ਤੁਹਾਡੀ ਮੁਸਕਾਨ ਜ਼ਿੰਦਗੀ ਨੂੰ ਬਣਾ ਦੇਵੇਗੀ ਖੁਸ਼ਨੁਮਾ

ਤੁਹਾਡੀ ਮੁਸਕਾਨ ਜ਼ਿੰਦਗੀ ਨੂੰ ਬਣਾ ਦੇਵੇਗੀ ਖੁਸ਼ਨੁਮਾ

ਬੁੱਲ੍ਹ, ਨੱਕ, ਕੰਨ, ਵਾਲ ਆਦਿ ਤਾਂ ਹਰ ਇੱਕ ਦੇ ਚਿਹਰੇ ’ਤੇ ਹੁੰਦੇ ਹਨ। ਸੁਭਾਵਿਕ ਹੈ ਕਿ ਸਾਡੀ ਯਾਦਾਸ਼ਤ ਐਨੀ ਚੰਗੀ ਵੀ ਨਹੀਂ ਹੁੰਦੀ ਕਿ ਅਸੀਂ ਹਜ਼ਾਰਾਂ ਆਦਮੀਆਂ ਨੂੰ ਹਰ ਵਾਰ ਵੱਖਰੇ ਤੌਰ ’ਤੇ ਪਛਾਣ ਸਕੀਏ। ਕੀ ਕਾਰਨ ਹੈ ਕਿ ਦੁਨੀਆਂ ਦੇ ਕਰੋੜਾਂ ਲੋਕਾਂ ਦੀ ਇੱਕ ਵੱਖਰੀ ਹੀ ਪਛਾਣ ਹੈ। ਅਸੀਂ ਜਿਸ ਨੂੰ ਮਿਲਦੇ ਹਾਂ, ਉਹਦੇ ਨਾਲ ਗੱਲਬਾਤ ਕਰਦੇ ਹਾਂ, ਦੁਬਾਰਾ ਮਿਲਦੇ ਹਾਂ ਤਾਂ ਉਹਨੂੰ ਪਛਾਣ ਲੈਂਦੇ ਹਾਂ।

ਇਸ ਦੇ ਪਿੱਛੇ ਸਿੱਧਾ ਜਿਹਾ ਕਾਰਨ ਹੈ ਕਿ ਹਰ ਇਨਸਾਨ ਦੇ ਚਿਹਰੇ ਤੋਂ ਜ਼ਿਆਦਾ ਉਹਦੀ ਅਵਾਜ਼, ਉਹਦੇ ਹਾਵ-ਭਾਵ ਅਤੇ ਉਹਦੀ ਮੁਸਕਾਨ ਤੋਂ ਅਸੀਂ ਉਹਨੂੰ ਪਹਿਚਾਣਦੇ ਹਾਂ। ਚਿਹਰਾ ਤਾਂ ਤੁਹਾਡੀ ਪਛਾਣ ਲਈ ਮਾਤਰ ਇੱਕ ਬਿੰਬ ਹੈ। ਕੋਈ ਆਦਮੀ ਆਪਣੇ ਚਿਹਰੇ ਨੂੰ ਭਾਵੇਂ ਜਿੰਨਾ ਮਰਜ਼ੀ ਬਦਲ ਲਵੇ ਫਿਰ ਵੀ ਅਸੀਂ ਉਹਨੂੰ ਅਸਾਨੀ ਨਾਲ ਪਛਾਣ ਲਵਾਂਗੇੇ। ਭਾਵ ਆਦਮੀ ਦੀ ਪਛਾਣ ਉਹਦੀ ਮੁਸਕਾਨ ਤੋਂ ਵੀ ਹੁੰਦੀ ਹੈ।
ਤੁਹਾਨੂੰ ਪਛਾਣ ਦੇਣ ਵਾਲੀ ਨਿਆਮਤ, ਜੋ ਕੁਦਰਤ ਨੇ ਤੁਹਾਨੂੰ ਤੋਹਫੇ ਦੇ ਰੂਪ ਵਿੱਚ ਬਖਸ਼ੀ ਹੈ,

ਉਹ ਹੈ ਤੁਹਾਡੇ ਅੰਦਰ ਛੁਪੀ ਹੋਈ ਮੁਸਕਾਨ। ਆਪਣੇ ਬੁੱਲ੍ਹਾਂ ਨੂੰ ਜ਼ਰਾ ਕੁ ਖੋਲ੍ਹਣ ਨਾਲ ਹੀ ਵੱਡੀਆਂ-ਵੱਡੀਆਂ ਸਮੱਸਿਆਵਾਂ ਸੁਲਝ ਜਾਂਦੀਆਂ ਹਨ। ਵਰ੍ਹਿਆਂ ਤੋਂ ਰੁੱਸੀ ਹੋਈ ਜ਼ਿੰਦਗੀ ਤੁਹਾਡੇ ਵਿਹੜੇ ਵਿੱਚ ਧਮਾਲਾਂ ਪਾਉਣ ਲੱਗ ਪੈਂਦੀ ਹੈ। ਤੁਹਾਡੇ ਆਲੇ-ਦੁਆਲੇ ਜੇ ਕੋਈ ਆਦਮੀ ਤੁਹਾਨੂੰ ਰੁੱਖਾ, ਬੇਰਸ ਜਾਂ ਖੜੂਸ ਜਿਹਾ ਲੱਗਦਾ ਹੈ ਤਾਂ ਜ਼ਰੂਰ ਹੀ ਉਹ ਆਪਣੀ ਮੁਸਕਾਨ ਬਿਖੇਰਨ ਤੋਂ ਕੰਜੂਸੀ ਵਰਤਦਾ ਹੋਵੇਗਾ ਅਤੇ ਨਾਲ ਹੀ ਉਹਨੇ ਆਪਣੀ ਨਿੱਜੀ ਡਾਇਰੀ ਦੇ ਪੰਨਿਆਂ ਤੇ ਲਿਖਿਆ ਹੋਵੇਗਾ- ਹੱਸਣਾ ਮਨ੍ਹਾ ਹੈ।

ਕੋਈ ਔਰਤ ਗਹਿਣੇ ਪਹਿਨ ਕੇ ਜਿੰਨਾ ਸੁੰਦਰ ਦਿਸਣਾ ਚਾਹੁੰਦੀ ਹੈ ਉਸ ਤੋਂ ਕਿਤੇ ਜ਼ਿਆਦਾ ਸੁੰਦਰ ਉਹ ਆਪਣੀ ਮਧੁਰ ਮੁਸਕਾਨ ਬਿਖੇਰ ਕੇ ਦਿਸ ਸਕਦੀ ਹੈ। ਮੁਸਕਾਨ ਦੂਸਰਿਆਂ ਨੂੰ ਦਿੱਤਾ ਜਾਣ ਵਾਲਾ ਉਹ ਤੋਹਫਾ ਹੈ ਜਿਸ ਦੀ ਕੀਮਤ ਨਹੀਂ ਲਾਈ ਜਾ ਸਕਦੀ। ਜ਼ਿੰਦਗੀ ਦੀ ਇਹ ਅਨਮੋਲ ਅਮਾਨਤ ਦੂਸਰਿਆਂ ਨੂੰ ਦੇਣ ਲਈ ਹੈ ਨਾ ਕਿ ਇਸ ਨੂੰ ਆਪਣੇ ਬੁੱਲ੍ਹਾਂ ਅੰਦਰ ਮੂੰਹ ਦੀ ਬਾਲਕੋਨੀ ’ਚ ਕੈਦ ਕਰਕੇ ਰੱਖਣ ਲਈ।
ਜ਼ਰਾ ਇੱਕ ਵਾਰ ਉਮੰਗਾਂ ਅਤੇ ਖੁਸ਼ੀਆਂ ਭਰੀ ਸੱਜਰੀ ਸਵੇਰ ਦੇ ਰੰਗਲੇ ਮੌਸਮ ਨੂੰ ਉਤਸ਼ਾਹ ਭਰੀਆਂ ਮੁਸਕੁਰਾਉਂਦੀਆਂ ਨਜ਼ਰਾਂ ਨਾਲ ਨਿਹਾਰੋ ਅਤੇ ਫਿਰ ਉਸ ਦੀ ਤੁਲਨਾ ਤਪਦੀ ਸਿਖਰ ਦੁਪਹਿਰ ਦੀ ਪਿੰਡਾ ਲੂੰਹਦੀ ਗਰਮੀ ਨਾਲ ਕਰੋ ਤਾਂ ਸ਼ਾਇਦ ਤੁਹਾਨੂੰ ਮੁਸਕੁਰਾਹਟ ਦੇ ਸਕਾਰਾਤਮਕ ਨਤੀਜੇ ਬਾਰੇ ਬਾਖੂਬੀ ਜਾਣਕਾਰੀ ਹੋ ਜਾਵੇਗੀ। ਬਨਾਉਟੀ ਮੁਸਕਾਨ ਤੋਂ ਬਚੋ। ਤੁਹਾਡੀ ਮੁਸਕਾਨ ਸਦਾਬਹਾਰ ਖੁਸ਼ੀ ਦਾ ਬਾਹਰੀ ਪ੍ਰਗਟਾਵਾ ਹੋਣੀ ਚਾਹੀਦੀ ਹੈ।

ਜਦੋਂ ਦੋ ਜਾਣੇ ਮਿਲਦੇ ਹਨ ਤਾਂ ਕੁੱਝ ਬੋਲਣ ਤੋਂ ਪਹਿਲਾਂ ਦੋਹਾਂ ਦੇ ਚਿਹਰਿਆਂ ਉੱਤੇ ਮੁਸਕਾਨ ਖਿੜ ਉੱਠਦੀ ਹੈ। ਦੋਹਾਂ ਦੇ ਚਿਹਰੇ ਅਤੇ ਹਾਵ-ਭਾਵ ਤਾਂ ਬਰਾਬਰ ਹੁੰਦੇ ਹਨ, ਫਿਰ ਬੋਲਣ ਤੋਂ ਪਹਿਲਾਂ ਇਸ ਪੌਣੀ ਕੂ ਇੰਚੀ ਹਾਸੇ ਦਾ ਕੀ ਕਾਰਨ ਹੋ ਸਕਦਾ ਹੈ? ਦਰਅਸਲ ਇਹ ਸਹਿਜ਼ ਹੀ ਆ ਜਾਂਦਾ ਹੈ। ਚਿਹਰੇ ਉੱਤੇ ਬਿਨਾਂ ਕਿਸੇ ਵਜ੍ਹਾ ਦੇ ਖਿੜ੍ਹੀ ਮੁਸਕਾਨ ਸਾਡੇ ਚਿਹਰੇ ਨੂੰ ਆਕਰਸ਼ਕ ਬਣਾਉਣਾ ਚਾਹੁੰਦੀ ਹੈ। ਇਹ ਸਾਹਮਣੇ ਵਾਲੇ ਆਦਮੀ ਨੂੰ ਦੱਸ ਦੇਣਾ ਚਾਹੁੰਦੀ ਹੈ ਕਿ ਤੁਹਾਨੂੰ ਮਿਲ ਕੇ ਖੁਸ਼ੀ ਹੋਈ।

ਤੁਸੀਂ ਸੜਕ ’ਤੇ ਤੁਰੇ ਜਾ ਰਹੇ ਹੋਵੋ ਅਤੇ ਥੋੜ੍ਹੀ ਦੂਰ ਕੋਈ ਬਿਗਾਨਾ ਆਦਮੀ ਤੁਹਾਨੂੰ ਵੇਖ ਕੇ ਮੁਸਕੁਰਾਉਦਾ ਹੋਇਆ ਤੁਹਾਡੇ ਵੱਲ ਵਧ ਰਿਹਾ ਹੋਵੇ। ਤੁਸੀਂ ਉਹਨੂੰ ਜਾਣਦੇ ਨਹੀਂ ਪਰ ਉਹਦੀ ਅਪਣੱਤ ਭਰੀ ਮੁਸਕਾਨ ਵੇਖ ਕੇ ਇਹ ਸਮਝ ਲੈਂਦੇ ਹੋ ਕਿ ਉਹ ਜ਼ਰੂਰ ਹੀ ਤੁਹਾਡੇ ਨਾਲ ਗੱਲ ਕਰਨ ਲਈ ਉਤਸੁਕ ਹੈ। ਇਨਸਾਨ ਅੰਦਰ ਛੁਪੀ ਇਹ ਇੱਕ ਅਨਮੋਲ ਕਲਾ ਹੈ। ਬੱਸ ਲੋੜ ਹੈ ਇਸ ਦੇ ਉਪਯੋਗ ਦੀ।

ਸਾਡੇ ਚਿਹਰੇ ਦੀ ਮੁਸਕਾਨ ਸਾਡੀਆਂ ਭਾਵਨਾਵਾਂ ਦਾ ਸੂਚਨਾ-ਤੰਤਰ ਹੈ। ਅਨੇਕਾਂ ਸੁਨੇਹਿਆਂ ਨੂੰ ਬਿਨਾਂ ਅਵਾਜ਼ ਅਦਾਨ-ਪ੍ਰਦਾਨ ਕਰਨ ਦਾ ਇਹ ਸਰਵ-ਉੱਤਮ ਅਤੇ ਮੁਫਤ ਦਾ ਸਾਧਨ ਹੈ। ਇਸ ਦੇ ਰਾਹੀਂ ਚਿਹਰੇ ਦੇ ਅਣਗਿਣਤ ਭਾਵਾਂ ਨੂੰ ਪੜ੍ਹਿਆ ਅਤੇ ਸਮਝਿਆ ਜਾ ਸਕਦਾ ਹੈ। ਦੂਸਰਿਆਂ ਦੀ ਹਮਦਰਦੀ ਲੈਣ ਦਾ ਇਹ ਆਦਰਸ਼ ਮਾਰਗ ਹੈ। ਘੰਟਿਆਂਬੱਧੀ ਹੋਈ ਪਰਸਪਰ ਬਹਿਸ ਤੋਂ ਬਾਅਦ ਸਾਡੇ ਚਿਹਰੇ ਉੱਤੇ ਖਿੜੀ ਜ਼ਰਾ ਕੁ ਮੁਸਕਾਨ ਸਾਡੇ ਸਾਰੇ ਸ਼ਿਕਵੇ-ਸ਼ਿਕਾਇਤਾਂ ਨੂੰ ਭੁਲਾ ਦਿੰਦੀ ਹੈ। ਵੱਡੇ ਤੋਂ ਵੱਡੇ ਕਰੋਧ ਨੂੰ ਕਰੋਧ ਨਾਲ ਸ਼ਾਂਤ ਨਹੀਂ ਕੀਤਾ ਜਾ ਸਕਦਾ। ਇਹਦੇ ਲਈ ਲੋੜ ਹੁੰਦੀ ਹੈ ਇੱਕ ਸਰਲ ਜਿਹੀ ਤੇ ਸੱਚੀ-ਸੁੱਚੀ ਮੁਸਕਾਨ ਦੀ। ਦਿਲ ਦੀ ਕਸਰਤ ਲਈ ਇਹ ਇੱਕ ਮਾਤਰ ਉਪਾਅ ਹੈ ਅਤੇ ਚਿਹਰੇ ਦੀ ਸਜਾਵਟ ਲਈ ਸੱਭ ਤੋਂ ਉੱਤਮ ਸ਼ਿੰਗਾਰ ਦਾ ਸਾਧਨ ਇਸ ਦੁਨੀਆਂ ’ਚ ਹੋਰ ਕੋਈ ਹੋ ਹੀ ਨਹੀਂ ਸਕਦਾ।

ਚਿਹਰੇ ਦੀਆਂ ਝੁਰੜੀਆਂ ਅਤੇ ਉਮਰ ਨੂੰ ਲੁਕੋਣ ਦਾ ਇੱਕੋ-ਇੱਕ ਤਰੀਕਾ ਇਹ ਵੀ ਹੈ ਕਿ ਆਪਣੇ ਚਿਹਰੇ ਨੂੰ ਹਸਮੁੱਖ ਬਣਾ ਕੇ ਰੱਖੋ। ਕਠੋਰ ਅਤੇ ਤਣਾਅਗ੍ਰਸਤ ਚਿਹਰਾ, ਜਵਾਨੀ ਵਿੱਚ ਹੀ ਬੁਢਾਪੇ ਦਾ ਰੂਪ ਧਾਰਨ ਕਰ ਲੈਂਦਾ ਹੈ। ਖੁਸ਼ ਹੋਣਾ ਖੁਸ਼ੀ ਦਾ ਕਾਰਨ ਨਹੀਂ ਹੈ,ਇਹ ਤਾਂ ਅੰਦਰ ਦੀ ਅਵਾਜ ਹੈ ਜੋ ਸਾਡੇ ਚਿਹਰੇ ਉੱਤੇ ਹਾਸੇ ਦੇ ਰੂਪ ’ਚ ਪ੍ਰਗਟ ਹੁੰਦੀ ਹੈ।ਜੋ ਸਾਨੂੰ ਅਹਿਸਾਸ ਦਿਵਾਂਉਦੀ ਹੈ ਕਿ ਅਸੀਂ ਦੁੱਖਾਂ ਤੋਂ ਬਹੁਤ ਦੂਰ ਅਤੇ ਤਣਾਅ ਤੋਂ ਮੁਕਤ ਹਾਂ। ਤੁਸੀਂ ਕਿੰਨੇ ਸੁੰਦਰ ਹੋ, ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨੇ ਹੱਸਮੁੱਖ ਹੋ।
ਗੁਰੂ ਅਰਜਨ ਦੇਵ ਨਗਰ,
ਨੇੜੇ ਚੁੰਗੀ ਨੰ:7, ਫਰੀਦਕੋਟ। ਮੋ. 98152-96475
ਸੰਤੋਖ ਸਿੰਘ ਭਾਣਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here