ਪੰਜਾਬ ਸਰਕਾਰ ਵੱਲੋਂ 15 ਜਨਵਰੀ ਤੋਂ ਪੰਜਾਬ ਵਿੱਚ ਸਖ਼ਤੀ ਕਰਨ ਦੇ ਆਦੇਸ਼ ਜਾਰੀ
- ਸਰਕਾਰੀ ਵਿਭਾਗਾਂ ਵਿੱਚ ਕਰਮਚਾਰੀ ਅਤੇ ਅਧਿਕਾਰੀਆਂ ਨੂੰ ਵੀ ਲਗਵਾਉਣੀ ਪਵੇਗੀ ਦੋਵੇਂ ਡੋਜ਼
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿੱਚ ਜਿਹੜੇ ਲੋਕਾਂ ਨੇ ਕੋਰੋਨਾ ਵੈਕਸੀਨ ਦੇ ਦੋਵੇਂ ਟੀਕੇ ਨਹੀਂ ਲਗਵਾਏ ਹਨ ਤਾਂ ਉਹ ਨਾ ਹੀ ਸਬਜ਼ੀ ਖਰੀਦਣ ਲਈ ਸਬਜ਼ੀ ਮੰਡੀ ਜਾ ਸਕਣਗੇ ਅਤੇ ਨਾ ਹੀ ਬੱਸ ਤੇ ਰੇਲ ਵਿੱਚ ਸਫ਼ਰ ਕਰ ਸਕਣਗੇ, ਕਿਉਂਕਿ ਓਮੀਕ੍ਰਾਨ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ 15 ਜਨਵਰੀ ਤੋਂ ਸਖ਼ਤੀ ਕਰਨ ਦਾ ਫੈਸਲਾ ਕਰ ਲਿਆ ਹੈ। ਹਾਲਾਂਕਿ 15 ਜਨਵਰੀ ਤੱਕ ਇਸ ਤਰ੍ਹਾਂ ਦੀ ਕੋਈ ਵੀ ਪਾਬੰਦੀ ਨਹੀਂ ਲੱਗੇਗੀ ਪਰ 15 ਜਨਵਰੀ ਤੋਂ ਬਾਅਦ ਸਰਕਾਰ ਸਖ਼ਤ ਹੋ ਜਾਏਗੀ ਅਤੇ ਇਸ ਤੋਂ ਜਿਆਦਾ ਪੰਜਾਬ ਦੇ ਆਮ ਲੋਕਾਂ ਨੂੰ ਸਮਾਂ ਨਹੀ ਮਿਲੇਗੀ। ਇਸ ਲਈ ਇਨਾਂ 20 ਦਿਨਾਂ ਦੌਰਾਨ ਹੀ ਪੰਜਾਬ ਦੇ ਹਰ ਵਸਨੀਕ ਨੂੰ ਦੋਵੇਂ ਟੀਕੇ ਲਗਵਾਉਣੇ ਪੈਣਗੇ।
ਪੰਜਾਬ ਦੇ ਗ੍ਰਹਿ ਸਕੱਤਰ ਅਨੁਰਾਗ ਵਰਮਾ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਅਨੁਸਾਰ ਪੰਜਾਬ ਦੀ ਸਬਜ਼ੀ ਮੰਡੀ ਅਤੇ ਭੀੜ ਵਾਲੇ ਇਲਾਕੇ ਸਣੇ ਸ਼ਾਪਿੰਗ ਮਾਲ ਵਿੱਚ ਐਂਟਰੀ ਉਨਾਂ ਲੋਕਾਂ ਨੂੰ ਹੀ ਦਿੱਤੀ ਜਾਏਗੀ, ਜਿਨਾਂ ਨੂੰ 15 ਜਨਵਰੀ ਤੋਂ ਪਹਿਲਾਂ ਦੋਵੇਂ ਕੋਰੋਨਾ ਦੇ ਟੀਕੇ ਲੱਗੇ ਹੋਣਗੇ। ਇਸ ਨਾਲ ਹੀ ਪਬਲਿਕ ਟਰਾਂਸਪੋਰਟ, ਜਿਸ ਵਿੱਚ ਆਟੋ ਰਿਕਸ਼ਾ ਸਣੇ ਬੱਸ ਅਤੇ ਰੇਲ ਸ਼ਾਮਲ ਹਨ, ਵਿੱਚ ਵੀ ਉਨਾਂ ਲੋਕਾਂ ਨੂੰ ਸਫ਼ਰ ਕਰਨ ਦੀ ਇਜਾਜ਼ਤ ਹੋਏਗੀ, ਜਿਨਾਂ ਨੂੰ ਕੋਰੋਨਾ ਦੇ ਦੋਵੇਂ ਟੀਕੇ ਲੱਗੇ ਹੋਣਗੇ। ਇਸ ਲਈ ਬਕਾਇਦਾ ਹਰ ਵਿਅਕਤੀ ਨੂੰ ਆਪਣੇ ਮੋਬਾਇਲ ਵਿੱਚ ਦੋਵੇਂ ਟੀਕੇ ਦਾ ਸਰਟੀਫਿਕੇਟ ਰੱਖਣਾ ਪਵੇਗਾ, ਜਿਨਾਂ ਕੋਲ ਸਮਾਰਟ ਫੋਨ ਨਹੀਂ ਹਨ, ਉਨਾਂ ਨੂੰ ਸਰਟੀਫਿਕੇਟ ਪ੍ਰਿੰਟ ਆਪਣੇ ਕੋਲ ਰੱਖਣਾ ਹੋਵੇਗਾ।
ਹੋਟਲ ਵਿੱਚ ਰੋਟੀ ਖਾਣ ਲਈ ਜਾਣਾ ਹੋਵੇ ਜਾਂ ਫਿਰ ਜਿੰਮ ਵਿੱਚ ਕਸਰਤ ਕਰਨ ਲਈ ਜਾਣਾ ਹੋਵੇ ਤਾਂ ਵੈਕਸੀਨ ਜ਼ਰੂਰੀ
ਇਸ ਨਾਲ ਹੀ ਹੋਟਲ ਵਿੱਚ ਰੋਟੀ ਖਾਣ ਲਈ ਜਾਣਾ ਹੋਵੇ ਜਾਂ ਫਿਰ ਜਿੰਮ ਵਿੱਚ ਕਸਰਤ ਕਰਨ ਲਈ ਜਾਣਾ ਹੋਵੇ, ਇਸ ਲਈ ਵੀ ਦੋਵੇ ਟੀਕੇ ਦੀ ਡੋਜ਼ ਜ਼ਰੂਰੀ ਹੈ। ਇਸ ਤੋਂ ਬਿਨਾਂ ਕਿਸੇ ਨੂੰ ਵੀ ਅੰਦਰ ਦਾਖ਼ਲ ਕਰਨ ਵਾਲੇ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਕਰ ਦਿੱਤੀ ਜਾਏਗੀ। ਪੰਜਾਬ ਵਿੱਚ ਨੈਸ਼ਨਲ ਜਾਂ ਫਿਰ ਸਥਾਨਕ ਬੈਂਕਾਂ ਵਿੱਚ ਕੰਮ ਕਰਨ ਵਾਲੇ ਹਰ ਕਰਮਚਾਰੀ ਨੂੰ ਦੋਵੇਂ ਟੀਕੇ ਦੀ ਡੋਜ਼ ਲੱਗੀ ਹੋਣੀ ਜਰੂਰੀ ਹੈ, ਜੇਕਰ ਕਿਸੇ ਕਰਮਚਾਰੀ ਨੂੰ ਇੱਕ ਟੀਕਾ ਲੱਗਿਆ ਹੈ ਤਾਂ ਉਹ ਆਪਣੇ ਬੈਂਕ ਵਿੱਚ ਕੰਮ ਕਰਨ ਲਈ ਨਹੀਂ ਆ ਸਕੇਗਾ।
ਇਸੇ ਤਰੀਕੇ ਨਾਲ ਪੰਜਾਬ ਸਰਕਾਰ ਦੇ ਸਾਰੇ ਸਰਕਾਰੀ ਅਦਾਰੇ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਵੀ ਦੋਵੇਂ ਟੀਕੇ ਲਗੇ ਹੋਣੇ ਜ਼ਰੂਰੀ ਹਨ ਤਾਂ ਇਨਾਂ ਸਰਕਾਰੀ ਅਦਾਰਿਆਂ ਵਿੱਚ ਸਰਕਾਰੀ ਕੰਮਕਾਜ ਕਰਵਾਉਣ ਲਈ ਆਉਣ ਵਾਲੀ ਆਮ ਜਨਤਾ ਦੇ ਵੀ ਦੋਵੇਂ ਟੀਕੇ ਲਗੇ ਹੋਣੇ ਜ਼ਰੂਰੀ ਹਨ। ਜਿਨਾਂ ਦੇ ਦੋਵੇਂ ਟੀਕੇ ਨਹੀਂ ਲੱਗੇ ਹੋਣਗੇ, ਉਹ ਸਰਕਾਰੀ ਕਰਮਚਾਰੀ ਦਫ਼ਤਰ ਨਹੀਂ ਆ ਪਾਉਣਗੇ ਤਾਂ ਆਮ ਜਨਤਾ ਨੂੰ ਵੀ ਦੋਵੇਂ ਟੀਕੇ ਨਹੀਂ ਲੱਗੇ ਹੋਣ ਦੀ ਸੂਰਤ ਵਿੱਚ ਸਰਕਾਰੀ ਵਿਭਾਗਾਂ ਵਿੱਚ ਦਾਖਲਾ ਹਾਸਲ ਨਹੀਂ ਕਰ ਪਾਉਣਗੇ। ਜਿਸ ਨਾਲ ਉਨ੍ਹਾਂ ਦੇ ਆਮ ਕੰਮ ਨਹੀਂ ਹੋਣਗੇ।
ਇਸੇ ਤਰੀਕੇ ਨਾਲ ਪੰਜਾਬ ਦੇ ਸਕੂਲਾਂ ਵਿੱਚ ਪਹਿਲਾਂ ਤੋਂ ਹੀ ਦੋਵੇਂ ਟੀਕੇ ਲੱਗੇ ਅਧਿਆਪਕ ਹੀ ਪੜ੍ਹਾਉਣ ਲਈ ਆ ਸਕਦੇ ਹਨ ਤਾਂ ਸਕੂਲ ਦੇ ਸਾਰੇ ਸਟਾਫ਼ ਨੂੰ ਵੀ ਦੋਵੇਂ ਟੀਕੇ ਲੱਗੇ ਹੋਣੇ ਜ਼ਰੂਰੀ ਹਨ। ਸਕੂਲਾਂ ਲਈ ਨਿਯਮ ਪਹਿਲਾਂ ਤੋਂ ਹੀ ਲਾਗੂ ਹਨ ਅਤੇ ਇਨਾਂ ਨੂੰ ਕੋਈ ਸਮੇਂ ਦੀ ਛੁੱਟ ਨਹੀ ਹੈ। ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਜਨਤਾ ਨੂੰ 15 ਜਨਵਰੀ ਤੱਕ ਦਾ ਸਮਾਂ ਦਿੱਤਾ ਗਿਆ ਹੈ। ਇਹ ਸਾਰੀ ਪਾਬੰਦੀਆਂ 15 ਜਨਵਰੀ 2022 ਤੋਂ ਲਾਗੂ ਹੋਣਗੀਆਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ