ਸੁਖਬੀਰ ਬਾਦਲ ਨੇ ਲੌਂਗੋਵਾਲ ਦਾ ਦੌਰਾ ਕੀਤਾ ਰੱਦ
ਲੰਮੇ ਸਮੇਂ ਬਾਅਦ ਪਹਿਲੀ ਵਾਰ ਸਿਆਸੀ ਪਾਰਟੀ ਦਾ ਸ਼ਰਧਾਂਜਲੀ ਸਮਾਗਮ ਦਾ ਰੰਗ ਪਿਆ ਫਿੱਕਾ
ਲੌਂਗੋਵਾਲ, (ਹਰਪਾਲ/ਕਿ੍ਰਸਨ)। ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਅਤੇ ਹੋਰ ਕਿਸਾਨ ਜੱਥੇਬੰਦੀਆਂ ਵੱਲੋਂ ਦਿੱਤੇ ਸੱਦੇ ਤਹਿਤ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ’ਤੇ ਸ਼ਰਧਾਂਜਲੀ ਸਮਾਗਮ ਦੌਰਾਨ ਸਿਆਸੀ ਲੀਡਰਾਂ ਦਾ ਜੋਰਦਾਰ ਵਿਰੋਧ ਕੀਤਾ ਗਿਆ ਬੇਸ਼ੱਕ ਕੈਬੋਵਾਲ ਸਾਹਿਬ ਵਿਖੇ ਜਿੱਥੇ ਸੰਤ ਲੌਂਗੋਵਾਲ ਜੀ ਨੇ ਸਮਾਂ ਬਤੀਤ ਕੀਤਾ, ਲੋਕਾਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਪਰ ਅਨਾਜ ਮੰਡੀ ’ਚ ਕੋਈ ਵੀ ਰੌਣਕ ਦੇਖਣ ਨੂੰ ਨਹੀਂ ਮਿਲੀ ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅੱਜ ਪਹਿਲਾਂ ਯੂਥ ਵਿੰਗ ਦੀ ਅਗਵਾਈ ਹੇਠ ਵੱਡੀ ਗਿਣਤੀ ਨੌਜਵਾਨ ਅਤੇ ਕਿਸਾਨ ਦਾਣਾ ਮੰਡੀ ਨੇੜੇ ਇਕੱਠੇ ਹੋਏ ।
ਜਦੋਂ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਸਾਧੂ ਸਿੰਘ ਧਰਮਸੋਤ ਦਾਣਾ ਮੰਡੀ ਵਿਖੇ ਪਹੁੰਚੇ ਤਾਂ ਕਿਸਾਨਾਂ ਨੇ ਰੋਸ ਵਜੋਂ ਬੈਰੀਕੇਡ ਹਟਾ ਦਿੱਤੇ ਲੋਕਾਂ ਦੇ ਰੋਹ ਨੂੰ ਦੇਖਦਿਆਂ ਮੰਤਰੀਆਂ ਨੂੰ ਆਪਣਾ ਪ੍ਰੋਗਰਾਮ ਵਿਚਕਾਰ ਛੱਡਣਾ ਪਿਆ। ਇਸਤੋਂ ਬਾਦ ਕਿਸਾਨਾਂ ਨੇ ਡਰੇਨ ਦੇ ਪੁਲ ’ਤੇ ਸੁਖਦੇਵ ਸਿੰਘ ਢੀਂਡਸਾ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਇਸ ਦੌਰਾਨ ਕਿਸਾਨਾਂ ਨੂੰ ਜਦੋਂ ਸੁਖਬੀਰ ਬਾਦਲ ਦੇ ਆਉਣ ਦੀ ਭਿਣਕ ਪਈ ਤਾਂ ਕਿਸਾਨਾਂ ਦਾ ਕਾਫਲਾ ਬੈਰੀਕੇਡ ਹਟਾਉਂਦਾ ਅਕਾਲੀਆਂ ਦੇ ਪ੍ਰੋਗਰਾਮ ਵੱਲ ਵਧਿਆ ਤਾਂ ਇਸ ਗੱਲ ਦਾ ਪਤਾ ਲੱਗਣ ’ਤੇ ਸੁਖਬੀਰ ਬਾਦਲ ਨੇ ਆਪਣਾ ਲੌਂਗੋਵਾਲ ਦਾ ਦੌਰਾ ਰੱਦ ਕਰ ਦਿੱਤਾ ਸੁਖਬੀਰ ਬਾਦਲ ਦੀ ਜਗ੍ਹਾ ਆਏ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਵੀ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ।
ਇਸ ਸਬੰਧੀ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਯੂਥ ਵਿੰਗ ਦੇ ਜ਼ਿਲ੍ਹਾ ਕਨਵੀਨਰ ਬਹਾਦਰਪੁਰ, ਜ਼ਿਲ੍ਹਾ ਮੀਤ ਪ੍ਰਧਾਨ ਸੁਰਿੰਦਰ ਸਿੰਘ ਲੌਂਗੋਵਾਲ, ਮਨਦੀਪ ਲਿੱਦੜਾਂ, ਲਖਵਿੰਦਰ ਸਿੰਘ ਉਭਾਵਾਲ, ਰਵਿੰਦਰ ਸਿੰਘ ਤਕੀਪੁਰ, ਤੇਜਿੰਦਰ ਸਿੰਘ ਢੱਡਰੀਆਂ, ਬੱਗਾ ਬਹਾਦਰਪੁਰ ਔਰਤ ਵਿੰਗ ਦੇ ਜ਼ਿਲ੍ਹਾ ਆਗੂ ਸੰਦੀਪ ਕੌਰ, ਚਰਨਜੀਤ ਕੌਰ ਤਕੀਪੁਰ ਅਤੇ ਗੁਰਪ੍ਰੀਤ ਕੌਰ ਢੱਡਰੀਆਂ ਨੇ ਕਿਹਾ ਕਿ ਇੱਕ ਪਾਸੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦਾ ਵਿਰੋਧ ਕਰਦਿਆਂ ਦਿੱਲੀ ਦੀਆਂ ਬਰੂਹਾਂ ’ਤੇ ਸਾਡੇ ਕਰੀਬ 600 ਕਿਸਾਨ ਸ਼ਹੀਦ ਹੋ ਚੁੱਕੇ ਹਨ , ਉਥੇ ਇਹ ਸਿਆਸੀ ਲੀਡਰ ਕਾਨੂੰਨ ਰੱਦ ਕਰਾਉਣ ਲਈ ਕਿਸਾਨਾਂ ਦੇ ਹੱਕ ’ਚ ਖੜਨ ਦੀ ਬਜਾਏ ਪੰਜਾਬ ’ਚ ਚੋਣਾਂ ਦਾ ਮਾਹੌਲ ਬਣਾਉਣਾ ਚਾਹੁੰਦੇ ਹਨ। ਇਸ ਕਰਕੇ ਇਨ੍ਹਾਂ ਸਿਆਸੀ ਲੀਡਰਾਂ ਖਿਲਾਫ ਲੋਕਾਂ ਦੇ ਮਨਾਂ ’ਚ ਭਾਰੀ ਗੁੱਸਾ ਹੈ ਜਿਸਦਾ ਪ੍ਰਗਟਾਵਾ ਅੱਜ ਹੋਇਆ ਹੈ।
ਆਗੂਆਂ ਨੇ ਕਿਹਾ ਕਿ ਅੱਗੇ ਤੋਂ ਜੋ ਵੀ ਲੀਡਰ ਪਿੰਡਾਂ ’ਚ ਆਉਣਗੇ ਉਨ੍ਹਾਂ ਦਾ ਡਟਵਾਂ ਵਿਰੋਧ ਜਾਰੀ ਰਹੇਗਾ। ਇਸ ਰੋਸ ਪ੍ਰਦਰਸ਼ਨ ਵਿੱਚ ਜਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ , ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਲੌਂਗੋਵਾਲ, ਜਿਲ੍ਹਾ ਸਕੱਤਰ ਦਰਸ਼ਨ ਕੁੰਨਰਾਂ, ਕਰਮਜੀਤ ਸਤੀਪੁਰਾ, ਅਵਤਾਰ ਸਿੰਘ ਸਾਹੋਕੇ, ਬਲਿਹਾਰ ਸਿੰਘ ਰੱਤੋਕੇ, ਛਿੰਦਾ ਸਿੰਘ ਲਿੱਦੜਾਂ, ਮਿੰਟੂ ਬਡਰੁੱਖਾਂ, ਜੱਗੀ ਬਰਾੜ, ਬੱਗਾ ਸਿੰਘ ਭਾਈ ਕੀ ਸਮਾਧ ਸਮੇਤ ਸੈਂਕੜੇ ਕਿਸਾਨ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ