ਮੂਸੇਵਾਲਾ ਨਮਿੱਤ ਅੰਤਿਮ ਅਰਦਾਸ ਮੌਕੇ ਪਿਤਾ ਬਲਕੌਰ ਸਿੰਘ ਨੇ ਦਿੱਤੀ ਜਾਣਕਾਰੀ
ਮਾਨਸਾ, (ਸੁਖਜੀਤ ਮਾਨ)। ਸ਼ੁੱਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਕਾਂਗਰਸ ’ਚ ਸ਼ਾਮਿਲ ਹੋ ਕੇ ਚੋਣ ਲੜਨ ਦੇ ਫੈਸਲੇ ਨੂੰ ਭਾਵੇਂ ਹੀ ਵੱਖ-ਵੱਖ ਸਿਆਸੀ ਧਿਰਾਂ ਨੇ ਕਾਂਗਰਸ ਨੂੰ ਸੈਲੀਬਿ੍ਰਟੀ ਗਾਇਕ ਸ਼ਾਮਿਲ ਕਰਕੇ ਚੋਣਾਂ ਜਿੱਤਣ ਆਦਿ ਸਮੇਤ ਹੋਰ ਗੱਲਾਂ ਕਹਿ ਕੇ ਭੰਡਿਆ ਸੀ ਪਰ ਅੱਜ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਸਿੱਧੂ ਨਮਿੱਤ ਅੰਤਿਮ ਅਰਦਾਸ ਮੌਕੇ ਉਸ ਵੱਲੋਂ ਚੋਣ ਲੜਨ ਦੇ ਫੈਸਲੇ ਬਾਰੇ ਖੁੱਲ ਕੇ ਜਾਣਕਾਰੀ ਦਿੱਤੀ।
ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਖਿਆ ਕਿ ਸਿੱਧੂ ਵੱਲੋਂ ਚੋਣ ਲੜਨ ਦਾ ਉਸਦਾ ਆਪਣਾ ਮਨ ਸੀ। ਉਨਾਂ ਕਿਹਾ ਕਿ ਉਨਾਂ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਵੀ ਸੀ। ਅੱਗੇ ਦੱਸਿਆ ਕਿ ਰਾਜਾ ਵੜਿੰਗ ਨੇ ਵੀ ਸਿੱਧੂ ਨੂੰ ਰੋਕਿਆ ਸੀ ਕਿ ‘ਸਾਨੂੰ ਤਾਂ ਇੱਕ ਹਲਕਾ ਜਾਣਦਾ ਹੈ ਪਰ ਤੁਹਾਨੂੰ ਤਾਂ ਸਾਰੀ ਦੁਨੀਆਂ ਜਾਣਦੀ ਹੈ’। ਇਸ ਸਭ ਦੇ ਬਾਵਜ਼ੂਦ ਸਿੱਧੂ ਨੇ ਕਾਂਗਰਸ ’ਚ ਸ਼ਾਮਿਲ ਹੋ ਕੇ ਚੋਣ ਲੜੀ ਸੀ। ਹਲਕਾ ਮਾਨਸਾ ਤੋਂ ਚੋਣ ਲੜਨ ਮੌਕੇ ਸਿੱਧੂ ਜਦੋਂ ਕਾਂਗਰਸ ’ਚ ਸ਼ਾਮਿਲ ਹੋਏ ਸੀ ਤਾਂ ਉਸਦੇ ਵਿਰੋਧੀਆਂ ਨੇ ਕਾਫੀ ਵਿਰੋਧ ਕੀਤਾ ਸੀ
ਪਰ ਸਿੱਧੂ ਨੇ ਆਪਣਾ ਸਟੈਂਡ ਸਪੱਸ਼ਟ ਕਰਦਿਆਂ ਆਖਿਆ ਸੀ ਕਿ ਉਹ ਰਾਜਨੀਤੀ ਕਰਨ ਲਈ ਚੋਣ ਮੈਦਾਨ ’ਚ ਨਹੀਂ ਆਇਆ ਸਗੋਂ ਆਪਣੇ ਖੇਤਰ ਦੇ ਲੋਕ, ਜੋ ਮੁੱਢਲੀਆਂ ਸਹੂਲਤਾਂ ਨੂੰ ਵੀ ਤਰਸ ਰਹੇ ਹਨ, ਉਨਾਂ ਦੇ ਵਿਕਾਸ ਲਈ ਚੋਣ ਲੜਨ ਆਇਆ ਹੈ। ਉਸ ਵੇਲੇ ਕਾਂਗਰਸ ਵਿਰੋਧੀ ਧਿਰਾਂ ਨੇ ਮੂਸੇਵਾਲਾ ਪ੍ਰਤੀ ਟਿੱਪਣੀਆਂ ਕਰਦਿਆਂ ਉਸ ਨੂੰ ਗੈਂਗਸਟਰ ਤੱਕ ਆਖ ਦਿੱਤਾ ਸੀ ਪਰ ਸਿੱਧੂ ਨੇ ਹਰ ਮੰਚ ਤੋਂ ਆਖਿਆ ਕਿ ਉਸ ਨੂੰ ਕੋਈ ਕੁੱਝ ਵੀ ਸਮਝੀ ਜਾਵੇ ਪਰ ਉਹ ਜਾਣਦਾ ਹੈ ਕਿ ਉਹ ਆਪਣੇ ਲੋਕਾਂ ਲਈ ਲੜ ਰਿਹਾ ਹੈ ਤੇ ਹਮੇਸ਼ਾ ਲੜਦਾ ਰਹੇਗਾ।
ਦੱਸਣਯੋਗ ਹੈ ਕਿ ਸਿੱਧੂ ਨੇ ਵਿਧਾਨ ਸਭਾ ਚੋਣਾਂ ਮੌਕੇ ਆਪਣੇ ਹਲਕੇ ਲਈ ਵੱਖਰਾ ਮੈਨੀਫੈਸਟੋ ਵੀ ਬਣਾਇਆ ਸੀ ਜਿਸ ਨੂੰ ਰੋਡ ਮੈਪ ਬਣਾ ਕੇ ਉਹ ਹਲਕੇ ਦਾ ਵਿਕਾਸ ਕਰਨਾ ਚਾਹੁੰਦਾ ਸੀ। ਸਿੱਧੂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਵਿਜੇ ਸਿੰਗਲਾ ਤੋਂ ਚੋਣ ਹਾਰ ਗਏ ਸੀ ਪਰ ਹਾਰਨ ਮਗਰੋਂ ਵੀ ਸਿੱਧੂ ਨੇ ਲੋਕਾਂ ਨੂੰ ਸੁਨੇਹਾ ਦਿੰਦਿਆਂ ਕਿਹਾ ਸੀ ਕਿ ਹਾਰ-ਜਿੱਤ ਜ਼ਿੰਦਗੀ ਦਾ ਹਿੱਸਾ ਨੇ ਪਰ ਉਹ ਆਪਣੇ ਲੋਕਾਂ ਦੇ ਨਾਲ ਰਹੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ