ਪਹਿਲੀ ਵਾਰ ਅਚੱਲ ਜਾਇਦਾਦ ਦੀ ਖਰੀਦ ‘ਤੇ ਸਟੈਂਪ ਡਿਊਟੀ ‘ਚ 50 ਫੀਸਦੀ ਛੋਟ, ਜੰਮੂ-ਕਸ਼ਮੀਰ ਸਰਕਾਰ ਨੇ ਜਾਰੀ ਕੀਤਾ ਆਦੇਸ਼
ਜੰਮੂ। ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਵੀਰਵਾਰ ਨੂੰ ਸੂਬੇ ‘ਚ ਪਹਿਲੀ ਵਾਰ ਜ਼ਮੀਨ, ਮਕਾਨ, ਦੁਕਾਨ ਖਰੀਦਣ ਵਾਲਿਆਂ ਨੂੰ ਸਟੈਂਪ ਡਿਊਟੀ ‘ਚ 50 ਫੀਸਦੀ ਛੋਟ ਦੇਣ ਦਾ ਹੁਕਮ ਜਾਰੀ ਕੀਤਾ ਹੈ। ਇਸ ਦੇ ਲਈ ਇਹ ਜ਼ਰੂਰੀ ਹੈ ਕਿ ਖਰੀਦੀ ਜਾਣ ਵਾਲੀ ਜਾਇਦਾਦ ਦੀ ਕੀਮਤ ਇਕ ਕਰੋੜ ਰੁਪਏ ਤੋਂ ਵੱਧ ਨਾ ਹੋਵੇ। ਇਹ ਆਦੇਸ਼ 21 ਅਪ੍ਰੈਲ 2022 ਤੋਂ ਮਾਰਚ 2024 ਤੱਕ ਲਾਗੂ ਰਹੇਗਾ। 25 ਫਰਵਰੀ ਨੂੰ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਦੀ ਪ੍ਰਧਾਨਗੀ ਹੇਠ ਹੋਈ ਰਾਜ ਪ੍ਰਸ਼ਾਸਨਿਕ ਕੌਂਸਲ ਦੀ ਮੀਟਿੰਗ ਵਿੱਚ ਜੰਮੂ-ਕਸ਼ਮੀਰ ਵਿੱਚ ਪਹਿਲੀ ਵਾਰ ਜ਼ਮੀਨ ਅਤੇ ਜਾਇਦਾਦ ਆਪਣੇ ਨਾਂ ’ਤੇ ਖਰੀਦਣ ਵਾਲੇ ਲੋਕਾਂ ਨੂੰ ਸਟੈਂਪ ਡਿਊਟੀ ਵਿੱਚ ਛੋਟ ਦੇਣ ਦੇ ਫੈਸਲੇ ਨੂੰ ਮਨਜ਼ੂਰੀ ਦਿੱਤੀ ਗਈ ਸੀ। ਹੁਣ ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਟਲ ਢੁੱਲੂ ਨੇ ਵੀਰਵਾਰ ਨੂੰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
ਇਸ ਵਿਚ ਕਿਹਾ ਗਿਆ ਹੈ ਕਿ ਸਟੈਂਪ ਐਕਟ ਤਹਿਤ ਪਹਿਲੀ ਵਾਰ ਜਾਇਦਾਦ ਖਰੀਦਦਾਰ, ਪਹਿਲੀ ਵਾਰ 20 ਸਾਲ ਤੋਂ ਜ਼ਿਆਦਾ ਲਈ ਅਚੱਲ ਜਾਇਦਾਦ ਨੂੰ ਲੀਜ਼ ਦੇ ਲੈਣ ਵਾਲਿਆਂ ਲਈ 50 ਫੀਸਦੀ ਸਟੈਂਪ ਡਿਊਟੀ ਛੋਟ ਦਿੱਤੀ ਜਾਵੇਗੀ। ਇਹ ਛੋਟ ਕਿਸੇ ਵੀ ਨਿੱਜੀ ਵਿਅਕਤੀ, ਸੰਸਥਾ ਜਾਂ ਸਰਕਾਰ ਜਾਂ ਕਿਸੇ ਵੀ ਵਿਕਾਸ ਅਥਾਰਟੀ ਜਾਂ ਰੇਰਾ ਦੁਆਰਾ ਪ੍ਰਵਾਨਿਤ ਕਿਸੇ ਪ੍ਰੋਜੈਕਟ ਦੇ ਡਿਵੈਲਪਰ ਤੋਂ ਖਰੀਦੀ ਗਈ ਜਾਇਦਾਦ ‘ਤੇ ਲਾਗੂ ਹੋਵੇਗੀ। ਨੋਟੀਫਿਕੇਸ਼ਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਇੱਕ ਨੋਡਲ ਏਜੰਸੀ ਨੂੰ ਵੀ ਮਨੋਨੀਤ ਕਰੇਗਾ ਜੋ ਉਪਰੋਕਤ ਸੰਪਤੀਆਂ ਦੇ ਪਹਿਲੀ ਵਾਰ ਖਰੀਦਦਾਰਾਂ ਦਾ ਆਧਾਰ ਆਧਾਰਿਤ ਡੇਟਾ ਜਮ੍ਹਾ ਕਰੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ