ਸਾਦਗੀ ਤੇ ਸੰਤੁਸ਼ਟੀ

ਸਾਦਗੀ ਤੇ ਸੰਤੁਸ਼ਟੀ

12 ਜੁਲਾਈ ਦਾ ਦਿਨ ਵਿਸ਼ਵ ਸਾਦਗੀ ਦਿਵਸ ਵਜੋਂ ਜਾਣਿਆ ਜਾਂਦਾ ਹੈ ਇਸ ਦੀ ਚਰਚਾ ਜਿੰਨੀ ਘੱਟ ਹੈ ਅਹਿਮੀਅਤ ਓਨੀ ਹੀ ਜ਼ਿਆਦਾ ਹੈ ਅਸਲ ’ਚ ਸਾਦਗੀ ਅੱਜ ਦੀਆਂ ਸੈਂਕੜੇ ਸਮੱਸਿਆਵਾਂ ਦਾ ਹੱਲ ਹੈ ਸਾਦਗੀ ਕਦੇ ਭਾਰਤੀ ਸੰਸਕ੍ਰਿਤੀ ਦਾ ਅਟੁੱਟ ਅੰਗ ਰਹੀ ਹੈ ਪਰ ਇਸ ਨੂੰ ਸਰਕਾਰੀ ਪੱਧਰ ’ਤੇ ਨਾ ਤਾਂ ਕੋਈ ਪਛਾਣ ਮਿਲੀ ਹੈ ਤੇ ਨਾ ਹੀ ਇਸ ਨੂੰ ਉਦੇਸ਼ ਮੰਨਿਆ ਗਿਆ ਹੈ ਆਧੁਨਿਕ ਮਨੁੱਖ ਦਾ ਨਿਸ਼ਾਨਾ ਵੀ ਵੱਧ ਤੋਂ ਵੱਧ ਪਾਉਣ, ਦੂਜਿਆਂ ਦੀ ਰੀਸ ਕਰਨ ਜਾਂ ਦੂਜਿਆਂ ਤੋਂ ਵੱਧ ਹੋਣ ਦਾ ਵਿਖਾਵਾ ਬਣ ਗਿਆ ਹੈ

ਦੁਨੀਆ ਦੇ ਚੰਦ ਦੇਸ਼ ਸਾਦਗੀ ਤੇ ਸੰਤੁਸ਼ਟੀ ਲਈ ਮੰਨੇ ਜਾਂਦੇ ਹਨ ਜਿੱਥੇ ਵਿਕਾਸ ਨੂੰ ਬੇਫਿਕਰੀ ਦੀ ਤੱਕੜੀ ’ਚ ਤੋਲਿਆ ਜਾਂਦਾ ਹੈ ਫਿਨਲੈਡ, ਸਵਿਟਜ਼ਰਲੈਂਡ ਤੇ ਡੈਨਮਾਰਕ ਅਜਿਹੇ ਦੇਸ਼ਾਂ ’ਚ ਸ਼ਾਮਲ ਹਨ ਦੂਜੇ ਪਾਸੇ ਭਾਰਤ ਸਮੇਤ ਦੁਨੀਆਂ ਦੇ ਵਿਕਸਿਤ ਤੇ ਵਿਕਾਸਸ਼ੀਲ ਮੁਲਕਾਂ ਲਈ ਤਰੱਕੀ ਦਾ ਇੱਕੋ ਪੈਮਾਨਾ ਹੈ ਭੌਤਿਕ/ਪਦਾਰਥਕ ਵਿਕਾਸ ਭੌਤਿਕ ਤਰੱਕੀ ਲਈ ‘ਕੁੱਲ ਘਰੇਲੂ ਉਤਪਾਦਨ’ ਅੰਗਿਆ ਜਾਂਦਾ ਹੈ

ਬਿਨਾਂ ਸ਼ੱਕ ਪਦਾਰਥਕ ਪ੍ਰਾਪਤੀਆਂ ਨੂੰ ਵਿਕਾਸ ਮੰਨਣ ਵਾਲੇ ਮੁਲਕਾਂ ’ਚ ਮਨੁੱਖ ਦਿਨ-ਰਾਤ ਪੈਸੇ, ਗੱਡੀਆਂ, ਕੋਠੀਆਂ, ਹਵਾਈ ਉਡਾਰਾਂ ਲਈ ਮਸ਼ੀਨ ਵਾਂਗ ਕੰਮ ਕਰ ਰਿਹਾ ਹੈ ਪੈਸੇ ਦੀ ਇਸ ਦੌੜ ਨੇ ਮਨੁੱਖ ਦੀ ਜ਼ਿੰਦਗੀ ਨੂੰ ਖੋਖਲਾ, ਬੇਰਸ ਅਤੇ ਸੰਵੇਦਨਹੀਣ ਬਣਾ ਦਿੱਤਾ ਹੈ ਤਣਾਅ ਗ੍ਰਸਤ ਹੋਣ ਕਾਰਨ ਮਨੁੱਖਤਾ ਖੁਦਕੁਸ਼ੀਆਂ ਦੇ ਰਾਹ ਪਈ ਹੋਈ ਹੈ ਸਾਦਗੀ ਤੋਂ ਟੁੱਟ ਇਨਸਾਨ ਦੂਜਿਆਂ ਦੀ ਜੇਬ੍ਹ ਕੱਟ ਕੇ ਭ੍ਰਿਸ਼ਟਾਚਾਰੀ ਬਣ ਗਿਆ ਹੈ ਫ਼ਿਨਲੈਂਡ ਦਾ ਮਜ਼ਦੂਰ ਤਾਂ ਖੁਸ਼ ਹੈ ਪਰ ਭਾਰਤ ਦਾ ਮੰਤਰੀ ਕਰੋੜਾਂ ਦੀ ਰਿਸ਼ਵਤ ਦੇ ਕੇਸ ’ਚ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰ ਰਿਹਾ ਹੈ

ਜਦੋਂ ਕੋਈ ਵਪਾਰੀ, ਕਾਰੋਬਾਰੀ, ਉੁਚ ਅਫ਼ਸਰ, ਨੇਤਾ ਤੇ ਹੋਰ ਸਰਦੇ-ਪੁੱਜਦੇ ਲੋਕ ਵੀ ਖੁਦਕੁਸ਼ੀ ਕਰਨ ਤਾਂ ਇਹ ਪੈਸੇ ਦੇ ਚੱਕਰਵਿਊ ਦੀ ਮਾਰ ਹੈ ਘੱਟੋ-ਘੱਟ ਵਿਕਾਸਸ਼ੀਲ ਮੁਲਕਾਂ ਦੇ ਬੰਦਿਆਂ ਨੂੰ ਇਹ ਗੱਲ ਸਮਝਣੀ ਪਵੇਗੀ ਕਿ ਸਾਡੇ ਪੂਰਵਜ ਭਾਵੇਂ ਅਮੀਰ ਨਹੀਂ ਸਨ ਪਰ ਸੁਖੀ ਸਨ ਉਹ ਸਾਦਗੀ ਭਰਿਆ ਜੀਵਨ ਜਿਉਂਦੇ ਸਨ, ਦਿਲ ਦੇ ਅਮੀਰ ਤੇ ਸੰਤੁਸ਼ਟ ਸਨ ਉਹ ਸੈਂਕੜੇ ਕਿਲੋਮੀਟਰਾਂ ਦਾ ਪੈਦਲ ਸਫਰ ਕਰਕੇ ਵੀ ਖੁਸ਼ ਸਨ ਤੇ ਸਾਦਾ ਖਾ ਕੇ ਤੰਦਰੁਸਤ ਸਨ

ਪਰ ਅੱਜ ਕਰੋੜਾਂ ਦੀਆਂ ਗੱਡੀਆਂ ’ਤੇ ਚੜਿ੍ਹਆ ਬੰਦਾ ਬਜ਼ਾਰ ਦੇ ਮਹਿੰਗੇ ਤੇ ਚਟਪਟੇ ਖਾਣੇ ਖਾ ਕੇ ਵੀ ਦੁਖੀ ਤੇ ਬਿਮਾਰ ਹੈ ਸਾਦੇ ਤੇ ਘਰੇਲੂ ਖਾਣੇ ’ਚ ਤੰਦਰੁਸਤੀ ਹੈ ਵੱਧ ਹਾਸਲ ਕਰਨ ਦਾ ਲੋਭ ਨਾ ਕਰਨ ਵਾਲਾ ਸੰਤੁਸ਼ਟ ਤੇ ਸੁਖੀ ਹੈ ਇਹੀ ਧਰਮਾਂ ਦਾ ਅਸੂਲ ਹੈ ਧਰਮ ਤਰੱਕੀ ਤੋਂ ਨਹੀਂ ਰੋਕਦੇ ਪਰ ਪੈਸੇ ਖਾਤਰ ਇਨਸਾਨ ਨੂੰ ਮਸ਼ੀਨ ਬਣਨ ਤੋਂ ਰੋਕਦੇ ਹਨ ਧਰਮਾਂ ਦੀ ਇਹੀ ਸਿੱਖਿਆ ਜੇਕਰ ਸਰਕਾਰਾਂ ਆਪਣੇ ਏਜੰਡੇ ’ਚ ਉਤਾਰ ਲੈਣ ਤਾਂ ਦੇਸ਼ਾਂ ਦੀ ਨੁਹਾਰ ਤੇ ਵਿਕਾਸ ਦੀ ਤਾਸੀਰ ਬਦਲ ਸਕਦੀ ਹੈ ਸਾਦਗੀ ਗਰੀਬੀ ਨਹੀਂ, ਮਨੁੱਖੀ ਦਿਲ ਦੀ ਉੱਚਤਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ