ਸੜਕਾਂ ’ਤੇ ਖੜ੍ਹੇ ਦਰਖਤ ਡਿੱਗੇ, ਬਿਜਲੀ ਦੇ ਖੰਭੇ ਟੁੱਟੇ
ਮੋਹਾਲੀ, (ਕੁਲਵੰਤ ਕੋਟਲੀ)। ਬੀਤੀ ਦੇਰ ਰਾਤ ਆਈ ਤੇਜ਼ ਹਨ੍ਹੇਰੀ ਅਤੇ ਮੀਂਹ ਨੇ ਮੋਹਾਲੀ, ਜ਼ੀਰਕਪੁਰ ਦੇ ਲੋਕਾਂ ਦਾ ਜੀਵਨ ਅਸਤ ਵਿਅਸਤ ਕਰਕੇ ਰੱਖ ਦਿੱਤਾ। ਤੇਜ ਚੱਲੇ ਝੱਖੜ ਨੇ ਲੋਕਾਂ ਦੇ ਘਰਾਂ ਦੀਆਂ ਬੱਤੀਆਂ ਬੰਦ ਕਰ ਦਿੱਤੀਆਂ। ਛੱਤਾਂ ’ਤੇ ਲੱਗੀਆਂ ਪਾਣੀ ਦੀਆਂ ਟੈਂਕੀਆਂ ਨੂੰ ਉਖੇੜ ਸੁੱਟਿਆ। ਕਰੀਬ ਅੱਧਾ ਘੰਟਾ ਚੱਲੀ ਹਨ੍ਹੇਰੀ ਨੇ ਸ਼ਹਿਰ ਵਿੱਚ ਸੜਕਾਂ ’ਤੇ ਖੜ੍ਹੇ ਦਰਖਤਾਂ ਡਿੱਗਣ ਨਾਲ ਬਿਜਲੀ ਦੀਆਂ ਤਾਰਾਂ ਅਤੇ ਖੰਭੇ ਟੁੱਟ ਗਏ। ਸੜਕਾਂ ਉਤੇ ਖੜ੍ਹੀਆਂ ਗੱਡੀਆਂ ’ਤੇ ਦਰਖਤਾਂ ਅਤੇ ਬਿਜਲੀ ਦੇ ਖੰਭੇ ਟੁੱਟ ਕੇ ਡਿੱਗਣ ਨਾਲ ਲੋਕਾਂ ਦੇ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।
ਹਨ੍ਹੇਰੀ ਕਾਰਨ ਨੁਕਸਾਨੇ ਗਏ ਬਿਜਲੀ ਢਾਂਚੇ ਕਰਕੇ ਲੋਕਾਂ ਦੇ ਘਰਾਂ ਤੱਕ ਪਾਣੀ ਨਾ ਪਹੁੰਚ ਸਕਿਆ। ਗਰਮੀ ਦੇ ਮੌਸਮ ਵਿੱਚ ਲੋਕਾਂ ਦੇ ਇਨਵਰਟਰ ਖਤਮ ਹੋਣ ਤੋਂ ਬਾਅਦ ਘਰਾਂ ਵਿੱਚ ਬੈਠਿਆਂ ਦੇ ਪਸ਼ੀਨੇ ਲਿਆ ਦਿੱਤੇ। ਕਈ ਲੋਕਾਂ ਨੂੰ ਘਰ ’ਚ ਪੀਣ ਵਾਲਾ ਪਾਣੀ ਨਾ ਹੋਣ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਲੋਕਾਂ ਨੇ ਗੁਆਂਢੀਆਂ ਦੇ ਘਰਾਂ ਵਿੱਚੋਂ ਪਾਣੀ ਲਿਆ ਕੇ ਢੰਗ ਸਾਰਿਆ। ਬਿਜਲੀ, ਪਾਣੀ ਦੀ ਸਮੱਸਿਆ ਨੂੰ ਲੈ ਕੇ ਲੋਕ ਆਪੋ ਆਪਣੇ ਖੇਤਰ ਦੇ ਕੌਂਸਲਰਾਂ ਅਤੇ ਅਧਿਕਾਰੀਆਂ ਨੂੰ ਫੋਨ ਖੜ੍ਹਾਉਂਦੇ ਰਹੇ। ਐਤਵਾਰ ਨੂੰ ਛੁੱਟੀ ਹੋਣ ਕਾਰਨ ਦਫ਼ਤਰ ਵਿੱਚ ਜ਼ਿਆਦਾਤਰ ਮੁਲਾਜ਼ਮ ਛੁੱਟੀ ਉਤੇ ਸਨ, ਜਿਸ ਕਾਰਨ ਬਿਜਲੀ ਦੀ ਸਪਲਾਈ ਨੂੰ ਸਮੇਂ ਸਿਰ ਚਲਾਉਣ ਵਿੱਚ ਵੱਡਾ ਵਿਘਨ ਪਿਆ।
ਲੋਕਾਂ ਨੇ ਇਹ ਵੀ ਦੋਸ਼ ਲਗਾਇਆ ਕਿ ਕਈ ਅਧਿਕਾਰੀ ਤਾਂ ਫੋਨ ਹੀ ਨਹੀਂ ਚੁੱਕ ਰਹੇ, ਕੁਝ ਦਾ ਕਹਿਣਾ ਸੀ ਕਿ ਮੁਲਾਜ਼ਮਾਂ ਨੂੰ ਜਦੋਂ ਕਿਸੇ ਕਾਂਗਰਸੀ ਆਗੂ ਜਾਂ ਅਧਿਕਾਰੀ ਦਾ ਫੋਨ ਆ ਜਾਂਦਾ ਹੈ ਤਾਂ ਕੰਮ ਅੱਧ ਵਿਚਾਲੇ ਛੱਡਕੇ, ਇਹ ਕਹਿ ਕੇ ਚਲੇ ਜਾਂਦੇ ਹਨ ਕਿ ਦੂਜੇ ਪਾਸੇ ਬਹੁਤ ਜ਼ਰੂਰੀ ਕੰਮ ਆ ਗਿਆ ਹੈ। ਇਸ ਸਬੰਧੀ ਪੀਐਸਪੀਸੀ ਦੇ ਮੋਹਾਲੀ ਦੇ ਐਕਸ਼ੀਅਨ ਗੁਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਤੇਜ ਹਨ੍ਹੇਰੀ ਅਤੇ ਮੀਂਹ ਕਾਰਨ ਬਹੁਤ ਵੱਡੀ ਪੱਧਰ ਉਤੇ ਬਿਜਲੀ ਦੇ ਖੰਭੇ ਅਤੇ ਦਰਖਤ ਟੁੱਟਣ ਕਾਰਨ ਲਾਇਨਾਂ ਖਰਾਬ ਹੋ ਗਈਆਂ, ਜਿਸ ਕਾਰਨ ਮੁਲਾਜ਼ਮਾਂ ਉਤੇ ਕੰਮ ਦਾ ਬੋਝ ਪੈ ਗਿਆ ਹੈ। ਬਿਜਲੀ ਸਪਲਾਈ ਨੂੰ ਠੀਕ ਕਰਨ ਲਈ ਲਗਾਤਾਰ ਕੰਮ ਕਰ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।