ਸ਼੍ਰੋਮਣੀ ਅਕਾਲੀ ਦਲ (ਬਾਦਲ) (Shiromani Akali Dal) ਨਾਲ ਸਬੰਧਤ ਸਾਰੇ ਸਾਬਕਾ ਮੰਤਰੀ ਅਤੇ ਸਾਬਕਾ ਵਿਧਾਇਕ ਵੀ ਆਪਣੀਆਂ ਕਈ-ਕਈ ਪੈਨਸ਼ਨਾਂ ਵਾਪਸ ਕਰਨ ਦਾ ਐਲਾਨ ਕਰਨ
ਕੋਟਕਪੂਰਾ , (ਅਜੈ ਮਨਚੰਦਾ )। ਪੰਜਾਬ ਦੇ ਰਾਜ ਭਾਗ ਤੇ 5 ਵਾਰ ਕਾਬਜ਼ ਰਹੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋੰ ਬੀਤੇ ਦਿਨੀਂ ਟਵੀਟ ਕਰਕੇ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੇ ਨਾਂ ਇੱਕ ਪੱਤਰ ਲਿਖ ਕੇ ਮਹੀਨਾਵਾਰ 5 ਲੱਖ ਤੋਂ ਵੱਧ ਮਿਲ ਰਹੀ ਪੈਨਸ਼ਨ ਹੁਣ ਨਾ ਲੈਣ ਦੇ ਫੈਸਲੇ ਤੇ ਟਿੱਪਣੀ ਕਰਦੀ ਹੋਏ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ , ਜਨਰਲ ਸਕੱਤਰ ਬਲਕਾਰ ਵਲਟੋਹਾ , ਸੀਨੀਅਰ ਮੀਤ ਪ੍ਰਧਾਨ ਪ੍ਰੇਮ ਚਾਵਲਾ , ਵਿੱਤ ਸਕੱਤਰ ਨਵੀਨ ਸਚਦੇਵਾ , ਪ੍ਰੈੱਸ ਸਕੱਤਰ ਪ੍ਰਵੀਨ ਕੁਮਾਰ ਲੁਧਿਆਣਾ ਅਤੇ ਟਹਿਲ ਸਿੰਘ ਸਰਾਭਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Shiromani Akali Dal) ਵੱਲੋਂ ਲਿਆ ਗਿਆ ਫੈਸਲਾ ਬਹੁਤ ਹੀ ਦੇਰ ਨਾਲ ਚੁੱਕਿਆ ਕਦਮ ਹੈ ।
ਅਧਿਆਪਕ ਆਗੂਆਂ ਨੇ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਹਨ ਤੇ ਉਨ੍ਹਾਂ ਦਾ ਪੁੱਤਰ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਨ ਅਤੇ ਪਰਿਵਾਰ ਦੇ ਕਈ ਹੋਰ ਮੈਂਬਰ ਆਪਣੀਆਂ ਕਈ-ਕਈ ਪੈਨਸ਼ਨਾਂ ਲੈ ਰਹੇ ਹਨ। ਇਸ ਕਰਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੀ ਪੈਨਸ਼ਨ ਨਾ ਲੈਣ ਦਾ ਫ਼ੈਸਲਾ ਕੋਈ ਮਾਅਨੇ ਨਹੀਂ ਰੱਖਦਾ , ਚੰਗਾ ਹੋਵੇਗਾ ਜੇਕਰ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਸਾਰੇ ਸਾਬਕਾ ਮੰਤਰੀ ਤੇ ਸਾਬਕਾ ਵਿਧਾਇਕ ਤੁਰੰਤ ਆਪਣੀਆਂ ਕਈ-ਕਈ ਪੈਨਸ਼ਨਾਂ ਲੈਣ ਦੀ ਬਜਾਏ ਸਿਰਫ਼ ਇੱਕ ਪੈਨਸ਼ਨ ਲੈਣ ਦਾ ਫ਼ੈਸਲਾ ਕਰਨ ਅਤੇ ਪੰਜਾਬ ਦੇ ਖਜ਼ਾਨੇ ਨੂੰ ਹਰ ਮਹੀਨੇ ਕਰੋੜਾਂ ਰੁਪਏ ਦੇ ਲੱਗ ਰਹੇ ਚੂਨੇ ਦੀ ਬੱਚਤ ਹੋ ਸਕੇ ।
ਆਗੂਆਂ ਨੇ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਤੋਂ ਇਹ ਮੰਗ ਵੀ ਕੀਤੀ ਕਿ ਆਪਣੀ ਇੱਕ ਪੈਨਸ਼ਨ ਜਾਂ ਇੱਕ ਤਨਖ਼ਾਹ ਲੈਣ ਦਾ ਫੈਸਲਾ ਤੁਰੰਤ ਕੀਤਾ ਜਾਵੇ ।
ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਵਿੱਚ ਜਨਵਰੀ 2004 ਤੋਂ ਬਾਅਦ ਭਰਤੀ ਸਾਰੇ ਮੁਲਾਜ਼ਮਾਂ ਤੇ ਨਵੀਂ ਕੰਟਰੀਬਿਊਟਰੀ ਪੈਨਸ਼ਨ ਸਕੀਮ ਦੀ ਥਾਂ ਆਪਣੇ ਚੋਣ ਵਾਅਦੇ ਅਨੁਸਾਰ ਤੁਰੰਤ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ