ਪਟਵਾਰੀਆਂ ਵੱਲੋਂ ਵਿੱਤ ਮੰਤਰੀ ਪੰਜਾਬ ਦਾ ਅਰਥੀ ਫੂਕ ਮੁਜਾਹਰਾ

Patwaris Protest Sachkahoon

ਮਲੇਰਕੋਟਲਾ, (ਗੁਰਤੇਜ ਜੋਸ਼ੀ)। ਪਟਵਾਰ ਯੂਨੀਅਨ ਅਤੇ ਕਾਨੂੰਗੋ ਐਸ਼ੋਸ਼ੀਏਸ਼ਨ ਪੰਜਾਬ ਦੀ ਤਾਲਮੇਲ ਕਮੇਟੀ ਦੇ ਆਦੇਸ਼ ਅਨੁਸਾਰ ਅੱਜ ਤਹਿਸੀਲ ਮਾਲੇਰਕੋਟਲਾ ਵਿਖੇ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਅਤੇ ਜਿਲ੍ਹਾ ਪ੍ਰਧਾਨ ਦੀਦਾਰ ਸਿੰਘ ਛੋਕਰ ਦੀ ਰਹਿਨੁਮਾਈ ਹੇਠ ਤਹਿਸੀਲ ਮਾਲੇਰਕੋਟਲਾ ਦੇ ਸਮੂਹ ਪਟਵਾਰੀ ਸਾਹਿਬਾਨ ਅਤੇ ਕਾਨੂੰਗੋ ਸਾਹਿਬਾਨ ਨੇ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਪੰਜਾਬ ਦਾ ਅਰਥੀ ਫੂਕ ਮੁਜਾਹਰਾ ਕੀਤਾ।

ਸੂਬਾ ਪ੍ਰਧਾਨ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਪਟਵਾਰੀਆਂ ਅਤੇ ਕਾਨੂੰਗੋਆਂ ਦੀਆਂ ਹੱਕੀ ਮੰਗਾਂ ਜਿਵੇਂ ਨਵੇਂ ਪਟਵਾਰੀਆਂ ਦੀ ਪਟਵਾਰ ਟਰੇਨਿੰਗ ਦੇ ਡੇਢ ਸਾਲ ਨੂੰ ਪਰੋਬੇਸ਼ਨ ਵਿੱਚ ਮਰਜ ਕਰਕੇ ਨਵੇਂ ਪਟਵਾਰੀਆਂ ਦਾ ਪਰੋਬੇਸ਼ਨ ਦਾ ਸਮਾਂ ਸਾਢੇ ਚਾਰ ਸਾਲ ਤੋਂ ਤਿੰਨ ਸਾਲ ਕਰਨਾ, 7 ਪਟਵਾਰੀਆਂ ਪਿੱਛੇ ਇੱਕ ਕਾਨੂੰਗੋ ਦੀ ਤਜਵੀਜ ਨੂੰ ਲਾਗੂ ਕਰਨਾ, ਪਟਵਾਰੀਆਂ ਨੂੰ ਦਫਤਰੀ ਕੰਮ ਲਈ ਲੈਪਟੋਪ ਮੁਹੱਈਆ ਕਰਾਉਣੇ, ਪਟਵਾਰੀਆਂ ਦੇ ਦਫਤਰੀ ਭੱਤੇ ਨੂੰ ਵਧਾਉਣਾ, ਪਟਵਾਰੀਆਂ ਦਾ ਟੋਲ ਪਲਾਜਾ ਮੁਆਫ ਕਰਨਾ , ਪਟਵਾਰੀਆਂ ਦੀ ਘਾਟ ਕਾਰਨ ਜਲਦ ਤੋਂ ਜਲਦ ਨਵੀਂ ਭਰਤੀ ਕਰਨਾ ਆਦਿ ਮੰਗਾਂ ਨੂੰ ਕੋਰੋਨਾ ਦੀ ਆੜ ਵਿੱਚ ਅਣਗੌਲਿਆ ਕਰ ਰਹੀ ਹੈ।

ਉਹਨਾਂ ਦੱਸਿਆ ਕਿ ਇਹਨਾਂ ਵਿੱਚੋਂ ਪਟਵਾਰੀਆਂ ਦੀਆਂ ਕਈ ਮੰਗਾਂ ਸਬੰਧਿਤ ਮਹਿਕਮਿਆਂ ਤੋਂ ਪ੍ਰਵਾਨ ਹੋ ਕੇ ਵਿੱਤ ਮੰਤਰੀ ਪੰਜਾਬ ਦੇ ਕੋਲ ਅੰਤਿਮ ਮਨਜੂਰੀ ਲਈ ਪੈਂਡਿੰਗ ਪਈਆਂ ਹਨ ਜਿਸ ਕਾਰਨ ਸਮੂਹ ਪਟਵਾਰੀਆਂ ਅਤੇ ਕਾਨੂੰਗੋਆਂ ਵੱਲੋਂ ਅੱਜ ਪੰਜਾਬ ਸਰਕਾਰ ਅਤੇ ਵਿਸ਼ੇਸ਼ ਤੌਰ ’ਤੇ ਵਿੱਤ ਮੰਤਰੀ ਪੰਜਾਬ ਦਾ ਅਰਥੀ ਫੂਕ ਮੁਜਾਹਰਾ ਕੀਤਾ ਗਿਆ ਹੈ। ਜਿਲ੍ਹਾ ਸੰਗਰੂਰ ਦੇ ਪ੍ਰਧਾਨ ਦੀਦਾਰ ਸਿੰਘ ਛੋਕਰਾ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਟਵਾਰ ਯੂਨੀਅਨ ਵੱਲੋਂ ਪਿਛਲੇ ਮਹੀਨੇ ਆਪਣੀਆਂ ਹੱਕੀ ਮੰਗਾਂ ਸਬੰਧੀ ਪੰਜਾਬ ਦੇ ਸਾਰੇ ਐਮ.ਐਲ.ਏ ਸਾਹਿਬਾਨ ਨੂੰ ਮੰਗ ਪੱਤਰ ਦਿੱਤੇ ਜਾ ਚੁਕੇ ਹਨ ਅਤੇ ਉਹਨਾਂ ਵਿੱਚੋਂ ਬਹੁ-ਗਿਣਤੀ ਐਮ.ਐਲ.ਏ ਸਾਹਿਬਾਨਾਂ ਨੇ ਉਹਨਾਂ ਮੰਗਾਂ ਨੂੰ ਜਾਇਜ਼ ਮੰਨਦਿਆਂ ਆਪਣੇ ਲੈਟਰਪੈਡ ’ਤੇ ਸਿਫਾਰਿਸ਼ ਸਹਿਤ ਮੁਖੱ ਮੰਤਰੀ ਪੰਜਾਬ ਨੂੰ ਭੇਜਿਆ ਹੈ ।

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਤਹਿਸੀਲ ਮਾਲੇਰਕਟਲਾ ਦੇ ਪ੍ਰਧਾਨ ਗੁਰਿੰਦਰ ਸਿੰਘ ਰਾਏ ਨੇ ਦਸਿਆ ਕਿ ਜੇਕਰ ਹੁਣ ਵੀ ਸਰਕਾਰ ਨੇ ਪਟਵਾਰੀਆਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਤਾਂ ਪੰਜਾਬ ਬਾਡੀ ਦੇ ਆਦੇਸ਼ ਅਨੁਸਾਰ 7 ਜੂਨ ਤੋਂ ਵਿੱਤ ਮੰਤਰੀ ਖਿਲਾਫ ਰੋਸ ਵਜੋਂ ਉਹਨਾਂ ਦੇ ਜਿਲ੍ਹੇ ਬਠਿੰਡੇ ਦੇ ਸਾਰੇ ਪਟਵਾਰੀ ਅਤੇ ਕਾਨੂੰਗੋ ਸਾਹਿਬਾਨ ਆਪਣੇ ਵਾਧੂ ਸਰਕਲਾਂ ਦਾ ਚਾਰਜ ਛੱਡ ਦੇਣਗੇ। ਇਸ ਨਾਲ ਲੋਕਾਂ ਨੂੰ ਜੋ ਮੁਸ਼ਕਿਲ ਪੇਸ਼ ਆਵੇਗੀ ਉਸਦੀ ਪੂਰੇ ਜਿੰਮੇਵਾਰ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਪੰਜਾਬ ਹੋਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।