ਸੰਸਾਰ ਪ੍ਰਸਿੱਧ ਮੁੱਕੇਬਾਜ਼ ਮੁਹੰਮਦ ਅਲੀ ਨਾਲ ਲੜਨ ਵਾਲਾ ਪਦਮਸ੍ਰੀ ਕੌਰ ਸਿੰਘ
ਬਾਕਸਿੰਗ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਪੱਧਰ ’ਤੇ ਦੇਸ਼ ਦਾ ਨਾਂਅ ਚਮਕਾਉਣ ਵਾਲੇ ਪਦਮਸ਼੍ਰੀ ਅਤੇ ਅਰਜੁਨ ਐਵਾਰਡ ਜੇਤੂ ਕੌਰ ਸਿੰਘ ਅੱਜ ਬੁਢਾਪੇ ਦੇ ਦਿਨਾਂ ’ਚ ਨਿਰਾਸ਼ਾ ਭਰੀ ਜ਼ਿੰਦਗੀ ਜੀਅ ਰਿਹਾ ਹੈ। ਉਸ ਨੇ ਆਪਣੀ ਸਾਰੀ ਜਵਾਨੀ ਦੇਸ਼ ਭਗਤੀ ਤੇ ਬਾਕਸਿੰਗ ਦੇ ਖੇਤਰ ਵਿੱਚ ਦੇਸ਼ ਦਾ ਨਾਂਅ ਚਮਕਾਉਣ ਵਿੱਚ ਲੰਘਾ ਦਿੱਤੀ ਪਰ ਅਫ਼ਸੋਸ ਕਿ ਕਿਸੇ ਨੇ ਉਸਦਾ ਦੁਆਨੀ ਮੁੱਲ ਨਹੀਂ ਪਾਇਆ। ਬਾਕਸਿੰੰਗ ਖੇਤਰ ਦੇ ਇਸ ਮਹਾਨ ਖਿਡਾਰੀ ਦੀ ਤਰਾਸਦੀ ਬਾਰੇ ਚਰਚਾ ਉਦੋਂ ਛਿੜੀ ਜਦ ਇੱਕ ਫ਼ਿਲਮਕਾਰ ਨੇ ਉਸ ਨੂੰ ਫ਼ਿਲਮੀ ਹੀਰੋ ਬਣਾ ਕੇ ਪਰਦੇ ’ਤੇ ਲਿਆਉਣ ਦਾ ਯਤਨ ਕੀਤਾ। ਅਜਿਹੇ ਖਿਡਾਰੀਆਂ ਬਾਰੇ ਅਕਸਰ ਹੀ ਬਾਲੀਵੁੱਡ ਵਾਲੇ ਫ਼ਿਲਮਾਂ ਬਣਾਉਂਦੇ ਰਹਿੰਦੇ ਹਨ ਪਰ ਪੰਜਾਬੀ ਵਿੱਚ ਅਜਿਹਾ ਯਤਨ ਹੈਰਾਨੀਜਨਕ ਹੈ।
ਸੰਗਰੂਰ ਜਿਲ੍ਹੇ ਦੇ ਪਿੰਡ ਛੋਟੀ ਖਨਾਲ ’ਚ ਆਰਥਿਕ ਹਾਲਾਤਾਂ ਨਾਲ ਜੂਝ ਰਹੇ ਸੱਤਰ ਸਾਲਾ ਸੂਬੇਦਾਰ ਕੌਰ ਸਿੰਘ ਨੇ ਦੱਸਿਆ ਕਿ ਉਹ 1970 ’ਚ ਫੌਜ ਵਿੱਚ ਭਰਤੀ ਹੋਇਆ ਸੀ ਜਿੱਥੇ ਦੇਸ਼ ਦੀ ਸੇਵਾ ਕਰਦਿਆਂ ਉਸ ਅੰਦਰ ਬਾਕਸਿੰਗ ਦੇ ਖੇਤਰ ਵਿੱਚ ਵੱਖਰਾ ਮੁਕਾਮ ਹਾਸਲ ਕਰਨ ਦੀ ਜਗਿਆਸਾ ਪੈਦਾ ਹੋਈ। ਉਸ ਦੇ ਇਸ ਸ਼ੌਂਕ ਨੂੰ ਪੂਰਾ ਕਰਨ ਲਈ ਕਰਨਲ ਬਲਜੀਤ ਸਿੰਘ ਜੌਹਲ ਨੇ ਭਰਪੂਰ ਯੌਗਦਾਨ ਪਾਉਂਦਿਆਂ ਪੂਨਾ ਇੰਸਟੀਚਿਊਟ ਵਿੱਚ ਟਰੇਨਿੰਗ ਕੈਂਪ ਲਾਉਣ ਲਈ ਪ੍ਰੇਰਿਤ ਕੀਤਾ।
ਜਿੱਥੋਂ ਬਾਕਸਿੰਗ ਦੀ ਸਿਖਲਾਈ ਲੈ ਕੇ ਨਿਪੁੰਨਤਾ ਹਾਸਲ ਕੀਤੀ। ਆਪਣੀ ਮਿਹਨਤ ਤੇ ਲਗਨ ਨਾਲ ਉਸ ਨੇ ਨੈਸ਼ਨਲ ਖੇਡਦਿਆਂ ਪਹਿਲੀ ਵਾਰ ਸਿਕੰਦਾਰਾਬਾਦ ਵਿਖੇ ਗੋਲਡ ਮੈਡਲ ਜਿੱਤਿਆ। ਫ਼ਿਰ ਉਹ ਇੰਡੀਆ ਕੱਪ ਲਈ ਚੁਣਿਆ ਗਿਆ। ਇਸ ਦੇ ਨਾਲ ਹੀ ਉਸ ਨੇ ਕਾਮਨ ਵੈਲਥ ਖੇਡਾਂ ਤੇ ਕਿੰਗ ਕੱਪ ’ਚ ਖੇਡਦਿਆਂ ਵੀ ਗੋਲਡ ਮੈਡਲ ਜਿੱਤੇ। ਨੌਵੀਂ ਏਸ਼ੀਅਨ ਚੈਂਪੀਅਨਸ਼ਿਪ ਬੰਬੇ ਵਿਖੇ ਵੀ ਗੋਲਡ ਮੈਡਲ ਜਿੱਤਣ ਵਾਲਾ ਉਹ ਇਕੱਲਾ ਹੀ ਸੀ। ਦੁਨੀਆਂ ਭਰ ਦੇ ਨੰਬਰ ਵਨ ਬਾਕਸਰ ਮੁਹੰਮਦ ਅਲੀ ਨਾਲ ਵੀ ਖੇਡਿਆ। ਉਸ ਨੂੰ 1982 ਵਿੱਚ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਫਿਰ 1983 ਵਿੱਚ ‘ਪਦਮਸ਼੍ਰੀ’ ਐਵਾਰਡ ਵੀ ਮਿਲਿਆ। 1984 ਨੂੰ ਅਮਰੀਕਾ ਦੇ ਲਾਸ ਏਂਜਲਸ ਵਿਖੇ ਹੋਈਆਂ ਓਲੰਪਿਕ ਖੇਡਾਂ ਵਿੱਚ ਵੀ ਭਾਗ ਲਿਆ ਜਿੱਥੇ ਹੋਈ ਇੱਕ ਘਟਨਾ ਨੇ ਉਸਦਾ ਮਨ ਖੱਟਾ ਕਰ ਦਿੱਤਾ ਤੇ ਉਸ ਨੇ ਬਾਕਸਿੰਗ ਖੇਡਣੀ ਛੱਡ ਦਿੱਤੀ। ਕੌਰ ਸਿੰਘ ਨੇ ਦੱਸਿਆ ਕਿ ਉਸ ਨੇ 21 ਸਾਲ ਨੌਕਰੀ ਕੀਤੀ ਫ਼ਿਰ ਉਹ ਪੰਜਾਬ ਪੁਲਿਸ ਵਿੱਚ ਭਰਤੀ ਹੋ ਗਿਆ, ਜਿੱਥੇ ਉਸ ਨੇ ਅਨੇਕਾਂ ਨਵੇਂ ਖਿਡਾਰੀਆਂ ਨੂੰ ਬਾਕਸਿੰਗ ਦੀ ਟਰੇਨਿੰਗ ਦਿੱਤੀ।
ਕੌਰ ਸਿੰਘ ਦਾ ਸਰਕਾਰ ਪ੍ਰਤੀ ਰੋਸ ਹੈ ਕਿ ਸਰਕਾਰਾਂ ਨੇ ਉਸ ਦੀ ਕਦਰ ਨਹੀਂ ਪਾਈ। ਮਹਾਰਾਜਾ ਰਣਜੀਤ ਸਿੰਘ ਐਵਾਰਡ ਲਈ ਉਸਨੂੰ ਅਣਗੌਲਿਆਂ ਕੀਤਾ ਗਿਆ ਜਦਕਿ ਉਸਦੇ ਸਮੇਂ ਦੇ ਬਾਕੀ ਸਾਰੇ ਖਿਡਾਰੀਆਂ ਨੂੰ ਇਹ ਐਵਾਰਡ ਮਿਲ ਚੁੱਕਾ ਹੈ। ਪਿੱਛੇ ਜਿਹੇ ਉਸਦਾ ਲੰਮਾ ਇਲਾਜ ਚੱਲਿਆ, ਉਦੋਂ ਵੀ ਸਰਕਾਰ ਨੇ ਉਸਦੀ ਬਾਂਹ ਨਾ ਫੜੀ। ਅਖੀਰ ਉਸਨੇ ਸਰਕਾਰੀ ਦਰਬਾਰੇ ਤੋਂ ਆਸ ਛੱਡ ਦਿੱਤੀ। ਉਸਦਾ ਇੱਕ ਬੇਟਾ ਫੌਜ ਵਿੱਚ ਹੈ ਤੇ ਦੂਸਰਾ ਖੇਤੀ ਕਰਦਾ ਹੈ ਜਦਕਿ ਬਾਕਸਿੰਗ ਦੇ ਖੇਤਰ ਵਿੱਚ ਕੋਈ ਨਹੀਂ ਆਇਆ। ਫ਼ਿਲਮ ਬਾਰੇ ਉਸਦਾ ਕਹਿਣਾ ਹੈ ਕਿ ਕੈਨੇਡਾ ਤੋਂ ਕਰਮ ਸਿੰਘ ਬਾਠ ਨੇ ਮੇਰੀ ਜਿੰਦਗੀ ਬਾਰੇ ਚਾਨਣਾ ਪਾਉਂਦੀ ਫ਼ਿਲਮ ਬਣਾਈ ਹੈ ਜੋ ਬਹੁਤ ਜਲਦ ਲੋਕ ਵੇਖਣਗੇ। ਕਰਮ ਬਾਠ ਨੇ ਉਸਦਾ ਮੁੱਖ ਕਿਰਦਾਰ ਨਿਭਾਇਆ ਹੈ।
ਬਾਕਸਿੰਗ ਖਿਡਾਰੀ ‘ਕੌਰ ਸਿੰਘ’ ਬਾਰੇ ਗੱਲ ਕਰਦਿਆਂ ਕਰਮ ਬਾਠ ਨੇ ਕਿਹਾ, ਉਂਜ ਇਸ ਤੋਂ ਪਹਿਲਾਂ ਵੀ ਸਿਨੇਮੇ ਨੇ ਅਜਿਹੇ ਅਣਗੌਲੇ ਮਹਾਨ ਬੰਦਿਆਂ ਨੂੰ ਸਾਹਮਣੇ ਲਿਆਂਦਾ ਹੈ ਜਿਨ੍ਹਾਂ ਬਾਰੇ ਅੱਜ ਦੀ ਨਵੀਂ ਪੀੜ੍ਹੀ ਨਹੀਂ ਜਾਣਦੀ। ਮਿਲਖਾ ਸਿੰਘ, ਪਾਨ ਸਿੰਘ ਤੋਮਰ ਬਾਰੇ ਬਾਲੀਵੁੱਡ ’ਚ ਬਣੀਆਂ ਫ਼ਿਲਮਾਂ ਵਾਂਗ ਪੰਜਾਬੀ ਸਿਨੇਮੇ ਵਿੱਚ ਵੀ ਖਿਡਾਰੀ ਹਰਜੀਤ ਸਿੰਘ ਤੁਲੀ ਦੀ ਜਿੰਦਗੀ ’ਤੇ ਬਣੀ ਨੈਸ਼ਨਲ ਐਵਾਰਡ ਜੇਤੂ ਫਿਲਮ ‘ਹਰਜੀਤਾ’, ਸੂਬੇਦਾਰ ਜੋਗਿੰਦਰ ਸਿੰਘ, ਸੱਜਣ ਸਿੰਘ ਰੰਗਰੂਟ ਆਦਿ ਫਿਲਮਾਂ ਦੀ ਤਾਜ਼ਾ ਉਦਾਹਰਣ ਸਾਡੇ ਸਾਹਮਣੇ ਹੀ ਹੈ।
ਕੌਰ ਸਿੰਘ ਦੇ ਜਿੰਦਗੀ ਨਾਮੇ ਦੀ ਇਹ ਫਿਲਮ ਮਨੋਰੰਜਨ ਦੇ ਨਾਲ-ਨਾਲ ਸਮਾਜ ਲਈ ਇੱਕ ਬਹੁਤ ਵੱਡਾ ਮੈਸੇਜ ਵੀ ਹੋਵੇਗੀ ਤੇ ਅੱਜ ਦੇ ਨੌਜਵਾਨ ਵਰਗ ਨੂੰ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਖੇਡ ਜਗਤ ਵੱਲ ਆਉਣ ਲਈ ਪੇ੍ਰਰਿਤ ਕਰੇਗੀ।
ਇਸ ਫਿਲਮ ਦੀ ਕਹਾਣੀ ’ਤੇ ਉਸਨੇ ਬਹੁਤ ਮਿਹਨਤ ਕੀਤੀ ਹੈ। ਜਿਸ ਵਿੱਚ ਉਸ ਦੀ ਜ਼ਿੰਦਗੀ ਦੇ ਹਰੇਕ ਪਹਿਲੂ ਨੂੰ ਛੋਹਿਆ ਹੈ ਕਿ ਇੱਕ ਬਾਕਸਰ ਦੀ ਜਿੰਦਗੀ ਕਿਹੋ-ਜਿਹੀ ਹੁੰਦੀ ਹੈ। ਉਸ ਦੀ ਸੋਚ ਕਿਹੋ-ਜਿਹੀ ਹੁੰਦੀ ਹੈ। ਫੌਜ ਵਿੱਚ ਦੋ ਜੰਗਾਂ ਜਿੱਤਣ ਤੇ ਬਾਕਸਿੰਗ ਦੇ ਖੇਤਰ ਵਿੱਚ ਅਰਜੁਨ ਐਵਾਰਡ, ਪਦਮਸ਼੍ਰੀ ਐਵਾਰਡ ਸਮੇਤ ਦਰਜਨਾਂ ਗੋਲਡ ਮੈਡਲ ਜਿੱਤਣ ਵਾਲਾ ‘ਕੌਰ ਸਿੰਘ’ ਅੱਜ ਸਰਕਾਰਾਂ ਦੀ ਬੇਰੁਖੀ ਦਾ ਸ਼ਿਕਾਰ ਆਪਣੀ ਜ਼ਿੰਦਗੀ ਤੋਂ ਉਦਾਸ ਹੈ।
ਸੁਰਜੀਤ ਸਿੰਘ
ਮੋ: 98146-07737
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ