ਨਹਿਰ ਵਿੱਚ ਫਸੇ 7 ਮਜ਼ਦੂਰਾਂ ਨੂੰ ਬਚਾ ਲਿਆ ਗਿਆ
2 ਹੋਰਾਂ ਨੂੰ ਬਚਾਉਣ ਦਾ ਕੰਮ ਜਾਰੀ
ਕਟਨੀ/ਭੋਪਾਲ। ਮੱਧ ਪ੍ਰਦੇਸ਼ ਦੇ ਕਟਨੀ ਜ਼ਿਲ੍ਹੇ ਦੇ ਸਲਿਮਨਾਬਾਦ ਥਾਣਾ ਖੇਤਰ ਵਿੱਚ ਨਹਿਰ ਦੀ ਖੁਦਾਈ ਦੌਰਾਨ ਜ਼ਮੀਨ ਖਿਸਕਣ ਕਾਰਨ ਫਸੇ 9 ਮਜ਼ਦੂਰਾਂ ‘ਚੋਂ 7 ਨੂੰ ਰਾਤ ਭਰ ਰਾਹਤ ਅਤੇ ਬਚਾਅ ਕਾਰਜਾਂ ਰਾਹੀਂ ਬਚਾ ਲਿਆ ਗਿਆ ਅਤੇ ਬਾਕੀ 2 ਨੂੰ ਬਚਾਉਣ ਦਾ ਕੰਮ ਜਾਰੀ ਹੈ। ਅੱਜ ਸਵੇਰੇ ਰਾਜ ਦੇ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਡਾ: ਰਾਜੇਸ਼ ਰਾਜੌਰਾ ਨੇ ਦੱਸਿਆ ਕਿ ਰਾਤ ਭਰ ਚੱਲੇ ਰਾਹਤ ਅਤੇ ਬਚਾਅ ਕਾਰਜਾਂ ਦੌਰਾਨ ਕੁੱਲ 7 ਕਰਮਚਾਰੀਆਂ ਨੂੰ ਬਾਹਰ ਕੱਢਿਆ ਗਿਆ ਹੈ। ਬਾਕੀ 2 ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਧਿਕਾਰਤ ਸੂਤਰਾਂ ਮੁਤਾਬਕ ਸ਼ਨੀਵਾਰ ਦੇਰ ਸ਼ਾਮ ਨਰਮਦਾ ਸੱਜਾ ਕਿਨਾਰਾ ਨਹਿਰ ਯੋਜਨਾ ਨਾਲ ਸਬੰਧਤ ਸੁਰੰਗ (ਟਨਲ) ਦੀ ਖੁਦਾਈ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਜ਼ਮੀਨ ਵਿੱਚ ਕੰਮ ਕਰ ਰਹੇ 9 ਮਜ਼ਦੂਰ ਦੱਬ ਗਏ।
ਇਸ ਤੋਂ ਬਾਅਦ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕੀਤੇ ਗਏ ਅਤੇ ਭੋਪਾਲ ਵਿਖੇ ਅਤਿ ਆਧੁਨਿਕ ਸਾਧਨਾਂ ਨਾਲ ਲੈਸ ਸਟੇਟ ਸਿਚੂਏਸ਼ਨ ਰੂਮ (ਐਸਐਸਆਰ) ਤੋਂ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਡਾ: ਰਾਜੌਰਾ ਅਤੇ ਹੋਰ ਅਧਿਕਾਰੀ ਵੀਡੀਓ ਕਾਨਫਰੰਸਿੰਗ ਦੁਆਰਾ ਘਟਨਾ ਸਥਾਨ ਦੀ ਨਿਗਰਾਨੀ ਕਰਦੇ ਰਹੇ ਅਤੇ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਬਚਾਅ ਕਾਰਜਾਂ ਲਈ ਐਸਡੀਈਆਰਐਫ ਕਟਨੀ ਅਤੇ ਜਬਲਪੁਰ ਦੀ ਟੀਮ ਔਜ਼ਾਰਾ ਨਾਲ ਮੌਕੇ ’ਤੇ ਪਹੁੰਚੀ ਅਤੇ ਰਾਤ ਭਰ ਰਾਹਤ ਅਤੇ ਬਚਾਅ ਕਾਰਜ ਚਲਾਇਆ। ਇਸ ਕਾਰਨ ਰਾਤ ਨੂੰ ਤਿੰਨ ਮਜ਼ਦੂਰਾਂ ਨੂੰ ਅਤੇ ਦੇਰ ਸਵੇਰ ਤੱਕ ਕੁੱਲ 7 ਮਜ਼ਦੂਰਾਂ ਨੂੰ ਬਾਹਰ ਕੱਢਿਆ ਗਿਆ। ਹੁਣ ਬਾਕੀ ਦੋ ਮਜ਼ਦੂਰ ਫਸੇ ਹੋਏ ਹਨ, ਜਿੰਨ੍ਹਾਂ ਨੂੰ ਕੱਢਣ ਦਾ ਕੰਮ ਚੱਲ ਰਿਹਾ ਹੈ। ਮਜ਼ਦੂਰਾਂ ਦੇ ਨਾਮ ਮੋਨੀਦਾਸ ਕੋਲ, ਦੀਪਕ ਕੋਲ, ਨਰਮਦਾ ਕੋਲ, ਵਿਜੇ ਕੋਲ, ਇੰਦਰਾਮਣੀ ਕੋਲ, ਨੰਦਕੁਮਾਰ ਯਾਦਵ , ਮੋਤੀਲਾਲ ਕੋਲ, ਗੋਰੇਲਾਲ ਕੋਲ ਅਤੇ ਰਵਿ ਦੱਸੇ ਗਏ ਹਨ। ਇਹਨਾਂ ਵਿੱਚੋਂ ਸੱਤ ਮਜ਼ਦੂਰ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ। ਉਮੀਦ ਹੈ ਕਿ ਬਾਕੀ ਦੋ ਮਜ਼ਦੂਰਾਂ ਨੂੰ ਵੀ ਸੁਰੱਖਿਅਤ ਬਾਹਰ ਕੱਢ ਲਿਆ ਜਾਵੇਗਾ। ਦੱਸਿਆ ਗਿਆ ਹੈ ਕਿ ਬਰਗੀ ਤੋਂ ਬਨਸਾਗਰ ਤੱਕ ਨਰਮਦਾ ਸੱਜੇ ਕੰਢੇ ਪ੍ਰਾਜੈਕਟ ਤਹਿਤ ਜ਼ਮੀਨਦੋਜ਼ ਸੁਰੰਗ ਬਣਾਉਣ ਦਾ ਕੰਮ ਚੱਲ ਰਿਹਾ ਹੈ। ਇਸਨੂੰ ਹੈਦਰਾਬਾਦ ਸਥਿਤ ਇੱਕ ਨਿੱਜੀ ਕੰਪਨੀ ਦੁਆਰਾ ਬਣਾਇਆ ਜਾ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ