ਓਮਕਾਰੇਸ਼ਵਰ ਨੇੜੇ ਨਹਿਰ ਵਿੱਚ ਡੁੱਬਣ ਕਾਰਨ ਚਾਰ ਲੜਕੀਆਂ ਦੀ ਮੌਤ
ਖੰਡਵਾ (ਏਜੰਸੀ)। ਮੱਧ ਪ੍ਰਦੇਸ਼ ਦੇ ਖੰਡਵਾ ਜ਼ਿਲ੍ਹੇ ਵਿੱਚ ਅੱਜ ਸਵੇਰੇ ਓਮਕਾਰੇਸ਼ਵਰ ਨੇੜੇ ਨਹਿਰ ਵਿੱਚ ਡੁੱਬਣ ਨਾਲ ਨੇੜਲੇ ਰਿਹਾਇਸ਼ੀ ਸਕੂਲ ਵਿੱਚ ਪੜ੍ਹਦੀਆਂ ਚਾਰ ਵਿਦਿਆਰਥਣਾਂ ਦੀ ਮੌਤ ਹੋ ਗਈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਦੀਆਂ 11 ਵਿਦਿਆਰਥਣਾਂ ਪਿੰਡ ਕੋਠੀ ਨੇੜੇ ਇਸ ਨਹਿਰ ਵਿੱਚ ਨਹਾਉਣ ਗਈਆਂ ਸਨ। ਇਨ੍ਹਾਂ ਵਿੱਚੋਂ ਛੇ ਵਹਿਣ ਲੱਗੀਆਂ । ਦੋ ਨੂੰ ਬਚਾ ਲਿਆ ਗਿਆ, ਪਰ ਚਾਰ ਦੀ ਮੌਤ ਹੋ ਗਈ। ਇਹ ਸਾਰੀਆਂ ਵਿਦਿਆਰਥਣਾਂ ਸਮਵਿਦ ਗੁਰੂਕੁਲਮ ਰਿਹਾਇਸ਼ੀ ਸਕੂਲ ਪਿੰਡ ਕੋਠੀ ਦੀਆਂ ਪੰਜਵੀਂ ਜਮਾਤ ਦੀਆਂ ਵਿਦਿਆਰਥਣਾਂ ਸਨ। ਇਹ ਸਕੂਲ ਸਾਧਵੀ ਰਿਤੰਭਰਾ ਦੇ ਟਰੱਸਟ ਦੁਆਰਾ ਚਲਾਇਆ ਜਾਂਦਾ ਹੈ।
ਆਸ਼ਰਮ ਦੀਆਂ ਕਰੀਬ 11 ਲੜਕੀਆਂ ਨਹਿਰ ‘ਚ ਨਹਾਉਣ ਲਈ ਗਈਆਂ ਸਨ। ਇਸੇ ਦੌਰਾਨ ਵੈਸ਼ਾਲੀ ਨਵਲ ਸਿੰਘ (13) ਅਚਾਨਕ ਤਿਲਕ ਕੇ ਡੂੰਘੇ ਪਾਣੀ ਵਿੱਚ ਚਲੀ ਗਈ। ਇਕ-ਇਕ ਕਰਕੇ ਉਸਦੀਆਂ ਤਿੰਨ ਹੋਰ ਦੋਸਤ ਵੀ ਉਸ ਨੂੰ ਬਚਾਉਣ ਲਈ ਪਾਣੀ ਵਿਚ ਡੁੱਬ ਗਈਆਂ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਤੁਰੰਤ ਮੌਕੇ ‘ਤੇ ਪਹੁੰਚ ਗਈ ਅਤੇ ਗੋਤਾਖੋਰਾਂ ਦੀ ਮਦਦ ਨਾਲ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ। ਸਾਰੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਮ੍ਰਿਤਕਾਂ ਵਿੱਚ ਪ੍ਰਤਿਗਿਆ ਛਮੀਆ (ਸਨਾਵੜ), ਦਿਵਯਾਂਸ਼ੀ ਚੇਤਨ (ਰਾਜਪੁਰ-ਬਰਵਾਨੀ) ਅਤੇ ਅੰਜਨਾ ਰਮੇਸ਼ (ਬਮਨਾਲਾ-ਖਰਗੋਨ) ਸ਼ਾਮਲ ਹਨ।
ਹਾਦਸਾ ਕਿਵੇਂ ਵਾਪਰਿਆ
ਇਨ੍ਹਾਂ ਲੜਕੀਆਂ ਨਾਲ ਨਹਾਉਣ ਗਈ ਇੱਕ ਲੜਕੀ ਨੇ ਦੱਸਿਆ ਕਿ ਆਸ਼ਰਮ ਦੇ ਬਾਥਰੂਮ ਵਿੱਚ ਪਾਣੀ ਦੀ ਸਮੱਸਿਆ ਹੋਣ ਕਾਰਨ ਉਹ ਸਾਰੇ ਨਹਿਰ ਵਿੱਚ ਨਹਾਉਣ ਲਈ ਚਲੇ ਗਏ। ਪਹਿਲਾਂ ਇੱਕ ਕੁੜੀ ਡੁੱਬ ਗਈ ਅਤੇ ਫਿਰ ਇੱਕ ਇੱਕ ਕਰਕੇ ਛੇ ਹੋਰ ਡੁੱਬਣ ਲੱਗੀਆਂ । ਉੱਥੇ ਮੌਜੂਦ ਲੋਕਾਂ ਨੇ ਦੋ ਨੂੰ ਬਚਾਇਆ ਪਰ ਚਾਰ ਦੀ ਡੁੱਬਣ ਕਾਰਨ ਮੌਤ ਹੋ ਗਈ। ਘਟਨਾ ਤੋਂ ਬਾਅਦ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ। ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਮਾਮਲੇ ਦੀ ਜਾਂਚ ਕਰ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ