ਮਜੀਠੀਆ ਜਾਂ ਅਕਾਲੀ ਵਿਧਾਇਕਾਂ ਖ਼ਿਲਾਫ਼ ਕਾਰਵਾਈ ਕਰਨਾ ਤਾਂ ਦੂਰ, ਡੇਢ ਸਾਲ ਤੋਂ ਏਜੰਡੇ ’ਚ ਨਹੀਂ ਕੀਤਾ ਗਿਆ ਸ਼ਾਮਲ
- 2017 ਦੇ ਬਜਟ ਸੈਸ਼ਨ ਦੌਰਾਨ ਤੋਂ ਸੁਖਬੀਰ ਬਾਦਲ ਅਤੇ ਪਵਨ ਟੀਨੂੰ ਖ਼ਿਲਾਫ਼ ਪਾਸ ਹੋਇਆ ਸੀ ਮਤਾ
ਅਸ਼ਵਨੀ ਚਾਵਲਾ) ਚੰਡੀਗੜ੍ਹ। ਅਕਾਲੀ ਵਿਧਾਇਕਾਂ ਖ਼ਾਸ ਕਰਕੇ ਬਿਕਰਮ ਮਜੀਠੀਆ ਖ਼ਿਲਾਫ਼ ਵਿਸ਼ੇਸ਼ ਅਧਿਕਾਰ ਉਲੰਘਣ ਦੇ ਮਾਮਲੇ ’ਚ ਪਿਛਲੇ ਡੇਢ ਸਾਲ ਤੋਂ ਕੋਈ ਕਾਰਵਾਈ ਨਹੀਂ ਹੋਈ ਵਿਸ਼ੇਸ਼ ਅਧਿਕਾਰ ਕਮੇਟੀ ’ਚ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਮੈਂਬਰ ਵੀ ਸ਼ਾਮਲ ਹਨ, ਜੋ ਅਕਾਲੀਆਂ ਖਿਲਾਫ਼ ਕਾਰਵਾਈ ਦਾ ਦਿਨ-ਰਾਤ ਰਾਗ ਅਲਾਪ ਰਹੇ ਸਨ ਅਕਾਲੀ ਵਿਧਾਇਕਾਂ ਖ਼ਿਲਾਫ਼ ਕੋਈ ਕਾਰਵਾਈ ਕਰਨਾ ਤਾਂ ਦੂਰ ਵਿਸ਼ੇਸ਼ ਅਧਿਕਾਰ ਕਮੇਟੀ ਨੇ ਉਨ੍ਹਾਂ ਨੂੰ ਤਲਬ ਤੱਕ ਨਹੀਂ ਕੀਤਾ ਹੈ। ਇਨ੍ਹਾਂ ਨੂੰ ਤਲਬ ਕਰਨ ਸਬੰਧੀ ਕੋਈ ‘ਏਜੰਡਾ’ ਨਹੀਂ ਆਇਆ, ਜਿਸ ਕਾਰਨ ਵਿਧਾਨ ਸਭਾ ਵਿੱਚ ਸਾਰੇ ਅਕਾਲੀ ਵਿਧਾਇਕਾਂ ਖ਼ਿਲਾਫ਼ ਵਿਸ਼ੇਸ਼ ਅਧਿਕਾਰ ਉਲੰਘਣਾ ਦਾ ਮਤਾ ਪਾਸ ਹੋਣ ਦੇ ਬਾਵਜੂਦ ਇਨ੍ਹਾਂ ਦੋਵਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਹਾਲਾਤ ਤਾਂ ਇਹੋ ਜਿਹੇ ਹਨ ਕਿ ਜਿਹੜੀਆਂ ਫਾਈਲਾਂ ਵਿੱਚ ਬਿਕਰਮ ਮਜੀਠੀਆ ਅਤੇ ਅਕਾਲੀ ਵਿਧਾਇਕਾਂ ਦਾ ਨਾਂਅ ਦਰਜ ਹੈ, ਉਹ ਫਾਈਲ ਕਦੇ ਬਾਹਰ ਹੀ ਨਹੀਂ ਆਉਂਦੀ ਅਤੇ ਇਸ ਸਮੇਂ ਉਹ ਫਾਈਲ ਕਿਸੇ ਅਲਮਾਰੀ ਵਿੱਚ ਬੰਦ ਕੀਤੀ ਹੋਈ ਹੈ।
ਜਾਣਕਾਰੀ ਅਨੁਸਾਰ ਪਿਛਲੇ ਸਾਲ 28 ਫਰਵਰੀ 2020 ਨੂੰ ਵਿਧਾਨ ਸਭਾ ਵਿੱਚ ਮਨਪ੍ਰੀਤ ਬਾਦਲ ਵੱਲੋਂ ਬਜਟ ਪੇਸ਼ ਕੀਤਾ ਜਾਣਾ ਸੀ। ਪੰਜਾਬ ਵਿਧਾਨ ਸਭਾ ਵਿੱਚ ਬਜਟ ਪੇਸ਼ ਕਰਨ ਲਈ ਮਨਪ੍ਰੀਤ ਬਾਦਲ ਆਪਣੀ ਕੋਠੀ ਤੋਂ ਰਵਾਨਾ ਹੁੰਦੇ, ਇਸ ਤੋਂ ਪਹਿਲਾਂ ਹੀ ਬਿਕਰਮ ਮਜੀਠੀਆ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਅਤੇ ਵਰਕਰਾਂ ਨੇ ਮਨਪ੍ਰੀਤ ਬਾਦਲ ਦੀ ਕੋਠੀ ਦਾ ਘਿਰਾਓ ਕਰਦੇ ਹੋਏ ਗੇਟ ਨੂੰ ਲਗਭਗ ਸੀਲ ਕਰ ਦਿੱਤਾ ਗਿਆ, ਜਿਸ ਕਾਰਨ ਲੱਖ ਕੋਸ਼ਿਸ਼ ਕਰਨ ਤੋਂ ਬਾਅਦ ਵੀ ਮਨਪ੍ਰੀਤ ਬਾਦਲ ਬਾਹਰ ਨਹੀਂ ਆ ਸਕੇ। ਇਥੇ ਹੀ ਦੂਜੇ ਪਾਸੇ ਪੰਜਾਬ ਵਿਧਾਨ ਸਭਾ ਵਿੱਚ ਸੈਸ਼ਨ ਦੀ ਕਾਰਵਾਈ ਸ਼ੁਰੂ ਹੋ ਗਈ।
ਬਜਟ 11 ਵਜੇ ਪੇਸ਼ ਹੋਣਾ ਸੀ ਪਰ ਮਨਪ੍ਰੀਤ ਬਾਦਲ ਤੈਅ ਸਮੇਂ ਦੌਰਾਨ ਹੀ ਸਦਨ ਵਿੱਚ ਪੁੱਜ ਨਾ ਸਕੇ, ਜਿਸ ਕਾਰਨ ਸਦਨ ਦੀ ਕਾਰਵਾਈ ਨੂੰ 20 ਮਿੰਟਾਂ ਲਈ ਮੁਲਤਵੀ ਤੱਕ ਕਰਨਾ ਪਿਆ ਸੀ। ਜਿਸ ਤੋਂ ਬਾਅਦ ਕਿਸੇ ਤਰੀਕੇ ਚੰਡੀਗੜ੍ਹ ਪੁਲਿਸ ਮਨਪ੍ਰੀਤ ਬਾਦਲ ਨੂੰ ਕੋਠੀ ਤੋਂ ਲੈ ਕੇ ਵਿਧਾਨ ਸਭਾ ਵਿੱਚ ਪੁੱਜੀ ਅਤੇ 20 ਮਿੰਟ ਸਦਨ ਵਿੱਚ ਬਜਟ ਪੇਸ਼ ਕਰਨ ਦੀ ਕਾਰਵਾਈ ਸ਼ੁਰੂ ਹੋਈ। ਇਸ ਦੌਰਾਨ ਸੰਸਦੀ ਕਾਰਜ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਸਦਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਖ਼ਿਲਾਫ਼ ਵਿਸ਼ੇਸ਼ ਅਧਿਕਾਰ ਉਲੰਘਣਾ ਦਾ ਮਤਾ ਪੇਸ਼ ਕਰਦੇ ਹੋਏ ਪਾਸ ਕਰਵਾਇਆ ਸੀ। ਇਸ ਮਤੇ ਨੂੰ ਸਦਨ ਦੀ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਭੇਜਦੇ ਹੋਏ ਕਾਰਵਾਈ ਕਰਨ ਦੀ ਸਿਫ਼ਾਰਸ਼ ਸਦਨ ਵੱਲੋਂ ਕੀਤੀ ਗਈ ਸੀ। ਇਸ ਦੇ ਬਾਵਜੂਦ ਪਿਛਲੇ ਡੇਢ ਸਾਲ ਦੌਰਾਨ ਇਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਖ਼ਿਲਾਫ਼ ਕੋਈ ਵੀ ਕਾਰਵਾਈ ਵਿਸ਼ੇਸ਼ ਅਧਿਕਾਰ ਕਮੇਟੀ ਵੱਲੋਂ ਨਹੀਂ ਕੀਤੀ ਗਈ ਅਤੇ ਇਹ ਮਾਮਲਾ ਲਟਕਦਾ ਆ ਰਿਹਾ ਹੈ।
ਪਵਨ ਟੀਨੂੰ ਖ਼ਿਲਾਫ਼ ਸਾਢੇ 4 ਸਾਲਾਂ ’ਚ ਨਹੀਂ ਹੋਈ ਕੋਈ ਕਾਰਵਾਈ
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਪਵਨ ਟੀਨੂੰ ਖ਼ਿਲਾਫ਼ ਕਾਂਗਰਸ ਸਰਕਾਰ ਦੇ ਪਹਿਲੇ ਬਜਟ ਸੈਸ਼ਨ ਵਿੱਚ ਹੀ ਵਿਸ਼ੇਸ਼ ਅਧਿਕਾਰ ਉਲੰਘਣਾ ਦਾ ਮਤਾ ਪੇਸ਼ ਕਰ ਦਿੱਤਾ ਗਿਆ ਸੀ। ਇਸ ਮਤੇ ਵਿੱਚ ਸੁਖਬੀਰ ਬਾਦਲ ਦਾ ਵੀ ਨਾਂਅ ਦਰਜ ਪਰ ਸੁਖਬੀਰ ਬਾਦਲ ਸਣੇ ਪਵਨ ਕੁਮਾਰ ਟੀਨੂੰ ਖ਼ਿਲਾਫ਼ ਪਿਛਲੇ ਸਾਢੇ 4 ਸਾਲਾਂ ਦੌਰਾਨ ਕੋਈ ਕਾਰਵਾਈ ਨਹੀਂ ਹੋਈ । ਹੁਣ ਤਾਂ ਇਨ੍ਹਾਂ ਨੂੰ ਨੋਟਿਸ ਵੀ ਨਹੀਂ ਕੀਤਾ ਜਾਂਦਾ ਹੈ।
ਕਮੇਟੀ ’ਚ ਸ਼ਾਮਲ ਆਪ ਅਤੇ ਅਕਾਲੀ ਵਿਧਾਇਕਾਂ ਨੂੰ ਜਾਣਕਾਰੀ ਤੱਕ ਨਹੀਂ
ਵਿਸ਼ੇਸ਼ ਅਧਿਕਾਰ ਕਮੇਟੀ ਵਿੱਚ ਸ਼ਾਮਲ ਆਮ ਆਦਮੀ ਪਾਰਟੀ ਅਤੇ ਅਕਾਲੀ ਵਿਧਾਇਕਾਂ ਨੂੰ ਇਸ ਮਾਮਲੇ ਸਬੰਧੀ ਕੋਈ ਜਾਣਕਾਰੀ ਹੀ ਨਹੀਂ ਹੈ। ਆਪ ਵਿਧਾਇਕ ਬਲਜਿੰਦਰ ਕੌਰ ਨੇ ਕਿਹਾ ਕਿ ਉਹ ਇਸ ਕਮੇਟੀ ਵਿੱਚ ਇਸੇ ਸਾਲ ਅਪਰੈਲ ਵਿੱਚ ਆਏ ਹਨ ਇਸ ਲਈ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਮਾਮਲੇ ਬਾਰੇ ਕੋਈ ਜਾਣਕਾਰੀ ਨਹੀਂ । ਇਥੇ ਹੀ ਅਕਾਲੀ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਕਮੇਟੀ ਦੇ ਚੇਅਰਮੈਨ ਨੇ ਹੀ ਮੀਟਿੰਗ ਦਾ ਏਜੰਡਾ ਤੈਅ ਕਰਨਾ ਹੁੰਦਾ ਹੈ, ਉਨ੍ਹਾਂ ਵੱਲੋਂ ਏਜੰਡੇ ਵਿੱਚ ਇਸ ਸਬੰਧੀ ਕੁਝ ਵੀ ਕਦੇ ਨਹੀਂ ਭੇਜਿਆ।
ਮੇਰੀ ਜਾਣਕਾਰੀ ਵਿੱਚ ਨਹੀਂ ਐ, ਦਫ਼ਤਰ ਤੋਂ ਕਰਵਾਇਆ ਜਾਏਗਾ ਚੈੱਕ : ਕੁਸ਼ਲਦੀਪ ਢਿੱਲੋਂ
ਵਿਸ਼ੇਸ਼ ਅਧਿਕਾਰ ਕਮੇਟੀ ਦੇ ਚੇਅਰਮੈਨ ਕੁਸ਼ਲਦੀਪ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ ਵਿੱਚ ਇਹੋ ਜਿਹਾ ਮਾਮਲਾ ਨਹੀਂ ਹੈ, ਜਿਸ ਵਿੱਚ ਬਿਕਰਮ ਮਜੀਠੀਆ ਅਤੇ ਸਾਰੇ ਅਕਾਲੀ ਵਿਧਾਇਕਾਂ ਖ਼ਿਲਾਫ਼ ਮਤਾ ਪਾਸ ਹੋ ਕੇ ਆਇਆ ਹੋਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਰੀ ਜਾਣਕਾਰੀ ਦਫ਼ਤਰ ਤੋਂ ਚੈੱਕ ਕਰਵਾਈ ਜਾਏਗੀ, ਉਸ ਤੋਂ ਬਾਅਦ ਹੀ ਜ਼ਿਆਦਾ ਕੁਝ ਕਿਹਾ ਜਾ ਸਕਦਾ ਹੈ। ਅਗਲੇ ਹਫ਼ਤੇ ਸ਼ੁੱਕਰਵਾਰ ਨੂੰ ਕਮੇਟੀ ਦੀ ਮੀਟਿੰਗ ਵਿੱਚ ਇਸ ਸਬੰਧੀ ਚੈੱਕ ਕੀਤਾ ਜਾਏਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ