ਕਰਨੀ ਦਾ ਫ਼ਲ
ਮੁੱਦਤਾਂ ਪੁਰਾਣੀ ਗੱਲ ਹੈ। ਇੱਕ ਪਿੰਡ ਵਿੱਚ ਮੁਰਲੀ ਨਾਂ ਦਾ ਇੱਕ ਮੁੰਡਾ ਰਹਿੰਦਾ ਸੀ। ਉਹ ਵੀਹਾਂ-ਬਾਈਆਂ ਵਰਿ੍ਹਆਂ ਦਾ ਭਰ ਜਵਾਨ ਗੱਭਰੂ ਸੀ। ਉਹ ਖੁਦ ਕੋਈ ਕੰਮ-ਧੰਦਾ ਨਾ ਕਰਦਾ ਸਗੋਂ ਆਪਣੇ ਸਾਥੀਆਂ ਨੂੰ ਵੀ ਵਿਹਲੇ ਰਹਿਣ ਦੀਆਂ ਨਸੀਹਤਾਂ ਦਿੰਦਾ। ਉਹ ਹਮੇਸ਼ਾ ਰੱਬ ’ਤੇ ਹੀ ਡੋਰੀ ਰੱਖਦਾ ਸੀ। ਜਿਸ ਨੇ ਪੈਦਾ ਕੀਤਾ ਹੈ ਖਾਣ ਨੂੰ ਵੀ ਉਹੀ ਦੇਵੇਗਾ! ਉਹ ਕਹਿੰਦਾ ਦੋ ਰੋਟੀਆਂ ਖਾਤਰ ਕੰਮ ਕਰਕੇ ਸਾਰਾ ਦਿਨ ਕਮਰ ਤੋੜਨੀ ਮੈਨੂੰ ਮਨਜ਼ੂਰ ਨਹੀਂ। ਜੋ ਕਿਸਮਤ ਵਿੱਚ ਹੈ ਉਹ ਮਿਲੇਗਾ ਹੀ ਮਿਲੇਗਾ!
ਉਸ ਨੂੰ ਕੋਈ ਨਹੀਂ ਰੋਕ ਸਕਦਾ। ਉਸ ਦੀ ਇੱਕ ਬੁੱਢੀ ਮਾਂ ਸੀ। ਉਹ ਸਾਰਾ ਦਿਨ ਘਰ ਦੇ ਕੰਮਚ-ਧੰਦਿਆਂ ਵਿੱਚ ਲੱਗੀ ਰਹਿੰਦੀ। ਪਸ਼ੂ-ਡੰਗਰ ਸਾਂਭਦੀ। ਰੋਟੀਆਂ ਬਣਾਉਂਦੀ। ਘਰ ਦੀ ਸਾਫ-ਸਫਾਈ ਕਰਦੀ। ਮੁਰਲੀ ਨੂੰ ਮਾਂ ’ਤੇ ਭੋਰਾ ਰਹਿਮ ਨਾ ਆਉਂਦਾ। ਸਗੋਂ ਮਾਂ ਨੂੰ ਨਹੋਰੇ ਮਾਰਦਾ, ਮਾਂ ਤੂੰ ਸਾਰਾ ਦਿਨ ਐਵੇਂ ਕੰਮ-ਧੰਦਿਆਂ ਵਿੱਚ ਲੱਗੀ ਰਹਿੰਨੀ ਏਂ। ਕਦੇ ਅਰਾਮ ਵੀ ਕਰ ਲਿਆ ਕਰ। ਹੁਣ ਤੂੰ ਜਵਾਨ ਨਹੀਂ ਸਗੋਂ ਬੁੱਢੀ ਹੋ ਗਈ ਏਂ। ਬਿਮਾਰ ਪੈ ਜਾਏਂਗੀ।
ਇੱਕ ਦਿਨ ਉਸ ਦੀ ਮਾਂ ਉਹਦੀ ਗੱਲ ਵਿੱਚੋਂ ਹੀ ਕੱਟਦਿਆਂ ਹੱਸ ਕੇ ਬੋਲੀ, ‘‘ਪੁੱਤ ਮੈਂ ਤਾਂ ਬੁੱਢੀ ਹੋ ਗਈ ਹਾਂ, ਪਰ ਤੂੰ ਤਾਂ ਹੁਣ ਜਵਾਨ ਹੋ ਗਿਆ ਏਂ। ਤੂੰ ਹੀ ਕੁਝ ਖੱਟ-ਕਮਾ ਕੇ ਲਿਆਇਆ ਕਰ। ਤੂੰ ਕੋਈ ਕੰਮ-ਧੰਦਾ ਕਰੇਂ ਤਾਂ ਮੈਂ ਤੇਰਾ ਵਿਆਹ ਕਰਵਾ ਦੇਵਾਂ। ਫਿਰ ਬਹੁ ਘਰ ਦੇ ਕੰਮ ਕਰਿਆ ਕਰੂ। ਮੈਂ ਤੁਹਾਡੇ ਜਵਾਕ ਖਿਡਾਇਆ ਕਰਾਂਗੀ। ਮੇਰਾ ਪੋਤੇ-ਪੋਤੀਆਂ ਨਾਲ ਦਿਲ ਪਰਚਿਆ ਰਿਹਾ ਕਰੂ।’’ ਮਾਂ ਦੀ ਗੱਲ ਸੁਣ ਕੇ ਮੁਰਲੀ ਬੋਲਿਆ, ‘‘ਮਾਂ ਇਹ ਸਭ ਰੱਬ ’ਤੇ ਛੱਡ ਦੇ। ਰੱਬ ਦੇਵੇਗਾ ਸਭ ਕੁਝ। ਤੂੰ ਕਿਉਂ ਐਡੀ ਚਿੰਤਾ ਕਰਦੀ ਏਂ!’’
‘‘ਅੱਛਾ!’’ ਕਹਿ ਕੇ ਮਾਂ ਚੁੱਪ ਕਰ ਗਈ। ਮੁਰਲੀ ਕੁਝ ਸੋਚਦਾ-ਸੋਚਦਾ ਪਰ੍ਹੇ ਜਾ ਬੈਠਿਆ। ਮਾਂ ਦੀ ਗੱਲ ਨੇ ਮੁਰਲੀ ਦੇ ਅੰਦਰ ਉਥਲ-ਪੁਥਲ ਪੈਦਾ ਕਰ ਦਿੱਤੀ ਸੀ।
ਉਸ ਨੂੰ ਜਾਪਿਆ ਮਾਂ ਠੀਕ ਕਹਿ ਰਹੀ ਹੈ ਪਰ ਮੁਸੀਬਤ ਇਹ ਕਿ ਉਸ ਨੂੰ ਕੋਈ ਕੰਮ-ਧੰਦਾ ਕਰਨਾ ਆਉਂਦਾ ਨਹੀਂ ਸੀ। ਉਹ ਕਰੇ ਤਾਂ ਕੀ ਕਰੇ? ਕੰਮ ਬਿਨਾਂ ਵਿਆਹ ਦੀ ਵੀ ਉਮੀਦ ਕਰਨੀ ਬੇਕਾਰ ਸੀ। ਉਸ ਦਾ ਕੋਈ ਨੇੜ ਦਾ ਸਾਕ-ਸਕੀਰੀ ਹੈ ਨਹੀਂ ਸੀ। ਹੋਰ ਕੋਈ ਓਪਰਾ ਆਦਮੀ ਉਸ ਨੂੰ ਰਿਸ਼ਤਾ ਕਰਵਾਉਂਦਾ ਨਹੀਂ ਸੀ। ਮਨ ਵਿੱਚ ਉਲਝਣ ਪੈਦਾ ਹੋ ਗਈ ਸੀ। ਉਹ ਸੋਚਾਂ ਦੀ ਉਧੇੜ-ਬੁਣ ਵਿੱਚ ਉਲਝਿਆ ਉੱਠ ਕੇ ਘਰੋਂ ਬਾਹਰ ਆ ਗਿਆ। ਉਹ ਆਪ-ਮੁਹਾਰਾ ਹੀ ਤੁਰਿਆ ਗਿਆ। ਉਸ ਦੀ ਕੋਈ ਮੰਜ਼ਿਲ ਤੈਅ ਨਹੀਂ ਸੀ। ਉਹ ਤੁਰਦਿਆਂ-ਤੁਰਦਿਆਂ ਪਿੰਡੋਂ ਬਾਹਰ ਨਹਿਰ ’ਤੇ ਪਹੁੰਚ ਗਿਆ। ਉਹ ਨਹਿਰੇ-ਨਹਿਰ ਤੁਰਿਆ ਗਿਆ। ਉਸ ਦਾ ਮਨ ਚੰਗੀਆਂ-ਮੰਦੀਆਂ ਸੋਚਾਂ ਨਾਲ ਭਰਿਆ ਪਿਆ ਸੀ।
‘‘ਕੋਈ ਕੰਮ-ਧੰਦਾ, ਫਿਰ ਵਿਆਹ ਮਾਂ ਬੱਚੇ, ਉਸ ਦੇ ਆਪਣੇ ਬੱਚੇ ਜੋ ਉਸ ਨੂੰ ਬਾਪੂ-ਬਾਪੂ ਕਿਹਾ ਕਰਨਗੇ। ਉਸ ਦਾ ਇੱਕ ਆਪਣਾ ਸੰਸਾਰ ਹੋਵੇਗਾ। ਆਪਣੀ ਇੱਕ ਵੱਖਰੀ ਹੀ ਦੁਨੀਆਂ ਹੋਵੇਗੀ।’’ ਸੋਚ ਕੇ ਉਹ ਆਪ-ਮੁਹਾਰੇ ਹੀ ਹੱਸਦਾ ਤੇ ਕਦੇ ਗੰਭੀਰ ਹੋ ਜਾਂਦਾ ਸੀ। ਅਚਾਨਕ ਉਸ ਦੇ ਕੰਨਾਂ ਵਿੱਚ ਕਿਸੇ ਘੋੜੇ ਦੇ ਖੁਰਾਂ ਦੀ ਅਵਾਜ ਆਈ। ਉਸ ਨੇ ਧੌਣ ਉਠਾ ਕੇ ਸਾਹਮਣੇ ਦੇਖਿਆ। ਇੱਕ ਸ਼ਰੀਫ ਜਿਹਾ ਦਿਸਦਾ ਆਦਮੀ ਆਪਣੇ ਚਿੱਟੇ ਘੋੜੇ ’ਤੇ ਸਵਾਰ ਹੋਇਆ ਬੜੀ ਟੌਹਰ ਨਾਲ ਟਪ-ਟਪ ਕਰਦਾ ਆ ਰਿਹਾ ਸੀ।
ਉਸ ਆਦਮੀ ਨੂੰ ਵੇਖ ਕੇ ਮੁਰਲੀ ਦੇ ਅੰਦਰਲਾ ਸ਼ੈਤਾਨ ਜਾਗ ਉੁਠਿਆ। ਮੁਰਲੀ ਘੋੜੇ ਵਾਲੇ ਆਦਮੀ ਨੂੰ ਵੇਖ ਕੇ ਬੋਲਿਆ, ‘‘ਵਾਹ ਬਈ ਰੱਬ ਦਿਆ ਬੰਦਿਆ! ਤੈਨੂੰ ਘੋੜਾ ਵੀ ਨਹੀਂ ਹਿੱਕਣਾ ਆਉਂਦਾ?’’
ਉਸ ਆਦਮੀ ਨੇ ਮੁਰਲੀ ਦੇ ਮੂੰਹ ਵੱਲ ਹੈਰਾਨੀ ਨਾਲ ਤੱਕਿਆ ਤੇ ਫਿਰ ਮਸ਼ਕਰੀ ਭਰੇ ਲਹਿਜੇ ਵਿੱਚ ਬੋਲਿਆ, ‘‘ਫਿਰ ਤੂੰ ਹੀ ਦੱਸਦੇ ਜਵਾਨਾ ਕਿਵੇਂ ਹਿੱਕੀਦੈ ਘੋੜਾ?’’ ਮੁਰਲੀ ਉਸ ਆਦਮੀ ਨੂੰ ਘੋੜੇ ਤੋਂ ਉਤਾਰ ਕੇ ਖੁਦ ਘੋੜੇ ’ਤੇ ਸਵਾਰ ਹੋ ਗਿਆ।‘‘ਧਿਆਨ ਨਾਲ ਵੇਖੀਂ!’’ ਕਹਿ ਕੇ ਉਹ ਥੋੜ੍ਹੀ ਦੂਰ ਤੱਕ ਤਾਂ ਘੋੜੇ ਨੂੰ ਹੌਲੀ-ਹੌਲੀ ਹਿੱਕੀ ਗਿਆ ਤੇ ਫਿਰ ਅੱਡੀ ਮਾਰ ਕੇ ਘੋੜਾ ਤੇਜ ਕਰ ਲਿਆ। ਘੋੜੇ ਵਾਲੇ ਨੂੰ ਉਸ ਦੀ ਖਰਾਬ ਨੀਅਤ ਦਾ ਪਤਾ ਲੱਗ ਗਿਆ।
ਉਹ ਉਸ ਦੇ ਪਿੱਛੇ ਦੌੜਿਆ ਪਰ ਮੁਰਲੀ ਕਿੱਥੇ ਪਕੜ ਵਿੱਚ ਆਉਣ ਵਾਲਾ ਸੀ। ਉਹ ਘੋੜਾ ਭਜਾ ਕੇ ਲੈ ਗਿਆ। ਜਾਂਦੇ-ਜਾਂਦੇ ਮੁਰਲੀ ਨੂੰ ਉਸ ਨੇ ਉਹਦਾ ਨਾਂ ਪੁਛਿਆ ਤਾਂ ਮੁਰਲੀ ਬੋਲਿਆ ਕਿ ਮੇਰਾ ਨਾਂ ਹੈ ਘੋੜ-ਸਵਾਰ। ਹੁਣ ਉਹ ਆਦਮੀ ਆਪਣੀ ਮੂਰਖਤਾ ’ਤੇ ਪਛਤਾਉਂਦਿਆਂ ਰੋ ਰਿਹਾ ਸੀ। ਉਸ ਨੂੰ ਲੋਕਾਂ ਨੇ ਉਸ ਦੇ ਰੋਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਕੋਈ ਘੋੜ-ਸਵਾਰ ਉਸ ਦਾ ਘੋੜਾ ਖੋਹ ਕੇ ਲੈ ਗਿਆ ਹੈ। ਲੋਕਾਂ ਕਿਹਾ ਕਿ ਕੋਈ ਗੱਲ ਨਹੀਂ ਘੋੜ-ਸਵਾਰ ਹੀ ਲੈ ਕੇ ਗਿਆ। ਘੁਮ-ਫਿਰ ਕੇ ਆ ਜਾਵੇਗਾ। ਕੋਈ ਚੋਰ ਤਾਂ ਨਹੀਂ ਲੈ ਕੇ ਗਿਆ! ਇਉਂ ਉਸ ਦੀ ਕਿਤੇ ਕੋਈ ਸੁਣਵਾਈ ਨਾ ਹੋਈ ਸਗੋਂ ਸਭ ਨੇ ਉਸ ਨੂੰ ਹੀ ਫਿਟਕਾਰਿਆ।
ਮੁਰਲੀ ਘੋੜੇ ’ਤੇ ਬਹਿ ਕੇ ਕਿਸੇ ਹੋਰ ਪਿੰਡ ਜਾ ਪਹੁੰਚਿਆ। ਉਹ ਸਵੇਰ ਦਾ ਭੁੱਖੜਭਾਣਾ ਸੀ। ਉਸ ਨੂੰ ਬਹੁਤ ਜਿਆਦਾ ਭੁੱਖ ਲੱਗੀ ਹੋਈ ਸੀ। ਉਸ ਨੇ ਸੋਚਿਆ ਪਿੰਡ ਵਿੱਚੋਂ ਮੰਗ ਕੇ ਕੁਝ ਖਾ-ਪੀ ਲਿਆ ਜਾਵੇ। ਇਸੇ ਮਕਸਦ ਨਾਲ ਉਹ ਉੱਥੇ ਰੁਕ ਗਿਆ। ਸਾਹਮਣੇ ਇੱਕ ਧੋਬੀ-ਘਾਟ ਵੇਖ ਕੇ ਉਸ ਨੇ ਆਪਣਾ ਘੋੜਾ ਉੱਥੇ ਬੰਨ੍ਹ ਦਿੱਤਾ ਤੇ ਧੋਬੀ ਨੂੰ ਘੋੜੇ ਦਾ ਧਿਆਨ ਰੱਖਣ ਵਾਸਤੇ ਕਹਿ ਕੇ ਆਪ ਪਿੰਡ ਦੇ ਅੰਦਰ ਚਲਿਆ ਗਿਆ। ਇੱਕ ਘਰੇ ਸ਼ਾਦੀ ਹੋ ਰਹੀ ਸੀ। ਉਹ ਸ਼ਾਦੀ ਵਾਲੇ ਘਰ ਦੇ ਅੰਦਰ ਜਾ ਪਹੁੰਚਿਆ। ਉੱਥੇ ਮੌਜ਼ੂਦ ਸਭ ਲੋਕ ਆਪੋ-ਆਪਣੇ ਕੰਮ-ਧੰਦਿਆਂ ਵਿੱਚ ਲੱਗੇ ਹੋਏ ਸਨ। ਇੱਕ ਨੁੱਕਰੇ ਪਿੰਡ ਦੀ ਨੈਣ ਰੋਟੀਆਂ ਬਣਾ ਰਹੀ ਸੀ। ਹੋਰ ਘਰ ਦੇ ਸਭ ਮੈਂਬਰ ਤੇ ਰਿਸ਼ਤੇਦਾਰ ਬਰਾਤ ਵੇਖਣ ਧਰਮਸ਼ਾਲਾ ਵਿੱਚ ਗਏ ਹੋਏ ਸਨ। ਮੁਰਲੀ ਨੈਣ ਨੂੰ ਸੰਬੋਧਨ ਹੋ ਕੇ ਬੋਲਿਆ, ‘‘ਭੈਣਾਂ ਬੜੀ ਭੁੱਖ ਲੱਗੀ ਹੈ। ਦੋ-ਚਾਰ ਰੋਟੀਆਂ ਖਵਾਦੇ ਤੇਰੀ ਬੜੀ ਮਿਹਰਬਾਨੀ ਹੋਵੇਗੀ!’’
ਨੈਣ ਵਿਚਾਰੀ ਕੰਮ ਕਰਦਿਆਂ ਸਤੀ ਬੈਠੀ ਸੀ। ਉਹ ਮੁਰਲੀ ਨੂੰ ਅੱਗਿਓਂ ਝਈ ਲੈ ਕੇ ਪਈ। ਬੋਲੀ, ‘‘ਦੇ ਦਿਆਂ ਤੈਨੂੰ ਪਰੌਂਠੇ ਵੱਡੇ ਨਵਾਬ ਨੂੰ। ਵੇਖਦਾ ਨਹੀਂ ਬਰਾਤ ਵਾਸਤੇ ਰੋਟੀ ਬਣ ਰਹੀ ਹੈ। ਪਹਿਲਾਂ ਬਰਾਤੀ ਰੋਟੀ ਖਾਣਗੇ ਫਿਰ ਤੇਰੇ ਵਰਗੇ ਲੱਲੂ-ਪੰਜੂ।’’ ਨੈਣ ਦੇ ਖਰਵੇ ਬੋਲ ਸੁਣਦਿਆਂ ਹੀ ਮੁਰਲੀ ਦਾ ਮੂੰਹ ਗੁੱਸੇ ਨਾਲ ਲਾਲ ਹੋ ਗਿਆ। ਉਸ ਨੇ ਆਵ ਦੇਖਿਆ ਨਾ ਤਾਵ, ਚੁੱਕ ਕੇ ਨੈਣ ਗੁੱਛੀ-ਮੁੱਛੀ ਕਰਕੇ ਚੁਰ ਵਿੱਚ ਸੁੱਟ ਦਿੱਤੀ।
ਆਪ ਮੁਰਲੀ ਨੇ ਉਸ ਘਰੋਂ ਗਹਿਣੇ-ਗੱਟੇ ਮਠਿਆਈਆਂ ਤੇ ਹੋਰ ਸਾਮਾਨ ਜੋ ਵੀ ਹੱਥ ਲੱਗਾ ਚੁੱਕ ਕੇ ਪੰਡ ਬੰਨ੍ਹ ਕੇ ਸਿਰ ’ਤੇ ਚੁੱਕ ਲਈ ।ਤੇ ਨੈਣ ਨੂੰ ਆਪਣਾ ਨਾਂ ‘ਆਪੇ ਲਾਈ’ ਦੱਸ ਕੇ ਰਫ਼ੂ-ਚੱਕਰ ਹੋ ਗਿਆ। ਜਦੋਂ ਘਰ ਵਾਲੇ ਆਏ ਤਾਂ ਉਨ੍ਹਾਂ ਨੈਣ ਨੂੰ ਪੁੱਛਿਆ ਕਿ ਕੀ ਗੱਲ ਹੋਈ? ਤਾਂ ਨੈਣ ਅਰਧ ਬੇਹੋਸ਼ੀ ਦੀ ਹਾਲਤ ਵਿੱਚ ‘ਆਪੇ ਲਾਈ, ਆਪੇ ਲਾਈ-ਫੜ੍ਹੋ-ਫੜ੍ਹੋ’ ਕਰੀ ਜਾਵੇ। ਲੋਕ ਕਹਿੰਦੇ ਅੱਗ ਆਪੇ ਲਾਈ ਤਾਂ ਫਿਰ ਮਰ। ਉੱਧਰ ਮੁਰਲੀ ਧੋਬੀ ਕੋਲ ਜਾ ਕੇ ਬੋਲਿਆ ਕਿ ਮਿੱਤਰਾ ਅੱਜ ਤਾਂ ਮੌਜਾਂ ਹੀ ਮੌਜਾਂ ਹਨ। ਵਿਆਹ ਵਾਲੇ ਘਰੇ ਤਾਂ ਭੰਡਾਰਾ ਖੁੱਲ੍ਹਿਆ ਹੈ। ਜੋ ਵੀ ਜਾਂਦਾ ਮਿਠਾਈ ਦੀ ਪੰਡ ਬੰਨ੍ਹ ਕੇ ਲੈ ਆਉਂਦਾ ਹੈ। ‘‘ਅੱਛਾ!’’ ਧੋਬੀ ਜੀਭ ਲਲਚਾਉਂਦਿਆਂ ਬੋਲਿਆ। ਉਸ ਦੇ ਮਨ ਵਿੱਚ ਵੀ ਲਾਲਚ ਆ ਗਿਆ ਸੀ।
ਉਹ ਮੁਰਲੀ ਨੂੰ ਬੋਲਿਆ, ‘‘ਤਾਂ ਤੂੰ ਮੇਰੀ ਦੁਕਾਨ ਦਾ ਜਰਾ ਧਿਆਨ ਰੱਖੀਂ। ਮੈਂ ਵੀ ਮਿਠਾਈ ਦੀ ਪੰਡ ਬੰਨ੍ਹ ਲਿਆਵਾਂ।’’ ਕਹਿ ਕੇ ਧੋਬੀ ਵੀ ਚਲਾ ਗਿਆ। ਤੁਰਨੋ ਪਹਿਲਾਂ ਉਸ ਨੇ ਮੁਰਲੀ ਦਾ ਨਾਂ ਪੁੱਛਿਆ ਤਾਂ ਮੁਰਲੀ ਨੇ ਕਿਹਾ ਕਿ ਮੇਰਾ ਨਾਂ ਹੈ ‘ਕੱਲ੍ਹ-ਦੁਪਹਿਰੇ।’ ਧੋਬੀ ਦੇ ਜਾਣ ਪਿੱਛੋਂ ਮੁਰਲੀ ਨੇ ਵਧੀਆ-ਵਧੀਆ ਸੂਟ ਤੇ ਸਾੜ੍ਹੀਆਂ ਦੀ ਪੰਡ ਬੰਨ੍ਹ ਕੇ ਘੋੜੇ ’ਤੇ ਰੱਖੀ ਤੇ ਤੁਰਦਾ ਬਣਿਆ। ਧੋਬੀ ਜਦੋਂ ਵਿਆਹ ਵਾਲੇ ਘਰੋਂ ਖਾਲੀ ਹੱਥ ਵਾਪਸ ਆਇਆ ਤਾਂ ਸਭ ਕੱਪੜੇ ਗਾਇਬ ਵੇਖ ਕੇ ਸੁੰਨ ਹੋ ਗਿਆ। ਉਸ ਨੇ ਲੋਕਾਂ ਕੋਲ ਸ਼ਿਕਾਇਤਾਂ ਕੀਤੀਆਂ ਕਿ ਕੱਲ੍ਹ ਦੁਪਹਿਰੇ ਮੇਰੇ ਕੱਪੜੇ ਚੋਰੀ ਕਰਕੇ ਲੈ ਗਿਆ ਹੈ। ਲੋਕ ਕਹਿੰਦੇ ਕੱਲ੍ਹ ਦੁਪਹਿਰੇ ਕੱਪੜੇ ਚੋਰੀ ਹੋਏ ਸਨ ਤਾਂ ਕੱਲ੍ਹ ਦੱਸਦਾ। ਅੱਜ ਕੀ ਕੀਤਾ ਜਾ ਸਕਦਾ ਹੈ।
ਉੱਧਰ ਮੁਰਲੀ ਕਿਸੇ ਹੋਰ ਪਿੰਡ ਵੱਲ ਨੂੰ ਨਿੱਕਲ ਤੁਰਿਆ। ਰਸਤੇ ਵਿੱਚ ਇੱਕ ਬੁੱਢੀ ਔਰਤ ਤੇ ਉਸ ਦੀ ਜਵਾਨ ਧੀ ਤੁਰੀਆਂ ਜਾ ਰਹੀਆਂ ਸਨ। ਵੇਖ ਕੇ ਮੁਰਲੀ ਦੇ ਦਿਮਾਗ਼ ਦੀ ਚੱਕਰੀ ਫਿਰ ਘੁੰਮ ਗਈ। ਇੱਕ ਨਵੀਂ ਵਿਉਂਤ ਉਸ ਦੇ ਦਿਮਾਗ ਵਿੱਚ ਆ ਗਈ। ਉਹ ਬੁੱਢੀ ਔਰਤ ਨੂੰ ਪਿਆਰ ਨਾਲ ਸੰਬੋਧਿਨ ਹੁੰਦਿਆਂ ਬੋਲਿਆ, ‘‘ਲੈ ਮਾਤਾ ਜੀ, ਤੁਸੀਂ ਬੁੱਢੇ ਵਾਰੇ ਤੁਰੇ ਜਾ ਰਹੇ ਓ! ਥੱਕ ਜਾਵੋਗੇ। ਆਓ ਮੇਰੇ ਘੋੜੇ ’ਤੇ ਬੈਠ ਜਾਓ। ਮੈਂ ਤੁਹਾਨੂੰ ਵਾਰੀ-ਵਾਰੀ ਘਰ ਤੱਕ ਛੱਡ ਆਉਂਦਾ ਹਾਂ।’’ ਬੁੜ੍ਹੀ ਬੋਲੀ, ‘‘ਨਾ ਵੇ ਪੁੱਤ, ਮੇਰਾ ਕੀ ਐ! ਆਹ ਮੇਰੀ ਧੀ ਤੁਰ-ਤੁਰ ਕੇ ਥੱਕੀ ਪਈ ਆ। ਇਹਨੂੰ ਬਿਠਾ ਲੈ ਘੋੜੇ ’ਤੇ। ਤੇਰਾ ਭਲਾ ਹੋਵੇ ਪੁੱਤਰਾ!’’
ਮੁਰਲੀ ਨੇ ‘‘ਚੰਗਾ ਮਾਤਾ ਜੀ, ਜਿਵੇਂ ਥੋਡੀ ਮਰਜੀ’’ ਕਹਿ ਕੇ ਕੁੜੀ ਨੂੰ ਘੋੜੇ ’ਤੇ ਬਿਠਾ ਲਿਆ। ਬੁੜ੍ਹੀ ਨੇ ਮੁਰਲੀ ਦਾ ਨਾਂ ਪੁੱਛਿਆ ਤਾਂ ਮੁਰਲੀ ਬੋਲਿਆ ਕਿ ਮੇਰਾ ਨਾਂ ਹੈ ‘ਘਰ ਜਵਾਈ’ ਤੇ ਫਿਰ ਮੁਰਲੀ ਘੋੜਾ ਭਜਾ ਕੇ ਲੈ ਗਿਆ। ਜਦੋਂ ਬੁੜ੍ਹੀ ਨੂੰ ਸਾਰੀ ਅਸਲੀਅਤ ਪਤਾ ਲੱਗੀ ਤਾਂ ਉਸ ਨੇ ਲੋਕਾਂ ਕੋਲ ਫਰਿਆਦ ਕੀਤੀ ਕਿ ਮੇਰੀ ਧੀ ਨੂੰ ਲੈ ਗਿਆ ‘ਘਰ ਜਵਾਈ’ ਤਾਂ ਲੋਕ ਕਹਿੰਦੇ, ‘‘ਮਾਤਾ ਤੇਰੀ ਧੀ ਨੂੰ ਜਵਾਈ ਹੀ ਲੈ ਕੇ ਗਿਆ ਹੈ। ਹੋਰ ਕੋਈ ਗੈਰ ਤਾਂ ਨਹੀਂ ਲੈ ਕੇ ਗਿਆ’’ ਤੇ ਅੰਤ ਮੁਰਲੀ ਜਾ ਪਹੁੰਚਿਆ ਆਪਣੇ ਘਰ। ਗਹਿਣੇ, ਕੱਪੜੇ ਤੇ ਮਠਿਆਈ ਸਮੇਤ ਬਹੂ ਮਾਂ ਦੇ ਜਾ ਹਵਾਲੇ ਕੀਤੀ।
ਦਾਜ ਸਮੇਤ ਬਹੂ ਘਰੇ ਆਈ ਵੇਖ ਮਾਂ ਦਾ ਮੱਥਾ ਠਣਕਿਆ। ਰੋ ਰਹੀ ਬਹੂ ਦੇ ਹੰਝੂਆਂ ਨੇ ਸਾਰੀ ਅਸਲੀਅਤ ਮਾਂ ਦੇ ਜ਼ਿਹਨ ਵਿੱਚ ਬਿਆਨ ਕਰ ਦਿੱਤੀ। ਕੁੱਝ ਕੁ ਪੁੱਤ ਦੀ ਕਰਤੂਤ ਉਸ ਨੂੰ ਬਹੂ ਕੋਲੋਂ ਪਤਾ ਲੱਗ ਗਈ। ਉਸ ਨੇ ਪਿੰਡ ਦੇ ਸਰਪੰਚ ਨੂੰ ਦੱਸ ਕੇ ਸਾਰੀ ਖਬਰ ਰਾਜੇ ਤੱਕ ਪਹੁਚਾ ਦਿੱਤੀ। ਰਾਜੇ ਨੇ ਪੁਲਿਸ ਭੇਜ ਕੇ ਮੁਰਲੀ ਨੂੰ ਗਿ੍ਰਫਤਾਰ ਕਰ ਲਿਆ। ਪੁਲਿਸ ਦੇ ਡੰਡੇ ਪੈਣ ਨਾਲ ਉਸ ਨੇ ਘੋੜਾ ਖੋਹਣ, ਧੋਬੀ ਲੁੱਟਣ ਤੇ ਨੈਣ ਨੂੰ ਚੁਰ ਵਿੱਚ ਸੁੱਟਣ ਤੱਕ ਸਭ ਕਹਾਣੀ ਸੱਚ-ਸੱਚ ਬਿਆਨ ਕਰ ਦਿੱਤੀ। ਉਸ ਉੱਤੇ ਮੁਕੱਦਮਾਂ ਚੱਲਿਆ। ਰਾਜੇ ਨੇ ਉਸ ਨੂੰ ਉਮਰ ਕੈਦ ਦੀ ਸਜਾ ਸੁਣਾ ਦਿੱਤੀ। ਹੁਣ ਉਹ ਜੇਲ੍ਹ ’ਚ ਬੈਠਾ ਆਪਣੀ ਕਰਨੀ ’ਤੇ ਪਛਤਾਵਾ ਕਰ ਰਿਹਾ ਸੀ।
ਓਮਕਾਰ ਸੂਦ ਬਹੋਨਾ
ਮੋ. 096540-36080
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ