ਸਹੁਰੇ ਦੇ ਹੱਕ ’ਚ ਪ੍ਰਚਾਰ ਕਰਨ ਨੂੰਹ ਅਮਰੀਕਾ ਤੋਂ ਆਈ
(ਰਾਜਨ ਮਾਨ) ਅਜਨਾਲਾ। ਵਿਧਾਨ ਸਭਾ ਹਲਕਾ ਅਜਨਾਲਾ ਵਿੱਚ ਚੋਣ ਪ੍ਰਚਾਰ (Election Campaign) ਦਿਨੋਂ-ਦਿਨ ਜ਼ੋਰ ਫੜਦਾ ਜਾ ਰਿਹਾ ਹੈ ਅਤੇ ਹੁਣ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਉਮੀਦਵਾਰਾਂ ਦੀਆਂ ਪਤਨੀਆਂ ਤੇ ਨੂੰਹਾਂ ਵੀ ਮੈਦਾਨ ਵਿੱਚ ਨਿੱਤਰ ਆਈਆਂ ਹਨ। ‘ਆਪ’ ਦੇ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਅਮਰੀਕਾ ਤੋਂ ਉਹਨਾਂ ਦੀ ਨੂੰਹ ਆ ਕੇ ਘਰ ਘਰ ਜਾ ਕੇ ਪ੍ਰਚਾਰ ਕਰ ਰਹੀ ਹੈ। ਇਸ ਵਿਧਾਨ ਸਭਾ ਹਲਕੇ ਤੋਂ ਤਿਕੋਣੀ ਟੱਕਰ ਬਣੀ ਹੋਣ ਕਾਰਨ ਸਾਰੇ ਉਮੀਦਵਾਰਾਂ ਵਲੋਂ ਆਪਣੇ ਪਰਿਵਾਰਾਂ ਦੀਆਂ ਔਰਤਾਂ ਨੂੰ ਵੀ ਚੋਣ ਪ੍ਰਚਾਰ ਲਈ ਮੈਦਾਨ ਵਿੱਚ ਉਤਾਰ ਦਿੱਤਾ ਗਿਆ ਹੈ। ਪਿੰਡਾਂ ਦੀ ਉੱਡਦੀ ਮਿੱਟੀ ਦੀ ਧੂੜ ਅਤੇ ਬਦਬੂ ਮਾਰਦੀਆਂ ਰੂੜੀਆਂ ਤੋਂ ਵੀ ਲੰਘਣ ਲੱਗਿਆਂ ਇਨ੍ਹਾਂ ਵੱਡਿਆਂ ਘਰਾਂ ਦੀਆਂ ਬੀਬੀਆਂ ਨੂੰ ਹੁਣ ਕੋਈ ਫਰਕ ਨਹੀਂ ਪੈ ਰਿਹਾ। ਹਰ ਗਰੀਬ ਦੇ ਲਿੱਬੜੇ ਤਿੱਬੜੇ ਬੱਚਿਆਂ ਨੂੰ ਗਲੇ ਨਾਲ ਲਾਇਆ ਜਾ ਰਿਹਾ ਹੈ।
ਹਲਕੇ ਵਿੱਚ ਆਮ ਆਦਮੀ ਪਾਰਟੀ, ਕਾਂਗਰਸ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਵਿਚਕਾਰ ਟੱਕਰ ਫਸੀ ਹੋਈ ਹੈ। ਲੋਕਾਂ ਵੱਲੋਂ ਮਿਲ ਰਹੇ ਹੁੰਗਾਰੇ ਨੂੰ ਵੇਖਦਿਆਂ ਆਪ ਦੇ ਉਮੀਦਵਾਰ ਕੁਲਦੀਪ ਸਿੰਘ ਧਾਰੀਵਾਲ ਦੀ ਚੋਣ ਮੁਹਿੰਮ ਵਿੱਚ ਉਨ੍ਹਾਂ ਦੀ ਪਤਨੀ ਜਗਦੀਸ ਕੌਰ ਧਾਰੀਵਾਲ ਅਤੇ ਨੂੰਹ ਅਮਨ ਧਾਰੀਵਾਲ ਜੋ ਇੱਕ ਦਿਨ ਪਹਿਲਾਂ ਹੀ ਅਮਰੀਕਾ ਤੋਂ ਆਪਣੇ ਸਹੁਰੇ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਆਏ ਹਨ ਚੋਣ ਪ੍ਰਚਾਰ ਲਈ ਮੈਦਾਨ ਵਿੱਚ ਆ ਗਈਆਂ ਹਨ। ਉਹਨਾਂ ਵਲੋਂ ਹਲਕੇ ਦੇ ਪਿੰਡਾਂ ਦੇ ਤੂਫਾਨੀ ਦੌਰੇ ਕਰਕੇ ਲੋਕਾਂ ਨੂੰ ਆਪ ਦੇ ਉਮੀਦਵਾਰ ਦੇ ਹੱਕ ਵਿੱਚ ਡਟਣ ਦਾ ਸੱਦਾ ਦਿੱਤਾ ਜਾ ਰਿਹਾ ਹੈ।
ਉਧਰ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਪ੍ਰਤਾਪ ਸਿੰਘ ਅਜਨਾਲਾ ਦੀ ਧਰਮ ਪਤਨੀ ਤੇਜਿੰਦਰ ਕੌਰ ਵੱਲੋਂ ਵੀ ਆਪਣੇ ਪਤੀ ਲਈ ਲੋਕਾਂ ਦੇ ਦਰਾਂ ਤੇ ਜਾ ਕੇ ਵੋਟਾਂ ਮੰਗੀਆਂ ਜਾ ਰਹੀਆਂ ਹਨ। ਅਕਾਲੀ ਦਲ ਦੇ ਉਮੀਦਵਾਰ ਅਮਰਪਾਲ ਸਿੰਘ ਬੋਨੀ ਦੀ ਪਤਨੀ ਅਨੂ ਅਜਨਾਲਾ ਤੇ ਮਾਂ ਡਾ ਅਵਤਾਰ ਕੌਰ ਵਲੋਂ ਵੀ ਲੋਕਾਂ ਦੀਆਂ ਬਰੂਹਾਂ ਤੇ ਦਸਤਕ ਦਿੱਤੀ ਜਾ ਰਹੀ ਹੈ। ਆਪਣੇ ਦਰਾਂ ਤੇ ਵੱਡਿਆਂ ਘਰਾਂ ਦੀਆਂ ਬੀਬੀਆਂ ਨੂੰ ਵੇਖ ਲੋਕ ਇਕੋ ਗੱਲ ਕਹਿੰਦੇ ਸੁਣੀਦੇ ਹਨ ਕਿ ਸ਼ਾਲਾ ਜਿੱਤਣ ਤੋਂ ਬਾਅਦ ਵੀ ਇਹ ਲੋਕ ਸਾਨੂੰ ਇੰਝ ਹੀ ਸਤਿਆਰ ਤੇ ਪਿਆਰ ਦੇਣ। ਅਜਨਾਲਾ ਦੀ ਇਕ ਬਜ਼ੁਰਗ ਔਰਤ ਦਲਬੀਰ ਕੌਰ ਨੇ ਕਿਹਾ ਕਿ ਵੋਟਾਂ ਦੇ ਵਕਤ ਤਾਂ ਸਾਰੇ ਹੀ ਸਾਨੂੰ ਤੇ ਸਾਡੇ ਬੱਚਿਆਂ ਨੂੰ ਲਿੱਬੜਿਆਂ ਨੂੰ ਗਲੇ ਲਾਉਂਦੇ ਹਨ ਪਰ ਜਿੱਤਣ ਤੋਂ ਬਾਅਦ ਗਲੇ ਤਾਂ ਕੀ ਲਾਉਣਾ ਹੁੰਦਾ ਜੇਕਰ ਕਿਸੇ ਕੰਮ ਇਹਨਾਂ ਦੇ ਦੁਆਰੇ ਜਾਓ ਤਾਂ ਪਹਿਚਾਣਦੇ ਹੀ ਨਹੀਂ। ਉਨ੍ਹਾਂ ਕਿਹਾ ਕਿ ਸ਼ਾਲਾ ਇਹ ਪਿਆਰ ਤੇ ਸਾਂਝ ਜਿੱਤ ਤੋਂ ਬਾਅਦ ਵੀ ਬਣੀ ਰਿਹਾ ਕਰੇ। ਅਮਰੀਕਾ ਤੋਂ ਆਪਣੇ ਸਹੁਰੇ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਆਈ ਕੁਲਦੀਪ ਧਾਲੀਵਾਲ ਦੀ ਨੂੰਹ ਅਮਨ ਧਾਲੀਵਾਲ ਨੇ ਕਿਹਾ ਕਿ ਅੱਜ ਲੋਕ ਆਪ ਦੀ ਸਰਕਾਰ ਵੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਨਲਾਇਕੀਆਂ ਕਰਕੇ ਪੰਜਾਬ ਦੀ ਜਵਾਨੀ ਵਿਦੇਸ਼ਾਂ ਵਿੱਚ ਚਲੇ ਗਈ ਹੈ ਅਤੇ ਸਿਆਸਤਦਾਨ ਸਿਰਫ ਆਪਣੇ ਸੁਆਰਥਾਂ ਦੀ ਖਾਤਿਰ ਲੋਕਾਂ ਵਿੱਚ ਵੰਡੀਆਂ ਪਾ ਕੇ ਉਨ੍ਹਾਂ ਨੂੰ ਲੜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਸ਼ ਇਥੇ ਵੀ ਬਾਹਰ ਵਾਂਗ ਵੋਟਾਂ ਪੈਣ ਅਤੇ ਕਿਸੇ ਤਰ੍ਹਾਂ ਦਾ ਵਾਧੂ ਖਰਚਾ ਤੇ ਲੜਾਈਆਂ ਨਾ ਹੋਣ।
ਉਨ੍ਹਾਂ ਅਜਨਾਲਾ ਹਲਕੇ ਦੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਇੱਕ ਮੌਕਾ ਦੇਣ ਦੀ ਅਪੀਲ ਕੀਤੀ। ਲੋਕਾਂ ਵਲੋਂ ਮਿਲ ਰਹੇ ਭਾਰੀ ਸਤਿਕਾਰ ਤੋਂ ਉਹ ਕਾਫੀ ਖੁਸ਼ ਨਜ਼ਰ ਆ ਰਹੇ ਸਨ। ਉਨ੍ਹਾਂ ਕਿਹਾ ਕਿ ਜਿੱਤਣ ਤੋਂ ਬਾਅਦ ਆਪ ਦੀ ਸਰਕਾਰ ਬਣਨ ਤੇ ਅਸਲ ਵਿੱਚ ਹਲਕੇ ਨੂੰ ਅਮਰੀਕਾ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡਣਗੇ। ਅਮਨ ਧਾਲੀਵਾਲ ਦਾ ਘਰਾਂ ਵਿੱਚ ਲੋਕਾਂ ਵਲੋਂ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਉਧਰ ਕੁਲਦੀਪ ਧਾਲੀਵਾਲ ਦੀ ਪਤਨੀ ਜਗਦੀਸ਼ ਕੌਰ ਨੇ ਅੱਧੀ ਦਰਜਨ ਪਿੰਡਾਂ ਦਾ ਦੌਰਾ ਕੀਤਾ ਅਤੇ ਲੋਕਾਂ ਤੋਂ ਸਾਥ ਮੰਗਿਆ। ਹਲਕੇ ਅੰਦਰ ਤਿਕੋਣੀ ਟੱਕਰ ਹੋਣ ਕਰਕੇ ਸਾਰੇ ਉਮੀਦਵਾਰਾਂ ਦੇ ਪਰਿਵਾਰ ਚੋਣ ਮੈਦਾਨ ਵਿੱਚ ਨਿੱਤਰੇ ਹੋਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ