਅਤੇ ਰਾਜੀਵ ਕੁਮਾਰ ਸਾਹਨੀ ਉਰਫ ਸੁੱਖਾ ਪੁੱਤਰ ਰਵੀਕਾਂਤ ਵਾਸੀ ਪਿੰਡ ਸ਼ੀਸ਼ੋਨੀ (ਬਿਹਾਰ) ਸਾਮਲ ਹਨ।
ਫਰਾਰ ਵਿਅਕਤੀਆਂ ਵਿੱਚ ਗੁਰਚਰਨ ਸਿੰਘ ਉਰਫ ਗੁਰਚੰਦ ਸਿੰਘ ਉਰਫ ਚੰਦ ਪੁੱਤਰ ਸੋਹਣ ਸਿੰਘ ਵਾਸੀ ਪਮਾਲੀ, ਗੁਰਪ੍ਰੀਤ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਝੱਮਟ, ਸੁਖਵਿੰਦਰ ਸਿੰਘ ਉਰਫ ਮਾਨ ਸਾਹਬ ਪੁੱਤਰ ਹਰਬੰਸ ਸਿੰਘ ਵਾਸੀ ਰਾੜਾ, ਦਲਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਰਾਣਵਾਂ ਅਤੇ ਹਰਪ੍ਰੀਤ ਸਿੰਘ ਗਿੱਲ ਪੁੱਤਰ ਨਰਿੰਦਰ ਸਿੰਘ ਵਾਸੀ ਬਾਬਾ ਜੀਵਨ ਸਿੰਘ ਨਗਰ ਤਾਜਪੁਰ ਰੋਡ ਲੁਧਿਆਣਾ ਸਾਮਲ ਹਨ। ਗ੍ਰਿਫ਼ਤਾਰ ਵਿਅਕਤੀਆਂ ਦੇ ਕਬਜੇ ਵਿੱਚੋਂ ਪੁਲਿਸ ਨੇ 11 ਲੱਖ ਰੁਪਏ, ਬੀਐਮਡਬਲਯੂ ਕਾਰ, ਇਨੋਵਾ ਕਾਰ ਅਤੇ ਇੱਕ ਵਰੀਟੋ ਕਾਰ ਬਰਾਮਦ ਕੀਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ