ਨਿਰੰਤਰ ਗਤੀਸ਼ੀਲ ਸਿਰਜਕ, ਗੁਰਭਜਨ ਗਿੱਲ

ਨਿਰੰਤਰ ਗਤੀਸ਼ੀਲ ਸਿਰਜਕ, ਗੁਰਭਜਨ ਗਿੱਲ

ਪੰਜਾਬੀ ਕਵੀ ਗੁਰਭਜਨ ਗਿੱਲ ਦਾ ਜਨਮ 2 ਮਈ 1953 ਨੂੰ ਗੁਰਦਾਸਪੁਰ ਜ਼ਿਲ੍ਹੇ ਦੀ ਡੇਰਾ ਬਾਬਾ ਨਾਨਕ ਤਹਿਸੀਲ ਦੇ ਪਿੰਡ ਬਸੰਤ ਕੋਟ (ਨੇੜੇ ਧਿਆਨਪੁਰ) ਵਿਖੇ ਪਿਤਾ ਸਰਦਾਰ ਹਰਨਾਮ ਸਿੰਘ ਗਿੱਲ ਅਤੇ ਮਾਤਾ ਤੇਜ ਕੌਰ ਦੇ ਘਰ ਹੋਇਆ। ਵੱਡੇ ਭੈਣ ਪਿ੍ਰੰਸੀਪਲ ਮਨਜੀਤ ਕੌਰ ਵੜੈਚ, ਵੱਡੇ ਵੀਰ ਪਿ੍ਰੰਸੀਪਲ ਜਸਵੰਤ ਸਿੰਘ ਗਿੱਲ ਤੇ ਪ੍ਰੋ. ਸੁਖਵੰਤ ਸਿੰਘ ਗਿੱਲ ਦਾ ਨਿੱਕਾ ਭਰਾ ਗੁਰਭਜਨ ਗਿੱਲ ਸਮਰੱਥ ਤੇ ਲਗਾਤਾਰ ਕਿਰਿਆਸ਼ੀਲ ਪੰਜਾਬੀ ਕਵੀ, ਸਾਹਿਤਕ ਟਿੱਪਣੀਕਾਰ, ਖੇਤੀਬਾੜੀ ਵਿਗਿਆਨ ਸਾਹਿਤ ਸੰਪਾਦਕ ਅਤੇ ਪੇਂਡੂ ਖੇਡਾਂ ਦੇ ਖੇਤਰ ਵਿੱਚ ਸਰਪ੍ਰਸਤ ਵਜੋਂ ਬਹੁਤ ਹੀ ਸਰਗਰਮ ਸ਼ਖਸੀਅਤ ਹੈ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਿੱਚ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਮੈਂਬਰ ਵਜੋਂ ਪੰਜਾਬੀ ਭਵਨ ਲੁਧਿਆਣਾ ਵਿੱਚ ਉਹ 1980 ਤੋਂ ਲਗਾਤਾਰ ਸਰਗਰਮ ਹਨ।

ਪਿੰਡ ਤੋਂ ਪ੍ਰਾਇਮਰੀ, ਧਿਆਨਪੁਰ ਤੋਂ ਦਸਵੀਂ, ਗੁਰੂ ਨਾਨਕ ਕਾਲਜ ਕਾਲਾ ਅਫਗਾਨਾ (ਗੁਰਦਾਸਪੁਰ) ਤੋਂ ਬੀਏ ਭਾਗ ਪਹਿਲਾ ਪਾਸ ਕਰਕੇ ਜੀਜੀਐੱਨ ਖਾਲਸਾ ਕਾਲਜ ’ਚ ਪੜ੍ਹਨ ਆ ਗਏ ਜਿੱਥੋਂ 1974 ਵਿੱਚ ਗ੍ਰੈਜੂਏਸ਼ਨ ਕਰਕੇ ਗੌਰਮਿੰਟ ਕਾਲਜ ਲੁਧਿਆਣਾ ਤੋਂ ਐੱਮ ਏ ਪੰਜਾਬੀ ਪਹਿਲੇ ਦਰਜੇ ’ਚ ਪਾਸ ਕੀਤੀ। 1954 ’ਚ ਸਥਾਪਤ ਇਸ ਮਹਾਨ ਸੰਸਥਾ ਦੇ ਉਹ 2010 ਤੋਂ 2014 ਤੀਕ ਪ੍ਰਧਾਨ ਰਹੇ। ਉਨ੍ਹਾਂ ਤੋਂ ਪਹਿਲਾਂ ਭਾਈ ਸਾਹਿਬ ਭਾਈ ਜੋਧ ਸਿੰਘ, ਡਾ. ਮ. ਸ. ਰੰਧਾਵਾ, ਪ੍ਰੋ. ਪ੍ਰੀਤਮ ਸਿੰਘ, ਗਿਆਨੀ ਲਾਲ ਸਿੰਘ, ਡਾ. ਸ. ਸ. ਜੌਹਲ, ਸ. ਅਮਰੀਕ ਸਿੰਘ ਪੂਨੀ, ਡਾ. ਸੁਰਜੀਤ ਪਾਤਰ, ਡਾ ਦਲੀਪ ਕੌਰ ਟਿਵਾਣਾ ਵੀ ਪ੍ਰਧਾਨ ਰਹਿ ਚੁੱਕੇ ਸਨ।
ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸਨ ਦੇ 1978 ਤੋਂ 2014 ਤੀਕ ਕਾਰਜਸ਼ੀਲ ਮਹੱਤਵਪੂਰਨ ਅਹੁਦੇਦਾਰ ਰਹੇ ਹਨ।

ਪੇਂਡੂ ਖੇਡਾਂ ਦੀ ਉਲੰਪਿਕਸ ਕਿਲ੍ਹਾ ਰਾਏਪੁਰ, ਗੁੱਜਰਵਾਲ (ਲੁਧਿਆਣਾ) ਤੇ ਕੋਟਲਾ ਸਾਹੀਆ (ਗੁਰਦਾਸਪੁਰ) ਵਿੱਚ ਹੁੰਦੀਆਂ ਕਮਲਜੀਤ ਖੇਡਾਂ ਦੇ ਪ੍ਰਬੰਧ ਵਿੱਚ ਵੱਖ-ਵੱਖ ਸਮੇਂ ਅਹਿਮ ਸਲਾਹਕਾਰੀ ਭੂਮਿਕਾ ਨਿਭਾਉਂਦੇ ਰਹੇ ਹਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ’ਚ 30 ਅਪਰੈਲ 1983 ਤੋਂ 31 ਮਈ 2013 ਤੀਕ ਸੀਨੀਅਰ ਸੰਪਾਦਕ ਰਹੇ। ਇਸ ਤੋਂ ਪਹਿਲਾਂ ਉਹ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਤੇ ਲਾਜਪੱਤ ਰਾਏ ਮੈਮੋਰੀਅਲ ਕਾਲਜ ਜਗਰਾਉਂ (ਲੁਧਿਆਣਾ) ਵਿੱਚ 6 ਸਾਲ ਤੋਂ ਵੱਧ ਸਮਾਂ ਪੜ੍ਹਾਇਆ। ਪੰਜਾਬ ਖੇਤੀ ਯੂਨੀਵਰਸਿਟੀ ਤੋਂ ਸੇਵਾਮੁਕਤ ਹੋਣ ਉਪਰੰਤ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ (ਬਠਿੰਡਾ) ਵਿੱਚ ਵੀ ਕੁਝ ਸਮਾਂ ਡਾਇਰੈਕਟਰ (ਯੋਜਨਾ ਤੇ ਵਿਕਾਸ) ਰਹੇ।

ਫੈਲੋਸ਼ਿਪ:

ਪੰਜਾਬੀ ਯੂਨੀਵਰਸਿਟੀ ਪਟਿਆਲਾ 2015
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ 2015
ਗੁਰਭਜਨ ਗਿੱਲ ਪਿਛਲੇ ਪੰਜ ਦਹਾਕਿਆਂ ਤੋਂ ਪਰਿਵਾਰ ਸਮੇਤ 113 ਐੱਫ ਸ਼ਹੀਦ ਭਗਤ ਸਿੰਘ ਨਗਰ ਪੱਖੋ ਵਾਲ ਰੋਡ ਲੁਧਿਆਣਾ ਵਿੱਚ ਰਹਿੰਦੇ ਹਨ। 

ਉਨ੍ਹਾਂ ਦੀਆਂ ਰਚਨਾਵਾਂ

ਸ਼ੀਸ਼ਾ ਝੂਠ ਬੋਲਦਾ ਹੈ (ਕਾਵਿ ਸੰਗ੍ਰਹਿ), ਹਰ ਧੁਖਦਾ ਪਿੰਡ ਮੇਰਾ ਹੈ (ਗਜ਼ਲਾਂ), ਸੁਰਖ਼ ਸਮੁੰਦਰ, ਦੋ ਹਰਫ਼ ਰਸੀਦੀ (ਗ਼ਜ਼ਲਾਂ), ਅਗਨ ਕਥਾ (ਕਾਵਿ ਸੰਗ੍ਰਹਿ), ਮਨ ਦੇ ਬੂਹੇ ਬਾਰੀਆਂ (ਗ਼ਜ਼ਲਾਂ), ਧਰਤੀ ਨਾਦ (ਕਾਵਿ ਸੰਗ੍ਰਹਿ), ਖ਼ੈਰ ਪੰਜਾਂ ਪਾਣੀਆਂ ਦੀ (ਹਿੰਦ-ਪਾਕਿ ਰਿਸ਼ਤਿਆਂ ਬਾਰੇ ਕਵਿਤਾਵਾਂ), ਫੁੱਲਾਂ ਦੀ ਝਾਂਜਰ (ਗੀਤ ਸੰਗ੍ਰਹਿ), ਪਾਰਦਰਸ਼ੀ (ਕਾਵਿ ਸੰਗ੍ਰਹਿ), ਮੋਰਪੰਖ (ਗ਼ਜ਼ਲਾਂ), ਮਨ ਤੰਦੂਰ (ਕਾਵਿ ਸੰਗ੍ਰਹਿ), ਤਾਰਿਆਂ ਦੇ ਨਾਲ ਗੱਲਾਂ ਕਰਦਿਆਂ (ਸੁਲੱਖਣ ਸਰਹੱਦੀ ਵੱਲੋਂ ਸੰਪਾਦਿਤ ਚੋਣਵੀਆਂ ਗ਼ਜ਼ਲਾਂ), ਗੁਲਨਾਰ (ਗ਼ਜ਼ਲਾਂ), ਮਿਰਗਾਵਲੀ (ਗ਼ਜ਼ਲਾਂ), ਰਾਵੀ (ਗਜ਼ਲਾਂ), ਸੁਰਤਾਲ (ਗਜ਼ਲਾਂ), ਚਰਖੜੀ (ਕਵਿਤਾਵਾਂ), ਪਿੱਪਲ ਪੱਤੀਆਂ (ਗੀਤ ਸੰਗ੍ਰਹਿ ), ਪੱਤੇ ਪੱਤੇ ਲਿਖੀ ਇਬਾਰਤ, (ਕੁਦਰਤ ਬਾਰੇ 103 ਰੁਬਾਈਆਂ), ਤੇਜ ਪ੍ਰਤਾਪ ਸਿੰਘ ਸੰਧੂ ਦੇ ਫੋਟੋ ਚਿੱਤਰਾਂ ਸਮੇਤ ਕੌਫੀ ਟੇਬਲ ਕਿਤਾਬ) ਛਪ ਚੁੱਕੀਆਂ ਹਨ।

ਵਾਤਾਵਰਨ ਬਾਰੇ ਇਕਲੌਤੀ ਵਾਰਤਕ ਪੁਸਤਕ: ਕੈਮਰੇ ਦੀ ਅੱਖ ਬੋਲਦੀ 1999 ’ਚ ਛਪੀ ਸੀ ਜੋ ਪਹਿਲਾਂ ਰੋਜ਼ਾਨਾ ਅਖਬਾਰ ’ਚ ਲਗਾਤਾਰ ਤਿੰਨ ਸਾਲ ਛਪੇ ਲੇਖਾਂ ਤੇ ਸ. ਤੇਜਪ੍ਰਤਾਪ ਸਿੰਘ ਸੰਧੂ ਜੀ ਦੇ ਫੋਟੋ ਚਿੱਤਰਾਂ ਨਾਲ ਸੁਸੱਜਿਤ ਹੈ। ਵਰਤਮਾਨ ਸਮੇਂ ਆਪ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰੱਸਟ ਬੱਸੀਆਂ-ਰਾਏਕੋਟ (ਲੁਧਿਆਣਾ) ਸ੍ਰ. ਸੋਭਾ ਸਿੰਘ ਮੈਮੋਰੀਅਲ ਫਾਊਂਡੇਸ਼ਨ ਸ੍ਰੀ ਹਰਗੋਬਿੰਦਪੁਰ (ਗੁਰਦਾਸਪੁਰ) ਅਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਵੀ ਚੇਅਰਮੈਨ ਹਨ।

ਤ੍ਰੈਲੋਚਨ ਲੋਚੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here