ਪੀਆਰਟੀਸੀ ਅਤੇ ਰੋਡਵੇਜ ਦੇ 6500 ਮੁਲਾਜ਼ਮਾਂ ਨੂੰ ਪੱਕਾ ਨਹੀਂ ਕਰ ਰਹੀ ਐ ਪੰਜਾਬ ਸਰਕਾਰ
-
ਮੁੱਖ ਮੰਤਰੀ ਨਾਲ ਮੀਟਿੰਗ ਕਹਿ ਕੇ ਸੁਰੇਸ਼ ਕੁਮਾਰ ਨਾਲ ਹੋਈ ਮੀਟਿੰਗ, ਯੂਨੀਅਨ ਲੀਡਰ ਨਰਾਜ਼
(ਅਸ਼ਵਨੀ ਚਾਵਲਾ) ਚੰਡੀਗੜ। ਪੀਆਰਟੀਸੀ ਅਤੇ ਰੋਡਵੇਜ ਦੇ ਕੱਚੇ ਮੁਲਾਜ਼ਮਾਂ ਦੀ ਪੰਜਾਬ ਸਰਕਾਰ ਨਾਲ ਬੁੱਧਵਾਰ ਨੂੰ ਹੋਈ ਮੀਟਿੰਗ ਬੇ ਸਿੱਟਾ ਰਹੀਂ ਹੈ। ਪੰਜਾਬ ਸਰਕਾਰ ਵਲੋਂ ਪੀਆਰਟੀਸੀ ਅਤੇ ਰੋਡਵੇਜ ਦੇ ਕੱਚੇ ਮੁਲਾਜ਼ਮਾਂ ਨੂੰ ਫਿਲਹਾਲ ਪੱਕਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਜਿਸ ਕਾਰਨ ਯੂਨੀਅਨ ਲੀਡਰਾਂ ਨੇ ਅੱਜ ਪੰਜਾਬ ਭਰ ਦੇ ਬੱਸ ਅੱਡੀਆਂ ਨੂੰ 12 ਵਜੇ ਤੱਕ 4 ਘੰਟੇ ਲਈ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ ਤਾਂ ਭਲਕੇ ਸ਼ੁਕਰਵਾਰ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸਿਸਵਾਂ ਫਾਰਮ ਹਾਉਸ ਨੂੰ ਘੇਰਨ ਲਈ ਇਹ ਮੁਲਾਜ਼ਮ ਬੱਸਾਂ ਲੈ ਕੇ ਪੁੱਜਣਗੇ ।
ਪੀਆਰਟੀਸੀ ਅਤੇ ਰੋਡਵੇਜ ਬੱਸ ਯੂਨੀਅਨ ਲੀਡਰ ਹਰਕੇਸ਼ ਕੁਮਾਰ ਨੇ ਦੱਸਿਆ ਕਿ ਪਿਛਲੇ 3 ਦਿਨਾਂ ਤੋਂ ਪੰਜਾਬ ਭਰ ਵਿੱਚ ਪੀਆਰਟੀਸੀ ਅਤੇ ਰੋਡਵੇਜ ਦੇ ਕਰਮਚਾਰੀ ਹੜਤਾਲ ’ਤੇ ਚਲ ਰਹੇ ਹਨ ਅਤੇ ਸਿਰਫ਼ 100-150 ਦੇ ਕਰੀਬ ਬੱਸਾਂ ਨੂੰ ਹੀ ਪੱਕੇ ਮੁਲਾਜ਼ਮਾਂ ਵਲੋਂ ਚਲਾਇਆ ਜਾ ਰਿਹਾ ਹੈ। ਜਿਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਪੀਆਰਟੀਸੀ ਅਤੇ ਰੋਡਵੇਜ ਪੱਕੇ ਮੁਲਾਜ਼ਮ ਜਿਆਦਾ ਗਿਣਤੀ ਵਿੱਚ ਹੀ ਨਹੀਂ ਹਨ। ਉਨਾਂ ਕਿਹਾ ਕਿ ਸਾਨੂੰ ਦੱਸਿਆ ਗਿਆ ਸੀ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੀਟਿੰਗ ਹੋਏਗੀ ਪਰ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਸਣੇ ਮੁੱਖ ਮੰਤਰੀ ਦੇ ਚੀਫ਼ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ ਉਨਾਂ ਦੀ ਮੀਟਿੰਗ ਕਰਵਾਈ ਗਈ ਹੈ। ਜਿਥੇ ਸੁਰੇਸ਼ ਕੁਮਾਰ ਨੇ ਉਨਾਂ ਨੂੰ ਦੱਸਿਆ ਕਿ ਸਰਕਾਰ ਵਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ 2021 ਐਕਟ ਬਣਾਇਆ ਜਾ ਰਿਹਾ ਹੈ ਪਰ ਇਸ ਵਿੱਚ ਵੀ ਪੀਆਰਟੀਸੀ ਅਤੇ ਰੋਡਵੇਜ ਦੇ ਜ਼ਿਆਦਾਤਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਸਕਦਾ ਹੈ। ਇਸ ਐਕਟ ਵਿੱਚ ਵੀ 10 ਸਾਲ ਦੀ ਘੱਟ ਤੋਂ ਘੱਟ ਸ਼ਰਤ ਰਹੇਗੀ, ਜਿਸ ਕਾਰਨ ਉਹ ਇਸ ਵਿੱਚ ਸ਼ਾਮਲ ਨਹੀਂ ਹੋਣਗੇ।
ਸੁਰੇਸ਼ ਕੁਮਾਰ ਨੇ ਉਨਾਂ ਨੂੰ ਫਿਲਹਾਲ ਇੰਤਜ਼ਾਰ ਕਰਨ ਲਈ ਹੀ ਕਿਹਾ ਹੈ ਕਿ ਬਾਅਦ ਵਿੱਚ ਉਨਾਂ ਬਾਰੇ ਜਰੂਰ ਵਿਚਾਰ ਕੀਤਾ ਜਾਏਗਾ। ਉਨਾਂ ਕਿਹਾ ਕਿ ਇਸ ਦੌਰਾਨ ਕਾਫ਼ੀ ਜਿਆਦਾ ਦਲੀਲਾਂ ਯੂਨੀਅਨ ਲੀਡਰਾਂ ਵੱਲੋਂ ਦਿੱਤੀਆਂ ਗਈਆ ਪਰ ਸਰਕਾਰ ਦੇ ਅਧਿਕਾਰੀ ਸੁਣਨ ਨੂੰ ਹੀ ਤਿਆਰ ਨਹੀ ਸਨ। ਜਿਸ ਕਾਰਨ ਗੱਲਬਾਤ ਵਿਚਕਾਰ ਹੀ ਟੁੱਟਦੀ ਹੋਈ ਉਹ ਮੀਟਿੰਗ ਵਿੱਚੋਂ ਆ ਗਏ ਹਨ।
ਹਰਕੇਸ਼ ਕੁਮਾਰ ਨੇ ਦੱਸਿਆ ਕਿ ਹੁਣ ਪੀਆਰਟੀਸੀ ਅਤੇ ਰੋਡਵੇਜ ਦੇ ਕਰਮਚਾਰੀ ਵੀਰਵਾਰ ਨੂੰ 4 ਘੰਟੇ ਲਈ ਪੰਜਾਬ ਭਰ ਦੇ ਬੱਸ ਸਟੈਂਡ ਸਵੇਰੇ 8 ਵਜੇ ਤੋਂ 12 ਵਜੇ ਤੱਕ ਬੰਦ ਕਰਨਗੇ ਤਾਂ ਸ਼ੱੁਕਰਵਾਰ ਨੂੰ ਆਪਣੀਆਂ ਬੱਸਾਂ ਨੂੰ ਲੈ ਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪ੍ਰਾਈਵੇਟ ਰਿਹਾਇਸ਼ ਸਿਸਵਾਂ ਫਾਰਮ ਹਾਊਸ ਵਿਖੇ ਘਿਰਾਓ ਕੀਤਾ ਜਾਏਗਾ ਅਤੇ ਸਾਰੇ ਰਸਤੇ ਅਣਮਿਥੇ ਸਮੇਂ ਲਈ ਬੰਦ ਕਰ ਦਿੱਤੇ ਜਾਣਗੇ। ਇਸ ਦੌਰਾਨ ਨਾ ਹੀ ਸਿਸਵਾਂ ਵਲ ਕਿਸੇ ਨੂੰ ਆਉਣ ਦਿੱਤਾ ਜਾਏਗਾ ਅਤੇ ਨਾ ਹੀ ਸਿਸਵਾ ਫਾਰਮ ਹਾਉਸ ਤੋਂ ਕਿਸੇ ਨੂੰ ਬਾਹਰ ਆਉਣ ਦਿੱਤਾ ਜਾਏਗਾ। ਉਨਾਂ ਕਿਹਾ ਕਿ ਹੁਣ ਇਸ ਮਾਮਲੇ ਵਿੱਚ ਉਹ ਪਿੱਛੇ ਨਹੀਂ ਹਟਣ ਵਾਲੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ