ਸੁਨਾਮ ਵਿਖੇ ਸੁਖਬੀਰ ਬਾਦਲ ਨੇ ਪਾਰਟੀ ਉਮੀਦਵਾਰ ਬਲਦੇਵ ਮਾਨ ਦੇ ਹੱਕ ’ਚ ਕੀਤੀ ਚੋਣ ਰੈਲੀ

Sukhbir Badal Rally Sachkahoon

ਮਿਸ਼ਨ ਫਤਿਹ ਪੰਜਾਬ ਦੇ ਆਗੂਆਂ ਰੈਲੀ ਦਾ ਵਿਰੋਧ

400 ਯੂਨਿਟ ਮਾਫ, ਨੀਲੇ ਕਾਰਡ ਧਾਰਕਾਂ ਨੂੰ 2000 ਮਹੀਨਾ, 10 ਲੱਖ ਦਾ ਇਲਾਜ ਮੁਫਤ: ਸੁਖਬੀਰ ਬਾਦਲ

(ਕਰਮ ਥਿੰਦ/ਖੁਸ਼ਪ੍ਰੀਤ ਜੋਸ਼ਨ) ਸੁਨਾਮ ਊਧਮ ਸਿੰਘ ਵਾਲਾ। ਸੁਨਾਮ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਬਲਦੇਵ ਸਿੰਘ ਮਾਨ ਦੇ ਹੱਕ ’ਚ ਅੱਜ ਸੁਨਾਮ ਦੀ ਅਨਾਜ ਮੰਡੀ ਵਿਖੇ ਰੈਲੀ ਕੀਤੀ ਗਈ। ਰੈਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ-ਬਸਪਾ ਦੀ ਸੀਨੀਅਰ ਲੀਡਰਸ਼ਿਪ ਬਲਦੇਵ ਸਿੰਘ ਮਾਨ ਦੇ ਹੱਕ ਵਿਚ ਸੰਬੋਧਨ ਕਰਨ ਲਈ ਪੁੱਜੇ। ਰੈਲੀ ਵਿੱਚ ਸੰਬੋਧਨ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਸਿਰਫ਼ ਫੋਕੀਆਂ ਫੜ੍ਹਾਂ ਮਾਰ ਰਹੇ ਹਨ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਜੋ ਵਿਕਾਸ ਪੰਜਾਬ ਦਾ ਅਕਾਲੀ ਸਰਕਾਰ ਨੇ ਕੀਤਾ ਹੈ ਉਹ ਕਿਸੇ ਨੇ ਨਹੀਂ ਕੀਤਾ ਅਤੇ ਨਾ ਹੀ ਕਰ ਸਕਦਾ ਹੈ।

ਉਨ੍ਹਾਂ ਕਿਹਾ ਕਿ ਜੋ ਅਕਾਲੀ ਸਰਕਾਰ ਨੇ ਸਕੀਮਾਂ ਪੰਜਾਬ ਲਈ ਦਿੱਤੀਆਂ ਸਨ ਉਹ ਕਾਂਗਰਸ ਸਰਕਾਰ ਨੇ ਆਉਂਦੇ ਹੀ ਸਾਰੀਆਂ ਬੰਦ ਕਰ ਦਿੱਤੀਆਂ। ਇਹ ਸਕੀਮਾਂ ਬੰਦ ਕਰਕੇ ਕਾਂਗਰਸੀਆਂ ਨੇ ਬਹੁਤ ਵੱਡਾ ਪਾਪ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਫੈਸਲਾ ਤੁਸੀਂ ਕਰਨਾ ਹੈ ਆਪਣੇ ਆਪਣੇ ਹੀ ਹੁੰਦੇ ਹਨ। ਪੰਜਾਬ ਨੂੰ ਦਲੇਰ ਅਤੇ ਕੰਮ ਕਰਨ ਵਾਲਾ ਮੁੱਖ ਮੰਤਰੀ ਚਾਹੀਦਾ ਹੈ ਕੋਈ ਲਾਰੇ ਜਾਂ ਡਰਾਮੇ ਕਰਨ ਵਾਲਾ ਨਹੀਂ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਸਮੇਂ ਨੀਲੇ ਕਾਰਡ ਬਣਾਏ ਸਨ ਪ੍ਰੰਤੂ ਉਹ ਕਾਂਗਰਸੀਆਂ ਨੇ ਕੱਟ ਦਿੱਤੇ ਹਨ ਪਰ ਹੁਣ ਉਹ ਕਾਰਡ ਦੁਆਰਾ ਬਣਾਏ ਜਾਣਗੇ ਅਤੇ ਘਰ ਦੀ ਔਰਤ ਨੂੰ ਦੋ ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਇਆ ਕਰੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਵਾਸੀਆਂ ਲਈ ਪਹਿਲੇ 400 ਯੂਨਿਟ ਮਾਫ ਕੀਤੇ ਜਾਣਗੇ। ਇਲਾਜ ਲਈ ਕਾਰਡ ਬਣਾਏ ਜਾਣਗੇ ਜਿਸ ਤੇ ਦੱਸ ਲੱਖ ਰੁਪਏ ਤੱਕ ਦਾ ਇਲਾਜ ਮੁਫ਼ਤ ਕੀਤਾ ਜਾਵੇਗਾ। ਇੱਕ ਬੱਚਿਆਂ ਲਈ ਸਟੂਡੈਂਟ ਕਾਰਡ ਬਣਾਇਆ ਜਾਵੇਗਾ ਜਿਸ ਤੇ ਦੱਸ ਲੱਖ ਰੁਪਿਆ ਪੜ੍ਹਾਈ ਲਈ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਕੰਮ ਹਨ ਜੋ ਆਪਾਂ ਕਰਨੇ ਹਨ ਇਸ ਲਈ ਤੁਸੀਂ ਆਪਣੀ ਅਕਾਲੀ ਦਲ ਪਾਰਟੀ ਦੀ ਸਰਕਾਰ ਬਣਾਓ ਤਾਂ ਜੋ ਪੰਜਾਬ ਦਾ ਸਹੀ ਤਰੀਕੇ ਨਾਲ ਵਿਕਾਸ ਹੋ ਸਕੇ। ਰੈਲੀ ਉਪਰੰਤ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ਵਿਖੇ ਜਿਲੇ ਦੀ ਲੀਡਰਸ਼ਿਪ ਨਾਲ ਮੀਟਿੰਗ ਕਰਕੇ ਪਾਰਟੀ ਉਮੀਦਵਾਰਾਂ ਦੀ ਜਿੱਤ ਲਈ ਵਿਚਾਰ ਵਟਾਂਦਰਾ ਕੀਤਾ।

ਕਿਸਾਨ ਆਗੂਆਂ ਕੀਤਾ ਰੈਲੀ ਦਾ ਜ਼ੋਰਦਾਰ ਵਿਰੋਧ

ਸੁਖਬੀਰ ਬਾਦਲ ਸਥਾਨਕ ਮਹਾਰਾਜਾ ਪੈਲੇਸ ਕੋਲੋਂ ਓਪਨ ਜੀਪ ਤੇ ਖੜ੍ਹ ਕੇ ਅਨਾਜ ਮੰਡੀ ਵਿਖੇ ਰੈਲੀ ਵਾਲੀ ਜਗ੍ਹਾ ਤੇ ਪੁੱਜੇ। ਸੁਖਬੀਰ ਬਾਦਲ ਦੇ ਰੈਲੀ ਵਾਲੀ ਥਾਂ ਤੇ ਪਹੁੰਚਣ ਤੋਂ ਪਹਿਲਾਂ ਆਈਟੀਆਈ ਚੌਕ ਵਿੱਚ ਮਿਸ਼ਨ ਪੰਜਾਬ (ਗੁਰਨਾਮ ਸਿੰਘ ਚਢੂਨੀ) ਦੇ ਆਗੂਆਂ ਵੱਲੋਂ ਸੁਖਬੀਰ ਬਾਦਲ ਦੀ ਫਤਿਹ ਰੈਲੀ ਦਾ ਡਟ ਕੇ ਵਿਰੋਧ ਕੀਤਾ ਗਿਆ। ਇਸ ਮੌਕੇ ਮਿਸ਼ਨ ਪੰਜਾਬ ਦੇ ਮਨਪ੍ਰੀਤ ਨਮੋਲ, ਅਵਤਾਰ ਸਿੰਘ ਤਾਰੀ, ਮਨਜੀਤ ਸਿੰਘ ਅਤੇ ਹੋਰ ਆਗੂਆਂ ਨੇ ਕਿਹਾ ਕਿ ਦਿੱਲੀ ਵਿਖੇ 750 ਖੇਤੀ ਕਿਸਾਨ ਸ਼ਹੀਦ ਹੋ ਗਏ ਲਖਮੀਰ ਪੁਰੀ ’ਚ ਸਿੱਧੀਆਂ ਗੱਡੀਆਂ ਕਿਸਾਨਾਂ ਤੇ ਚੜ੍ਹਾ ਦਿੱਤੀ ਗਈਆਂ, ਐੱਮਐੱਸਪੀ ਦਾ ਕੋਈ ਅਜੇ ਸਾਰਥਿਕ ਹੱਲ ਨਹੀਂ ਹੋਇਆ ਪਰ ਅੱਜ ਪੰਜਾਬ ‘ਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਕੀ ਇਨ੍ਹਾਂ ਨੂੰ ਕੋਈ ਕਿਸਾਨਾਂ ਦਾ ਦਰਦ ਮਹਿਸੂਸ ਨਹੀਂ ਹੁੰਦਾ। ਉਨ੍ਹਾਂ ਨੇ ਕਿਹਾ ਕਿ ਅੱਜ ਸੁਖਬੀਰ ਬਾਦਲ ਫਤਿਹ ਰੈਲੀ ਕਰ ਰਿਹਾ ਹੈ ਕਿ ਉਨ੍ਹਾਂ ਨੂੰ ਕਿਸਾਨਾਂ ਦਾ ਕੋਈ ਦਰਦ ਨਹੀਂ ਜਿਹੜੇ ਉੱਥੇ ਸ਼ਹੀਦ ਹੋਏ ਅੱਜ ਵੀ ਕਿਸਾਨ ਦਿੱਲੀ ਵਿਖੇ ਬੈਠੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਹਰ ਇੱਕ ਪਾਰਟੀ ਦਾ ਰੈਲੀ ਕਰਨ ਤੇ ਵਿਰੋਧ ਕਰਦੇ ਰਹਾਂਗੇ ਇਸ ਮੌਕੇ ਉਨ੍ਹਾਂ ਵੱਲੋਂ ਸੁਖਬੀਰ ਦੀ ਰੈਲੀ ਦੌਰਾਨ ਜੰਮ ਕੇ ਨਾਅਰੇਬਾਜੀ ਕੀਤੀ ਗਈ ਅਤੇ ਪੁਲਸ ਬਲ ਵੱਲੋਂ ਮੌਕੇ ਤੇ ਇਨ੍ਹਾਂ ਨੂੰ ਰੋਕਿਆ ਗਿਆ ਤਾਂ ਕਿ ਕੋਈ ਗੜਬੜ ਨਾ ਹੋ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ