ਸਾਰਿਆਂ ਨਾਲੋਂ ਸੀਨੀਅਰ ਕੈਬਨਿਟ ਮੰਤਰੀ ਨੇ ਸਾਥੀ ਮੰਤਰੀਆਂ ਨੂੰ ਅੜਨ ਲਈ ਕਿਹਾਟ
- ਵਿਧਾਨ ਸਭਾ ’ਚ ਦੋਵੇਂ ਬੈਠਦੇ ਸਨ ਇੱਕੋ ਬੈਂਚ ’ਤੇ ਇਕੱਠੇ, ਹੁਣ ਮਿਲਣਾ ਤੱਕ ਨਹੀਂ ਚਾਹੁੰਦੇ ਬ੍ਰਹਮ ਮਹਿੰਦਰਾ
(ਅਸ਼ਵਨੀ ਚਾਵਲਾ), ਚੰਡੀਗੜ੍ਹ। ਨਵਜੋਤ ਸਿੱਧੂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੁਆਫ਼ੀ ਮੰਗਣ, ਉਸ ਤੋਂ ਬਾਅਦ ਹੀ ਨਵਜੋਤ ਸਿੱਧੂ ਨਾਲ ਮਿਲਣਾ ਹੈ ਜਾਂ ਨਹੀਂ, ਫਿਰ ਇਸ ਸਬੰਧੀ ਵਿਚਾਰ ਕਰਾਂਗਾ ਪਰ ਅਮਰਿੰਦਰ ਸਿੰਘ ਨਾਲ ਸੁਲ੍ਹਾ ਕਰਨ ਤੋਂ ਪਹਿਲਾਂ ਨਵਜੋਤ ਸਿੱਧੂ ਨਾਲ ਮੁਲਾਕਾਤ ਕਰਨ ਦਾ ਸੁਆਲ ਹੀ ਨਹੀਂ ਉੱਠਦਾ ਹੈ। ਪੰਜਾਬ ਦੇ ਸਾਰਿਆਂ ਨਾਲੋਂ ਸੀਨੀਅਰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਮਿਲਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਅਮਰਿੰਦਰ ਸਿੰਘ ਦੇ ਹੱਕ ਵਿੱਚ ਇਸ ਤਰ੍ਹਾਂ ਦਾ ਬਿਆਨ ਕੈਬਨਿਟ ਵਿੱਚੋਂ ਪਹਿਲੇ ਮੰਤਰੀ ਦਾ ਆਇਆ ਹੈ।
ਬ੍ਰਹਮ ਮਹਿੰਦਰਾ ਦੇ ਇਸ ਤਰ੍ਹਾਂ ਦਾ ਬਿਆਨ ਆਉਣ ਤੋਂ ਬਾਅਦ ਹਰ ਕੋਈ ਹੈਰਾਨ ਹੈ, ਕਿਉਂਕਿ ਨਵਜੋਤ ਸਿੱਧੂ ਦੇ ਪਿਤਾ ਨਾਲ ਬ੍ਰਹਮ ਮਹਿੰਦਰਾ ਦੇ ਚੰਗੇ ਸਬੰਧ ਸਨ ਅਤੇ ਦੋਵਾਂ ਨੇ ਸਿਆਸੀ ਜੀਵਨ ਦੀ ਸ਼ੁਰੂਆਤ ਵਿੱਚ ਕਾਫ਼ੀ ਸਮਾਂ ਇਕੱਠੇ ਬਿਤਾਇਆ ਹੈ। ਇਥੇ ਹੀ ਵਿਧਾਨ ਸਭਾ ਦੇ ਅੰਦਰ ਬ੍ਰਹਮ ਮਹਿੰਦਰਾ ਅਤੇ ਨਵਜੋਤ ਸਿੱਧੂ ਇਕੋ ਹੀ ਬੈਂਚ ’ਤੇ ਬੈਠਦੇ ਹੋਏ ਕੰਮ ਕਰਦੇ ਸਨ। ਦੋਵਾਂ ਵਿਚਕਾਰ ਦੋਸਤੀ ਵਿਧਾਨ ਸਭਾ ਦੇ ਅੰਦਰ ਵੀ ਦਿਖਾਈ ਦਿੰਦੀ ਸੀ ਪਰ ਅਮਰਿੰਦਰ ਸਿੰਘ ਦੇ ਮਾਮਲੇ ਵਿੱਚ ਬ੍ਰਹਮ ਮਹਿੰਦਰਾ ਨੇ ਨਵਜੋਤ ਸਿੱਧੂ ਤੋਂ ਆਪਣੇ ਹੱਥ ਪਿੱਛਾਂਹ ਖਿੱਚ ਲਏ ਹਨ।
ਬ੍ਰਹਮ ਮਹਿੰਦਰਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਿਯੁਕਤ ਕਾਂਗਰਸ ਹਾਈ ਕਮਾਨ ਨੇ ਕੀਤਾ ਹੈ, ਇਸ ਲਈ ਉਹ ਨਵਜੋਤ ਦਾ ਸੁਆਗਤ ਕਰਦੇ ਹਨ ਪਰ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਆਪਣੇ ਮਸਲਿਆਂ ਨੂੰ ਨਿਪਟਾਉਣ ਤੱਕ ਉਨ੍ਹਾਂ ਨਾਲ ਨਿੱਜੀ ਮੁਲਾਕਾਤ ਕਿਸੇ ਵੀ ਹਾਲਤ ਵਿੱਚ ਨਹੀਂ ਕਰਨਗੇ।
ਬ੍ਰਹਮ ਮਹਿੰਦਰਾ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਵਿਧਾਇਕ ਦਲ ਦੇ ਆਗੂ ਹਨ ਅਤੇ ਮੁੱਖ ਮੰਤਰੀ ਕੈਬਨਿਟ ਦੇ ਮੁਖੀ ਵੀ ਹਨ, ਜਿਸ ਦਾ ਕਿ ਉਹ (ਬ੍ਰਹਮ ਮਹਿੰਦਰਾ ) ਹਿੱਸਾ ਵੀ ਹਨ। ਇਸ ਕਰਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਬਾਹਰ ਉਹ ਕਿਸੇ ਵੀ ਹਾਲਤ ਵਿੱਚ ਨਹੀਂ ਹੋ ਸਕਦੇ ਹਨ। ਅਮਰਿੰਦਰ ਸਿੰਘ ਨਾਲ ਨਵਜੋਤ ਸਿੱਧੂ ਪਹਿਲਾਂ ਮੁਲਾਕਾਤ ਕਰਦੇ ਹੋਏ ਮਾਮਲੇ ਨੂੰ ਸੁਲਝਾ ਲੈਣ, ਉਸ ਤੋਂ ਬਾਅਦ ਹੀ ਉਹ ਨਵਜੋਤ ਸਿੱਧੂ ਨਾਲ ਮੁਲਾਕਾਤ ਕਰਨ ਬਾਰੇ ਸੋਚਣਗੇ।
ਬ੍ਰਹਮ ਮਹਿੰਦਰਾ ਨੇ ਕਿਹਾ, ‘‘ਇਹ ਸਾਡੀ ਸਮੂਹਿਕ ਜਿੰਮੇਵਾਰੀ ਹੈ ਅਤੇ ਇਸ ਲਈ ਮੈਂ ਉਦੋਂ ਤੱਕ ਨਵੇਂ ਪ੍ਰਧਾਨ ਨਾਲ ਮੁਲਾਕਾਤ ਕਰਨ ਤੋਂ ਗੁਰੇਜ਼ ਕਰਾਂਗਾ , ਜਦੋਂ ਤੱਕ ਉਨ੍ਹਾਂ ਅਤੇ ਮੁੱਖ ਮੰਤਰੀ ਦਰਮਿਆਨ ਸਾਰੇ ਮਸਲੇ ਹੱਲ ਨਹੀਂ ਹੋ ਜਾਂਦੇ।’’ ਇਥੇ ਹੀ ਬ੍ਰਹਮ ਮਹਿੰਦਰਾ ਨੇ ਬਾਕੀ ਕੈਬਨਿਟ ਮੰਤਰੀਆਂ ਨੂੰ ਵੀ ਸਾਫ਼ ਇਸ਼ਾਰਾ ਕਰ ਦਿੱਤਾ ਹੈ ਕਿ ਉਹ ਨਵਜੋਤ ਸਿੱਧੂ ਤੋਂ ਦੂਰੀ ਬਣਾ ਕੇ ਰੱਖਣ ਅਤੇ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਵਿਚਕਾਰ ਸੁਲ੍ਹਾ ਹੋਣ ਤੱਕ ਇੰਤਜ਼ਾਰ ਕਰਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ