ਚੰਡੀਗੜ ਅਤੇ ਮੁਹਾਲੀ ਵਿਖੇ ਟੀਮ ਨੇ ਸ਼ੁਰੂ ਕੀਤਾ ਕੰਮ, ਸਰਕਾਰੀ ਸਹਿਯੋਗ ਵੀ ਲੈ ਰਹੀ ਐ ਟੀਮ
-
ਅਮਰਿੰਦਰ ਸਿੰਘ ਦੇ ਆਲ਼ੇ ਦੁਆਲੇ ਰਹੇਗਾ ਪ੍ਰਚਾਰ ਦਾ ਪ੍ਰੋਗਰਾਮ, ਅਗਸਤ ਤੋਂ ਸ਼ੁਰੂ ਹੋਏਗਾ ਪ੍ਰਚਾਰ
ਅਸ਼ਵਨੀ ਚਾਵਲਾ, ਚੰਡੀਗੜ। ਪੰਜਾਬ ਸਰਕਾਰ ਵਿੱਚ ਚੱਲ ਰਹੇ ਆਪਸੀ ਘਮਸਾਨ ਵਿੱਚ ਹੀ ਸਿਆਸੀ ਰਣਨੀਤੀਕਾਰ ਦੇ ਤੌਰ ਕੰਮ ਕਰਨ ਵਾਲੇ ਪ੍ਰਸਾਂਤ ਕਿਸ਼ੋਰ ਦੀ ਟੀਮ ਪੰਜਾਬ ਵਿੱਚ ਪੁੱਜ ਗਈ ਹੈ। ਪ੍ਰਸ਼ਾਂਤ ਕਿਸ਼ੋਰ ਦੀ ਟੀਮ ਨੇ ਆਪਣਾ ਸੈਟਅੱਪ ਤਿਆਰ ਕਰਨ ਦੇ ਨਾਲ ਹੀ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਪ੍ਰਸ਼ਾਂਤ ਕਿਸ਼ੋਰ ਦੀ ਟੀਮ ਵੱਲੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਹੀ ਵਿਧਾਨ ਸਭਾ ਚੋਣਾਂ 2022 ਵਿੱਚ ਪ੍ਰੋਜੈਕਟ ਕਰਨ ਦੀ ਤਿਆਰੀ ਵੀ ਸ਼ੁਰੂ ਦਿੱਤੀ ਹੈ ਪਰ ਇਸ ਵਾਰ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਕੁਝ ਵੱਖਰਾ ਤਿਆਰ ਕੀਤਾ ਜਾਏਗਾ।
ਇਸ ਲਈ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਵਲੋਂ ਸਰਕਾਰ ਦੇ ਅਧਿਕਾਰੀਆਂ ਤੋਂ ਵੀ ਮਦਦ ਲਈ ਜਾਏਗੀ। ਅਮਰਿੰਦਰ ਸਿੰਘ ਨੂੰ ਇਸ ਵਾਰ ਜਨਤਾ ਦੇ ਅੱਗੇ ਕਿਸ ਤਰੀਕੇ ਨਾਲ ਪੇਸ਼ ਕੀਤਾ ਜਾਵੇ ਅਤੇ ਕਿਹੜੇ ਕਿਹੜੇ ਪ੍ਰੋਗਰਾਮ ਰੱਖਣ ਦੇ ਨਾਲ ਹੀ ਉਨ੍ਹਾਂ ਦਾ ਪ੍ਰੋਗਰਾਮ ਦਾ ਨਾਂਅ ਕੀ ਹੋਏਗਾ, ਇਸ ਨੂੰ ਲੈ ਕੇ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਵਿੱਚ ਮੰਥਨ ਜ਼ੋਰਾਂ ’ਤੇ ਚਲ ਰਿਹਾ ਹੈ।
ਪ੍ਰਸ਼ਾਂਤ ਕਿਸ਼ੋਰ ਨੂੰ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਪ੍ਰਮੁੱਖ ਸਲਾਹਕਾਰ ਦਾ ਅਹੁਦਾ ਕੈਬਨਿਟ ਰੈਂਕ ਦੇ ਨਾਲ ਮਿਲਿਆ ਹੋਇਆ ਹੈ ਅਤੇ ਪ੍ਰਸ਼ਾਂਤ ਕਿਸ਼ੋਰ ਨਾਲ ਇੱਕ ਆਈ.ਏ.ਐਸ. ਅਧਿਕਾਰੀ ਨੂੰ ਵੀ ਲਗਾਇਆ ਹੋਇਆ ਹੈ, ਇਸੇ ਕਰਕੇ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਨੂੰ ਪੰਜਾਬ ਸਰਕਾਰ ਤੋਂ ਡੈਟਾ ਇਕੱਠਾ ਕਰਨ ਅਤੇ ਹੋਰ ਮਦਦ ਲਈ ਕੋਈ ਪਰੇਸ਼ਾਨੀ ਨਹੀਂ ਆ ਰਹੀ ਹੈ। ਸਰਕਾਰ ਦੀਆਂ ਪ੍ਰਾਪਤੀਆਂ ਤੋਂ ਲੈ ਕੇ ਸਰਕਾਰ ਵੱਲੋਂ ਕੀਤੇ ਗਏ ਹਰ ਛੋਟੇ ਵੱਡੇ ਕੰਮ ਦਾ ਬਰੀਕੀ ਨਾਲ ਡਾਟਾ ਤਿਆਰ ਕੀਤਾ ਜਾ ਰਿਹਾ ਹੈ। ਪ੍ਰਸ਼ਾਂਤ ਕਿਸ਼ੋਰ ਦੀ ਟੀਮ ਨੇ 15-20 ਦਿਨ ਪਹਿਲਾਂ ਹੀ ਚੰਡੀਗੜ ਦਾ ਦੌਰਾ ਕਰਦੇ ਹੋਏ ਸਾਰਾ ਕੁਝ ਦੇਖ ਲਿਆ ਸੀ, ਜਦੋਂ ਕਿ ਹੁਣ ਪਿਛਲੇ ਇੱਕ ਹਫ਼ਤੇ ਤੋਂ ਪ੍ਰਸ਼ਾਂਤ ਕਿਸ਼ੋਰ ਦੀ ਸਾਰੀ ਟੀਮ ਚੰਡੀਗੜ ਅਤੇ ਮੁਹਾਲੀ ਵਿਖੇ ਆਪਣਾ ਸੈਟਅਪ ਤਿਆਰ ਕਰਦੇ ਹੋਏ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਪ੍ਰਸ਼ਾਂਤ ਕਿਸ਼ੋਰ ਦੀ ਟੀਮ ਵਿੱਚ ਜ਼ਿਆਦਾਤਰ ਉਹ ਹੀ ਰਣਨੀਤੀਕਾਰ ਸ਼ਾਮਲ ਹਨ, ਜਿਹੜੇ ਪੰਜ ਸਾਲ ਪਹਿਲਾਂ ਵੀ ਪੰਜਾਬ ਵਿੱਚ ਕੰਮ ਕਰਕੇ ਗਏ ਹਨ। ਇਸ ਲਈ ਉਨਾਂ ਨੂੰ ਪੰਜਾਬ ਅਤੇ ਪੰਜਾਬ ਦੀ ਸਿਆਸਤ ਬਾਰੇ ਪਹਿਲਾਂ ਤੋਂ ਹੀ ਕਾਫ਼ੀ ਜਿਆਦਾ ਜਾਣਕਾਰੀ ਹੈ ਫਿਰ ਵੀ ਉਹ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਲੈਣ ਵਿੱਚ ਲੱਗੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਅਗਸਤ ਮਹੀਨੇ ਤੋਂ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਆਪਣਾ ਕੰਮ ਜੋਰ ਸ਼ੋਰ ਨਾਲ ਸ਼ੁਰੂ ਕਰ ਦੇਵੇਗੀ ਅਤੇ ਸੂਬੇ ਵਿੱਚ ਹੋਣ ਵਾਲੇ ਪ੍ਰਚਾਰ ਦੀ ਸਾਰੀ ਕਮਾਨ ਪ੍ਰਸ਼ਾਂਤ ਕਿਸ਼ੋਰ ਅਤੇ ਉਸ ਦੀ ਟੀਮ ਦੇ ਹੱਥਾ ਵਿੱਚ ਹੀ ਰਹੇਗਾ।
ਪ੍ਰਸ਼ਾਂਤ ਕਿਸ਼ੋਰ ਦੇ ਟੀਮ ਮੈਂਬਰ ਹੁਣ ਬਣੇ ਸਰਕਾਰੀ ਕਰਮਚਾਰੀ
ਪ੍ਰਸ਼ਾਂਤ ਕਿਸ਼ੋਰ ਦੀ ਟੀਮ ਵਿੱਚ ਕੰਮ ਕਰਨ ਵਾਲੇ ਕੁਝ ਟੀਮ ਮੈਂਬਰ ਪਿਛਲੇ ਕੁਝ ਸਮੇਂ ਤੋਂ ਪੰਜਾਬ ਸਰਕਾਰ ਦੇ ਹੀ ਇੱਕ ਵਿਭਾਗ ਵਿੱਚ ਕੰਮ ਕਰ ਰਹੇ ਹਨ ਅਤੇ ਉਨਾਂ ਪੰਜਾਬ ਸਰਕਾਰ ਦੇ ਵਿਭਾਗ ਵਲੋਂ ਹੀ ਮੋਟੀ ਤਨਖ਼ਾਹ ਵੀ ਦਿੱਤੀ ਜਾ ਰਹੀ ਹੈ। ਪ੍ਰਸ਼ਾਂਤ ਕਿਸ਼ੋਰ ਦੀ ਟੀਮ ਮੈਂਬਰ ਰਹੇ ਕਰਮਚਾਰੀਆਂ ਦਾ ਕੰਮ ਲਗਭਗ ਉਸੇ ਤਰੀਕੇ ਦਾ ਹੀ ਹੈ, ਜਿਹੜਾ ਕਿ ਉਹ ਸਾਲ 2017 ਦੀਆਂ ਚੋਣਾਂ ਦੇ ਸਮੇਂ ਦੌਰਾਨ ਕਰਦੇ ਸਨ ਅਤੇ ਹੁਣ ਵੀ ਸਰਕਾਰ ਵਿੱਚ ਰਹਿੰਦੇ ਹੋਏ ਉਸੇ ਤਰੀਕੇ ਦਾ ਕੰਮ ਉਹ ਕਰ ਰਹੇ ਹਨ। ਜਿਨਾਂ ਦਾ ਕੰਮ ਇੱਕ ਖ਼ਾਸ ਟਾਰਗੈਟ ਨੂੰ ਲੈ ਕੇ ਉਸ ਨੂੰ ਚਮਕਾਉਣਾ ਹੁੰਦਾ ਹੈ।
ਪ੍ਰਸ਼ਾਂਤ ਕਿਸ਼ੋਰ ਵੀ ਜਲਦ ਆਉਣਗੇ ਪੰਜਾਬ
ਪ੍ਰਸ਼ਾਂਤ ਕਿਸ਼ੋਰ ਨੇ ਹਾਲਾਂਕਿ ਪੱਛਮ ਬੰਗਾਲ ਦੀਆਂ ਚੋਣਾਂ ਤੋਂ ਬਾਅਦ ਰਣਨੀਤੀਕਾਰ ਦੇ ਕੰਮ ਨੂੰ ਛੱਡਣ ਦਾ ਐਲਾਨ ਕਰ ਦਿੱਤਾ ਸੀ ਪਰ ਉਹ ਜਲਦ ਹੀ ਪੰਜਾਬ ਵਿੱਚ ਆ ਰਹੇ ਹਨ ਅਤੇ ਉਹ ਪੰਜਾਬ ਸਰਕਾਰ ਵਿੱਚ ਰਹਿੰਦੇ ਹੋਏ ਅਮਰਿੰਦਰ ਸਿੰਘ ਲਈ ਕੰਮ ਕਰਨਗੇ। ਪ੍ਰਸ਼ਾਂਤ ਕਿਸ਼ੋਰ ਕੋਲ ਕੈਬਨਿਟ ਰੈਂਕ ਦੇ ਨਾਲ ਹੀ ਮੁੱਖ ਮੰਤਰੀ ਦਫ਼ਤਰ ਵਿੱਚ ਵੱਡਾ ਅਹੁਦਾ ਹੈ, ਇਸ ਲਈ ਉਨਾਂ ਨੂੰ ਸਰਕਾਰ ਦੇ ਅਧਿਕਾਰੀਆਂ ਤੋਂ ਵੀ ਕੰਮ ਲੈਣ ਵਿੱਚ ਕੋਈ ਪਰੇਸ਼ਾਨੀ ਨਹੀਂ ਆਉਣ ਵਾਲੀ ਹੈ।
ਸੀਨੀਅਰ ਆਈ.ਏ.ਐਸ. ਅਧਿਕਾਰੀਆਂ ਦੀ ਮੀਟਿੰਗ ਲੈ ਚੁੱਕੇ ਹਨ ਪ੍ਰਸ਼ਾਂਤ ਕਿਸ਼ੋਰ
ਪ੍ਰਸ਼ਾਂਤ ਕਿਸ਼ੋਰ 2 ਮਹੀਨੇ ਪਹਿਲਾਂ ਚੰਡੀਗੜ ਵਿਖੇ ਲਗਭਗ 4-5 ਦਿਨ ਰਹਿ ਕੇ ਗਏ ਸਨ ਅਤੇ ਪ੍ਰਸ਼ਾਂਤ ਕਿਸ਼ੋਰ ਨੇ ਇਨਾਂ 4-5 ਦਿਨਾਂ ਦੌਰਾਨ ਕਾਂਗਰਸ ਦੇ ਵਿਧਾਇਕਾਂ ਦੇ ਨਾਲ ਹੀ ਸਰਕਾਰ ਵਿੱਚ ਕੰਮ ਕਰਨ ਵਾਲੇ ਸੀਨੀਅਰ ਆਈ.ਏ.ਐਸ. ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਸੀ। ਜਿਸ ਦੌਰਾਨ ਉਨਾਂ ਨੇ ਅਧਿਕਾਰੀਆਂ ਨੂੰ ਕਾਫ਼ੀ ਡਾਟਾ ਤਿਆਰ ਕਰਨ ਦੇ ਆਦੇਸ਼ ਵੀ ਦਿੱਤੇ ਸਨ। ਪ੍ਰਸ਼ਾਂਤ ਕਿਸ਼ੋਰ ਵਲੋਂ ਪਿਛਲੀ ਵਾਰ ਆਪਣਾ ਕੈਂਪ ਆਫਿਸ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਸੈਕਟਰ 2 ਵਿੱਚ ਸਥਿਤ ਕੋਠੀ ਨੂੰ ਬਣਾਇਆ ਸੀ ਅਤੇ ਆਉਣ ਵਾਲੇ ਦਿਨਾਂ ਵਿੱਚ ਪ੍ਰਸ਼ਾਂਤ ਕਿਸ਼ੋਰ ਇਸੇ ਸਰਕਾਰੀ ਕੋਠੀ ਵਿੱਚ ਕੰਮ ਕਰ ਸਕਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।