ਟਿਕਰੀ ਬਾਰਡਰ ’ਤੇ ਨੌਜਵਾਨਾਂ ਨੇ ਸੰਭਾਲੀ ਸਟੇਜ਼ ਦੀ ਕਾਰਵਾਈ
ਪੂਰੇ ਭਾਅ ਨਾ ਮਿਲਣ ਕਰਕੇ ਤੇ ਲਾਗਤ ਖਰਚੇ ਵਧਣ ਕਰਕੇ ਖੇਤੀ ਸੈਕਟਰ ਘਾਟੇ ’ਚ: ਯੁਵਰਾਜ ਸਿੰਘ
(ਸੱਚ ਕਹੂੰ ਨਿਊਜ਼), ਨਵੀਂ ਦਿੱਲੀ । ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਟਿਕਰੀ ਬਾਰਡਰ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਗ਼ਦਰੀ ਗੁਲਾਬ ਕੌਰ ਨਗਰ ਵਿਖੇ ਚੱਲ ਰਹੀ ਸਟੇਜ਼ ਦੀ ਕਾਰਵਾਈ ਹਰ ਹਫਤੇ ਦੀ ਤਰ੍ਹਾਂ ਨੌਜਵਾਨਾਂ ਵੱਲੋਂ ਚਲਾਈ ਗਈ । ਅੱਜ ਦੀ ਸਟੇਜ ਤੋਂ ਯੁਵਰਾਜ ਸਿੰਘ ਘੁਡਾਣੀ ਕਲਾਂ ਅਤੇ ਇਕਬਾਲ ਸਿੰਘ ਚੁੱਘੇ ਕਲਾਂ ਬਠਿੰਡਾ ਨੇ ਕਿਹਾ ਕਿ ਤਿੰਨ ਖੇਤੀ ਕਾਲੇ ਕਾਨੂੰਨ ਬਣਨ ਤੋਂ ਪਹਿਲਾਂ ਵੀ ਸਾਡੇ ਭਾਰਤ ਦੇ ਲੋਕਾਂ ਦੀ ਹਾਲਤ ਲੋਕ ਵਿਰੋਧੀ ਨੀਤੀਆਂ ਕਰਕੇ ਬਹੁਤੀ ਚੰਗੀ ਨਹੀਂ ਸੀ। ਪਿਛਲੇ ਕਈ ਦਹਾਕਿਆਂ ਤੋਂ ਲੋਕ ਵਿਰੋਧੀ ਨੀਤੀਆਂ ਤਹਿਤ ਭਾਰਤ ਦਾ ਖੇਤੀ ਸੈਕਟਰ ਫਸਲਾਂ ਦੇ ਪੂਰੇ ਭਾਅ ਨਾ ਮਿਲਣ ਕਰਕੇ ਅਤੇ ਖੇਤੀ ਦੇ ਲਾਗਤ ਖਰਚੇ ਵਧਣ ਕਰਕੇ ਘਾਟੇ ਵਿੱਚ ਜਾ ਰਿਹਾ ਹੈ ਜਿਸ ਕਾਰਨ ਕਿਸਾਨਾਂ ਸਿਰ ਕਰਜ਼ਿਆਂ ਦੀਆਂ ਪੰਡਾਂ ਚੜ੍ਹਨੀਆਂ ਸ਼ੁਰੂ ਹੋਈਆਂ ਅਤੇ ਕਰਜ਼ੇ ਤੇ ਆਰਥਿਕ ਤੰਗੀਆਂ ਕਾਰਨ ਕਿਸਾਨ ਮਜਦੂਰ ਖੁਦਕੁਸ਼ੀਆਂ ਕਰ ਰਹੇ ਹਨ ।
ਭਾਰਤ ਦੇ ਜੇ ਵੱਖ-ਵੱਖ ਖੇਤਰਾਂ ਦੀ ਗੱਲ ਕਰਨੀ ਹੋਵੇ ਤਾਂ ਜਿਵੇਂ ਪੰਜਾਬ ਜਾਂ ਹੋਰ ਰਾਜਾਂ ਦੇ ਲੋਕ ਜਿੱਥੇ ਵਾਹੀਯੋਗ ਜ਼ਮੀਨ ਤੇ ਖੇਤੀ ਹੁੰਦੀ ਹੈ ਉਹ ਜ਼ਮੀਨ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਨ ਉਵੇਂ ਹੀ ਜੰਗਲਾਂ ’ਤੇ ਆਪਣੀ ਜ਼ਿੰਦਗੀ ਬਸਰ ਕਰਨ ਵਾਲੇ ਝਾਰਖੰਡ ਅਤੇ ਛਤੀਸਗੜ੍ਹ ਦੇ ਜੰਗਲਾਂ ’ਚ ਵੱਸਦੇ ਆਦਿਵਾਸੀ ਲੋਕ ਆਪਣੇ ਜਲ ਜੰਗਲ ਜ਼ਮੀਨ ਬਚਾਉਣ ਦੀ ਖਾਤਰ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਖਿਲਾਫ ਲੜ ਰਹੇ ਹਨ ਤਾਂ ਭਾਰਤ ਦੀਆਂ ਜਾਬਰ ਹਕੂਮਤਾਂ ਵਲੋਂ ਧਰਤੀ ਦੇ ਮਾਲ ਖਜਾਨੇ ਕਾਰਪੋਰੇਟ ਘਰਾਣਿਆਂ ਨੂੰ ਲਟਾਉਣ ਲਈ ਆਪਣੇ ਸੈਨਿਕ ਬਲਾਂ ਰਾਹੀਂ ਉਨ੍ਹਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ।
ਸੰਦੀਪ ਸਿੰਘ ਘਰਾਚੋਂ ਅਤੇ ਬਿੱਟੂ ਮੱਲਣ ਨੇ ਕਾਰਪੋਰੇਟਾਂ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਾਰਤ ਦੇ ਵੱਖ-ਵੱਖ ਖੇਤਰਾਂ ਵਿੱਚ ਕਾਰਪੋਰੇਟ ਘਰਾਣਿਆਂ ਨੇ ਜਨਤਕ ਅਦਾਰਿਆਂ ’ਤੇ ਸੰਨ੍ਹ ਲਾਉਣੀ ਸ਼ੁਰੂ ਕੀਤੀ ਹੋਈ ਹੈ।ਲਾਲ ਸਿੰਘ ਭਾਦੜਾ ਅਤੇ ਗੁਰਪਿਆਰ ਸਿੰਘ ਮੁਕਤਸਰ ਨੇ ਕਿਹਾ ਕਿ ਸਾਰੀਆਂ ਹੀ ਵੋਟ ਪਾਰਟੀਆਂ ਲੋਕ ਵਿਰੋਧੀ ਫ਼ੈਸਲੇ ਲੈ ਰਹੀਆਂ ਹਨ ਕਿਉਂਕਿ ਸਾਡਾ 74 ਸਾਲ ਦਾ ਪੁਰਾਣਾ ਤਜਰਬਾ ਦੱਸਦਾ ਹੈ ਕਿ ਜਿੰਨੇ ਵੀ ਰੰਗਾਂ ਦੀਆਂ ਸਰਕਾਰਾਂ ਭਾਰਤ ਦੇ ਰਾਜ ਪ੍ਰਬੰਧ ਤੇ ਕਾਬਜ਼ ਰਹੀਆਂ ਹਨ ਵਿਕਾਸ ਦੇ ਨਾਮ ਤੇ ਕਾਰਪੋਰੇਟ ਪੱਖੀ ਕਾਨੂੰਨ ਲਿਆ ਕੇ ਵੱਡੀ ਮਸ਼ੀਨੀਕਰਨ ਰਾਹੀਂ ਅਤੇ ਜਨਤਕ ਅਦਾਰਿਆਂ ਵਿੱਚ ਆਸਾਮੀਆਂ ਦਾ ਭੋਗ ਪਾ ਕੇ ਪੜ੍ਹੀ ਲਿਖੀ ਨੌਜਵਾਨੀ ਨੂੰ ਰੁਜ਼ਗਾਰ ਦੇ ਬੂਹੇ ਬੰਦ ਹੋਣ ਕਰਕੇ ਬੇਰੁਜ਼ਗਾਰੀ ਵੱਲ ਧੱਕਦੀਆਂ ਰਹੀਆਂ ਹਨ ਅਤੇ ਨੌਜਵਾਨੀ ਵੱਡੇ ਖਰਚੇ ਕਰਕੇ ਵਿਦੇਸ਼ਾਂ ਵੱਲ ਭੱਜ ਰਹੀ ਹੈ । ਦੂਜੇ ਪਾਸੇ ਭਾਵੇਂ ਸਿੱਖਿਆ ਜਾਂ ਸਿਹਤ ਮਹਿਕਮਾ ਹੋਵੇ ਜਾਂ ਹੋਰ ਕੋਈ ਵੀ ਜਨਤਕ ਅਦਾਰਾ ਹੋਵੇ ਉਸ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇ ਕੇ ਲੋਕਾਂ ਦੀ ਦੂਹਰੀ ਲੁੱਟ ਕਰੀ ਜਾ ਰਹੀ ਹੈ । ਅੱਜ ਦੀ ਸਟੇਜ ਤੋਂ ਨੌਜਵਾਨਾਂ ਨੂੰ ਸੱਦਾ ਦਿੱਤਾ ਗਿਆ ਕਿ 28 ਸਤੰਬਰ ਨੂੰ ਭਗਤ ਸਿੰਘ ਦਾ ਜਨਮਦਿਨ ’ਤੇ ਪ੍ਰਣ ਕਰੀਏ ਕਿ ਉਨ੍ਹਾਂ ਦੇ ਅਧੂਰੇ ਪਏ ਕਾਰਜ ਨੂੰ ਨੌਜਵਾਨਾਂ ਨੇ ਹੀ ਪੂਰਾ ਕਰਨਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ