ਉੱਤਰਾਖੰਡ ਬੱਸ ਹਾਦਸੇ ’ਚ 26 ਲੋਕਾਂ ਦੀ ਮੌਤ
ਦੇਹਰਾਦੂਨ। ਉੱਤਰਾਖੰਡ ਦੇ ਉੱਤਰਕਾਸ਼ੀ ’ਚ ਯਮੁਨੋਤਰੀ ਹਾਈਵੇਅ ’ਤੇ ਦਮਟਾ ਨੇੜੇ ਬੱਸ ਹਾਦਸੇ ’ਚ ਮਰਨ ਵਾਲਿਆਂ ਦੀ ਗਿਣਤੀ 26 ਤੱਕ ਪਹੁੰਚ ਗਈ ਹੈ। ਉੱਤਰਾਖੰਡ ਗ੍ਰਹਿ ਵਿਭਾਗ ਨੇ ਐਤਵਾਰ ਰਾਤ ਨੂੰ ਇਹ ਜਾਣਕਾਰੀ ਦਿੱਤੀ। ਮੱਧ ਪ੍ਰਦੇਸ਼ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੇਸ਼ ਰਾਜੌਰਾ ਦੇ ਅਨੁਸਾਰ, ਉਨ੍ਹਾਂ ਨੂੰ ਉੱਤਰਾਖੰਡ ਦੇ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਤੋਂ ਜਾਣਕਾਰੀ ਮਿਲੀ, ਜਿਸ ਵਿੱਚ 26 ਮੌਤਾਂ ਦੀ ਪੁਸ਼ਟੀ ਕੀਤੀ ਗਈ। ਇਸ ਦੇ ਨਾਲ ਹੀ ਹਾਦਸੇ ’ਚ ਤਿੰਨ ਲੋਕ ਗੰਭੀਰ ਰੂਪ ’ਚ ਜ਼ਖਮੀ ਹੋ ਗਏ, ਜਦਕਿ ਦੋ ਲੋਕਾਂ ਦੀ ਭਾਲ ਜਾਰੀ ਹੈ।
ਬੱਸ ਵਿੱਚ ਪੰਨਾ ਜ਼ਿਲ੍ਹੇ ਦੇ 28 ਸ਼ਰਧਾਲੂ, ਇੱਕ ਡਰਾਈਵਰ ਅਤੇ ਇੱਕ ਸਹਾਇਕ ਸਵਾਰ ਸੀ। ਜ਼ਖਮੀਆਂ ਨੂੰ ਦੁਰਘਟਨਾ ਵਾਲੀ ਥਾਂ ਤੋਂ ਕਰੀਬ ਤਿੰਨ ਕਿਲੋਮੀਟਰ ਦੂਰ ਡਮਟਾ ਸਥਿਤ ਸਿਹਤ ਕੇਂਦਰ ਲਿਜਾਇਆ ਗਿਆ ਹੈ। ਮੱਧ ਪ੍ਰਦੇਸ਼ ਦੇ ਗ੍ਰਹਿ ਵਿਭਾਗ ਨੇ ਸਾਰੇ 28 ਯਾਤਰੀਆਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਤਰਾਖੰਡ ਪੁਲਿਸ, ਹੋਮ ਗਾਰਡ ਅਤੇ ਪੁਲਿਸ ਸੁਪਰਡੈਂਟ ਅਤੇ ਕੁਲੈਕਟਰ ਵਲੋਂ ਬਚਾਅ ਕਾਰਜ ਜਾਰੀ ਹੈ ।
ਕਮਲਨਾਥ ਨੇ ਉਤਰਾਖੰਡ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ
ਕਾਂਗਰਸ ਦੇ ਸੀਨੀਅਰ ਨੇਤਾ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਉੱਤਰਾਖੰਡ ’ਚ ਸੜਕ ਹਾਦਸੇ ’ਚ ਰਾਜ ਦੇ ਪੰਨਾ ਜ਼ਿਲੇ ਦੇ ਯਾਤਰੀਆਂ ਦੀ ਮੌਤ ’ਤੇ ਦੁੱਖ ਪ੍ਰਗਟ ਕਰਦੇ ਹੋਏ ਵਿਛੜਿਆਂ ਨੂੰ ਸ਼ਰਧਾਂਜਲੀ ਦਿੱਤੀ ਹੈ। ਕਮਲਨਾਥ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਕਿਹਾ ਕਿ ਇਸ ਹਾਦਸੇ ਵਿੱਚ ਪੰਨਾ ਜ਼ਿਲ੍ਹੇ ਦੇ ਸ਼ਰਧਾਲੂਆਂ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ।
ਇਹ ਦੁਖਦ ਹੈ ਅਤੇ ਉਹ ਵਿਛੜੇ ਯਾਤਰੀਆਂ ਨੂੰ ਸ਼ਰਧਾਂਜਲੀ ਦਿੰਦੇ ਹਨ। ਉਨ੍ਹਾਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਅਰਦਾਸ ਵੀ ਕੀਤੀ ਹੈ। ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ, ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਅਰੁਣ ਯਾਦਵ ਅਤੇ ਰਾਜ ਸਭਾ ਮੈਂਬਰ ਵਿਵੇਕ ਟਾਂਖਾ ਨੇ ਵੀ ਮਰਨ ਵਾਲੇ ਯਾਤਰੀਆਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ