ਸੁਖਬੀਰ ਬਾਦਲ ਵੱਲੋਂ ਦੋ ਸੀਟਾਂ ਦੀ ਅਦਲਾ ਬਦਲੀ ਦਾ ਐਲਾਨ
ਚੰਡੀਗੜ੍ਹ। ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ 2022 ਪੰਜਾਬ ਚੋਣਾਂ ਲਈ ਥੋੜ੍ਹੀ ਅਦਲਾ ਬਦਲੀ ਕੀਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖ਼ਬੀਰ ਸਿੰਘ ਬਾਦਲ ਨੇ ਦੋ ਸੀਟਾਂ ਦੀ ਅਦਲਾ ਬਦਲੀ ਕੀਤੇ ਜਾਣ ਸੰਬੰਧੀ ਐਲਾਨ ਕੀਤਾ ਹੈ।
ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਸਖ਼ਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਉੱਤਰੀ ਅਤੇ ਸੁਜਾਨਪੁਰ ਸੀਟਾਂ ਬਸਪਾ ਤੋਂ ਵਾਪਸ ਲੈ ਲਈਆਂ ਹਨ। ਇਹ ਸੀਟਾਂ ਹੁਣ ਅਕਾਲੀ ਦਲ ਲੜੇਗਾ। ਇਨ੍ਹਾਂ ਦੀ ਜਗ੍ਹਾ ਬਸਪਾ ਨੂੰ ਸ਼ਾਮ ਚੁਰਾਸੀ ਅਤੇ ਕਪੂਰਥਲਾ ਦੀਆਂ ਸੀਟਾਂ ਦੇ ਦਿੱਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਅਕਾਲੀ ਦਲ ਅਤੇ ਬਸਪਾ ਨੇ 97 20 ਫ਼ਾਰਮੂਲੇ ’ਤੇ ਇਹ ਚੋਣ ਸਮਝੌਤਾ ਕੀਤਾ ਸੀ। ਜ਼ਿਕਰਯੋਗ ਹੈ ਕਿ ਅਕਾਲੀ ਦਲ ਨੇ ਅੰਮ੍ਰਿਤਸਰ ਉੱਤਰੀ ਤੋਂ ਪਹਿਲਾਂ ਹੀ ਭਾਜਪਾ ਛੱਡ ਕੇ ਆਏ ਸਾਬਕਾ ਮੰਤਰੀ ਸ੍ਰੀ ਅਨਿਲ ਜੋਸ਼ੀ ਨੂੰ ਆਪਣੀ ਪਾਰਟੀ ਦਾ ਉਮੀਦਵਾਰ ਐਲਾਨਿਆ ਸੀ।
ਉਨ੍ਹਾਂ ਦੇ ਨਾਲ ਹੀ ਪਾਰਟੀ ਛੱਡ ਕੇ ਆਏ ਸ੍ਰੀ ਰਾਜ ਕੁਮਾਰ ਗੁਪਤਾ ਨੂੰ ਪਾਰਟੀ ਨੇ ਸੁਜਾਨਪੁਰ ਹਲਕੇ ਤੋਂ ਉਮੀਦਵਾਰ ਐਲਾਨਿਆ ਸੀ। ਇਹ ਦੋਵੇਂ ਐਲਾਨ ਸ੍ਰੀ ਜੋਸ਼ੀ ਅਤੇ ਸ੍ਰੀ ਗੁਪਤਾ ਦੀ ਪਾਰਟੀ ਵਿੱਚ ਸ਼ਮੂਲੀਅਤ ਮੌਕੇ ਕਰਦਿਆਂ ਬਾਦਲ ਨੇ ਕਿਹਾ ਸੀ ਕਿ ਭਾਵੇਂ ਸਮਝੌਤੇ ਅਨੁਸਾਰ ਇਹ ਸੀਟਾਂ ਬਸਪਾ ਕੋਲ ਹਨ ਪਰ ਉਨ੍ਹਾਂ ਵੱਲੋਂ ਇਨ੍ਹਾਂ ਸੀਟਾਂ ’ਤੇ ਅਕਾਲੀ ਉਮੀਦਵਾਰਾਂ ਦਾ ਐਲਾਨ ਬਸਪਾ ਨੂੰ ਭਰੋਸੇ ਵਿੱਚ ਲੈਣ ਤੋਂ ਬਾਅਦ ਹੀ ਕੀਤਾ ਜਾ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ