ਅਕਾਲੀ ਦਲ ਦੇ ਭਾਵੇਂ ਭਾਜਪਾ ਨਾਲ ਮਤਭੇਦ ਪਰ ਅਸੀਂ ਕਾਂਗਰਸ ਵੱਲੋਂ ਖੜੇ ਕੀਤੇ ਉਮੀਦਵਾਰ ਦੀ ਹਮਾਇਤ ਨਹੀਂ ਕਰ ਸਕਦੇ : ਸੁਖਬੀਰ ਸਿੰਘ ਬਾਦਲ (Shiromani Akali Dal )
- ਕਿਹਾ ਕਿ ਮੁਰਮੂ ਸਮਾਜ ਦੇ ਘੱਟ ਗਿਣਤੀਆਂ ਤੇ ਕਬਾਇਲੀ ਵਰਗਾਂ ਦੀ ਪ੍ਰਤੀਕ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੇ ਅੱਜ ਫੈਸਲਾ ਕੀਤਾ ਕਿ ਉਹ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਵਿਚ ਦਰੋਪਦੀ ਮੁਰਮੂ ਦੀ ਹਮਾਇਤ ਕਰੇਗਾ ਕਿਉਕਿ ਉਹ ਘੱਟ ਗਿਣਤੀਆਂ, ਦਬੇ ਕੁਚਲੇ ਤੇ ਪੱਛੜੇ ਵਰਗਾਂ ਦੇ ਨਾਲ ਨਾਲ ਮਹਿਲਾਵਾਂ ਦੀ ਪ੍ਰਤੀਨਿਧਤਾ ਦੇ ਪ੍ਰਤੀਕ ਹਨ ਤੇ ਉਹ ਗਰੀਬ ਦੇ ਕਬਾਇਲੀ ਲੋਕਾਂ ਦੇ ਵੀ ਪ੍ਰਤੀਕ ਹਨ।
ਇੱਥੇ ਦੇ ਮੁੱਖ ਦਫਤਰ ਵਿਚ 3 ਘੰਟੇ ਤੱਕ ਚੱਲੀ ਕੋਰ ਕਮੇਟੀ ਦੀ ਮੀਟਿੰਗ ਵਿਚ ਪਾਸ ਕੀਤੇ ਮਤੇ ਵਿਚ ਕਿਹਾ ਗਿਆ ਕਿ ਸਾਡੇ ਵੰਡ ਪਾਊ ਤੇ ਫਿਰਕਾਪ੍ਰਸਤ ਧਰੁਵੀਕਰਨ ਖਾਸ ਤੌਰ ’ਤੇ ਮੌਜੂਦਾ ਐਨ ਡੀ ਏ ਸਰਕਾਰ ਦੇ ਰਾਜ ਵਿਚ ਘੱਟ ਗਿਣਤੀਆਂ ਦੇ ਮਨਾਂ ਵਿਚ ਪੈਦਾ ਹੋਈ ਅਸੁਰੱਖਿਆ ਸਮੇਤ ਚਲ ਰਹੇ ਮਾਹੌਲ ਨੂੰ ਲੈ ਕੇ ਸਾਡੇ ਭਾਜਪਾ ਨਾਲ ਮਤਭੇਦ ਹਨ ਪਰ ਅਕਾਲੀ ਦਲ ਹਮੇਸ਼ਾ ਇਸ ਦੇ ਸਿਧਾਂਤਾਂ ’ਤੇ ਚੱਲਿਆ ਹੈ ਜਿਸ ਮੁਤਾਬਕ ਅਸੀਂ ਸ੍ਰੀਮਤੀ ਮੁਰਮੂ ਦੀ ਹਮਾਇਤ ਕਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਉਹ ਨਾ ਸਿਰਫ ਮਹਿਲਾਵਾਂ ਦੀ ਬਲਕਿ ਦਬੇ ਕੁਚਲੇ ਤੇ ਘੱਟ ਗਿਣਤੀਆਂ ਦੇ ਪ੍ਰਤੀਕ ਹਨ ਜਿਹਨਾ ਵਾਸਤੇ ਸਾਡੇ ਮਹਾਨ ਗੁਰੂਆਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ।
ਮੀਟਿੰਗ ਦੇ ਵੇਰਵੇ ਮੀਡੀਆ ਨਾਲ ਸਾਂਝੇ ਕਰਦਿਆਂ ਸ੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਨੇ ਮਨੁੱਖੀ ਅਧਿਕਾਰਾਂ ਨੁੰ ਦਰਪੇਸ਼ ਖਤਰਿਆਂ ਖਾਸ ਤੌਰ ’ਤੇ ਧਾਰਮਿਕ ਸਹਿਣਸ਼ੀਲਤਾ ਤੇ ਬੋਲਣ ਦੀ ਆਜ਼ਾਦੀ ’ਤੇ ਪਾਬੰਦੀ, ਪੰਜਾਬ ਨਾਲ ਖਾਸ ਤੌਰ ’ਤੇ ਸਿੱਖਾਂ ਨਾਲ ਅਨਿਆਂ ਵਰਗੇ ਮਾਮਲਿਆਂ ’ਤੇ ਗੰਭੀਰ ਤੇ ਲੰਬੀ ਚਰਚਾ ਕੀਤੀ। ਉਹਨਾਂ ਕਿਹਾ ਕਿ ਪਾਰਟੀ ਕਦੇ ਵੀ ਆਪਣੇ ਪੰਜਾਬ ਪੱਖੀ, ਘੱਟ ਗਿਣਤੀਆਂ ਪੱਖੀ, ਕਿਸਾਨ ਪੱਖੀ ਤੇ ਗਰੀਬ ਪੱਖੀ ਏਜੰਡੇ ’ਤੇ ਸਮਝੌਤਾ ਨਹੀਂ ਕਰੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ