ਆਖ਼ਿਰ ਪਰਦੇ ’ਚੋਂ ਬਾਹਰ ਆਏ ਅਰਵਿੰਦ ਖੰਨਾ

ਜ਼ਿਲ੍ਹਾ ਸੰਗਰੂਰ ਦੇ ਸੈਂਕੜੇ ਮੋਹਰੀ ਕਤਾਰ ਦੇ ਆਗੂਆਂ ਨਾਲ ਜ਼ੀਰਕਪੁਰ ’ਚ ਕੀਤੀ ਮੁਲਾਕਾਤ

(ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਸੰਗਰੂਰ। ਪਿਛਲੇ ਕਈ ਦਿਨਾਂ ਤੋਂ ਧੂਰੀ ਦੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਦੇ ਅਕਾਲੀ ਦਲ ਤੋਂ ਸੰਗਰੂਰ ਬਤੌਰ ਚੋਣ ਲੜਨ ਬਾਰੇ ਚੱਲ ਰਹੀਆਂ ਚਰਚਾਵਾਂ ਦਾ ਉਦੋਂ ਅੰਤ ਹੋ ਗਿਆ ਜਦੋਂ ਉਹਨਾਂ ਜ਼ੀਰਕਪੁਰ ਵਿਖੇ ਵਰਕਰਾਂ ਨਾਲ ਪਹਿਲੀ ਮੀਟਿੰਗ ਕੀਤੀ ਸੰਗਰੂਰ ਤੋਂ ਕਈ ਸੀਨੀਅਰ ਅਕਾਲੀ ਆਗੂਆਂ ਨੇ ਅਰਵਿੰਦ ਖੰਨਾ ਨਾਲ ਮਿਲ ਕੇ ਫੋਟੋਆਂ ਵੀ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਜੋ ਕਿ ਹਲਕੇ ’ਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ ਪਤਾ ਲੱਗਿਆ ਹੈ ਕਿ ਅਰਵਿੰਦ ਖੰਨਾ ਨਾਲ ਹੋਈ ਸੰਗਰੂਰ ਦੇ ਅਕਾਲੀ ਆਗੂਆਂ ਦੀ ਮੀਟਿੰਗ ’ਚ 150 ਤੋਂ ਵੱਧ ਸੰਗਰੂਰ ਤੋਂ ਅਕਾਲੀ ਵਰਕਰ ਪਹੁੰਚੇ ਹੋਏ ਸਨ ਖੰਨਾ ਨੇ ਗਰੁੱਪ ਵਾਇਜ ਮੀਟਿੰਗ ਕੀਤੀ ਤੇ ਸਭ ਨੂੰ ਹਲਕੇ ’ਚ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਦਾ ਸੱਦਾ ਦਿੱਤਾ।

ਅਰਵਿੰਦ ਖੰਨਾ ਨਾਲ ਮੀਟਿੰਗ ਤੋਂ ਬਾਅਦ ਸੰਗਰੂਰ ਤੋਂ ਸੀਨੀਅਰ ਅਕਾਲੀ ਆਗੂ ਅਤੇ ਨਗਰ ਕੌਂਸਲ ਸਾਬਕਾ ਸੰਗਰੂਰ ਦੇ ਪ੍ਰਧਾਨ ਇਕਬਾਲ ਜੀਤ ਸਿੰਘ ਪੂਨੀਆ ਨੇ ਦੱਸਿਆ ਕਿ ਹੁਣ ਤੱਕ ਅਰਵਿੰਦ ਖੰਨਾ ਦੇ ਅਕਾਲੀ ਦਲ ਵਿੱਚ ਆਉਣ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਸਨ ਪਰ ਅੱਜ ਖੰਨਾ ਨਾਲ ਮੀਟਿੰਗ ਤੋਂ ਬਾਅਦ ਸਾਰੇ ਵਰਕਰਾਂ ਦੇ ਭਰਮ ਭੁਲੇਖੇ ਦੂਰ ਹੋ ਗਏ ਹਨ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੱਡੀ ਗਿਣਤੀ ਕਾਂਗਰਸੀ ਵੀ ਅਕਾਲੀ ਦਲ ਵਿੱਚ ਸ਼ਾਮਿਲ ਹੋਣਗੇ।

ਲੀਗਲ ਸੈੱਲ ਦੇ ਆਗੂਆਂ ਨਾਲ ਖੰਨਾ ਨੇ ਵੱਖਰੀ ਕੀਤੀ ਮੀਟਿੰਗ

ਸ਼੍ਰੋਮਣੀ ਅਕਾਲੀ ਦਲ ਲੀਗਲ ਸੈੱਲ ਜ਼ਿਲ੍ਹਾ ਸੰਗਰੂਰ ਦੇ ਆਗੂਆਂ ਨਾਲ ਅਰਵਿੰਦ ਖੰਨਾ ਨਾਲ ਵਿਸ਼ੇਸ਼ ਮੀਟਿੰਗ ਕੀਤੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਪ੍ਰਧਾਨ ਰਣਧੀਰ ਸਿੰਘ ਭੰਗੂ, ਮੁੱਖ ਸਲਾਹਕਾਰ ਸੁਖਬੀਰ ਸਿੰਘ ਪੂਨੀਆ, ਕੁਲਵਿੰਦਰ ਸਿੰਘ ਤੂਰ, ਤੇਜਵੀਰ ਸਿੰਘ ਵਿਰਕ ਨੇ ਦੱਸਿਆ ਕਿ ਅਰਵਿੰਦ ਖੰਨਾ ਵੱਲੋਂ ਉਨ੍ਹਾਂ ਨਾਲ ਕਾਫ਼ੀ ਚਿਰ ਗੱਲਬਾਤ ਕੀਤੀ ਤੇ ਕਿਹਾ ਕਿ ਹੁਣ ਸਿਰਫ਼ ਸੰਗਰੂਰ ਦੀ ਹੀ ਨਹੀਂ ਧੂਰੀ ਹਲਕੇ ਦੀ ਚੋਣ ਵੀ ਸੰਭਾਲਣੀ ਹੈ ਲੀਗਲ ਸੈਲ ਦੇ ਆਗੂਆਂ ਨੇ ਖੰਨਾ ਨਾਲ ਕਈ ਗੰਭੀਰ ਨੁਕਤੇ ਵੀ ਸਾਂਝੇ ਕੀਤੇ।

ਮੈਂ ਸਮੁੱਚਾ ਕਾਰੋਬਾਰ ਆਪਣੀ ਧੀ ਦੇ ਸਪੁਰਦ ਕਰਕੇ ਮੁੜ ਰਾਜਨੀਤੀ ’ਚ ਆਇਆ ਹਾਂ : ਅਰਵਿੰਦ ਖੰਨਾ

ਜ਼ੀਰਕਪੁਰ ਵਿਖੇ ਅਕਾਲੀ ਆਗੂਆਂ ਨਾਲ ਗੱਲਬਾਤ ਕਰਦਿਆਂ ਹਲਕਾ ਸੰਗਰੂਰ ਦੇ ਸਾਬਕਾ ਕਾਂਗਰਸੀ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਜੇਕਰ ਅਕਾਲੀ ਆਗੂ ਉਨ੍ਹਾਂ ਤੋਂ ਕੋਈ ਸਵਾਲ ਪੁੱਛਣਾ ਚਾਹੁੰਦੇ ਹਨ ਤਾਂ ਉਹ ਹਰੇਕ ਦਾ ਜਵਾਬ ਦੇਣ ਲਈ ਤਿਆਰ ਹਨ ਉਨ੍ਹਾਂ ਅਕਾਲੀ ਆਗੂਆਂ ਨੂੰ ਧੂਰੀ ਤੋਂ ਆਪਣੇ ਅਸਤੀਫ਼ੇ ਸਬੰਧੀ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਕਾਰੋਬਾਰ ਕਾਰਨ ਹੀ ਮਜ਼ਬੂਰੀਵਸ ਉਨ੍ਹਾਂ ਨੂੰ ਵਿਧਾਇਕੀ ਤੋਂ ਅਸਤੀਫ਼ਾ ਦੇਣਾ ਪਿਆ ਸੀ ਪਰ ਹੁਣ ਮੈਂ ਆਪਣਾ ਸਾਰਾ ਕਾਰੋਬਾਰ ਆਪਣੀ ਧੀ ਦੇ ਹਵਾਲੇ ਕਰਕੇ ਖੁਦ ਸੁਰਖ਼ਰੂ ਹੋ ਕੇ ਹੀ ਮੁੜ ਰਾਜਨੀਤੀ ਵਿੱਚ ਆਇਆ ਹਾਂ ।

ਖੰਨਾ ਨੇ ਸੁਖਬੀਰ ਬਾਦਲ ਨੂੰ ‘ਪ੍ਰਧਾਨ’ ਜੀ ਕਹਿ ਕੇ ਸੰਬੋਧਨ ਕਰਦਿਆਂ ਕਿਹਾ ਕਿ ਸਿਰਫ਼ ਸੰਗਰੂਰ ਵਿਧਾਨ ਸਭਾ ਹਲਕੇ ’ਤੇ ਆਪਣਾ ਧਿਆਨ ਕੇਂਦਰਿਤ ਨਹੀਂ ਕਰਨਾ ਸਗੋਂ ਨਾਲ-ਨਾਲ ਧੂਰੀ ਹਲਕਾ ਜਿਹੜਾ ਉਨ੍ਹਾਂ ਦਾ ਪੁਰਾਣਾ ਹਲਕਾ ਹੈ, ਵਿੱਚ ਵੀ ਆਪਣੀ ਸਰਗਰਮੀ ਰੱਖਣੀ ਹੈ ਉਨ੍ਹਾਂ ਸੰਗਰੂਰ ਹਲਕੇ ਵਿੱਚ ਅਕਾਲੀ ਆਗੂਆਂ ਨੂੰ ਕਿਹਾ ਕਿ ਉਨ੍ਹਾਂ ਦੀ ਖੰਨਾ ਫਾਊਂਡੇਸ਼ਨ ਵਾਲੀ ਟੀਮ ਹਲਕੇ ਵਿੱਚ ਪੂਰੀ ਸਰਗਰਮੀ ਨਾਲ ਕੰਮ ਕਰੇਗੀ ਉਨ੍ਹਾਂ ਇਹ ਖ਼ਾਸ ਗੱਲ ਵੀ ਕਹੀ ਕਿ ਖੰਨਾ ਫਾਊਂਡੇਸ਼ਨ ਦੇ ਮੈਂਬਰ ਸਿਰਫ਼ ਅਕਾਲੀ ਵਰਕਰਾਂ ਦੇ ਪਿੱਛੇ ਰਹਿ ਕੇ ਕੰਮ ਕਰਨਗੇ ਕਦੇ ਵੀ ਅਕਾਲੀ ਆਗੂਆਂ ਨੂੰ ਫੁਰਮਾਨ ਨਹੀਂ ਸੁਣਾਉਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ