ਹੋਲੀ ਸਿਟੀ ਕਾਲੋਨੀ ਵਾਸੀਆਂ ਵੱਲੋਂ ਸੁਰੱਖਿਆ ਸਬੰਧੀ ਕਲੋਨਾਈਜ਼ਰ ਤੇ ਪ੍ਰਸ਼ਾਸ਼ਨ ਵਿਰੁੱਧ ਰੋਸ ਮੁਜ਼ਾਹਰਾ

ਲਾਈਸੈਂਸ ਰੱਦ ਹੋਣ ਦੇ ਬਾਵਜ਼ੂਦ ਪ੍ਰਸ਼ਾਸਨ ਨਹੀਂ ਕਰ ਰਿਹਾ ਕੋਈ ਕਾਰਵਾਈ

(ਰਾਜਨ ਮਾਨ) ਅੰਮ੍ਰਿਤਸਰ। ਕਲੋਨਾਈਜ਼ਰ ਤੇ ਪ੍ਰਸ਼ਾਸਨ ਦੀਆਂ ਧੱਕੇਸ਼ਾਹੀਆਂ ਸ਼ਿਕਾਰ ਹੋ ਰਹੇ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਦੀ ਰਿਹਾਇਸ਼ੀ ਕਲੋਨੀ ਹੋਲੀ ਸਿਟੀ ਦੇ ਵਾਸੀਆਂ ਵੱਲੋਂ ਹੁਣ ਆਪਣੀ ਕੋਈ ਸੁਣਵਾਈ ਨਾ ਹੁੰਦੇ ਵੇਖ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਮੁੱਖ ਮੰਤਰੀ ਨੂੰ ਤੁਰੰਤ ਕਲੋਨਾਈਜ਼ਰ ਤੇ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।

ਕਾਲੋਨੀ ਵਿੱਚ ਬੀਤੀ ਦਿਨੀਂ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵੱਲੋਂ ਕਾਲੋਨੀ ਦੇ ਵਾਸੀ ਦੀ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੇ ਜਾਣ ਤੋਂ ਬਾਅਦ ਕਾਲੋਨੀ ਵਾਸੀਆਂ ਵੱਲੋਂ ਆਪਣੀ ਸੁਰੱਖਿਆ ਖੁਦ ਕਰਨ ਦੇ ਮਕਸਦ ਨਾਲ ਆਪਣੇ ਪੱਧਰ ’ਤੇ ਸੁਰੱਖਿਆ ਕਰਮਚਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਪਰ ਕਲੋਨਾਈਜ਼ਰ ਵੱਲੋਂ ਗੁੰਢਾਗਰਦੀ ਵਿਖਾਈ ਜਾਣ ਦੇ ਰੋਸ ਵਜੋਂ ਲੋਕ ਸੜਕਾਂ ‘ਤੇ ਉਤਰ ਆਏ ਹਨ। ਲੋਕਾਂ ਵਲੋਂ ਕਲੋਨਾਈਜ਼ਰ ਦਾ ਪਿੱਟ ਸਿਆਪਾ ਵੀ ਕੀਤਾ ਗਿਆ।

ਹੋਲੀ ਸਿਟੀ ਟਾਊਨਸ਼ਿਪ ਐਸੋਸੀੲਏਸ਼ਨ ਦੇ ਚੀਫ ਪੈਟਰਨ ਰਿਟਾਇਰਡ ਜੁਆਇੰਟ ਡਿਪਟੀ ਡਾਇਰੈਕਟਰ ਇੰਟੈਲੀਜੈਂਸ ਬਿਊਰੋ ਐਚ.ਐਸ.ਘੁੰਮਣ, ਸਾਬਕਾ ਵਾਈਸ ਚਾਂਸਲਰ ਡਾ.ਐਮ.ਪੀ.ਐਸ.ਈਸ਼ਰ, ਰਾਜਨ ਮਾਨ, ਕੈਲਾਸ਼ ਬਾਂਸਲ, ਗੁਰਦੇਵ ਸਿੰਘ ਮਾਹਲ, ਗੁਰਪ੍ਰੀਤ ਸਿੰਘ ਸਿੱਧੂ, ਸਾਬਕਾ ਰਜਿਸਟਰਾਰ ਡਾ ਸ਼ਰਨਜੀਤ ਸਿੰਘ ਢਿੱਲੋਂ, ਵਿਜੇ ਸ਼ਰਮਾ, ਸੰਦੀਪ ਖੋਸਲਾ, ਡਾ. ਨਰਿੰਦਰਪਾਲ ਸਿੰਘ ਸੈਣੀ ਨੇ ਦੱਸਿਆ ਕਿ ਕਤਲ ਦੀ ਵਾਰਦਾਤ ਤੋਂ ਬਾਅਦ ਕਾਲੋਨੀ ਵਾਸੀਆਂ ਵੱਲੋਂ ਆਪਣੀ ਸੁਰੱਖਿਆ ਖੁਦ ਕਰਨ ਲਈ ਚੁੱਕੇ ਗਏ ਕਦਮਾਂ ਤਹਿਤ ਕਲੋਨਾਈਜ਼ਰ ਢਿੱਲੋਂ ਬਿਲਡਰ ਵਲੋਂ ਆ ਕੇ ਉਹਨਾਂ ਨੂੰ ਧਮਕਾਇਆ ਜਾ ਰਿਹਾ ਹੈ ਅਤੇ ਅਜਿਹਾ ਕਰਨ ਤੇ ਗੰਭੀਰ ਨਤੀਜੇ ਭੁਗਤਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਕੁਝ ਦਿਨ ਪਹਿਲਾਂ ਕਮਿਸ਼ਨਰ ਪੁਲਿਸ ਅੰਮਿ੍ਰਤਸਰ ਨੂੰ ਇੱਕ ਪੱਤਰ ਵੀ ਦਿੱਤਾ ਗਿਆ ਹੈ ਅਤੇ ਡਿਪਟੀ ਕਮਿਸ਼ਨਰ ਪੁਲਿਸ ਲਾਅ ਐਂਡ ਆਰਡਰ ਨੂੰ ਮਿਲ ਕੇ ਕਲੋਨਾਈਜ਼ਰ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਸਬੰਧੀ ਮੰਗ ਪੱਤਰ ਵੀ ਦਿੱਤਾ ਹੈ। ਇਸ ਤੋਂ ਇਲਾਵਾ ਏ ਸੀ ਪੀ ਅਤੇ ਐਸ ਐਚ ਓ ਨੂੰ ਵੀ ਪੱਤਰ ਦਿੱਤੇ ਗਏ ਹਨ ਪਰ ਪੁਲਿਸ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਕਾਲੋਨੀ ਦੀ ਸੁਰੱਖਿਆ ’ਤੇ ਹੋਰ ਕਈ ਬੁਨਿਆਦੀ ਸਹੂਲਤਾਂ ਨੂੰ ਲੈ ਕੇ ਉਹ ਕਲੋਨਾਈਜ਼ਰ ਵਿਰੁੱਧ ਪ੍ਰਸ਼ਾਸ਼ਨ ਨੂੰ ਪਹਿਲਾਂ ਵੀ ਕਈ ਵਾਰ ਲਿਖਕੇ ਦੇ ਚੁੱਕੇ ਹਨ ਪਰ ਕਲੋਨਾਈਜ਼ਰ ਤੇ ਪ੍ਰਸ਼ਾਸ਼ਨ ਦੀ ਕਥਿਤ ਮਿਲੀਭੁਗਤ ਦਾ ਖਮਿਆਜ਼ਾ ਉਹਨਾਂ ਨੂੰ ਭੁਗਤਣਾ ਪੈ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਸ ਸਬੰਧੀ ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਪੰਜਾਬ ਨੂੰ ਵੀ ਪੱਤਰ ਲਿਖਕੇ ਮੰਗ ਕੀਤੀ ਗਈ ਹੈ ਕਿ ਇਸ ਕਲੋਨਾਈਜ਼ਰ ਵਿਰੁੱਧ ਤੁਰੰਤ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਕਲੋਨਾਈਜ਼ਰ ਦੇ ਲਾਇਸੰਸ ਕਈ ਸਾਲ ਪਹਿਲਾਂ ਦੇ ਖਤਮ ਹੋ ਚੁੱਕੇ ਹਨ ਅਤੇ ਇਹ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਾ ਰਿਹਾ ਹੈ ਪਰ ਸਰਕਾਰ ਇਸ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੀ। ਲੋਕਾਂ ਨੇ ਹੱਥਾਂ ਵਿੱਚ ਕਾਲੇ ਝੰਡੇ ਫੜੇ ਹੋਏ ਸਨ। ਲੋਕਾਂ ਨੇ ਕਾਲੋਨੀ ਦਾ ਮੁੱਖ ਗੇਟ ਬੰਦ ਕਰਕੇ ਕਲੋਨਾਈਜ਼ਰ ਦਾ ਪਿੱਟ ਸਿਆਪਾ ਕੀਤਾ।

ਲੋਕਾਂ ਵਿੱਚ ਭਾਰੀ ਰੋਹ ਪਾਇਆ ਜਾ ਰਿਹਾ ਸੀ। ਲੋਕ ਕਲੋਨਾਈਜ਼ਰ ਮੁਰਦਾਬਾਦ ਤੇ ਪ੍ਰਸ਼ਾਸ਼ਨ ਮੁਰਦਾਬਾਦ ਦੇ ਨਾਅਰੇ ਲਾ ਰਹੇ ਸਨ। ਉਨ੍ਹਾਂ ਕਿਹਾ ਕਿ ਕਲੋਨਾਈਜ਼ਰ ਸਿਆਸੀ ਦਬਾਉ ਪਾ ਕੇ ਅਧਿਕਾਰੀਆਂ ਨੂੰ ਹੁਣ ਤੱਕ ਡਰਾਉੰਦਾ ਆ ਰਿਹਾ ਹੈ ਪਰ ਹੁਣ ਆਪ ਦੀ ਸਰਕਾਰ ਬਣਨ ਤੇ ਉਹਨਾਂ ਨੂੰ ਆਸ ਦੀ ਕਿਰਨ ਨਜ਼ਰ ਆਈ ਸੀ ਪਰ ਹੁਣ ਵੀ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਅਜਿਹੇ ਕਲੋਨਾਈਜ਼ਰਾਂ ਵਿਰੁੱਧ ਸਖਤ ਐਕਸ਼ਨ ਲਿਆ ਜਾਵੇ ਜੋ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਾ ਰਿਹਾ ਹੈ। ਇਸਦੀ ਜਾਇਦਾਦ ਦੀ ਜਾਂਚ ਕਰਵਾਈ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ