ਵਿੱਦਿਅਕ ਸੈਸ਼ਨ ਸ਼ੁਰੂ ਹੋਣ ਦੇ ਬਾਵਜ਼ੂਦ ਸਰਕਾਰੀ ਸਕੂਲਾਂ ਵਿਚ ਨਹੀਂ ਪੁੱਜੀਆਂ ਕਿਤਾਬਾਂ
ਵਿਦਿਆਥੀਆਂ ਦੇ ਮਾਪਿਆਂ ’ਚ ਵੀ ਰੋਸ, ਕਿਤਾਬਾਂ ਦਾ ਵਿੱਦਿਅਕ ਸ਼ੈਸਨ ਤੋਂ ਪਹਿਲਾ ਹੋਵੇ ਪ੍ਰਬੰਧ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸਰਕਾਰੀ ਸਕੂਲਾਂ (Government Schools) ਦੇ ਵਿਦਿਆਰਥੀ ਸਕੂਲ ਤਾਂ ਜਾ ਰਹੇ ਹਨ, ਪਰ ਉਨ੍ਹਾਂ ਕੋਲ ਪੜ੍ਹਨ ਲਈ ਕਿਤਾਬਾਂ ਨਹੀਂ ਹਨ। ਉਹ ਸਕੂਲ ’ਚ ਬਿਨਾ ਕਿਤਾਬਾਂ ਦੇ ਹੀ ਪੜ੍ਹਾਈ ਕਰਨ ਨੂੰ ਮਜ਼ਬੂਰ ਹਨ। ਚੰਗੀ ਸਿੱਖਿਆ ਦੇਣ ਦੀ ਗੱਲ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮੇਂ ਸਿਰ ਕਿਤਾਬਾਂ ਮੁਹੱਈਆਂ ਕਰਵਾਉਣ ਵਿੱਚ ਪਹਿਲੀਆਂ ਸਰਕਾਰਾਂ ਵਾਂਗ ਹੀ ਲੇਟ ਲਤੀਫ਼ ਦੇ ਰਾਹ ਪਈ ਹੈ।
ਜਾਣਕਾਰੀ ਅਨੁਸਾਰ ਸਰਕਾਰੀ ਸਕੂਲਾਂ (Government Schools) ਵਿੱਚ ਨਵਾਂ ਵਿੱਦਿਅਕ ਸੈਸ਼ਨ 6 ਅਪਰੈਲ ਤੋਂ ਸ਼ੁਰੂ ਹੋ ਚੁੱਕਾ ਹੈ, ਪਰ ਹਫ਼ਤਾ ਬੀਤਣ ਦੇ ਬਾਵਜ਼ੂਦ ਲੱਖਾਂ ਵਿਦਿਆਰਥੀ ਕਿਤਾਬਾਂ ਵੱਲ ਟਿਕਟਿਕੀ ਲਾਈ ਬੈਠੇ ਹਨ। ਆਉਂਦੇ ਦਿਨਾਂ ਵਿੱਚ ਵੀ ਉਨ੍ਹਾਂ ਕੋਲ ਕਿਤਾਬਾਂ ਪੁੱਜਣ ਦੀ ਬਹੁਤੀ ਆਸ ਦਿਖਾਈ ਨਹੀਂ ਦਿੰਦੀ। ਸਰਕਾਰ ਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਵੀ ਪਿਛਲੇ ਸਾਲਾਂ ਵਾਲੀ ਗਲਤੀ ਸੁਧਾਰਨ ਦਾ ਹੀਆ ਨਹੀਂ ਨਹੀਂ ਕਰ ਰਿਹਾ। ਸਰਕਾਰ ਅਤੇ ਸਿੱਖਿਆ ਵਿਭਾਗ ਦੀ ਗਲਤੀ ਦਾ ਖਮਿਆਜਾ ਪੰਜਾਬ ਦੇ ਲਗਭਗ 26 ਲੱਖ ਵਿਦਿਆਰਥੀਆਂ ਨੂੰ ਭੁਗਤਣਾ ਪੈ ਰਿਹਾ ਹੈ। ਅੱਠਵੀ, ਦਸਵੀਂ ਅਤੇ ਬਾਰਵੀਂ ਜਮਾਤਾਂ ਦੇ ਵਿਦਿਆਰਥੀ ਨੂੰ ਤਾਂ ਹੋਰ ਵੀ ਡਾਢੀ ਸਮੱਸਿਆ ਦਰਪੇਸ਼ ਹੈ, ਕਿਉਂਕਿ ਪੁਰਾਣੇ ਵਿਦਿਅਕ ਸੈਸ਼ਨ ਨਾਲ ਸਬੰਧਤ ਬੋਰਡ ਪ੍ਰੀਖਿਆਵਾਂ ਹਾਲੇ ਮੁਕੰਮਲ ਨਹੀਂ ਹੋਈਆਂ ਹਨ, ਜਿਸ ਕਾਰਨ ਇਨ੍ਹਾਂ ਜਮਾਤਾਂ ਵਿੱਚਲੇ ਨਵੇਂ ਸੈਸ਼ਨ ਦੇ ਵਿਦਿਆਰਥੀਆਂ ਨੂੰ ਅੰਸ਼ਕ ਰਾਹਤ ਦੇ ਰੂਪ ਵਿੱਚ ਪੁਰਾਣੀਆਂ ਕਿਤਾਬਾਂ ਵੀ ਪ੍ਰਾਪਤ ਨਹੀਂ ਹੋ ਰਹੀਆਂ ਹਨ।
ਸਿੱਖਿਆ ਵਿਭਾਗ ਨੂੰ ਚਾਹੀਦਾ ਤਾ ਇਹ ਹੈ ਕਿ ਉਹ ਸ਼ੈਸਨ ਸ਼ੁਰੂ ਹੋਣ ਤੋਂ ਪੰਦਰਾ ਦਿਨ ਪਹਿਲਾ ਹੀ ਕਿਤਾਬਾਂ ਸਬੰਧਿਤ ਜ਼ਿਲ੍ਹਿਆ ਅੰਦਰ ਪੁੱਜਦੀਆਂ ਕਰਨ, ਕਿਉਂਕਿ ਹਰੇਕ ਸਕੂਲ ਵਿੱਚ ਕਿਤਾਬਾਂ ਪੁੱਜਦੀਆਂ ਕਰਨ ਲਈ ਵੀ ਕਈ ਦਿਨਾਂ ਦਾ ਸਮਾਂ ਲੱਗਦਾ ਹੈ। ਵਿਦਿਆਰਥੀਆਂ ਦੇ ਮਾਪਿਆਂ ਗੁਰਜੋਤ ਸਿੰਘ ਅਤੇ ਨਿਰਭੈ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਸਕੂਲ ਤਾ ਜਾ ਰਹੇ ਹਨ, ਪਰ ਬਿਨਾਂ ਕਿਤਾਬਾਂ ਤੋਂ। ਉਨ੍ਹਾਂ ਦੱਸਿਆ ਕਿ ਆਪਣੇ ਵੱਲੋਂ ਕੁਝ ਪੁਰਾਣੀਆਂ ਕਿਤਾਬਾਂ ਦਾ ਪ੍ਰਬੰਧ ਜ਼ਰੂਰ ਕੀਤਾ ਗਿਆ ਹੈ, ਪਰ ਪੂਰੇ ਵਿਸ਼ਿਆਂ ਦੀਆਂ ਨਹੀਂ ਹਨ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਅਤੇ ਵਿਭਾਗ ਨੂੰ ਪਤਾ ਹੈ ਕਿ ਨਵਾਂ ਸ਼ੈਸਨ ਸ਼ੁਰੂ ਹੋਣਾ ਹੈ ਤਾ ਬੱਚਿਆਂ ਲਈ ਕਿਤਾਬਾਂ ਦਾ ਪ੍ਰਬੰਧ ਕਿਉਂ ਨਹੀਂ ਕੀਤਾ ਜਾਂਦਾ। ਉਨ੍ਹਾਂ ਦੱਸਿਆ ਕਿ ਹਰ ਵਾਰ ਸਕੂਲਾਂ ਅੰਦਰ ਲੇਟ ਹੀ ਕਿਤਾਬਾਂ ਪੁੱਜਦੀਆਂ ਹਨ। ਇੱਧਰ ਸਿੱਖਿਆ ਵਿਭਾਗ ਦੇ ਇੱਕ ਅਧਿਕਾਰੀ ਦਾ ਕਹਿਣਾ ਸੀ ਕਿ ਇਸ ਵਾਰ ਵਿੱਦਿਅਕ ਸ਼ੈਸਨ ਲੇਟ ਆਰੰਭ ਹੋਇਆ ਹੈ, ਪਰ ਉਨ੍ਹਾਂ ਕੋਲ ਸਮੇਂ ਸਿਰ ਕਿਤਾਬਾਂ ਨਾ ਪੁੱਜਣ ਨੂੰ ਲੈ ਠੋਸ ਜਵਾਬ ਨਹੀਂ ਸੀ।
ਸਰਕਾਰ ਬਦਲੀ, ਪਰ ਸਕੂਲਾਂ ਦੇ ਹਲਾਤ ਨਹੀਂ : ਅਧਿਆਪਕ ਆਗੂ
ਇੱਧਰ ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਰਨਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਸਮੇਤ ਅਤਿੰਦਰਪਾਲ ਸਿੰਘ ਘੱਗਾ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਅਜੇ ਤੱਕ ਕਿਤਾਬਾਂ ਨਾ ਪੁੱਜਣਾ ਸਿੱਖਿਆ ਪ੍ਰਤੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਦਰਸਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਅਤੇ ਮੁੱਖ ਮੰਤਰੀ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਤੀ ਸੰਜੀਦਗੀ ਦਿਖਾਉਂਦੇ ਹੋਏ, ਸਾਰੇ ਵਿਸ਼ਿਆਂ ਦੀਆਂ ਕਿਤਾਬਾਂ ਦੇ ਸਮੁੱਚੇ ਟਾਈਟਲਾਂ ਨੂੰ ਪੂਰੀ ਗਿਣਤੀ ਵਿੱਚ ਸਕੂਲਾਂ ਤੱਕ ਬਿਨਾ ਦੇਰੀ ਪੁੱਜਦਾ ਕਰਨ ਦੀ ਹਦਾਇਤ ਕਰਨ। ਇਸ ਦੇ ਨਾਲ ਹੀ 11ਵੀਂ ਅਤੇ 12ਵੀਂ ਕਲਾਸ ਦੇ ਲਾਜ਼ਮੀ ਵਿਸ਼ਿਆਂ ਦੇ ਨਾਲ ਨਾਲ ਬਾਕੀ ਵਿਸ਼ਿਆਂ ਦੀਆਂ ਕਿਤਾਬਾਂ ਨੂੰ, ਪ੍ਰਾਈਵੇਟ ਪ੍ਰਕਾਸ਼ਕਾਂ ਦੇ ਸਹਾਰੇ ਛੱਡਣ ਦੀ ਥਾਂ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਆਪਣੇ ਪੱਧਰ ’ਤੇ ਛਪਾਈ ਕਰਕੇ ਵੰਡ ਕਰਨ ਲਈ ਪਾਬੰਦ ਕੀਤਾ ਜਾਵੇ।
20 ਅਪਰੈਲ ਤੱਕ ਕਿਤਾਬਾਂ ਮੁਹੱਈਆਂ ਕਰਵਾਉਣ ਦੀ ਪੂਰੀ ਕੋਸ਼ਿਸ਼ : ਚੇਅਰਮੈਨ ਯੋਗਰਾਜ
ਇਸ ਮਾਮਲੇ ਸਬੰਧੀ ਜਦੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਯੋਗਰਾਜ ਸ਼ਰਮਾ ਨਾਲ ਗੱਲ ਕੀਤੀ ਗਈ ਤਾ ਉਨ੍ਹਾਂ ਦੱਸਿਆ ਕਿ 20 ਅਪਰੈਲ ਤੱਕ ਜ਼ਿਆਦਾਤਰ ਸਕੂਲਾਂ ਅੰਦਰ ਕਿਤਾਬਾਂ ਪੁੱਜਦੀਆਂ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਡੇਢ ਕਰੋੜ ਕਿਤਾਬਾਂ ਮੁਹੱਈਆਂ ਕਰਵਾਉਣੀਆਂ ਹਨ, ਜਿਸ ਕਰਨ ਕੁਝ ਸਮਾਂ ਜ਼ਰੂਰ ਲੱਗਦਾ ਹੈ। ਉਨ੍ਹਾਂ ਦੱਸਿਆ ਕਿ ਬੋਰਡ ਦੀਆਂ ਕਲਾਸਾਂ ਦੇ ਚੱਲ ਰਹੇ ਪੇਪਰਾਂ ਕਾਰਨ ਅਧਿਆਪਕਾਂ ਦੀਆਂ ਡਿਊਟੀਆਂ ਇੱਧਰ ਲੱਗਣ ਹੋਣ ਕਾਰਨ ਵੀ ਕੁਝ ਮੁਸ਼ਕਿਲਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੋਸ਼ਿਸ਼ ਇਹੋ ਹੈ ਕਿ ਜਲਦ ਤੋਂ ਜਲਦ ਕਿਤਾਬਾਂ ਪੁੱਜਦੀਆਂ ਹੋ ਜਾਣ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ