ਚੋਰਾਂ ਨੇ ਦੁਕਾਨ ਨੂੰ 10 ਦਿਨਾਂ ਬਾਅਦ ਮੁੜ ਬਣਾਇਆ ਨਿਸ਼ਾਨਾ
(ਸੁਰਿੰਦਰ ਮਿੱਤਲ਼) ਤਪਾ ਮੰਡੀ। ਪਿਛਲੇ ਦਿਨੀ ਤਪਾ ਸ਼ਹਿਰ ਅੰਦਰ ਹੋਈ ਕਰਿਆਨੇ, ਫਲਾਂ, ਫਰਿਜ਼,ਵਾਸ਼ਿੰਗ ਮਸ਼ੀਨਾਂ ਵਾਲੀਆਂ, ਦੁਕਾਨਾਂ ’ਤੇ ਹੋਈਆਂ ਚੋਰੀਆਂ ਦਾ ਮਾਮਲਾ ਅਜੇ ਠੰਡਾ ਨਹੀ ਸੀ ਹੋਇਆ ਚੋਰਾਂ ਨੇ ਸਕੂਲ ਰੋਡ ’ਤੇ ਸਥਿਤ ਇੱਕ ਕਰਿਆਨੇ ਦੀ ਦੁਕਾਨ ਨੂੰ 10 ਦਿਨਾਂ ਬਾਅਦ ਮੁੜ ਆਪਣਾ ਨਿਸਾਨ ਬਣਾਇਆ ਹੈ।
ਦੁਕਾਨ ਮਾਲਕ ਭੂਸ਼ਨ ਘੜੈਲਾ ਨੇ ਦੱਸਿਆ ਕਿ 3 ਜਨਵਰੀ ਨੂੰ ਸਵੇਰੇ ਅਣਪਛਾਤੇ ਚੋਰਾਂ ਵਲੋਂ ਰਾਤ ਨੂੰ 2:30 ਵਜੇ ਦੁਕਾਨ ਦੇ ਜਿੰਦਰੇ ਤੋੜੇ ਗਏ ਸਨ ਤੇ 30 ਹਜਾਰ ਦੇ ਕਰੀਬ ਨਗਦੀ ਚੋਰੀ ਹੋਈ ਸੀ ਜਿਸ ਦੀ ਇਤਲਾਹ ਤਪਾ ਪੁਲਿਸ ਨੂੰ ਦਿੱਤੀ ਗਈ। ਉਨਾਂ ਦੱਸਿਆ ਕਿ ਉਸ ਟਾਈਮ ਵੀ ਚੋਰ ਚੋਰੀ ਕਰਦੇ ਹੋਏ ਸੀਸੀਟੀਵੀ ਕੈਮਰਿਆ ’ਚ ਕੈਦ ਹੋ ਗਏ ਸਨ ਤੇ ਕੈਮਰਿਆਂ ਦੀ ਫੁਟੇਜ ਪੁਲਿਸ ਨੂੰ ਮੁਹੱਈਆ ਕਰਵਾ ਦਿੱਤੀ ਗਈ ਹੈ। ਪਰ ਅੱਜ 10ਵੇਂ ਦਿਨ ਮੁੜ ਚੋਰਾਂ ਨੇ ਉਨ੍ਹਾਂ ਦੀ ਦੁਕਾਨ ’ਤੇ ਚੋਰੀ ਕਰਨ ਦੀ ਨੀਅਤ ਨਾਲ ਨਿਸਾਨਾ ਸੇਧਿਆ ਹੈ। ਜਿਸ ਦੇ ਤਹਿਤ ਰਾਤੀ 1 ਵਜੇ ਦੇ ਕਰੀਬ ਦੁਕਾਨ ਦੇ ਜਿੰਦਰੇ ਤੋੜ ਦਿੱਤੇ ਪਰ ਨੁਕਸਾਨ ਹੋਣੋ ਬਚ ਗਿਆ।
ਮਿਲੀ ਜਾਣਕਾਰੀ ਅਨੁਸਾਰ ਚੋਰੀ ਕਰਨ ਵਾਲੇ ਚੋਰ ਨਾਲ ਇੱਕ ਔਰਤ ਵੀ ਹੈ ਜੋ ਸੀਸੀਟੀਵੀ ਕੈਮਰਿਆ ’ਚ ਕੈਦ ਹੈ। ਜਿਸ ਦੀ ਇਤਲਾਹ ਪੁਲਿਸ ਨੂੰ ਦਿੱਤੀ ਗਈ ਹੈ। ਸ਼ਹਿਰ ਵਾਸੀਆਂ ’ਚ ਰੋਸ ਪਾਇਆ ਜਾ ਰਿਹਾ ਹੈ। ਤਪਾ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਦੂਸਰੀ ਵਾਰ ਦੁਕਾਨ ਦੇ ਜਿੰਦਰੇ ਟੁੱਟੇ ਹਨ। ਜਿਸ ਕਾਰਨ ਸ਼ਹਿਰ ਵਾਸੀਆਂ ਦੀ ਜੁਬਾਨ ’ਤੇ ‘ਚੋਰ ਚੁਸਤ ਤੇ ਪੁਲਿਸ ਸੁਸਤ’ ਦੀ ਕਹਾਵਤ ਚਰਚਾ ’ਚ ਹੈ। ਪੁਲਿਸ ਪ੍ਰਸ਼ਾਸਨ ਖਿਲਾਫ ਦੁਕਾਨਦਾਰਾਂ ਨੇ ਰੋਸ ਵਿਖਾਵਾ ਵੀ ਕੀਤਾ। ਦੁਕਾਨਦਾਰਾਂ ਨੇ ਕਿਹਾ ਕਿ ਦੁਕਾਨਦਾਰ ਦੀ ਚੁਸਤੀ ਨਾਲ ਭਾਵੇਂ ਚੋਰ ਚੋਰੀ ਕਰਨ ’ਚ ਨਾਕਾਮ ਰਹੇ ਪਰ ਸ਼ਹਿਰ ਅੰਦਰ ਦਹਿਸਤ ਦਾ ਮਾਹੌਲ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ