ਮੋਗਾ-ਫਿਰੋਜ਼ਪੁਰ ਸੜਕ ਨੂੰ ਖ਼ਾਲੀ ਰੱਖਣ ਦੇ 2 ਦਿਨ ਪਹਿਲਾਂ ਹੀ ਜਾਰੀ ਹੋ ਚੁੱਕੇ ਸਨ ਸਖ਼ਤ ਆਦੇਸ਼
- ਆਈ.ਜੀ. ਐਸ.ਪੀ.ਜੀ. ਸੁਰੇਸ਼ ਅਤੇ ਏ.ਡੀ. ਐਸ.ਆਈ.ਬੀ. ਵਿਵੇਕ ਪ੍ਰਤਾਪ ਵੱਲੋਂ ਜਾਰੀ ਕੀਤੇ ਗਏ ਸਨ ਆਦੇਸ਼
- ਪੰਜਾਬ ਸਰਕਾਰ ਕਰ ਰਹੀ ਸੀ ਕੇਂਦਰ ਵੱਲੋਂ ਆਦੇਸ਼ ਨਾ ਮਿਲਣ ਦਾ ਦਾਅਵਾ
(ਅਸ਼ਵਨੀ ਚਾਵਲਾ) ਚੰਡੀਗੜ। ਕੇਂਦਰੀ ਏਂਜਸੀਆਂ ਵੱਲੋਂ ਨੈਸ਼ਨਲ ਹਾਈਵੇ-5 ਮੋਗਾ-ਫਿਰੋਜ਼ਪੁਰ ਨੂੰ ਮੁਕੰਮਲ ਤੌਰ ’ਤੇ ਟੈ੍ਰਫ਼ਿਕ ਦੀ ਹਰ ਰੁਕਾਵਟ ਤੋਂ ਖਾਲੀ ਰੱਖਣ ਦੇ ਆਦੇਸ਼ ਪੰਜਾਬ ਸਰਕਾਰ ਅਤੇ ਡੀ.ਜੀ.ਪੀ. ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਤੋਂ 2 ਦਿਨ ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਸਨ। ਕੇਂਦਰ ਦੇ ਇਹ ਆਦੇਸ਼ ਨਸਰ ਹੋਣ ਨਾਲ ਪੰਜਾਬ ਸਰਕਾਰ ਦਾ ਇਹ ਦਾਅਵਾ ਝੂਠਾ ਸਾਬਤ ਹੋ ਗਿਆ ਹੈ ਕਿ ਕੇਂਦਰੀ ਸੁਰੱਖਿਆ ਏਜੰਸੀਆਂ ਵੱਲੋਂ ਪੰਜਾਬ ਨੂੰ ਕੋਈ ਆਦੇਸ਼ ਜਾਰੀ ਨਹੀਂ ਹੋਏ।
ਇੱਥੋਂ ਤੱਕ ਕਿ ਇਸ ਨੈਸ਼ਨਲ ਹਾਈਵੇ-5 ਅਧੀਨ ਆਉਣ ਵਾਲੇ 55 ਕਿਲੋਮੀਟਰ ਦੇ ਸੜਕੀ ਮਾਰਗ ’ਤੇ ਲੋਕਲ ਪੁਲਿਸ ਕਰਮਚਾਰੀਆਂ ਨੂੰ ਲਾਈਟ ਅਤੇ ਆਡੀਓ ਕੰਟਰੋਲ ਦੇ ਨਾਲ ਤੈਨਾਤ ਕਰਨ ਦਾ ਆਦੇਸ਼ ਸਨ ਤਾਂ ਕਿ ਕਿਸੇ ਤਰਾਂ ਦੀ ਪਰੇਸ਼ਾਨੀ ਦਾ ਸਾਹਮਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਦੌਰਾਨ ਨਾ ਕਰਨਾ ਪਵੇ। ਇਹ ਆਦੇਸ਼ ਆਈ.ਜੀ. ਐਸ.ਪੀ.ਜੀ. ਸੁਰੇਸ਼ ਅਤੇ ਏ.ਡੀ. ਐਸ.ਆਈ.ਬੀ. ਵਿਵੇਕ ਪ੍ਰਤਾਪ ਵੱਲੋਂ ਬਕਾਇਦਾ ਲਿਖਤੀ ਰੂਪ ਵਿੱਚ ਦਿੱਤੇ ਗਏ ਸਨ। ਇਨ੍ਹਾਂ ਸਖ਼ਤ ਆਦੇਸ਼ਾਂ ਦੇ ਬਾਵਜੂਦ ਪੰਜਾਬ ਪੁਲਿਸ ਇਸ ਕੌਮੀ ਮਾਰਗ ਨੂੰ ਖ਼ਾਲੀ ਨਹੀ ਰੱਖ ਸਕੀ।
ਇਸ ਸਬੰਧੀ ਬਕਾਇਦਾ ਲਿਖਤੀ ਆਦੇਸ਼ ਜਾਰੀ ਹੋਣ ਤੋਂ ਬਾਅਦ ਐਸ.ਐਸ.ਪੀ. ਫਿਰੋਜ਼ਪੁਰ ਵੱਲੋਂ ਵੀ ਡੀ.ਜੀ.ਪੀ. ਨੂੰ ਪੰਜਾਬ ਇਸ ਸਬੰਧੀ ਸੂਚਨਾ ਦਿੱਤੀ ਗਈ ਸੀ ਕਿ ਕੇਂਦਰੀ ਏਜੰਸੀਆਂ ਵੱਲੋਂ ਇਹ ਪੱਤਰ ਭੇਜਿਆ ਗਿਆ ਹੈ।
ਮੋਗਾ-ਫਿਰੋਜ਼ਪੂਰ ਨੈਸ਼ਨਲ ਹਾਈਵੇ-5 ਨੂੰ ਛੱਡ ਕੇ ਕੇਂਦਰੀ ਏਜੰਸੀਆਂ ਵਲੋਂ ਕਿਸੇ ਹੋਰ ਸੜਕ ਜਾਂ ਫਿਰ ਨੈਸ਼ਨਲ ਹਾਈਵੇ ਦੇ ਆਦੇਸ਼ ਨਹੀਂ ਦਿੱਤੇ ਸਨ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਵੱਲੋਂ ਇਸ ਤਰਾਂ ਦੇ ਇੰਤਜ਼ਾਮ ਨੂੰ ਨਹੀਂ ਕੀਤਾ ਗਿਆ, ਸਗੋਂ ਕੇਂਦਰੀ ਏਜੰਸੀਆਂ ਦੇ ਆਦੇਸ਼ਾ ਦੀ ਪਾਲਣਾ ਹੀ ਨਹੀਂ ਕੀਤੀ ਗਈ, ਜਿਸ ਕਾਰਨ ਹੀ ਇਸ ਨੈਸ਼ਨਲ ਹਾਈਵੇ 5 ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫਲਾ ਰੋਕ ਲਿਆ ਗਿਆ।
ਆਈ.ਜੀ. ਐਸ.ਪੀ.ਜੀ. ਸੁਰੇਸ਼ ਅਤੇ ਏ.ਡੀ. ਐਸ.ਆਈ.ਬੀ. ਵਿਵੇਕ ਪ੍ਰਤਾਪ ਵਲੋਂ ਭੇਜੇ ਗਏ ਪੱਤਰ ਨੰਬਰ 01/ਐਸਪੀਜੀ-ਆਈਜੀ/2022/ਏਐਸਐਲ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫਿਰੋਜ਼ਪੁਰ ਦੌਰੇ ਸਬੰਧੀ ਦਿੱਤੇ ਗਏ ਵੇਰਵੇ ਅਨੁਸਾਰ ਸੁਰੱਖਿਆ ਇੰਤਜ਼ਾਮ ਕਰਨ ਦੇ ਆਦੇਸ਼ ਪੰਜਾਬ ਦੇ ਡੀ.ਜੀ.ਪੀ. ਨੂੰ ਦਿੱਤੇ ਗਏ ਸਨ। ਇਸ ਪੱਤਰ ਰਾਹੀਂ ਕਿਹਾ ਗਿਆ ਸੀ ਕਿ ਨੈਸ਼ਨਲ ਹਾਈਵੇ-5 ਮੋਗਾ ਤੋਂ ਫਿਰੋਜ਼ਪੁਰ ਸੜਕ ’ਤੇ ਕਿਸੇ ਵੀ ਤਰਾਂ ਦੇ ਟੈ੍ਰਫ਼ਿਕ ਰੁਕਾਵਟ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਇਸ ਸਬੰਧੀ ਬਕਾਇਦਾ ਚੰਗੇ ਇੰਤਜ਼ਾਮ ਟੈ੍ਰਫ਼ਿਕ ਕੰਟਰੋਲ ਕਰਨ ਲਈ ਪੁਲਿਸ ਅਧਿਕਾਰੀ ਦੀ ਡਿਊਟੀ ਲਗਾਈ ਜਾਵੇ।
ਕਿਸਾਨ ਜਥੇਬੰਦੀਆਂ ਨੂੰ ਲੈ ਵੀ ਜਾਰੀ ਕੀਤਾ ਗਿਆ ਸੀ ਅਲਰਟ
ਕੇਂਦਰੀ ਏਜੰਸੀ ਐਸ.ਪੀ.ਜੀ. ਅਤੇ ਐਸ.ਆਈ.ਬੀ. ਵਲੋਂ ਆਪਣੇ ਪੱਤਰ ਰਾਹੀਂ ਪੰਜਾਬ ਦੇ ਡੀਜੀਪੀ ਨੂੰ ਅਲਰਟ ਕੀਤਾ ਗਿਆ ਸੀ ਕਿ ਕਿਸਾਨ ਜਥੇਬੰਦੀਆਂ ਵੱਲੋਂ ਅਜੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਫਿਰੋਜ਼ਪੁਰ ਇਲਾਕੇ ਵਿੱਚ ਕੁਝ ਜਥੇਬੰਦੀਆਂ ਦਾ ਕਾਫ਼ੀ ਜਿਆਦਾ ਆਧਾਰ ਹੈ। ਜਿਸ ਕਾਰਨ ਰਸਤੇ ਵਿੱਚ ਕਿਸੇ ਵੀ ਤਰਾਂ ਦੇ ਪ੍ਰਦਰਸ਼ਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਇਸ ਨੂੰ ਧਿਆਨ ਵਿੱਚ ਰਖਦੇ ਹੋਏ ਪੰਜਾਬ ਪੁਲਿਸ ਵੱਲੋਂ ਸਖ਼ਤ ਇੰਤਜ਼ਾਮ ਕੀਤੇ ਜਾਣ।
ਏਡੀਜੀਪੀ ਲਾਅ ਆਰਡਰ ਵੱਲੋਂ ਲਿਖੀਆਂ ਗਈਆਂ ਸੀ ਤਿੰਨ ਚਿੱਠੀਆਂ, ਸੜਕ ਮਾਰਗ ਰੱਖਿਆ ਜਾਵੇ ਬਦਲ
ਚੰਡੀਗੜ੍ਹ ਪ੍ਰਧਾਨ ਮੰਤਰੀ ਦੇ ਕਾਫਲੇ ਸਬੰਧੀ ਪੰਜਾਬ ਦੇ ਏਡੀਜੀਪੀ ਲਾਅ ਐਂਡ ਆਰਡਰ ਵੱਲੋਂ ਲਿਖੀ ਗਈ ਤਿੰਨ ਚਿੱਠੀਆਂ 1 ਤੋਂ 4 ਜਨਵਰੀ ਦੇ ਦਰਮਿਆਨ ਭੇਜੀਆਂ ਗਈਆਂ ਸਨ ਜੋ ਹੁਣ ਬਾਹਰ ਆ ਗਈਆਂ ਹਨ। ਜਿਨਾਂ ਵਿੱਚ ਉਨ੍ਹਾਂ ਵੱਲੋਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਮੌਸਮ ਖ਼ਰਾਬ ਹੋ ਸਕਦਾ ਹੈ, ਇਸ ਲਈ ਸੜਕੀਂ ਮਾਰਗ ਨੂੰ ਬਦਲ ਦੇ ਤੌਰ ’ਤੇ ਰੱਖਿਆ ਜਾਣਾ ਚਾਹੀਦਾ ਹੈ। ਜਿਹੜੇ ਰਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਾਣਾ ਹੈ, ਉਸ ਸੜਕੀਂ ਮਾਰਗ ਨੂੰ ਖ਼ਾਲੀ ਰੱਖਣ ਦੀ ਜਰੂਰਤ ਹੈ। ਇਸ ਲਈ ਪੁਲਿਸ ਦੀ ਡਿਊਟੀ ਲਗਾਈ ਜਾਣੀ ਜਰੂਰੀ ਹੈ ਤਾਂ ਕਿ ਸੜਕੀਂ ਮਾਰਗ ਕਿਸੇ ਵੀ ਤਰ੍ਹਾਂ ਬੰਦ ਨਾ ਹੋਵੇ ਅਤੇ ਕਿਸੇ ਵੀ ਥਾਂ ’ਤੇ ਜਾਮ ਨਹੀਂ ਲਾਇਆ ਜਾਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ