ਪੁਲਿਸ ਨੇ ਅੰਨ੍ਹਾ ਤਸ਼ੱਦਦ ਕਰਕੇ ਲਿਖਵਾਇਆ ਸੀ ਬੇਅਦਬੀ ਦਾ ਕਬੂਲਨਾਮਾ
- ਮਹਿੰਦਰਪਾਲ ਬਿੱਟੁੂ ਵੱਲੋਂ ਲਿਖੀ ਗਈ 32 ਸਫਿਆਂ ਦੀ ਡਾਇਰੀ ਹੋਈ ਨਸ਼ਰ
ਨਾਭਾ ਜੇਲ੍ਹ ’ਚ ਹੋਏ ਮਹਿੰਦਰਪਾਲ ਬਿੱਟੂ ਦੇ ਕਤਲ ਤੋਂ ਪਹਿਲਾਂ ਮਹਿੰਦਰਪਾਲ ਬਿੱਟੂ ਨੇ 32 ਪੰਨਿਆਂ ਦੀ ਡਾਇਰੀ ਲਿਖੀ ਸੀ। ਇਸ ਡਾਇਰੀ ਦੇ ਆਧਾਰ ’ਤੇ ਮਹਿੰਦਰਪਾਲ ਬਿੱਟੂ ਦੀ ਵਿਧਵਾ ਪਤਨੀ ਸੰਤੋਸ਼ ਕੁਮਾਰੀ ਨੇ ਮਾਣਯੋਗ ਹਾਈਕੋਰਟ ’ਚ ਬਿੱਟੂ ਦੇ ਕਤਲ ਦੀ ਜਾਂਚ ਸੀਬੀਆਈ ਜਾਂ ਕਿਸੇ ਨਿਰਪੱਖ ਜਾਂਚ ਏਜੰਸੀ ਤੋਂ ਕਰਵਾਉਣ ਦੀ ਅਪੀਲ ਕੀਤੀ ਹੈ। ਇਸ ਡਾਇਰੀ ’ਚ ਲਿਖਿਆ ਹੈ-
7 ਜੂੁਨ (2018) ਨੂੰ ਮੈਂ (ਮਹਿੰਦਰਪਾਲ ਬਿੱਟੂ) ਪਾਲਮਪੁਰ ਆਪਣੀ ਨਵੀਂ ਸਕੂਟੀ ਦੀ ਕਾਗਜ਼ੀ ਕਾਰਵਾਈ ਕਰਾ ਵਾਪਸ ਆਪਣੀ ਦੁਕਾਨ, ਜੋ ਚਚੀਆ ਨਗਰੀ ਵਿਖੇ ਹੈ, ਵਾਪਸ ਆਉਂਦੇ ਨੇ ਆਪਣੇ ਬੇਟੇ ਨੂੰ ਫੋਨ ਕੀਤਾ ਅਤੇ ਕਿਹਾ ਕਿ ਮੈਂ ਵਾਪਸ ਫਿਰ ਕੰਮ ਜਾਣਾ ਹੈ ਤੇ ਰੋਟੀ ਬਣਵਾ ਦੇ। ਜਦ ਮੈਂ ਵਾਪਸ ਆਪਣੀ ਦੁਕਾਨ ਤੋਂ ਤਕਰੀਬਨ ਅੱਧਾ ਕਿਲੋਮੀਟਰ ਪਿੱਛੇ ਪੁਲ ਬਣ ਰਿਹਾ ਹੈ ਉਥੋਂ ਗੱਡੀਆਂ ਸਾਈਡ ਤੋਂ ਹੋ ਕੇ ਲੰਘਦੀਆਂ ਹਨ ਉਸ ਮੋੜ ’ਤੇ 5-6 ਪੁਲਿਸ ਮੁਲਾਜ਼ਮ ਆਪਣੀ ਇਨੋਵਾ ਗੱਡੀ ਵਿਚਾਲੇ ਖੜ੍ਹੀ ਕਰ ਫਟਾ ਫਟ ਮੇਰੀ ਗੱਡੀ ਕੋਲ ਆਏ ਤੇ ਮੂਹਰਲੀਆਂ ਦੋਵੇਂ ਬਾਰੀਆਂ ਖੋਲ੍ਹ ਲਈਆਂ। ਮੈਂ ਪੁੱਛਿਆ ਤੁਸੀਂ ਕੌਣ ਹੋ, ਮੈਨੂੰ ਕਿਉਂ ਰੋਕਿਆ ਹੈ। ਉਹ ਮੇਰੇ ਨਾਲ ਧੱਕਾ-ਮੁੱਕੀ ਕਰਨ ਲੱਗੇ ਅਤੇ ਕਹਿੰਦੇ ਅਸੀਂ ਪੁਲਿਸ ਮੁਲਾਜ਼ਮ ਹਾਂ ਇੱਕ ਅਫ਼ਸਰ ਨੇ ਆਪਣਾ ਨਾਂਅ ਲਖਵੀਰ ਸਿੰਘ ਸੀਆਈਏ ਜਗਰਾਓਂ ਇੰਚਾਰਜ਼ ਦੱਸਿਆ ਕਹਿੰਦਾ ਅਸੀਂ ਤੈਨੂੰ ਗਿ੍ਰਫ਼ਤਾਰ ਕਰਨਾ ਹੈ ਅਤੇ ਪੰਜਾਬ ਲੈ ਕੇ ਜਾਣਾ ਹੈ।
ਮੈਨੂੰ ਡਰਾਇਵਰ ਸੀਟ ਤੋਂ ਪਿੱਛੇ ਕਰ ਲਿਆ ਅਤੇ ਗੱਡੀ ਹਰਪ੍ਰੀਤ ਏਐੱਸਆਈ ਚਲਾਉਣ ਲੱਗ ਪਿਆ ਮੈਂ ਬਹੁਤ ਮਿੰਨਤਾਂ ਕੀਤੀਆਂ ਕਿ ਮੇਰੀ ਦੁਕਾਨ ’ਤੇ ਦੱਸ ਦਿਓ ਮੇਰਾ ਪਰਿਵਾਰ ਅੱਜ ਹੀ ਪੰਜਾਬ ਤੋਂ ਆਇਆ, ਉਸ ਨੂੰ ਬਹੁਤ ਫਿਕਰ ਹੋ ਜਾਵੇਗਾ ਕਹਿੰਦੇ ਅਸੀਂ ਆਪੇ ਦੱਸ ਦੇਵਾਂਗੇ। ਮੇਰੀ ਦੁਕਾਨ ਮੇਨ ਰੋਡ ’ਤੇ ਸੀ, ਬਿਲਕੁਲ ਅੱਗੇ ਦੀ ਗੱਡੀਆਂ ਲੰਘੀਆਂ ਪਰ ਰੋਕੀਆਂ ਨਹੀਂ ਥੋੜ੍ਹੀ ਦੇਰ ਬਾਅਦ ਮੇਰੇ ਫੋਨ ’ਤੇ ਮੇਰੇ ਬੇਟੇ ਦਵਿੰਦਰ ਦਾ ਫੋਨ ਆਇਆ, ਉਸ ਵੇਲੇ ਮੈਨੂੰ ਦੂਜੀ ਗੱਡੀ ਵਿੱਚ ਸ਼ਿਫਟ ਕਰ ਦਿੱਤਾ ਸੀ ਜਿਸ ਵਿੱਚ ਜੋ ਅੱਗੇ ਵਾਲੀ ਸੀਟ ’ਤੇ ਸਰਦਾਰ ਜੀ ਬੈਠੇ ਸਨ, ਮੇਰਾ ਫੋਨ ਉਸ ਵੇਲੇ ਉਹਨਾਂ ਕੋਲ ਸੀ। ਮੈਨੂੰ ਉੁਨ੍ਹਾਂ ਨੇ ਪੁੱਛਿਆ ਕਿ ਜੋ ਕਾਲ ਆ ਰਹੀ ਹੈ ਕਿਸ ਦਾ ਨੰਬਰ ਹੈ? ਮੈਂ ਕਿਹਾ, ਮੇਰੇ ਬੇਟੇ ਦਾ ਹੈ, ਤੁਸੀਂ ਉਸ ਨੂੰ ਦੱਸ ਦਿਓ ਉਸ ਨੇ ਫੋਨ ਹੋਲਡ ਕਰਕੇ ਕਿਹਾ ਕਿ ਇਹ ਫੋਨ ਪਾਲਮਪੁਰ ਡਿੱਗ ਪਿਆ ਸੀ ਮੇਰੇ ਕੋਲ ਹੈ, ਤੁਸੀਂ ਪਾਲਮਪੁਰ ਤੋਂ ਆ ਕੇ ਲੈ ਜਾਓ ਜਦੋਂ ਪਾਲਮਪੁਰ ਪਹੁੰਚੋਗੇ ਤਾਂ ਘੰਟੀ ਕਰ ਲੈਣਾ, ਇੰਨਾ ਕਹਿ ਕੇ ਫੋਨ ਸਵਿੱਚ ਆਫ਼ ਕਰ ਦਿੱਤਾ।
ਸਰਦਾਰ ਜੀ ਅਫ਼ਸਰ ਸਨ, ਕਹਿੰਦੇ ਬਿੱਟੂ ਮੈਨੂੰ ਪਛਾਣਿਆ? ਮੈਂ ਕਿਹਾ ਨਹੀਂ ਪਤਾ ਲੱਗਿਆ ਜੀ ਤੁਸੀਂ ਦੱਸ ਦਿਓ। ਕਹਿੰਦਾ ਮੈਂ ਇੰਸਪੈਕਟਰ ਦਲਬੀਰ ਸਿੰਘ ਜੋ ਪਹਿਲਾਂ ਬਾਜਾਖਾਨਾ ਐੱਸਐੱਚਓ ਹੁੰਦਾ ਸੀ, ਜਦੋਂ ਗੁਰਦੇਵ ਸਿੰਘ ਦੀ ਮੌਤ ਹੋਈ ਸੀ, ਤੁਸੀਂ ਧਰਨਾ ਲਾਇਆ ਸੀ ਅਤੇ ਗਲਤ ਸ਼ਬਦਾਂ ਦੀ ਵਰਤੋਂ ਕਰਨ ਲੱਗ ਪਿਆ। ਹਰਪ੍ਰੀਤ ਏਐੱਸਆਈ ਅਤੇ ਦਲਬੀਰ ਸਿੰਘ ਦੋਵਾਂ ਕਿਹਾ, ਅਸੀਂ ਤੈਨੂੰ ਸੀ੍ਰ ਗੁਰੂ ਗਰੰਥ ਸਾਹਿਬ ਵਾਲੇ ਕੇਸ ਵਿੱਚ ਲੈ ਕੇ ਚੱਲੇ ਹਾਂ। ਜੇ ਇਸ ਤਰ੍ਹਾਂ ਹੀ ਮੰਨ ਜਾਵੇ ਤਾਂ ਚੰਗਾ ਹੈ ਨਹੀਂ ਤਾਂ ਪਹੁੰਚਣ ਸਾਰ ਤੇਰਾ ਜੋ ਹੋਣਾ ਹੈ ਉਹ ਤੇਰੇ ਸਾਹਮਣੇ ਆ ਜਾਵੇਗਾ ਦੋਵਾਂ ਬਹੁਤ ਮਾਨਸਿਕ ਪੀੜਾ ਦਿੱਤੀ ਕਿ ਕਬੂਲ ਕਰ ਲੈ, ਤੈਨੂੰ ਮੰਨਣਾ ਹੀ ਪੈਣਾ ਹੈ ਸਾਡੇ ਕੋਲ ਬਹੁਤ ਸਬੂਤ ਹਨ ਤੇਰੇ ਖਿਲਾਫ਼ ਮੈਂ ਉਨ੍ਹਾਂ ਦੀਆਂ ਬਹੁਤ ਮਿੰਨਤਾਂ ਕੀਤੀਆਂ ਕਿ ਮੈਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਖੁਦਾ ਮੰਨਦਾ ਹਾਂ, ਮੈਂ ਆਪਣੀ ਦੁਕਾਨ ਦੇ ਮਹੂਰਤ ਵੇਲੇ ਵੀ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਸੀ ਅਤੇ ਮੇਰੀ ਸ਼ਾਦੀ ਵੀ ਸ੍ਰੀ ਗੁਰੂੁ ਗਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੋਈ ਮੈਂ ਬਹੁਤ ਆਸਥਾ ਰੱਖਦਾ ਹਾਂ ਮੈਂ ਕਦੇ ਅਜਿਹਾ ਸੋਚ ਵੀ ਨਹੀਂ ਸਕਦਾ ਅਗਰ ਮੈਂ ਚੋਰ ਹੁੰਦਾ ਤਾਂ ਮੇਨ ਰੋਡ ’ਤੇ ਦੁਕਾਨ ਨਹੀਂ ਕਰਦਾ ਸੀ ਅਤੇ ਆਪਣਾ ਨਾਂਅ ਨਾ ਲਿਖਵਾਉਂਦਾ।
ਉਨ੍ਹਾ ਨੇ ਰਸਤੇ ਵਿੱਚ ਇੱਕ ਥਾਂ ਗੱਡੀ ਰੋਕੀ ਅਤੇ ਮੈਂ ਕਿਹਾ ਮੈਂ ਸਵੇਰ ਦੀ ਰੋਟੀ ਨਹੀਂ ਖਾਧੀ ਮੈਂ ਬਿਮਾਰ ਬੰਦਾ ਹਾਂ, ਮੈਨੂੰ ਥੋੜ੍ਹੀ ਰੋਟੀ ਵਗੈਰਾ ਕੁਛ ਖਵਾ ਦਿਓ ਇਸ ਗੱਲ ’ਤੇ ਹਰਪ੍ਰੀਤ ਏਐੱਸਆਈ ਨੇ ਗਲਤ ਕਮੈਂਟ ਕੀਤਾ ਕਹਿੰਦਾ ਜਗਰਾਓਂ ਚੱਲ ਕੇ ਤੈਨੂੰ ਇਹੋ ਜੀ ਰੋਟੀ ਖਵਾਵਾਂਗੇ
ਕਿ ਯਾਦ ਰੱਖੇਂਗਾ। 7-6-18 ਨੂੰ ਲਗਭਗ 6 ਵਜੇ ਸ਼ਾਮ ਨੂੰ ਜਗਰਾਓਂ ਸੀਆਈਏ ਪਹੁੰਚੇ ਅਤੇ ਪਹੰੁਚਣ ਸਾਰ ਦਫ਼ਤਰ ਵਿੱਚ ਲੈ ਗਏ ਜਿੱਥੇ ਅੱਗੇ ਡੀਐੱਸਪੀ ਸੁਲੱਖਣ ਸਿੰਘ ਅਤੇ ਐੱਸਪੀਡੀ ਸੋਹਲ ਸਾਹਿਬ ਬੈਠੇ ਸਨ ਮੈਨੂੰ ਐੱਸਪੀ ਸੋਹਲ ਨੇ ਕਾਫ਼ੀ ਗਾਲੀ-ਗਲੋਚ ਕੀਤਾ ਅਤੇ ਕਹਿੰਦਾ ਮੰਨ ਜਾ ਸ੍ਰੀ ਗੁਰੂ ਗਰੰਥ ਸਾਹਿਬ ਤੁਸੀਂ ਚੁੱਕਿਆ ਹੈ, ਨਹੀਂ ਤਾਂ ਇੱਥੋਂ ਤੈਨੂੰ ਜਿਉਂਦਾ ਕੋਈ ਲਿਜਾ ਨਹੀਂ ਸਕਦਾ। ਮੈਨੂੰ ਕਹਿੰਦਾ ਤੈਨੂੰ ਪਾਲਮਪੁਰ ਤੋਂ ਲਿਆਂਦਾ ਹੈ? ਮੈਂ ਕਿਹਾ , ਹਾਂ ਜੀ ਕਹਿੰਦਾ ਤੇਰੇ ਘਰ ਪਤਾ ਹੈ? ਮੈਂ ਕਿਹਾ, ਨਹੀਂ ਕਹਿੰਦਾ ਕਿਸੇ ਥਾਣੇ ’ਚ ਹਿਮਾਚਲ ’ਚ ਇੰਟਰੀ ਪਈ ਨਹੀਂ ਕਹਿੰਦਾ, ਇਹ ਸਾਡੀ ਐੱਸਆਈਟੀ ਦੀ ਤਾਕਤ, ਆਪਣਾ ਵਿਚਾਰ ਕਰਲਾ ਤੇਰੇ ਕੋਲ 5-10 ਮਿੰਟ ਹਨ ਨਹੀਂ ਤਾਂ ਫਿਰ ਜੋ ਹੋਵੇਗਾ ਤੈਨੂੰ ਜ਼ਿੰਦਗੀ ’ਚ ਕੁਝ ਕਰਨ ਜੋਗਾ ਨਹੀਂ ਛੱਡਾਂਗੇ। ਤੂੰ ਸਾਨੂੰ ਪੰਜਾਬ ਪੁਲਿਸ ਨੂੰ ਬਹੁਤ ਤੰਗ ਕੀਤਾ ਹੈ ਧਰਨੇ ਲਾ ਕੇ। ਹੁਣ ਦੇਖਾਂਗੇ ਤੇਰੇ ਮਗਰ ਕੌਣ ਆਉਂਦਾ ਹੁਣ। ਡੇਰੇ ਵਾਲਿਆਂ ਨੂੰ ਕਹੀਂ ਤੇਰੇ ਮਗਰ ਧਰਨਾ ਲਾਉਣ ਬਹੁਤ ਗਾਲ੍ਹਾਂ ਕੱਢੀਆਂ, ਬੁਲਾ ਆਪਣੇ ਧਰਨਾਕਾਰੀਆਂ ਨੂੰ 10 ਮਿੰਟ ਬਾਅਦ ਪੁਲਿਸ ਮੁਲਾਜ਼ਮ ਅੰਦਰ ਬੁਲਾ ਲਏੇ, ਜਿਨ੍ਹਾਂ ਦੇ ਆਉਣ ’ਤੇ ਡੀਐੱਸਪੀ ਸੁਲੱਖਣ ਸਿੰਘ ਕਹਿੰਦਾ ਸਾਰੇ ਕੱਪੜੇ ਉਤਾਰ ਦੇ ਮੈਂ ਪੈਂਟ ਅਤੇ ਸ਼ਰਟ ਉਤਾਰੀ ਕਹਿੰਦਾ ਅੰਡਰਵੀਅਰ ਅਤੇ ਬਨੈਨ ਵੀ ਉਤਾਰ ਦੇ ਬਿਲਕੁਲ ਨੰਗਾ ਕਰ ਲਿਆ।
ਮੁਲਾਜ਼ਮ ਨੇ ਮੈਨੂੰ ਥੱਲੇ ਬਿਠਾ ਦਿੱਤਾ ਅਤੇ ਵਾਲਾਂ ਤੋਂ ਫੜ ਲਿਆ ਮੁਲਾਜ਼ਮ ਨੇ ਢੂਹੀ ’ਚ ਗੋਡਾ ਲਾਇਆ ਅਤੇ 2 ਮੁਲਾਜ਼ਮਾਂ ਲੱਤਾਂ ਚੌੜੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਬਹੁਤ ਜ਼ਿਆਦਾ ਚੌੜੀਆਂ ਕੀਤੀਆਂ ਬਹੁਤ ਤਕਲੀਫ਼ ਹੋ ਰਹੀ ਸੀ ਡੀਐੱਸਪੀ ਸੁਲੱਖਣ ਸਿੰਘ ਡਾਂਗ ਪੱਟਾਂ ’ਤੇ ਮਾਰਦਾ ਤੇ ਕਦੇ ਐੱਸਪੀ ਸੋਹਲ ਡਾਂਗ ਪੈਰਾਂ ’ਤੇ ਮਾਰਦਾ ਕਹਿੰਦੇ ਲਾਉਣੇ……..(ਅਪਸ਼ਬਦ) ਧਰਨੇ, ਲੈਣਾ ਪੁਲਿਸ ਨਾਲ ਪੰਗਾ
ਇਸ ਤਰ੍ਹਾਂ ਕਿਤੇ ਛੱਡ ਦਿੰਦੇ ਅਤੇ ਥੋੜ੍ਹੀ ਦੇਰ ਬਾਅਦ ਕੁੱਟਣ ਲੱਗ ਜਾਂਦੇ ਕਦੀ ਉਸੇ ਤਰ੍ਹਾਂ ਅਲਫ਼ ਨੰਗੇ ਨੂੰ ਕਹਿੰਦੇ ਇਹਨੂੰ ਬਾਹਰ ਤੋਰ ਕੇ ਲਿਆਓ ਤੁਰਨਾ ਮੁਸ਼ਕਲ ਹੋ ਗਿਆ ਸੀ ਅਗਰ ਨਹੀਂ ਤੁਰਦਾ ਸੀ ਬਾਹਰ ਮੁਲਾਜ਼ਮ ਚੱਪਲਾਂ ਨਾਲ ਕੁੱਟਦੇ 11 ਵਜੇ ਰਾਤ ਤੱਕ ਇਹ ਕੁਝ ਮੇਰੇ ਨਾਲ ਹੁੰਦਾ ਰਿਹਾ ਉਸ ਤੋਂ ਬਾਅਦ ਮੈਨੂੰ ਦਰਦ ਵਾਲੀਆਂ ਗੋਲੀਆਂ ਦੇ ਕੇ ਕਹਿ ਦਿੱਤਾ ਸੌਂ ਜਾ ਤੇ ਸੋਚ ਲੈ ਇਹ ਜੁਰਮ ਤੈਨੂੰ ਮੰਨਣਾ ਪੈਣਾ ਹੈ ਚਾਹੇ ਕਿੰਨੇ ਦਿਨ ਲੱਗ ਜਾਣ।
8-6-18 ਸੁਬ੍ਹਾ ਇਕਬਾਲ ਸਿੰਘ ਐੱਸਆਈ, ਜਿਸ ਕਮਰੇ ਵਿੱਚ ਮੈਨੂੰ ਪਾਇਆ ਸੀ ਉੱਥੇ ਆਇਆ ਤੇ ਕਹਿੰਦਾ, ਬਿੱਟੂ ਕਿੰਨੇ ਦਿਨ ਕੁੱਟ ਖਾਏਂਗਾ? ਕਬੂਲ ਕਰਲੈ ਚੰਗਾ ਰਹੇਂਗਾ ਮਾਨਸਿਕ ਤੌਰ ’ਤੇ ਕਾਫ਼ੀ ਪ੍ਰੇਸ਼ਾਨ ਕੀਤਾ ਅਤੇ ਜ਼ੁਰਮ ਕਬੂਲਣ ਲਈ ਮਜ਼ਬੂਰ ਕਰਦਾ ਰਿਹਾ ਤਕਰੀਬਨ 10 ਵਜੇ ਸੁਬ੍ਹਾ 8-6-18 ਫਿਰ ਡੀਐੱਸਪੀ ਅਤੇ ਐੱਸਪੀ ਸਾਹਿਬ ਦਲਬੀਰ ਸਿੰਘ ਤਿੰਨ ਅਫ਼ਸਰਾਂ ਨੇ ਮੈਨੂੰ ਅੰਦਰ ਬੁਲਾ ਲਿਆ ਅਤੇ ਫਿਰ ਉਸੇ ਹਾਲਤ ’ਚ ਕੁੱਟਣਾ ਸ਼ੁਰੂ ਕਰ ਦਿੱਤਾ ਦੁਪਿਹਰ ਤੱਕ ਇਹੋ ਕੁਝ, ਕਰੰਟ ਲਾਉਣਾ ਗੁਪਤ ਅੰਗ ’ਤੇ ਅਤੇ ਕੰਨਾਂ ’ਤੇ ਸ਼ੁਰੂ ਕਰ ਦਿੱਤਾ ਤਾਂ ਮੈਨੂੰ ਕਹਿੰਦੇ ਤੈਨੂੰ ਡੀਆਈਜੀ ਸਾਹਿਬ ਨੂੰ ਮਿਲਾ ਦਿੰਨੇ ਆਂ ਤੂੰ ਉਨ੍ਹਾਂ ਨੂੰ ਦੱਸ ਦੇ ਅਤੇ ਤੇਰੇ ’ਤੇ ਪਰਚੇ ਨਹੀਂ ਪਾਉਣਗੇ ਤਾਂ ਮੈਂ ਹਾਂ ਕਰ ਦਿੱਤੀ।
ਰਸਤੇ ਵਿੱਚ ਮੈਂ ਸੋਚਿਆ ਕੀ ਕਰਾਂਗਾ ਫਿਰ ਗੁਰਦੇਵ ਸਿੰਘ ਪ੍ਰੇਮੀ ਦੀ ਮੌਤ ਯਾਦ ਆਈ, ਮੌਤ ਤੋਂ ਬਾਅਦ ਉਸ ਦੇ ਘਰਵਾਲੀ ਨੂੰ ਡੀਆਈਜੀ ਤੰਗ ਕਰਦਾ ਸੀ ਅਤੇ ਇੱਕ ਪਿੰਡ ਦਾ ਮੁੰਡਾ ਡਫਾਲਟਰ, ਉਸ ਨੂੰ ਪਹਿਲਾਂ ਵੀ ਪੁਲਿਸ ਨੇ ਚੁੱਕਿਆ ਸੀ ਡੀਆਈਜੀ ਦੇ ਘਰ ਮੈਂ ਗੁਰਦੇਵ ਅਤੇ ਸੁਖਜਿੰਦਰ ਦਾ ਨਾਂਅ ਲੈ ਦਿੱਤਾ ਡੀਆਈਜੀ ਮੈਨੂੰ ਕਹਿੰਦਾ ਜਿਉਂਦੇ ਬੰਦੇ ਦਾ ਨਾਂਅ ਲੈ, ਜਿਹੜੇ ਤੇਰੇ ਨਾਲ ਰਹਿੰਦੇ ਹਨ ਉਹ ਬੰਦੇ ਦੱਸ ਅਤੇ ਮੈਨੂੰ ਕਮਰੇ ’ਚੋਂ ਬਾਹਰ ਜਾਣ ਲਈ ਕਿਹਾ ਮੈਂ ਬਾਹਰ ਆ ਗਿਆ ਅਤੇ ਥੋੜ੍ਹੀ ਦੇਰ ਬਾਅਦ ਡੀਐੱਸਪੀ ਬਾਹਰ ਆ ਗਿਆ ਅਤੇ ਮੈਨੂੰ ਕਹਿੰਦਾ ਗੱਡੀ ਵਿੱਚ ਬੈਠ ਸਾਰੇ ਅਫ਼ਸਰ ਬੈਠ ਗਏ ਅਤੇ ਮੈਨੂੰ ਪਿੱਛੇ ਬਿਠਾ ਲਿਆ ਅਤੇ ਕੋਠੀ ’ਚੋਂ ਬਾਹਰ ਆਉਂਦੇ ਹੀ ਦਲਬੀਰ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਮੇਰੇ ਪਿੱਛੇ ਬੈਠੇ ਕੂਹਣੀਆਂ ਲੱਫੜਾਂ ਨਾਲ ਬਹੁਤ ਮਾਰਿਆ ਤੇ ਸੀਆਈਏ ਸਟਾਫ਼ ਜਗਰਾਓਂ ਲੈ ਆਏ ਪਹੁੰਚਣ ਸਾਰ ਫਿਰ ਅੰਦਰ ਬੁਲਾ ਲਿਆ ਅਤੇ ਅੰਦਰ ਮੈਨੂੰ ਗੋਪਾਲ ਪ੍ਰੇਮੀ ਦਾ ਨਾਂਅ ਪਾ ਕੇ ਇੱਕ ਬਿਆਨ ਪੜ੍ਹਾਇਆ ਬਲਜੀਤ ਸਿੰਘ ਦਾਦੂਵਾਲ ਨਾਲ ਝਗੜੇ ਬਾਰੇ ਅਤੇ ਮੇਰੇ ਬਾਰੇ ਹੋਰ ਵੀ ਅਨਾਪ-ਸ਼ਨਾਪ ਲਿਖਿਆ ਹੋਇਆ ਸੀ। ਮੈਨੂੰ ਐੱਸਪੀ ਸੋਹਲ ਅਤੇ ਡੀਐੱਸਪੀ ਸੁਲੱਖਣ ਸਿੰਘ ਬਿਆਨ ਪੜ੍ਹਾ ਕੇ ਕਹਿੰਦੇ ਜੇ ਤੁਸੀਂ ਸ੍ਰੀ ਗੁਰੂ ਗਰੰਥ ਸਾਹਿਬ ਨਹੀਂ ਚੁੱਕਿਆ ਤਾਂ ਉਹ ਦੋ ਬੰਦੇ ਦੱਸ ਜਿਹੜੇ ਤੇਰੇ ਨਾਲ ਰਹਿੰਦੇ ਸੀ ਅਤੇ ਦਾਦੂ ਨਾਲ ਝਗੜਾ ਕਰਨ ਨੂੰ ਤਿਆਰ ਸੀ ਮੈਂ ਚੁੱਪ ਰਿਹਾ ਅਜਿਹਾ ਕੁਝ ਨਹੀਂ ਹੈ ਉਨ੍ਹਾਂ ਨੇ ਫੇਰ ਕੁੱਟਣਾ ਸ਼ੁਰੂ ਕਰ ਦਿੱਤਾ ਦਲਬੀਰ ਸਿੰਘ ਇੰਸਪੈਕਟਰ ਨੇ ਜ਼ਬਰਦਸਤ ਸ਼ੌਟ (ਕਰੰਟ) ਮੈਨੂੰ ਲਾਏ ਜੋ ਮੈਥੋਂ ਬਰਦਾਸ਼ਤ ਨਹੀਂ ਹੋਏ ਅਤੇ ਦੋ ਪ੍ਰੇਮੀਆਂ ਦੇ ਨਾਂਅ ਲੈ ਦਿੱਤੇ ਸੁਖਜਿੰਦਰ ਸਿੰਘ (ਸੰਨੀ) ਅਤੇ ਨੀਲਾ ਮੈਨੂੰ ਉਸ ਤੋਂ ਬਾਅਦ ਅਲਫ਼ ਨੰਗੇ ਨੂੰ ਸੀਆਈਏ ਸਟਾਫ਼ ਦੇ ਵਿਹੜੇ ਵਿੱਚ ਗੇੜੇ ਕਢਾਏ ਅਤੇ ਕਿਹਾ ਜਿੱਥੇ ਰੁਕੇ ਉੱਥੇ ਚੱਪਲਾਂ ਨਾਲ ਕੁੱਟੋ ਮੈਥੋਂ ਚੱਲਿਆ ਨਹੀਂ ਸੀ ਜਾਂਦਾ ਉਹ ਸਿਪਾਹੀ ਚੱਪਲਾਂ ਨਾਲ ਕੁੱਟਦੇ ਰਹੇ।
9-6-18 ਸਵੇਰੇ ਸੰਨੀ ਤੇ ਨੀਲਾ ਨੂੰ ਲਿਆਂਦਾ ਲੇਕਿਨ ਮੈਨੂੰ ਨੀ ਮਿਲਿਆ ਮੈਨੂੰ ਅੱਡ ਕਮਰੇ ਵਿੱਚ ਇਹਨਾਂ ਦੀਆਂ ਚੀਕਾਂ ਸੁਣਦੀਆਂ ਸਨ ਤਕਰੀਬਨ 11 ਵਜੇ ਮੇਰੇ ਕੋਲ ਜਗਦੀਸ਼ ਲਾਲ ਇੰਸਪੈਕਟਰ ਜੋ, ਸੀਆਈਏ ਇੰਚਾਰਜ਼ ਮਾਨਸਾ ਹੈ, ਉਹ ਮੈਨੂੰ ਜਾਣਦਾ ਸੀ ਅਤੇ ਡੀਆਈਜੀ ਖੱਟੜਾ ਦਾ ਰੀਡਰ ਸੀ ਗੁਰਦੇਵ ਸਿੰਘ ਦੀ ਮੌਤ ਦੇ ਸਮੇਂ ਉਹ ਮੈਥੋਂ ਪੁੱਛਗਿੱਛ ਕਰਨ ਲੱਗਾ ਕਹਿੰਦਾ, ਬਿੱਟੂ ਸਹੀ ਗੱਲ ਦੱਸ ਤੁਸੀਂ ਇਹ ਕੰਮ ਕੀਤਾ ਵੀ ਹੈ ਜਾਂ ਸਿਰਫ ਜੁੱਤੀਆਂ ਦੇ ਡਰ ਤੋਂ ਮੰਨੀ ਜਾਂਦੇ ਹੋ ਮੈਨੂੰ (ਜਗਦੀਸ਼ ਲਾਲ) ਡੀਆਈਜੀ ਸਾਹਿਬ ਨੇ ਕਿਹੈ, ਬਈ ਤੂੰ ਪੁੱਛ ਸਹੀ ਗੱਲ ਮੈਂ (ਮਹਿੰਦਰਪਾਲ ਬਿੱਟੂ) ਦੱਸਿਆ, ਸਾਹਿਬ ਮੈਂ ਆਪਣੇ ਪਵਿਰਾਰ ਦੀ ਕਸਮ ਖਾ ਕੇ ਕਹਿੰਦਾ ਹਾਂ ਕਿ ਅਸੀਂ ਕੋਈ ਗਲਤ ਕੰਮ ਨਹੀਂ ਕੀਤਾ ਸਾਡੇ ਨਾਲ ਬਹੁਤ ਨਜਾਇਜ਼ ਹੋ ਰਹੀ ਹੈ।
ਮੈਂ ਬਿਲਕੁਲ ਵੀ ਅਜਿਹਾ ਸੋਚ ਵੀ ਨਹੀਂ ਸਕਦਾ ਇੰਨੇ ਨੂੰ ਉਥੇ ਹਰਪ੍ਰੀਤ ਏਐੱਸਆਈ ਆ ਕੇ ਕੋਲ ਬੈਠ ਗਏ ਦੋਵੇਂ ਆਪਸ ਵਿੱਚ ਗੱਲਾਂ ਕਰਨ ਲੱਗ ਪਏ ਜਗਦੀਸ਼ ਲਾਲ ਕਹਿੰਦਾ ਇਸ ਗੱਲ ਵਿਚੋਂ ਵੀ ਕੁਝ ਨਹੀਂ ਨਿਕਲਣਾ, ਅੱਗੇ ਵਾਗੂੰ ਹੋਣੀ ਹੈ ਬੰਦੇ ਤਾਂ ਮੇਰੀ ਰਡਾਰ (ਨਿਗ੍ਹਾ) ਵਿੱਚ ਸਨ, ਸਾਨੂੰ ਉਪਰੋ ਹਰੀ ਝੰਡੀ ਨਹੀਂ ਮਿਲੀ ਏਐਸਆਈ ਹਰਪ੍ਰੀਤ ਨੇ ਉਹਦੀ ਹਾਂ ’ਚ ਹਾਂ ਮਿਲਾਈ ਦੋਵੇਂ ਗੱਲਾਂ ਕਰਦੇ ਕਮਰੇ ’ਚੋਂ ਬਾਹਰ ਨਿੱਕਲ ਗਏ ਥੋੜ੍ਹੀ ਦੇਰ ਬਾਅਦ ਇੰਸਪੈਕਟਰ ਦਲਵੀਰ ਸਿੰਘ ਤਿੰਨ ਹੋਰ ਮੁਲਾਜ਼ਮ ਲੈ ਕੇ ਮੇਰੇ ਕੋਲ ਆ ਗਿਆ ਉਹ ਕਹਿੰਦਾ, ਹੁਣ ਮੁੱਕਰ ਰਿਹਾ ਹੈਂ, ਮੱੁਕਰ ਜਾਂ ਉਹ ਮੁਲਾਜਮਾਂ ਨੂੰ ਕਹਿੰਦਾ ਇਹਦੇ ਹੱਥ ਪਿੱਛੇ ਬੰਨ੍ਹ ਦਿਉ ਅਤੇ ਇੱਕ ਦੇ ਕੋਲ ਡੰਡਾ ਸੀ ਅਤੇ ਦੋ ਕੋਲ ਚੱਪਲਾਂ ਉਹ ਕਹਿੰਦਾ ਚੱਪਲਾਂ ਨਾਲ ਇਹਦਾ ਸਿਰ ਕੁੱਟਣਾ ਸ਼ੁਰੂ ਕਰ ਦਿਉ, ਡੰਡੇ ਨਾਲ ਲੱਤਾਂ ਇਸ ਤੋਂ ਕੁਝ ਨਹੀਂ ਪੁੱਛਣਾ, ਉਦੋਂ ਤੱਕ ਕੁੱਟੋ ਜਦੋਂ ਤੱਕ ਇਹ ਆਪ ਨਾ ਕਹੇ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਚੋਰੀ ਕੀਤੀ ਹੈ।
ਬਹੁਤ ਜੋਰ-ਜੋਰ ਨਾਲ ਮੇਰਾ ਸਿਰ ਅਤੇ ਲੱਤਾਂ ਕੁੱਟਣ ਲੱਗੇ ਮੇਰੇ ਸਿਰ ਦਾ ਮਾਸ ਉਠ ਖੜਾ ਸੀ ਦਲਬੀਰ ਸਿੰਘ ਨੇ ਇੱਕ ਥਾਣੇਦਾਰ ਨੂੰ ਬੁਲਾਇਆ ਤੇ ਕਿਹਾ ਕਿ ਪੈਟਰੋਲ ਤੇ ਸਰਿੰਜ਼ ਲਿਆਓ, ਉਹ ਲੈਕੇ ਆ ਗਿਆ ਉਹ ਉੱਚਾ ਲੰਮਾ ਭਾਰੀ ਜਿਹਾ ਸਰਦਾਰ ਸੀ ਦਲਬੀਰ ਨੇ ਮੇਰੇ ਕੱਪੜੇ ਉਤਰਾਨ ਲਈ ਕਿਹਾ ਅਤੇ ਸਰਿੰਜ ਪੈਟਰੋਲ ਦੀ ਭਰਕੇ ਮੇਰੇ ਗੁਪਤ ਅੰਗਾਂ, ਅੱਗੇ ਤੇ ਪਿੱਛੇ ਦੋਵਾਂ ਥਾਂਵਾਂ ’ਤੇ ਪਾਉਣ ਲੱਗ ਪਿਆ ਜਿਸ ਨਾਲ ਮੈਂ ਤੜਫਣ ਲੱਗ ਪਿਆ ਤੇ ਉਹ ਉਤੋਂ ਚੱਪਲਾਂ ਮਾਰ ਰਹੇ ਸਨ ਮੈਂ ਮਾਫੀ ਮੰਗੀ ਅਤੇ ਕਿਹਾ ਹੁਣ ਨਹੀਂ ਮੁੱਕਰਾਂਗਾ ਫੇਰ ਮੈਨੂੰ ਕੁੱਟਣੋ ਹਟੇ ਅਤੇ ਮੇਰੇ ਕੱਪੜੇ ਪੁਆ ਦਿੱਤੇ ਥੋੜ੍ਹੀ ਦੇਰ ਬਾਅਦ ਉਹ ਸਰਦਾਰ ਜੀ ਥਾਣੇਦਾਰ ਆਇਆ ਤੇ ਉਸ ਨੇ ਮੈਨੂੰ ਕੁੱਟਣਾ ਸ਼ੁਰੂ ਕਰਦਿਆਂ ਕਹਿੰਦਾ ਤੂੰ ਸਾਡੇ ਧਰਮ ਦੀ ਬੇਅਦਬੀ ਕੀਤੀ ਹੈ, ਮੈਂ ਤੈਨੂੰ ਜਾਨੋ ਮਾਰ ਦਿਆਂਗਾ, ਚਾਹੇ ਮੈਨੂੰ ਸਜ਼ਾ ਹੋ ਜਾਵੇ ਕੋਈ ਫਿਕਰ ਨਹੀਂ ਹੈ ਉਹ ਬਹੁਤ ਗੱੁਸੇ ਵਿੱਚ ਆ ਗਿਆ ਅਤੇ ਬਾਹਰੋਂ ਪੈਟਰੋਲ ਦੀ ਬੋਤਲ ਭਰ ਲਿਆਇਆ ਉਹ ਕਹਿੰਦਾ ਤੈਨੂੰ ਪੂਹਲੇ ਨਹਿੰਗ ਵਾਂਗ ਜ਼ਿੰਦਾ ਸਾੜਨਾ ਹੈ।
ਉਸ ਨੇ ਉਹ ਸਾਰਾ ਪੈਟਰੋਲ ਮੇਰੇ ਉਤੇ ਪਾ ਦਿੱਤਾ ਅਤੇ ਮੈਂ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਉਹ ਥਾਣੇਦਾਰ ਮਾਚਸ ਭਾਲਣ ਲੱਗਾ ਮੇਰੀਆਂ ਚੀਕਾਂ ਸੁਣਕੇ ਬਾਹਰੋਂ 2-3 ਮੁਲਾਜ਼ਮ ਆਏ ਅਤੇ ਉਹਨਾਂ ਉਸ ਨੂੰ ਫੜ੍ਹ ਕੇ ਰੋਕਿਆ ਅਤੇ ਫੇਰ ਮੈਨੂੰ ਬਾਅਦ ਵਿੱਚ ਨੁਹਾਇਆ ਗਿਆ
10-6-18 ਨੂੰ ਦੋ ਵਾਰ ਬਹੁਤ ਕੱੁਟਿਆ ਗਿਆ ਅਤੇ ਜਦੋਂ 10-12 ਪ੍ਰੇਮੀ ਹੋਰ ਫੜ ਕੇ ਲਿਆਂਦੇ ਗਏ ਤਾਂ ਉਹਨਾਂ ਨੂੰ ਵੀ ਇਸ ਤਰ੍ਹਾਂ ਟਾਰਚਰ ਕੀਤਾ 11-6-18 ਅਤੇ 12-6-18 ਦੋ ਦਿਨ ਇਹੀ ਸਿਲਸਲਾ ਚੱਲਿਆ।
13-6-18 ਨੂੰ ਮੈਨੂੰ ਅੰਦਰ ਬੁਲਾਇਆ ਜਿੱਥੇ ਡੀਆਈਜੀ ਰਣਬੀਰ ਸਿੰਘ ਖਟੜਾ ਅਤੇ ਐਸਪੀ ਸੋਹਲ, ਐਸਐਸਪੀ ਸੁਖਵਿੰਦਰ ਸਿੰਘ ਮਾਨ, ਡੀਐਸਪੀ ਸੁਲੱਖਣ ਸਿੰਘ, ਇੰਸਪੈਕਟਰ ਦਲਬੀਰ ਸਿੰਘ, ਲਖਵੀਰ ਸਿੰਘ ਸੀਆਈਏ ਇੰਚਾਰਜ ਜਗਰਾਓਂ ਅਤੇ ਹੋਰ ਵੀ ਅਫਸਰ ਬੈਠੇ ਸਨ ਮੈਨੂੰ ਕਹਿੰਦੇ ਜਿਹੜੇ ਬੰਦੇ ਫੜੇ ਹਨ ਉਹ ਸਾਰਾ ਕੁਝ ਮੰਨ ਗਏ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਕੀ ਪੰਨੇ ਕਿੱਥੇ ਹਨ ਮੈਂ ਕਿਹਾ ਕਿ ਮੈਨੂੰ ਇਸ ਬਾਰੇ ਕੋਈ ਪਤਾ ਨਹੀਂ, ਜਿਹੜੇ ਮੰਨੇ ਹਨ ਉਹਨਾਂ ਤੋਂ ਪੂਰੇ ਕਰਵਾ ਲਵੋ ਇਹ ਸੁਣ?ਕੇ ਡੀਆਈਜੀ ਖਟੜਾ ਕਹਿੰਦਾ, ਅਜੇ ਤੁਹਾਡੇ (ਪੁਲਿਸ) ਤੋਂ ਇਹਦੀ ਪੂਰੀ ਧੁਲਾਈ (ਕੁੱਟਮਾਰ) ਨਹੀਂ ਹੋਈ।
ਐਸਪੀ ਸੋਹਲ ਕਹਿੰਦਾ, ਸਾਰੇ ਕੱਪੜੇ ਉਤਾਰ ਦੇ ਮੈਂ ਉਤਾਰ ਦਿੱਤੇ, ਪਹਿਲਾਂ ਹੀ ਮੇਰੀ ਬਹੁਤ ਬੁਰੀ ਹਾਲਤ ਸੀ ਫਿਰ ਉਹਨਾਂ ਮੁਲਾਜਮ ਬੁਲਾ ਲਏ ਤੇ ਮੇਰੇ ਹੱਥ ਬੰਨ੍ਹ ਦਿੱਤੇ ਮੇਰੀਆਂ ਲੱਤਾਂ (ਚੱਡੇ ਪਾੜੇ) ਖਿੱਚੀਆਂ, ਜਬਰਦਸਤ ਕਰੰਟ ਲਾਇਆ, ਮੇਰੀ ਜੀਭ ’ਚ ਦੰਦ ਖੁੱਭ ਗਏ ਮੇਰੀ ਬਹੁਤ ਬੁਰੀ ਹਾਲਤ ਕਰ ਦਿੱਤੀ ਡੀਆਈਜੀ ਕਹਿੰਦਾ, ਇਸ ਨੂੰ ਹੁਣ ਬਾਹਰ ਕੱਡ ਦਿਉ ਮੈਨੂੰ?ਅਲਫ ਨੰਗੇ ਨੂੰ ਹੱਥ ਪਿੱਛੇ ਬੰਨ੍ਹ ਕੇ ਬਾਹਰ ਗੇੜੇ ਕਢਾਏ ਅਤੇ ਵਾਪਸ ਕਮਰੇ ਵਿੱਚ ਛੱਡ ਦਿੱਤਾ ਉਸ ਤੋਂ ਬਾਅਦ ਐਸਐਸਪੀ ਸਤਿੰਦਰ ਸਿੰਘ ਖੰਨਾ ਵੀ ਆਏ ਹੋਏ ਸਨ ਉਹ ਮੈਨੂੰ ਇੱਕ ਕਮਰੇ ਵਿੱਚ ਇਕੱਲੇ ਲੈ ਗਏ ਅਤੇ ਮੇਰੇ ਨਾਲ ਗੱਲਾਂ ਕਰਨ ਲੱਗੇ ਕਹਿੰਦੇ ਤੂੰ ਝੂਠੀ ਕਸਮ ਨਹੀਂ ਖਾਦਾ, ਤੂੰ ਆਪਣੇ ਬੱਚਿਆਂ ਦੀ ਕਸਮ ਖਾ ਕੇ ਦੱਸ ਕਿ ਕੀ ਤੂੰ ਇਹ ਕੰਮ ਕੀਤਾ ਹੈ ਜਾਂ ਕੁੱਟ ਤੋਂ ਡਰਦਾ ਮੰਨੀ ਜਾਂਦਾ ਹੈਂ।
ਮੈਂ ਕਿਹਾ, ਆਪਣੇ ਤਿੰਨਾਂ ਬੱਚਿਆਂ ਦੀ ਕਸਮ ਹੈ ਕਿ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਰਧਾ ਰੱਖਦਾ ਹਾਂ ਅਤੇ ਅਜਿਹਾ ਸੋਚ ਵੀ ਨਹੀਂ ਸਕਦਾ ਮੈਂ ਇਹ ਕੰਮ ਨਹੀਂ ਕੀਤਾ ਇੰਨ੍ਹਾਂ ਸੁਣ ਕੇ ਉਹ ਮੇਰੇ ਕੋਲੋਂ ਉਠ ਕੇ ਚਲੇ ਗਏ ਥੋੜ੍ਹੀ ਦੇਰ ਬਾਅਦ ਮੇਰੇ ਕੋਲ ਇੰਸਪੈਕਟਰ ਦਲਬੀਰ ਸਿੰਘ ਅਤੇ ਹਰਪ੍ਰੀਤ ਸਿੰਘ ਏਐਸਆਈ ਆਏ ਉਹ ਕਹਿੰਦੇ ਕਿੰਨਾ ਚਿਰ ਮੱੁਕਰੇਂਗਾ, ਪੰਜਾਬ ਵਿੱਚ ਪ੍ਰੇਮੀਆਂ ’ਤੇ 150 ਕੇਸ ਹਨ ਅਤੇ ਤੈਨੂੰ ਅਸੀਂ ਜਿੰਨਾ ਚਿਰ ਚਾਹੀਏ ਰਿਮਾਂਡ ’ਤੇ ਰੱਖ ਸਕਦੇ ਹਾਂ ਤੇਰੇ ਬੱਚਿਆਂ ਨਾਲ ਕੀ ਹਾਲ ਹੋਵੇਗਾ, ਉਹ ਤੂੰ ਸੋਚ ਵੀ ਨਹੀਂ ਸਕਦਾ, ਤੇਰੀ ਬੇਟੀ ਨੂੰ ਵੀ ਪਰਚੇ ’ਚ ਪਾਵਾਂਗੇ ਉਹਨਾਂ ਮੈਨੂੰ ਮੈਂਟਲੀ ਤੌਰ ’ਤੇ ਬਹੁਤ ਟਾਰਚਰ ਕੀਤਾ ਅਤੇ ਬਾਅਦ ਵਿੱਚ ਅੰਦਰ ਸੱਦ ਲਿਆ ਡੀਆਈਜੀ ਅਤੇ ਐਸਪੀ ਕਹਿਣ ਲੱਗੇ, ਇਸ ਦੀ ਉਹ ਹਾਲਤ ਕਰੋ ਇਸ ਤੋਂ ਕੁਝ ਪੁੱਛਣਾ ਨਹੀਂ ਅਤੇ ਇੰਨਾ ਕੱੁਟੋ ਕੇ ਆਪੇ ਦੱਸੇ ਫੇਰ ਉਹਨਾਂ?ਮੇਰੇ ਗੁਪਤ ਅੰਗਾਂ ’ਤੇ ਕਰੰਟ ਲਾਇਆ, ਉਪਰੋਂ ਚੱਪਲਾਂ ਮਾਰੀਆਂ ਇੰਸਪੈਕਟਰ ਲਖਬੀਰ ਸਿੰਘ ਨੇ ਮੇਰੀਆਂ?ਲੱਤਾਂ ’ਤੇ ਡਾਂਗਾਂ ਮਾਰੀਆਂ, ਜਿਸ ਨਾਲ ਲੱਤਾਂ ਜਖਮੀ ਹੋ ਗਈਆਂ ਪੀੜ ਨਾ ਸਹਾਰਦੇ ਹੋਏ ਮੈਂ ਕਹਿ ਦਿੱਤਾ ਕਿ ਮੈਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਕੀ ਅੰਗ ਨਹਿਰ ਵਿੱਚ ਸੁੱਟ ਦਿੱਤੇ ਸਨ ਸਾਰੇ ਅਫਸਰ ਹੱਸਣ ਲੱਗ ਪਏ ਤੇ ਕਹਿੰਦੇ ਅਜੇ ਵੀ ਝੂਠ ਬੋਲਦਾ ਹੈ ਉਹ ਕਹਿੰਦੇ ਕਿ ਅੰਗ ਤੇਰੇ ਕੋਲ ਹਨ ਜਾਂ ਕਿੱਤੇ ਹੋਰ ਸੁੱਟੇ ਹਨ ਫਿਰ ਉਹ ਕਹਿੰਦੇ ਇਸ ਨੂੰ ਬਾਹਰ ਬਿਠਾ ਦਿਓਂ।
ਜਦੋਂ ਮੈਨੂੰ ਨਿਸ਼ਾਨ ਦੇਹੀ ਵਾਸਤੇ ਨਹਿਰਾਂ ’ਤੇ ਲੈ ਕੇ ਜਾ ਰਹੇ ਸਨ ਤਾਂ ਰਸਤੇ ’ਚ ਗੱਡੀਆਂ ਰੋਕ ਲਈਆਂ ਅਤੇ ਡੀਆਈਜੀ ਸਾਹਿਬ ਮੇਰੀ ਗੱਡੀ ਕੋਲ ਆ ਗਏ ਅਤੇ ਸਾਰਿਆਂ ਨੂੰ ਪਾਸੇ ਕਰ ਦਿੱਤਾ ਉਹ ਕਹਿੰਦਾ, ਮੈਨੂੰ ਐਵੇ ਨਾ ਨਹਿਰ ’ਤੇ ਲੈ ਕੇ ਜਾ ਉਹਨਾਂ ਨੇ ਮੈਨੂੰ ਮੇਰੇ ਇਸ਼ਟ ਦੀ ਕਸਮ ਖਾਣ ਨੂੰ ਕਿਹਾ ਤਾਂ ਮੈਂ ਕਿਹਾ ਕਿ ਮੈਂ ਸ੍ਰੀ ਗੁਰੂ ਗਰੰਥ?ਸਾਹਿਬ ਜੀ ਦੇ ਅੰਗ ਇੱਥੇ ਨਹੀਂ ਸੱੁਟੇ ਫਿਰ ਉਹਨਾਂ ਗੱਡੀਆਂ ਮੋਗੇ ਸੀਆਈਏ ਸਟਾਫ ਵੱਲ ਮੋੜ ਲਈਆਂ ਅਤੇ ਮੈਨੂੰ ਮੋਗੇ ਲੈ ਆਏ। ਉਥੇ ਮੋਗਾ ਐਸਐਸਪੀ ਰਾਜਜੀਤ ਸਿੰਘ ਹੁੰਦਲ ਮੌਜੂਦ ਸੀ ਉਸ ਨੇ ਡਾਂਗ ਫੜ੍ਹ ਲਈ ਤੇ ਮੇਰੇ ਨਹੁੰ ਤੱਕ ਤੋੜ ਦਿੱਤੇ। ਮੈਂ ਬਹੁਤ ਮਿੰਨਤਾਂ ਕੀਤੀਆਂ ਕਿ ਮੇਰੇ ਬਹੁਤ ਕੁੱਟ ਪੈ ਚੁੱਕੀ ਹੈ, ਮੈਂ ਬਿਮਾਰ ਆਦਮੀ ਹਾਂ, ਮੈਨੂੰ ਨਾ ਇੰਨਾ ਨਾ ਕੁੱਟੋ, ਤੁਸੀਂ ਮੇਰੇ ਗੋਡੇ ਤਾਂ ਨਾ ਤੋੜੋ, ਇਹ ਡੁਪਲੀਕੇਟ ਹੈ, ਖਰਾਬ ਹੋ ਜਾਣਗੇ ਉਹ ਕਹਿੰਦੇ ਤੈਨੂੰ ਜਿਉਂਦਾ ਹੀ ਨਹੀਂ ਛੱਡਣਾ, ਤੂੰ ਪੁਲਿਸ ਨੂੰ ਬਹੁਤ ਤੰਗ ਕੀਤਾ ਹੈ ਤੇ ਤੂੰ ਗੋਡਾ ਬਚਾਕੇ ਕੀ ਕਰਨਾ ਹੈ।
ਐਸਪੀ ਸੋਹਲ ਤੇ ਐਸਐਸਪੀ ਮੋਗਾ ਨੇ ਬਹੁਤ ਮੈਂਟਲੀ ਟਾਰਚਰ ਕੀਤਾ ਐਸਐਸਪੀ ਫਰੀਦਕੋਟ ਨੂੰੂ ਫੋਨ ਕਰ ਦਿੱਤਾ ਕਿ ਇਸ ਦੀ ਬੇਟੀ ਅਤੇ ਨੂੰਹ ਪੁੱਤਰ ਅਤੇ ਇਸਦੀ ਘਰਵਾਲੀ, ਸਾਰਿਆਂ ਨੂੰ ਘਰ ਵਿੱਚ ਨਜ਼ਰਬੰਦ ਕਰ ਲਵੋ, ਜਦੋਂ ਅਸੀਂ ਕਹਾਂਗੇ ਉਦੋਂ ਇੱਥੇ ਲਿਆਉਣਾ ਹੈ ਮੈਨੂੰ ਕਹਿੰਦੇ ਤੇਰੇ ਸਾਹਮਣੇ ਤੇਰੀ ਬੇਟੀ…… ਮੈਂ ਉਹ ਲਫਜ ਲਿਖ ਨਹੀਂ ਸਕਦਾ ਇਹਨਾਂ ਦੋ ਦਿਨ 14-15 ਤਰੀਕ ਨੂੰ ਇੰਨਾ ਮੈਂਟਲੀ ਪਰੇਸ਼ਾਨ ਕੀਤਾ ਕਿ ਮੈਂ ਹਾਰ ਗਿਆ ਅਤੇ ਉਹ ਜਿੱਤ ਗਏ ਤੇ ਉਹ ਜੋ ਵੀ ਕਹਿੰਦੇ ਮੈਂ ਹਾਂ-ਹਾਂ ਕਰਨ ਲੱਗ ਪਿਆ 16, 17, 18 ਤਿੰਨ ਦਿਨ ਸਾਡੇ ਬਿਆਨ ਨਹੀਂ ਸੀ ਰਲਦੇ ਫਿਰ ਇਕਬਾਲ ਸਿੰਘ ਐਸਆਈ ਅਤੇ ਸੁਲੱਖਣ ਡੀਐਸਪੀ ਦੋਵਾਂ ਦਾ ਇਹੋ ਕੰਮ ਹੋ ਗਿਆ ਕਿ ਅਲੱਗ-ਅਲੱਗ ਬੰਦਿਆਂ ਕੋਲ ਬੈਠ ਕੇ ਆਪ ਦੱਸਕੇ ਮੈਨੂੰ ਵੀ ਗੱਲਾਂ ਦੱਸੀਆਂ ਅਤੇ ਪ੍ਰੈਸ਼ਰ ਪਾਇਆ ਕਿ ਡੇਰੇ ਵਾਲੇ ਬੰਦਿਆਂ ਦਾ ਨਾਂਅ ਲੈ ਤੇਰੀ ਬਚਤ ਕਰ ਦਿਆਂਗੇ।
ਇੱਕ ਦਿਨ 90 ਸਾਲ ਦੇ ਬਜ਼ੁਰਗ ਇੰਸਪੈਕਟਰ ਨੂੰ ਨਾਲ ਲੈਕੇ ਡੀਆਈਜੀ ਸਾਹਿਬ ਆਏ ਅਤੇ ਸਾਰੇ ਅਫਸਰ ਕਮਰੇ ਵਿੱਚੋਂ ਬਾਹਰ ਕੱਢ ਦਿੱਤੇ ਤੇ ਆਪ ਵੀ ਬਾਹਰ ਚਲੇ ਗਏ ਉਹ (ਡੀਆਈਜੀ) ਕਹਿੰਦਾ ਇਹ ਮੇਰੇ ਉਸਤਾਦ (90 ਸਾਲ ਦੇ ਬਜ਼ੁਰਗ) ਨੇ ਇਹਨਾਂ ਨੂੰ ਸਾਰੀ ਗੱਲ ਸੱਚ ਦੱਸ ਦੇ ਮੈਨੂੰ ਬਹੁਤ ਬੁਖਾਰ ਸੀ ਅਤੇ ਬੈਠਾ ਵੀ ਨਹੀਂ ਸੀ ਜਾਂਦਾ ਉਸ ਬਜੁਰਗ ਨੇ ਮੈਨੂੰ 6 ਘੰਟੇ ਮੈਂਟਲੀ ਟਾਰਚਰ ਕੀਤਾ ਉਹ ਕਹਿੰਦਾ, ਇਹ ਪਰਚਾ ਤਾਂ ਤੇਰੇ ’ਤੇ ਹੋ ਗਿਆ, ਤੇਰੀ ਬੇਟੀ ’ਤੇ ਵੀ ਹੋਵੇਗਾ ਅਤੇ ਬਾਕੀ ਤੇਰੇ ਪਰਿਵਾਰ ਨੂੰ ਕੱਟੜ ਪੰਥੀ ਮਾਰ ਦੇਣਗੇ ਉਸ ਨੇ ਬਹੁਤ ਟਾਰਚਰ ਕੀਤਾ ਉਹ ਇਕੋ ਗੱਲ ਕਹੇ ਕਿ ਦੱਸ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਅੰਗ ਕਿੱਥੇ ਸੁੱਟੇ ਹਨ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਕੀ ਕਹਾਂ ਇਹਨਾਂ ਤੋਂ ਆਪਣੀ ਜਾਨ ਕਿਵੇਂ ਬਚਾਵਾਂ ਉਨ੍ਹਾਂ ਦੀ ਜੋ ਪਲਾਨ ਸੀ, ਉਹ ਮੇਰੇ ਸਮਝ ਨਾ ਆਈ ਮੈਂ ਕਹਿ ਦਿੱਤਾ ਕਿ ਮੈਂ ਸੰਸਕਾਰ ਕਰ ਦਿੱਤਾ ਹੈ ਇਹ ਸੁਣ?ਕੇ ਬਜੁਰਗ ਚਲਾ ਗਿਆ ਅਤੇ ਮੇਰੀ ਫੇਰ ਕੁੱਟਮਾਰ ਹੋਈ ਅਗਲੇ ਦਿਨ ਬਜੁਰਗ ਫੇਰ ਆਇਆ ਤੇ ਉਸ ਨੇ ਫ਼ਿਰ ਦਿਮਾਗੀ ਤੌਰ ’ਤੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਫਿਰ ਅਫਸਰ ਕਹਿਣ ਲੱਗੇ ਕਿ ਇਸ ਨੇ ਕਿਸੇ ਗੰਦੀ ਥਾਂ ’ਤੇ ਸੁੱਟਿਆ ਹੈ ਜਿਹੜਾ ਸਹੀ ਨਹੀਂ ਦਸਦਾ ਤਾਂ ਮੈਂ ਉਹਨਾਂ ਦੀ ਗੱਲ ਸੁਣ ਕੇ ਕਹਿ ਦਿੱਤੇ ਕਿ ਮੈਂ ਸੀਵਰੇਜ ਵਾਲੇ ਗੰਦੇ ਨਾਲੇ ਕੋਟਕਪੂਰੇ ਦੇਵੀ ਵਾਲਾ ਰੋਡ ’ਤੇ ਸੁੱਟ ਦਿੱਤਾ ਸੀ ਅਤੇ ਜਿਲਦ ਆਪਣੀ ਦੁਕਾਨ ’ਤੇ ਲਿਆ ਕੇ ਸਾੜ ਦਿੱਤੀ ਸੀ। ਉਸ ਟਾਈਮ ਤਾਂ ਉਹ ਉਸ ਗੱਲ ਨੂੰ ਮੰਨ ਗਏ ਉਹ ਕਹਿੰਦੇ ਹੁਣ ਸਹੀ ਜਗ੍ਹਾ ’ਤੇ ਆਇਆ ਹੈ ਅਤੇ ਸਵੇਰੇ 5 ਵਜੇ ਮੈਨੂੰ ਉਸ ਜਗ੍ਹਾ ’ਤੇ ਲੈ ਗਏ।
ਉਹਨਾਂ ਓਨੀ ਜਗ੍ਹਾ ਜਮਾਦਾਰ ਕੋਲੋਂ ਖਾਲੀ ਕਰਵਾ ਲਈ ਉਥੇ ਡੀਆਈਜੀ ਸਮੇਤ ਸਾਰੇ ਅਫਸਰ ਖੜੇ ਮੈਨੂੰ ਗਾਲ੍ਹਾਂ ਕੱਢਣ ਲੱਗੇੇ ਉਹ ਕਹਿੰਦੇ ਦੱਸ ਤੂੰ ਕਿੱਥੇ ਸੁੱਟਿਆ ਸੀ, ਇੱਥੇ ਡੀਆਈਜੀ ਤੇ ਐਸਪੀ ਸੋਹਲ ਕਹਿੰਦਾ ਇਸ ਨੂੰ (ਮਹਿੰਦਰਪਾਲ ਬਿੱਟੂ) ਇਸ ਨਾਲੇ ਵਿੱਚ ਦੀ ਲੰਘਾਓ, ਸੀਵਰੇਜ ਵਾਲੇ ਗੰਦ ਵਿੱਚੋਂ ਦੀ ਲੰਘਾਓ, ਸੀਵਰੇਜ ਵਾਲੇ ਗੰਦ ਵਿੱਚ ਪੁਲੀ ਹੇਠਾਂ ਦੀ ਮੇਰੇ ਹੱਥਕੜੀ ਲੱਗੀ ਹੋਈ ਸੀ ਤੇ ਇੱਕ ਸਿਪਾਹੀ ਮੈਨੂੰ ਖਿੱਚ ਰਿਹਾ ਸੀ ਅਤੇ ਮੇਰੀਆਂ ਫੋਟੋਆਂ ਵੀ ਖਿੱਚੀਆਂ ਨਾਲੇ ਵਿੱਚੋਂ ਦੀ ਲੰਘਣ ਨਾਲ ਮੇਰੀ ਹਾਲਤ ਬਹੁਤ ਖਰਾਬ ਹੋ ਗਈ ਫੇਰ ਮੈਨੂੰ ਵਾਪਸ ਲਿਆਂਦਾ ਅਤੇ ਨਹਾਉਣ ਲਈ ਕਿਹਾ ਉਸ ਤੋਂ ਬਾਅਦ ਦੁਪਿਹਰ ਦੇ ਟਾਈਮ ਹਰਪ੍ਰੀਤ ਏਐਸਆਈ ਮੇਰੇ ਕੋਲ ਆਇਆ ਅਤੇ ਮੈਨੂੰ ਡਰਾਉਣ ਲੱਗਾ ਉਸ ਨੇ ਬਹੁਤ ਗੱਲਾਂ ਕੀਤੀਆਂ, ਕੁਝ ਮੇਰੇ ਯਾਦ ਨਹੀਂ ਹਨ ਉਹ ਮੈਨੂੰ ਕਹਿੰਦਾ ਕਿ ਤੂੰ ਅਜੇ ਕੁਝ ਵੀ ਨਹੀਂ ਦੇਖਿਆ ਕਿ ਪੁਲਿਸ ਕਿੱਥੋਂ ਤੱਕ ਜਾ ਸਕਦੀ ਹੈ, ਕੋਈ ਜ਼ਰੂਰੀ ਨਹੀਂ, ਅਸੀਂ ਤੈਨੂੰ ਆਨ ਰਿਕਾਰਡ ਰਿਮਾਂਡ ’ਤੇ ਹੀ ਰੱਖਣਾ ਹੈ, ਅਸੀਂ ਆਪਣੇ 2 ਸਿਪਾਹੀ ਸਸਪੈਂਡ ਕਰ ਦਿਆਂਗੇ ਅਤੇ ਤੈਨੂੰ ਕੰਧ ਟੱਪਿਆ ਸ਼ੋਅ ਕਰ ਦਿਆਂਗੇ, ਕਿਸੇ ਮੋਟਰ ’ਤੇ ਬਾਹਰ ਖੇਤ ’ਚ ਲੈ ਜਾਵਾਂਗੇ ਤੇ ਭਾਵੇਂ 15 ਦਿਨ ਉੱਥੇ ਰੱਖੀਏ। ਬਾਹਰੋਂ ਭਈਏ ਬਿਹਾਰੀ ਸੱਦ ਕੇ ਤੇਰੇ ਨਾਲ ਗਲਤ ਕੰਮ ਕਰਵਾਵਾਂਗੇ ਤੈਨੂੰ ਬਾਅਦ ਵਿੱਚ ਮਾਰ ਦਿਆਂਗੇ, ਹੁਣ ਤੇਰੇ ਕੋਲ ਇੱਕ ਹੀ ਰਸਤਾ ਹੈ ਕਿ ਜਿਵੇਂ ਪੁਲਿਸ ਕਹਿੰਦੀ ਹੈ ਉਵੇਂ ਕਰ, ਪੁਲਿਸ ਹੀ ਤੇਰੀ ਜਾਨ ਬਖਸ਼ ਸਕਦੀ ਹੈ।
ਸੁਲੱਖਣ ਸਿੰਘ ਡੀਐਸਪੀ ਆ ਗਿਆ ਅਤੇ ਦੋਵੇਂ ਅਫਸਰ ਮੈਨੂੰ ਕਹਿੰਦੇ ਕਿ ਤੈਨੂੰ ਡੀਆਈਜੀ ਨੂੰ ਮਿਲਾਉਣਾ ਹੈ ਤੂੰ ਕੋਰਟ ਵਿੱਚ ਕਬੂਲਨਾਮਾ ਕਰ ਲੈ, ਤੇਰੀ ਸਜ਼ਾ ਘਟਵਾ ਦੇਣਗੇ ਅਤੇ ਤੂੰ ਪੁਲਿਸ ਦੇ ਤਸ਼ੱਦਦ ਤੋਂ ਵੀ ਬਚ ਜਾਵੇਂਗਾ ਅਤੇ ਹੋਰ ਪਰਚੇ ਤੇਰੇ ’ਤੇ ਨਹੀਂ ਪਾਵਾਂਗੇ ਮੈਨੂੰ ਡੀਆਈਜੀ ਨੂੰ 18-6-18 ਨੂੰ ਮਿਲਾਇਆ ਗਿਆ ਡੀਆਈਜੀ ਕਹਿੰਦੇ ਜੇ ਤੂੰ ਕਬੂਲਨਾਮਾ ਕਰ ਲਵੇਂਗਾ ਤਾਂ ਤੇਰੇ ’ਤੇ ਹੋਰ ਪਰਚਾ ਪੰਜਾਬ ਵਿੱਚ ਨਹੀਂ ਪਾਵਾਂਗੇ ਐਸਪੀ ਸੋਹਲ ਕਹਿੰਦਾ ਜੇ ਨਾਂਹ ਕਰੇਗਾ ਜਾਂ ਬਿਆਨ ਬਦਲੇਂਗਾ ਜਾਂ ਹਾਈ ਕੋਰਟ ਜਾਏਂਗਾ ਤਾਂ 100 ਪਰਚਾ ਹੈ 6 ਮਹੀਨੇ ਠਾਣਿਆਂ ਵਿੱਚ ਰਿਮਾਂਡ ’ਤੇ ਹੀ ਰੱਖਾਂਗੇ।
ਮੈਂ ਕਹਿ ਦਿੱਤਾ ਕਿ ਮੈਂ ਕਬੂਲਨਾਮਾ ਕਰ ਲਵਾਂਗਾ ਫਿਰ ਡੀਐੱਸਪੀ ਸੁਲੱਖਣ ਨੇ ਮੈਨੂੰ ਕਾਗਜ ਪਿੰਨ ਦਿੱਤਾ ਅਤੇ ਐਪਲੀਕੇਸ਼ਨ ਸੁਪਰਡੈਂਟ ਦੇ ਨਾਮ ਲਿਖਾਈ, ਜਿਸ ਵਿੱਚ ਲਿਖਿਆ ਗਿਆ ਕਿ ਮੈਂ ਆਪਣੇ ਜੁਰਮ ਦਾ ਕਬੂਲ ਨਾਮਾ ਕਰਨਾ ਚਾਹੁੰਦਾ ਹਾਂ, ਮੈਨੂੰ ਕਿਰਪਾ ਕਰਕੇ ਕੋਰਟ ਭੇਜਿਆ ਜਾਵੇ ਮੈਨੂੰ ਸਮਝਾ ਦਿੱਤਾ ਕਿ ਜਦੋਂ ਤੈਨੂੰ ਜੇਲ੍ਹ ’ਚ ਛੱਡਾਂਗੇ ਤਾਂ ਉਦੋਂ ਤੂੰ ਸੁਪਰਡੈਂਟ ਸਾਹਿਬ ਨੂੰ ਇਹ ਐਪਲੀਕੇਸ਼ਨ ਦੇ ਦੇਵੀਂ ਨਾਲ ਹੀ ਡੀਐੱਸਪੀ ਸੁਲੱਖਣ ਅਤੇ ਹਰਪ੍ਰੀਤ ਏਐੱਸਆਈ ਨੇ ਮੈਨੂੰ?ਕਿਹਾ ਕਿ ਡੀਆਈਜੀ ਸਾਹਿਬ ਦੇ ਜੇਲ੍ਹ ਮੰਤਰੀ ਰੰਧਾਵਾ ਸਾਹਿਬ ਭਰਾ ਬਣੇ ਹੋਏ ਹਨ, ਜੇ ਤੂੰ ਸਹਿਯੋਗ ਕਰਕੇ ਚੱਲੇਂਗਾ ਤਾਂ ਤੈਨੂੰ ਧਰਮਸ਼ਾਲਾ ਜੇਲ੍ਹ ਵਿੱਚ ਸਿਫਟ ਕਰਵਾ ਦੇਵਾਂਗੇ।
ਜੇ ਤੂੰ ਕੋਈ ਗਲਤੀ ਕੀਤੀ ਤਾਂ ਤੈਨੂੰ ਨਾਭਾ ਹਾਈ ਸਕਿਊਰਿਟੀ ਜੇਲ੍ਹ ਭੇਜਾਂਗੇ ਡੀਆਈਜੀ ਦੀ ਇੰਨੀ ਜਲਦੀ ਹੈ?ਕਿ ਰੰਧਾਵਾ ਸਾਹਿਬ ਕਰਕੇ ਹਾਈ ਸਕਿਊਰਿਟੀ ਜੇਲ੍ਹ ਭੇਜਿਆ ਜਾਏਗਾ ਜਿੱਥੇ ਵੱਡੇ-ਵੱਡੇ ਅੱਤਵਾਦੀ ਬੈਠੇ ਹਨ, ਜਿਹੜੇ ਤੈਨੂੰ ਮਾਰ ਦੇਣਗੇ ਹੁਣ ਤੂੰ ਆਪ ਸੋਚ ਜੇ ਸੀਆਈਏ ਸਟਾਫ਼ ਵਿੱਚ ਤੇਰੇ ’ਤੇ ਇੱਕ ਥਾਣੇਦਾਰ ਪੈਟਰੋਲ ਪਾ ਸਕਦਾ ਹੈ ਤਾਂ ਜੇਲ੍ਹ ਵਿੱਚ ਤੇਰਾ ਕੀ ਹਾਲ ਹੋਵੇਗਾ ਡੀਐੱਸਪੀ ਸੁਲੱਖਣ ਨੇ ਮਾਝੀ ਦੇ ਦੀਵਾਨ ਬਾਰੇ ਅਤੇ ਦਾਦੂ ਨੂੰ ਮਾਰਨ ਬਾਰੇ ਦੋ ਬਿਆਨ ਆਪਣੀ ਮਰਜੀ ਨਾਲ ਲਿਖਵਾਏ ਅਤੇ ਤਿੰਨ ਖਾਲੀ ਕਾਗਜਾਂ ’ਤੇ ਮੇਰੇ ਦਸਤਖ਼ਤ ਕਰਵਾਏ ਗਏ ਅਤੇ ਕਿਹਾ ਗਿਆ ਕਿ ਕਿਸੇ ਵੀ ਗੱਲ ਤੋਂ ਮੁੱਕਰਿਆ ਤਾਂ ਦਸਤਖ਼ਤ ਤੇਰੇ ਪਰਿਵਾਰ ਲਈ ਮੌਤ ਤੋਂ ਘੱਟ ਨਹੀਂ ਹੋਣਗੇ।
19 ਤਰੀਕ ਨੂੰ ਜਦੋਂ ਸਾਡਾ ਰਿਮਾਂਡ ਖਤਮ ਹੋਇਆ ਯਾਨੀ 12 ਵਜੇ ਲੋਕਲ ਮੋਗਾ ਹੁੰਦੇ ਹੋਏ ਵੀ ਸਾਨੂੰ ਵੀਸੀ ਰਾਹੀਂ ਪੇਸ਼ ਕੀਤਾ ਗਿਆ ਪੇਸ਼ ਕਰਨ ਤੋਂ ਬਾਅਦ ਸਾਡੇ ਆਰਡਰ ਜੇਲ੍ਹ ਭੇਜਣ ਦੇ ਹੋਏ ਪਰ ਫਿਰ ਵੀ ਸਾਨੂੰ ਸੀਆਈਏ ਮੋਗਾ ਲਿਆਂਦਾ ਗਿਆ ਵੀ.ਸੀ. ਮਹਿਣਾ ਠਾਣਾ ਮੋਗਾ ਵਿਖੇ ਹੋਈ ਸੀ ਅਤੇ ਦਲਵੀਰ ਸਿੰਘ ਇੰਸਪੈਕਟਰ ਨੇ ਮੈਨੂੰ ਬੁਲਾਇਆ ਉਹ ਕਹਿੰਦਾ ਕਿ ਤੂੰ ਇਸੇ ਤਰ੍ਹਾਂ ਇਹਨਾਂ ਬਿਆਨਾਂ ’ਤੇ ਕਾਇਮ ਰਹੀਂ ਕਿਉਂਕਿ ਮੇਰੇ ਡੀਐੱਸਪੀ ਦਾ ਸਟਾਰ ਲੱਗਣਾ ਹੈ, ਜੇ ਤੂੰ ਸੀਬੀਆਈ ਕੋਲ ਜਾਂ ਕੋਰਟ ਵਿੱਚ ਬਦਲਿਆ ਤਾਂ ਆਪਣਾ ਹਾਲ ਵੇਖ ਲਵੀਂ ਕੀ ਹੁੰਦਾ ਹੈ, ਤੂੰ ਪੁਲਿਸ ਦੇ ਹੱਥ ਵੇਖ ਚੁੱਕਿਆ ਹੈਂ।
ਇਸ ਤੋਂ ਬਾਅਦ 6 ਵਜੇ ਸ਼ਾਮ ਨੂੰ ਸਾਨੂੰ ਫਰੀਦਕੋਟ ਜੇਲ੍ਹ ਵਿੱਚ ਲੈ ਗਏ ਜਿੱਥੇ ਪਹੰੁਚ ਕੇ 9 ਬੰਦਿਆਂ ਨੂੰ ਅੰਦਰ ਭੇਜ ਦਿੱਤਾ ਤੇ ਮੈਨੂੰ ਇਕੱਲੇ ਨੂੰ ਉੱਥੇ ਬਿਠਾ ਦਿੱਤਾ ਕਿਉਂਕਿ ਮੇਰੀ ਜੇਬ ਵਿੱਚ ਐਪਲੀਕੇਸ਼ਨ ਸੀ ਮੈਨੂੰ ਡੀਐੱਸਪੀ ਵੱਲੋਂ ਕਿਹਾ ਗਿਆ ਸੀ ਕਿ ਜਾਣ ਸਾਰ ਸੁਪਰਡੈਂਟ ਨੂੰ ਐਪਲੀਕੇਸ਼ਨ ਦੇਣੀ ਹੈ ਮੈਨੂੰ ਮੁਲਾਜ਼ਮਾਂ ਨੇ ਪਾਸੇ ਬਿਠਾ ਦਿੱਤਾ ਜੇਲ੍ਹ ਸੁਪਰਡੈਂਟ ਕੋਲ ਐੈੱਸਪੀਡੀ ਮੋਗਾ ਜਾਕੇ ਬੈਠ ਗਏ ਅਤੇ ਮੈਨੂੰ ਥੋੜ੍ਹੀ ਦੇਰ ਬਾਅਦ ਅੰਦਰ ਬੁਲਾਇਆ ਅਤੇ ਐੱਸਪੀਡੀ ਨੇ ਇਸ਼ਾਰਾ ਕੀਤਾ ਤੇ ਮੈਂ ਐਪਲੀਕੇਸ਼ਨ ਕੱਢ ਕੇ ਸੁਪਰਡੈਂਟ ਸਾਹਿਬ ਨੂੰ ਦਿੱਤੀ ਸੁਪਰਡੈਂਟ ਸਾਹਿਬ ਐਪਲੀਕੇਸ਼ਨ ਪੜ੍ਹ ਕੇ ਮੈਨੂੰ ਕਹਿੰਦੇ ਕਿ ਤੈਨੂੰ ਸਵੇਰੇ ਭੇਜ ਦੇਵਾਂਗੇ ਅਤੇ ਉਸ ਰਾਤ ਨੂੰ ਮੈਨੂੰ ਇਕੱਲੇ ਅੱਡ ਚੱਕੀਆਂ ਵਿੱਚ ਰੱਖਿਆ ਗਿਆ 9 ਬੰਦੇ ਅੱਡ ਰੱਖੇ ਗਏ ਸਾਨੂੰ ਆਪਸ ਵਿੱਚ ਮਿਲਣ ਨਹੀਂ ਦਿੱਤਾ ਗਿਆ ਸਵੇਰੇ 20-6-2018 ਨੂੰ ਤਕਰੀਬਨ 9 ਵਜੇ ਮੇਰੇ ਕੋਲ ਜੇਲ੍ਹ ਮੁਲਾਜ਼ਮ ਆਏ ਤੇ ਕਹਿੰਦੇ ਕਿ ਡਿਊਡੀ ਚੱਲੋ, ਤੁਹਾਨੂੰ ਬੁਲਾਇਆ ਹੈ ਮੈਂ ਉਸ ਵੇਲੇ ਕਾਫੀ ਪਰੇਸ਼ਾਨ ਸੀ, ਦਰਦ ਨਾਲ ਵਿਲਕ ਰਿਹਾ ਸੀ, ਉਠ ਕੇ ਉਨ੍ਹਾਂ ਦੇ ਨਾਲ ਆਇਆ।
ਅੱਗੇ ਉਹ ਮੈਨੂੰ ਡਿਪਟੀ ਸੁਪਰਡੈਂਟ ਦੇ ਕਮਰੇ ਵਿੱਚ ਲੈ ਗਏ, ਜਿੱਥੇ ਪਹਿਲਾਂ ਤੋਂ ਏਐੱਸਆਈ ਹਰਪ੍ਰੀਤ ਬੈਠਾ ਸੀ ਦਫ਼ਤਰ ਵਿੱਚ ਹੋਰ ਕੋਈ ਨਹੀਂ ਸੀ ਹਰਪ੍ਰੀਤ ਨੇ ਦੋ ਕੱਪ ਚਾਹ ਮੰਗਵਾਈ ਤੇ ਮੈਨੂੰ ਵੀ ਪਿਆਈ ਅਤੇ ਕਹਿੰਦਾ ਕਿ ਮੈਂ ਰਾਤ ਫਰੀਦਕੋਟ ਹੀ ਹਾਂ, ਤੇਰੇ ਪਿੱਛੇ ਮੈਂ ਘਰ ਵੀ ਨਹੀਂ ਗਿਆ ਫਿਰ ਉਹ ਮੈਨੂੰ ਡਰਾਉਣ ਲੱਗਾ ਕਿ ਕੋਰਟ ਵਿੱਚ ਕੋਈ ਗਲਤੀ ਨਾ ਕਰ ਬੈਠੀਂ ਤੈਨੂੰ ਸਾਡੀ ਐੱਸਆਈਟੀ ਦੀ ਪਹੰੁਚ ਦਾ ਪਤਾ ਤਾਂ ਲੱਗ ਹੀ ਗਿਆ ਹੈ, ਜੇ ਕੋਈ ਗਲਤੀ ਕੀਤੀ ਤਾਂ ਫੇਰ ਤੂੰ ਸੋਚ ਨਹੀਂ ਸਕਦਾ ਕਿ ਤੇਰੇ ’ਤੇ ਕਿੰਨੇ ਪਰਚੇ ਪੈਣਗੇ ਉਸ ਤੋਂ ਬਾਅਦ ਮੈਨੂੰ ਹੱਥਕੜੀ ਲਾ ਕੇ ਬਾਹਰ ਲਿਆਂਦਾ ਗਿਆ ਮੈਂ ਦੇਖਿਆ ਫਰੀਦਕੋਟ ਦੀ ਗਾਰਦ ਦੇ ਨਾਲ ਮੋਗਾ ਪੁਲਿਸ ਵੀ ਸ਼ਾਮਲ ਸੀ।
ਮੈਨੂੰ ਗੱਡੀ ਵਿੱਚ ਬਿਠਾ ਲਿਆ ਅਤੇ ਨਾਲ ਹਰਪ੍ਰੀਤ ਬੈਠ ਗਿਆ ਉਹ ਰਸਤੇ ਵਿੱਚ ਇਹੋ ਕਹਿੰਦਾ ਆਇਆ ਅਤੇ ਵਟਸਅੱਪ ’ਤੇ ਡੀਆਈਜੀ ਨਾਲ ਗੱਲ ਵੀ ਕਰਵਾਈ ਉਨ੍ਹਾਂ ਕਿਹਾ ਕਿ ਕਾਇਮ ਹੋ ਕੇ ਬਿਆਨ ਦੇ ਦੇ ਤੇਰੀ ਸਜ਼ਾ ਮੈਂ ਘੱਟ ਕਰਵਾ ਦਿਆਂਗਾ ਜਦੋਂ ਮੋਗਾ ਕੋਰਟ ਪਹੰੁਚੇ ਉੱਥੇ ਛੁੱਟੀ ਹੋਣ ਕਾਰਨ ਬਗੈਰ ਪੁਲਿਸ ਤੋਂ ਕੋਈ ਹੋਰ ਬੰਦਾ ਨਹੀਂ ਸੀ ਜਦੋਂ ਪਹੁੰਚੇ ਤਾਂ ਗੱਡੀਆਂ ਰੁਕੀਆਂ ਮੈਨੂੰ ਗੱਡੀ ਵਿੱਚ ਹੀ ਬੈਠਣ ਲਈ ਕਿਹਾ ਗਿਆ ਥੋੜ੍ਹੀ ਦੇਰ ਬਾਅਦ ਮੋਗਾ ਦੇ ਐੱਸਐੱਸਪੀ ਅਤੇ ਐੱਸਪੀਡੀ ਆ ਗਏ ਜਿਸ ਗੱਡੀ ਵਿੱਚ ਮੈਂ ਬੈਠਾ ਸੀ, ਐਸਐਸਪੀ ਨੇ ਉਸ ਵਿੱਚੋਂ ਬਾਕੀ ਸਾਰੇ ਸਾਰੇ ਮੁਲਾਜ਼ਮਾ ਨੂੰ ਉਤਾਰ ਦਿੱਤਾ ਅਤੇ ਮੇਰੇ ਨਾਲ ਆ ਕੇ ਬੈਠ ਗਏ। ਉਹ ਕਹਿਣ ਲੱਗੇ ਕਿ ਹੁਣ ਤੂੰ ਸੋਚ ਲੈ ਤੇੇਰੇ ਕੋਲ ਪੁਲਿਸ ਤੋਂ ਬਗੈਰ ਕੋਈ ਬਚਾਓ ਨਹੀਂ ਹੈ, ਤੇਰਾ ਪਰਿਵਾਰ ਸਾਡੇ ਕਬਜੇ ਵਿੱਚ ਹੈ, ਤੇਰੇ ਘਰ ਦੇ ਬਾਹਰ ਸਕਿਊਰਿਟੀ ਲੱਗੀ ਹੋਈ ਹੈ, ਜੇ ਤੂੰ ਕੋਈ ਗਲਤੀ ਕੀਤੀ ਤਾਂ ਤੇਰੇ ਪਰਿਵਾਰ ਨੂੰ ਕੱਟੜਪੰਥੀਆਂ ਤੋਂ ਮਰਵਾ ਦੇਵਾਂਗੇ। ਜੇ ਤੂੰ ਕਬੂਲਨਾਮਾ ਸਹੀ ਕਰ ਲਿਆ ਤਾਂ ਤੇਰੇ ਪਰਿਵਾਰ ਦੀ ਵੀ ਰੱਖਿਆ ਕਰਾਂਗੇ ਤੇ ਤੇਰੀ ਸਜ਼ਾ ਵੀ ਘੱਟ ਕਰਵਾ ਦੇਵਾਂਗੇ।
ਫਿਰ ਮੈਨੂੰ ਕੋਰਟ ਅੰਦਰ ਲਿਜਾਇਆ ਗਿਆ ਇੱਕੋ ਹੀ ਕੋਰਟ ਖੁੱਲ੍ਹੀ ਸੀ, ਜਿਸ ਕਮਰੇ ਅੰਦਰ ਕੋਰਟ ਸੀ ਉਸ ਦੇ ਬਾਹਰ ਦਲਬੀਰ ਸਿੰਘ ਇੰਸਪੈਕਟਰ ਇੱਕ ਲੈਪਟੋਪ ਲੈ ਕੇ ਬੈਠੇ ਸਨ ਮੇਰੀ ਹੱਥਕੜੀ ਖੋਲ੍ਹ ਦਿੱਤੀ ਤੇ ਦਲਬੀਰ ਸਿੰਘ ਕੋਲ ਬਿਠਾ ਦਿੱਤਾ ਸਾਹਮਣੇ ਹਥਿਆਰਬੰਦ ਪੁਲਿਸ ਮੁਲਾਜ਼ਮ ਖੜ੍ਹੇ ਸਨ ਦਲਬੀਰ ਸਿੰਘ ਨੇ ਆਪਣਾ ਲੈਪਟਾਪ ਚਾਲੂ ਕੀਤਾ ਤੇ ਮੇਰਾ ਹੱਥ ਲਿਖਤ ਕਬੂਲਨਾਮਾ ਜੋ ਉਸ ਨੇ ਮੋਗੇ ਸੀਆਈਏ ਸਟਾਫ਼ ’ਚ ਲਿਖਵਾਇਆ ਸੀ ਤੇ ਲੈਪਟਾਪ ਵਿੱਚ ਫੀਡ ਕੀਤਾ ਹੋਇਆ ਸੀ ਉਹ ਮੈਨੂੰ?ਪੜ੍ਹਾਇਆ ਉਹ ਕਹਿੰਦਾ ਇਸ ਨੂੰ ਚੰਗੀ ਤਰ੍ਹਾਂ ਪੜ੍ਹ ਲੈ, ਇਸੇ ਤਰ੍ਹਾਂ ਹੀ ਜੱਜ ਸਾਹਿਬ ਕੋਲ ਬਿਆਨ ਲਿਖਵਾ ਦੇਵੀਂ ਦਲਬੀਰ ਸਿੰਘ ਨੇ ਮੈਨੂੰ ਕਿਹਾ ਕਿ ਸਾਹਮਣੇ ਦੇਖ, ਸਾਹਮਣੇ ਹਥਿਆਰਬੰਦ ਮੁਲਾਜ਼ਮ ਖੜ੍ਹੇ ਸਨ ਉਹ ਕਹਿੰਦਾ ਅੱਜ ਜੇ ਕੋਈ ਗਲਤੀ ਕੀਤੀ ਤਾਂ ਤੈਨੂੰ ਰਸਤੇ ਵਿੱਚ ਸ਼ੂਟ ਕਰ ਦਿੱਤਾ ਜਾਵੇਗਾ।
ਯਾਨੀ ਜਾਨੋ ਮਾਰ ਦਿੱਤਾ ਜਾਵੇਗਾ ਅਤੇ ਭਗੌੜਾ ਕਰਾਰ ਦੇ ਦੇਵਾਂਗੇ ਤੇ ਤੂੰ ਜੇਲ੍ਹ ਨਹੀਂ ਪਹੁੰਚੇਂਗਾ ਮੈਨੂੰ ਕਾਫੀ ਡਰਾਉਣ ਤੋਂ ਬਾਅਦ ਹਰਪ੍ਰੀਤ ਅੰਦਰ ਲੈ ਗਿਆ ਤੇ ਅਸੀਂ ਕੁਰਸੀਆਂ ’ਤੇ ਬੈਠ ਗਏ ਥੋੜ੍ਹੀ ਦੇਰ ਬਾਅਦ ਜੱਜ ਸਾਹਿਬ ਨੇ ਮੈਨੂੰ ਅੰਦਰ ਬੁਲਾ ਲਿਆ ਅਤੇ ਮੇਰਾ ਬਿਆਨ ਲਿਖ ਲਿਆ ਬਿਆਨ ਅਜੇ ਪੂਰਾ ਨਹੀਂ ਹੋਇਆ ਸੀ ਕਿ ਮੈਂ ਜੱਜ ਸਾਹਿਬ ਨੂੰ ਆਪਣੇ ਜਖਮ ਦਿਖਾਏ ਕਿ ਮੈਨੂੰ ਪੁਲਿਸ ਨੇ ਬਹੁਤ ਕੁੱਟਿਆ ਅਜੇ ਮੈਨੂੰ ਜ਼ਖਮੀ ਦਿਖਾ ਰਿਹਾ ਸੀ ਕਿ ਇੰਨੇ ਨੂੰ ਐੱਸਪੀਡੀ ਮੋਗਾ ਅੰਦਰ ਆਕੇ ਮੇਰੇ ਬਰਾਬਰ ਬੈਠ ਗਏ ਅਤੇ ਮੈਨੂੰ ਬਾਹਰ ਕੱਢ ਦਿੱਤਾ ਤੇ ਬਾਹਰ ਮੈਨੂੰ ਗੱਡੀ ਵਿੱਚ ਬਿਠਾ ਲਿਆ ਐੱਸਐੱਸਪੀ ਮੇਰੇ ਕੋਲ ਆਕੇ ਬੈਠ ਗਏ ਉਹ ਮੇਰੇ ਸਾਹਮਣੇ ਕਹਿ ਰਹੇ ਸੀ ਕਿ ਜਿਹੜਾ ਇਸਨੇ ਬਿਆਨ ਦਿੱਤਾ ਹੈ ਉਸ ਦੀ ਇੱਕ ਕਾਪੀ ਮੈਨੂੰ ਜ਼ਰੂਰੀ ਲਿਆ ਕੇ ਦਿਉ ਇਸ ਤੋਂ ਬਾਅਦ ਮੈਨੂੰ ਦਲਬੀਰ ਸਿੰਘ ਤੇ ਹਰਪ੍ਰੀਤ ਨੇ ਕਿਹਾ ਕਿ ਜੇ ਸੀਬੀਆਈ ਕੋਲ ਤੂੰ ਦੱਸਿਆ ਕੇ ਮੇਰੇ ਨਾਲ ਇਸ ਤਰ੍ਹਾਂ ਹੋਈ ਤਾਂ ਫਿਰ ਆਪਣਾ ਹਿਸਾਬ ਲਾ ਲਵੀਂ ਇਸ ਤੋਂ ਬਾਅਦ ਮੈਨੂੰ ਜੇਲ੍ਹ ਛੱਡ ਦਿੱਤਾ ਤੇ ਆਪਣੇ 9 ਸਾਥੀਆਂ ਨਾਲ ਮਿਲਾ ਦਿੱਤਾ।
ਜੇਲ੍ਹ ’ਚ ਮਿਲੀਆਂ ਧਮਕੀਆਂ
20-06-18 ਲੈਣ ਆਇਆ ਹਰਪ੍ਰੀਤ 25-06-18 ਦੇ ਨੇੜੇ ਤੇੜੇ: ਫਰੀਦਕੋਟ ਜੇਲ੍ਹ ਵਿੱਚ ਐਸਆਈ ਇਕਬਾਲ ਸਿੰਘ ਸੰਨੀ ਕੰਡਾ ਨੂੰ ਕਬੂਲਨਾਮਾ ਕਰਨ ਲਈ ਡਰਾਉਂਦਾ ਤੇ ਦਬਾਅ ਪਾਉਂਦਾ ਸੀ।
ਇਕਬਾਲ ਸਿੰਘ ਐੱਸਆਈ ਜੋ ਐੱਸਆਈਟੀ ਦਾ ਮੈਂਬਰ ਹੈ ਉਸ ਦਾ 12 ਦਿਨ ਇੱਕੋ ਹੀ ਕੰਮ ਰਿਹਾ ਕਿ ਉਹ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਕਰਕੇ ਕਬੂਲਨਾਮੇ ਲਈ ਦਬਾਅ ਪਾਉਂਦਾ ਸੀ 14-07-18 ਹਰਪ੍ਰੀਤ ਪਟਿਆਲਾ ਜੇਲ੍ਹ ਸੁਪਰਡੈਂਟ ਨੇੇ ਮੈਨੂੰ ਇੱਕ ਕਮਰੇ ਵਿੱਚ ਬਿਠਾ ਕੇ ਮੇਰੇ ਨਾਲ ਵਟਸਐਪ ’ਤੇ ਡੀਆਈਜੀ ਦੀ ਗੱਲ ਕਰਵਾਈ ਤੇ ਕਹਿੰਦਾ ਤੂੰ ਸੀਬੀਆਈ ਕੋਲ ਕੀ ਦੱਸਿਆ ਤੇ ਮੈਨੂੰ ਡਰਾਇਆ ਧਮਕਾਇਆ ਉਹ ਕਹਿੰਦਾ ਤੇਰੇ ਪਰਿਵਾਰ ’ਤੇ ਸਾਡੀ ਨਿਗ੍ਹਾ ਹੈ ਅਤੇ ਸਾਡੇ ਕਬਜ਼ੇ ਵਿੱਚ ਹੈ, ਆਪਣਾ ਹਿਸਾਬ ਲਾ ਕੇ ਰੱਖੀਂ ਜੇ ਕੋਈ ਬਿਆਨਾਂ ਵਿੱਚ ਫਰਕ ਪਿਆ ਤਾਂ।
03-08-18 ਸਾਡੀ ਪੇਸ਼ੀ ਸੀਬੀਆਈ ਕੋਰਟ ਵਿੱਚ ਉਸ ਤੋਂ ਪਹਿਲਾਂ ਸਾਨੂੰ ਜੇਲ੍ਹ ’ਚ ਹਰਪ੍ਰੀਤ ਅਤੇ ਨਾਲ ਇੱਕ ਲੜਕਾ ਸੀ ਜੋ ਕੰਪਿਊਟਰ ਓਪਰੇਟਰ ਹੈ, ਦੋਵਾਂ ਨੂੰ ਡਿਊਡੀ ਦੇ ਇੱਕ ਕਮਰੇੇ ਵਿੱਚ ਬਿਠਾ ਦਿੱਤਾ ਹਰਪ੍ਰੀਤ ਕਹਿੰਦਾ ਅੱਜ ਸਪੈਸ਼ਲ ਤਰੀਕ ਕਿਵੇਂ ਪੈ ਗਈ, ਤੁਹਾਨੂੰ ਕਿਵੇਂ ਬੁਲਾਇਆ ਹੈ ਮੈਂ ਕਿਹਾ ਕਿ ਸਾਨੂੰ ਕੁਝ ਪਤਾ ਨਹੀਂ, ਉਹ ਕਹਿੰਦਾ ਯਾਦ ਰੱਖੀਂ ਅਜੇ ਵੀ ਤੂੰ ਸਾਡੇ ਤੋਂ ਭੱਜ ਨਹੀਂ ਸਕਦਾ, ਜਦੋਂ ਮਰਜ਼ੀ ਤੈੈਨੂੰ ਰਿਮਾਂਡ ’ਤੇ ਲੈ ਕੇ ਕੋਈ ਵੀ ਨਸ਼ੀਲਾ ਪਾਊਡਰ ਪਾ ਦੇਵਾਂਗੇ, ਜ਼ਮਾਨਤ ਨਹੀਂ ਹੋਵੇਗੀ ਸਾਡੇ ਨਾਲ ਮਿਲ ਕੇ ਚੱਲੀਂ, ਪੰਜਾਬ ਪੁਲਿਸ ਜਾਂ ਐੱਸਆਈਟੀ ਖਿਲਾਫ ਜਾਂ ਕਿਸੇ ਬਿਆਨ ਤੋਂ ਸੀਬੀਆਈ ਕੋਲ ਮੱੁਕਰਿਆ ਤਾਂ ਆਪਣਾ ਹਾਲ ਵੇਖ ਲਵੀਂ ਅਤੇ ਕਹਿਣ ਲੱਗਾ ਕਿ ਜੋ 7 ਬੰਦੇ ਫਰੀਦਕੋਟ ਜੇਲ੍ਹ ਵਿੱਚ ਹਨ ਉਹਨਾਂ ਦੀ ਜ਼ਮਾਨਤ ਕਿਉਂ ਲਾਈ ਹੈ।
ਇਸ ਤਰ੍ਹਾਂ ਉਹ ਜ਼ਮਾਨਤ ਕਰਵਾ ਲੈਣਗੇ ਜਦੋਂ?ਸਰਦਾਰ ਜੱਜ ਸਾਡੇ ਨਾਲ ਹਨ ਤਾਂ ਇਸ ਤਰ੍ਹਾਂ ਜਮਾਨਤ ਕਿਵੇਂ ਹੋਵੇਗੀ ਉਹ ਇੰਨਾ ਕਹਿ ਬਾਹਰ ਸੰਨੀ ਕੋਲ ਆ ਗਿਆ ਉਹ ਮੈਨੂੰ ਕਹਿੰਦਾ ਤੂੰ ਇੱਥੇ ਬੈਠਾ ਰਹਿ ਮੈਂ ਉਹਨਾਂ ਨਾਲ ਵੀ ਗੱਲ ਕਰਨੀ ਹੈ।
07-09-18 ਤੋਂ 1-2 ਦਿਨ ਪਹਿਲਾਂ ਆਪਣੀ ਸਫਾਈ ਪੇਸ਼ ਕਰਨ ਵਾਸਤੇ ਮੈਨੂੰ ਸੁਪਰਡੈਂਟ ਸਾਹਿਬ ਦੇ ਕਮਰੇ ਵਿੱਚ ਬੁਲਾਇਆ ਤੇ ਸਾਹਿਬ ਦੇ ਸਾਹਮਣੇ ਕਹਿੰਦਾ ਡੀਆਈਜੀ ਸਾਹਿਬ ਨੇ ਤੇਰਾ ਹਾਲ ਚਾਲ ਪੁੱਛਣ ਵਾਸਤੇ ਭੇਜਿਆ ਹੈ ਅਤੇ ਵਟਸਅੱਪ ’ਤੇ ਗੱਲ ਵੀ ਕਰਵਾਈ ਅਤੇ ਪੈਸਿਆਂ ਦਾ ਲਾਲਚ ਵੀ ਦਿੱਤਾ, ਕਹਿੰਦਾ ਘਰ ਕਿਸੇ ਚੀਜ਼ ਦੀ ਜ਼ਰੂਰਤ ਹੈ ਤਾਂ ਦੱਸ ਦੇ ਅਸੀਂ ਭੇਜ ਦਿਆਂਗੇ ਜਾਂ ਕੋਈ ਜੇਲ੍ਹ ਵਿੱਚ ਸਹੂਲਤ ਚਾਹੀਦੀ ਹੈ ਤਾਂ ਦੱਸ ਦੇ, ਮੈਂ ਕਿਹਾ ਬੱਸ ਤੁਹਾਡੀ ਬਹੁਤ ਮੇਹਰਬਾਨੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ